ਪੰ. ਦੀਨਦਿਆਲ ਉਪਾਧਿਆਏ ਦੀ ‘ਅੰਤੋਦਿਆ’ ਭਾਵਨਾ ਨੂੰ ਚਿਰਤਾਰਥ ਕੀਤਾ ਪੀ. ਐੱਮ. ਮੋਦੀ ਨੇ

Thursday, Sep 25, 2025 - 05:12 PM (IST)

ਪੰ. ਦੀਨਦਿਆਲ ਉਪਾਧਿਆਏ ਦੀ ‘ਅੰਤੋਦਿਆ’ ਭਾਵਨਾ ਨੂੰ ਚਿਰਤਾਰਥ ਕੀਤਾ ਪੀ. ਐੱਮ. ਮੋਦੀ ਨੇ

ਭਾਰਤ ਦੇ ਸਿਆਸੀ ਇਤਿਹਾਸ ’ਚ ਅਨੇਕਾਂ ਨੇਤਾ ਹੋਏ ਹਨ ਜਿਨ੍ਹਾਂ ਨੇ ਰਾਸ਼ਟਰ ਨੂੰ ਵੱਖ-ਵੱਖ ਦੌਰ ’ਚ ਨਵੀਂ ਦਿਸ਼ਾ ਦੇਣ ਦਾ ਕੰਮ ਕੀਤਾ ਹੈ ਪਰ ਉਨ੍ਹਾਂ ’ਚੋਂ ਵਿਰਲੇ ਹੀ ਅਜਿਹੇ ਹਨ ਜਿਨ੍ਹਾਂ ਨੇ ਰਾਜਨੀਤੀ ਨੂੰ ਵਿਸ਼ੇਸ਼ ਅਧਿਕਾਰ ਨਾ ਮੰਨ ਕੇ ਸੇਵਾ, ਸਮਰਪਣ ਅਤੇ ਸੰਕਲਪ ਦਾ ਮਾਧਿਅਮ ਮੰਨਿਆ। ਪੰਡਿਤ ਦੀਨਦਿਆਲ ਉਪਾਧਿਆਏ ਅਜਿਹੀ ਹੀ ਇਕ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਰਾਜਨੀਤੀ ਨੂੰ ਸਮਾਜ ਦੀ ਅੰਤਿਮ ਕਤਾਰ ’ਚ ਖੜ੍ਹੇ ਵਿਅਕਤੀ ਦੀ ਤਰੱਕੀ ਨਾਲ ਜੋੜਿਆ।

ਉਨ੍ਹਾਂ ਨੇ ਇਹ ਸਿਧਾਂਤ ਉਲੀਕਿਆ ਕਿ ਜੇਕਰ ਰਾਸ਼ਟਰ ਨਿਰਮਾਣ ਦੀ ਕਸੌਟੀ ਤੈਅ ਕਰਨੀ ਹੋਵੇ ਤਾਂ ਉਹ ਇਹੀ ਹੋਣੀ ਚਾਹੀਦੀ ਹੈ ਕਿ ਵਿਕਾਸ ਦਾ ਰਾਹ ਸਮਾਜ ਦੇ ਅੰਤਿਮ ਕੰਢੇ ’ਤੇ ਖੜ੍ਹੇ ਵਿਅਕਤੀ ਤਕ ਪਹੁੰਚੇ। ‘ਅੰਤੋਦਿਆ’ ਉਨ੍ਹਾਂ ਲਈ ਸਿਰਫ ਇਕ ਸਿਆਸੀ ਨਾਰਾ ਨਹੀਂ ਸਗੋਂ ਜੀਵਨ ਦਾ ਮੰਤਰ ਸੀ। ਉਨ੍ਹਾਂ ਦਾ ਕਥਨ ਸੀ, ‘‘ਸਾਡੀ ਰਾਜਨੀਤੀ ਦਾ ਟੀਚਾ ਸੱਤਾ ਪ੍ਰਾਪਤੀ ਨਹੀਂ ਸਗੋਂ ਸੇਵਾ ਰਾਹੀਂ ਸਮਾਜ ਦੀ ਤਰੱਕੀ ਹੋਣਾ ਚਾਹੀਦਾ ਹੈ।’’

ਅੱਜ 25 ਸਤੰਬਰ ਨੂੰ ਜਦੋਂ ਅਸੀਂ ਪੰਡਿਤ ਦੀਨਦਿਆਲ ਉਪਾਧਿਆਏ ਦੀ 109ਵੀਂ ਜੈਅੰਤੀ ਮਨਾ ਰਹੇ ਹਾਂ ਤਾਂ ਇਹ ਯਾਦ ਕਰਨਾ ਜ਼ਰੂਰੀ ਹੈ ਕਿ ਉਨ੍ਹਾਂ ਦਾ ਦਰਸ਼ਨ ਕਿਵੇਂ ਸਮੇਂ ਦੀ ਧਾਰਾ ਨੂੰ ਪ੍ਰਭਾਵਿਤ ਕਰਦਾ ਹੋਇਆ ਅੱਜ ਵੀ ਪ੍ਰਾਸੰਗਿਕ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਅੰਤੋਦਿਆ ਭਾਵਨਾ ਨੂੰ ਨਾ ਸਿਰਫ ਆਤਮਸਾਤ ਕੀਤਾ ਸਗੋੋਂ ਉਸ ਨੂੰ ਆਂਪਣੀ ਕਾਰਜਸ਼ੈਲੀ ਅਤੇ ਸ਼ਾਸਨ ਤੰਤਰ ਦਾ ਮੂਲ ਆਧਾਰ ਬਣਾ ਲਿਆ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਮੋਦੀ ਦੀ ਅਗਵਾਈ ’ਚ ਭਾਰਤ ਨੇ ਅੰਤੋਦਿਆਂ ਨੂੰ ਸਿਰਫ ਵਿਚਾਰ ਜਾਂ ਦਰਸ਼ਨ ਤੋਂ ਅੱਗੇ ਵਧਾ ਕੇ ਵਿਕਾਸ ਦਾ ਵਿਵਹਾਰਕ ਸਵਰੂਪ ਦਿੱਤਾ ਹੈ।

ਸਾਢੇ 12 ਸਾਲ ਤਕ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਅਤੇ ਬੀਤੇ ਲਗਭਗ ਸਾਢੇ ਗਿਆਰ੍ਹਾਂ ਸਾਲ ਤੋਂ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਮੋਦੀ ਜੀ ਨੇ ਸਰਕਾਰ ਦੀਆਂ ਤਮਾਮ ਨੀਤੀਆਂ ਅਤੇ ਯੋਜਨਾਵਾਂ ਦੇ ਕੇਂਦਰ ’ਚ ਗਰੀਬ, ਵਾਂਝੇ, ਕਿਸਾਨ, ਮਹਿਲਾ ਅਤੇ ਸਮਾਜ ਦੇ ਅੰਤਿਮ ਕੰਢੇ ’ਤੇ ਖੜ੍ਹੇ ਵਿਅਕਤੀ ਨੂੰ ਵਿਕਾਸ ਦੇ ਕੇਂਦਰ ’ਚ ਰੱਖਿਆ।

26 ਮਈ 2014 ਨੂੰ ਜਦੋਂ ਪ੍ਰਧਾਨ ਸੇਵਕ ਦੇ ਰੂਪ ’ਚ ਨਰਿੰਦਰ ਮੋਦੀ ਨੇ ਦੇਸ਼ ਦੀ ਵਾਗਡੋਰ ਸੰਭਾਲੀ, ਉਦੋਂ ਭਾਰਤ ਅਨੇਕ ਚੁਣੌਤੀਆਂ ਨਾਲ ਜੂਝ ਰਿਹਾ ਸੀ। ਸਮਾਜਿਕ, ਆਰਥਿਕ ਅਸਮਾਨਤਾ, ਵਿਆਪਕ ਗਰੀਬੀ ਅਤੇ ਹਾਸ਼ੀਏ ’ਤੇ ਪਏ ਵਰਗਾਂ ਦੀ ਅਣਡਿੱਠਤਾ ਵਰਗੀਆਂ ਸਮੱਸਿਆਵਾਂ ਡੂੰਘੀਆਂ ਸਨ। ਅਜਿਹੇ ’ਚ ਉਨ੍ਹਾਂ ਨੇ 15 ਅਗਸਤ 2014 ਨੂੰ ਆਜ਼ਾਦੀ ਦਿਵਸ ਦੇ ਮੌਕੇ ’ਤੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਆਂਪਣੇ ਬਤੌਰ ਪ੍ਰਧਾਨ ਮੰਤਰੀ ਪਹਿਲੇ ਹੀ ਭਾਸ਼ਣ ’ਚ ਉਨ੍ਹਾਂ ਗਰੀਬਾਂ ਨੂੰ ਬੈਂਕਿੰਗ ਵਿਵਸਥਾਵਾਂ ਨਾਲ ਜੋੜਣ ਦਾ ਹਿੰਮਤੀ ਕਦਮ ਚੁੱਕਿਆ ਜੋ ਬੈਂਕਾਂ ਦੇ ਦਰਵਾਜ਼ੇ ਤਕ ਜਾਣ ’ਚ ਝਿਜਕਦੇ ਸਨ।

‘ਪ੍ਰਧਾਨ ਮੰਤਰੀ ਜਨ ਧਨ ਯੋਜਨਾ’ ਤਹਿਤ ਖੁੱਲ੍ਹੇ 56 ਕਰੋੜ ਬੈਂਕ ਖਾਤਿਆਂ ਦੇ ਜ਼ਰੀਏ ਗਰੀਬਾਂ ਨੂੰ ਵਿੱਤੀ ਸਮਾਵੇਸ਼ਨ ਦਾ ਮੌਕਾ ਮਿਲਿਆ। ਇਹ ਸਿਰਫ ਬੈਂਕ ਖਾਤਾ ਖੋਲ੍ਹਣ ਦੀ ਯੋਜਨਾ ਹੀ ਨਹੀਂ ਸੀ ਸਗੋਂ ਇਹ ਗਰੀਬ ਨੂੰ ਆਰਥਿਕ ਆਤਮਨਿਰਭਰਤਾ ਦੀ ਪਹਿਲੀ ਪੌੜੀ ਪ੍ਰਦਾਨ ਕਰਨ ਵਾਲਾ ਯੁਗਾਂਤਰਕਾਰੀ ਕਦਮ ਹੈ। ਇਸ ਯੋਜਨਾ ਨਾਲ ਗਰੀਬ ਦੀ ਵਿਚੋਲੀਆਂ ਦੇ ਚੰਗੁਲ ’ਚੋਂ ਮਿਹਨਤ ਦੀ ਕਮਾਈ ਸੁਰੱਖਿਅਤ ਹੋਈ, ਲਾਭਕਾਰੀ ਯੋਜਨਾਵਾਂ ਦੀ ਧਨਰਾਸ਼ੀ ਡੀ.ਬੀ.ਟੀ. ਦੇ ਜ਼ਰੀਏ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਜਮ੍ਹਾ ਹੋਈ ਅਤੇ ਉਹ ਦੇਸ਼ ਦੀ ਅਰਥਵਿਵਸਥਾ ਦੀ ਮੁੱਖ ਧਾਰਾ ਨਾਲ ਜੁੜ ਸਕੇ।

ਅੰਤੋਦਿਆਂ ਦੀ ਭਾਵਨਾ ਨੂੰ ਘਰ ਦੇ ਚੁੱਲ੍ਹੇ ਚੌਕੇ ਤਕ ‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ’ ਦੇ ਜ਼ਰੀਏ ਪਹੁੰਚਾਇਆ। ਜਿਨ੍ਹਾਂ ਮਾਵਾਂ ਭੈਣਾਂ ਨੇ ਪੀੜ੍ਹੀਆਂ ਤਕ ਧੂੰਏਂ ਨਾਲ ਭਰੇ ਚੁੱਲ੍ਹਿਆਂ ’ਤੇ ਖਾਣਾ ਪਕਾਇਆ ਉਨ੍ਹਾਂ ਨੂੰ ਐੱਲ. ਪੀ. ਜੀ. ਗੈਸ ਕੁਨੈਕਸ਼ਨ ਦੇ ਕੇ ਨਾ ਸਿਰਫ ਸਿਹਤ ਦੀ ਸੁਰੱਖਿਆ ਦਿੱਤੀ ਗਈ ਸਗੋਂ ਉਨ੍ਹਾਂ ਦਾ ਸਨਮਾਨ ਵੀ ਪਰਤਿਆ। ਇਹ ਯੋਜਨਾ ਸਿਰਫ ਈਂਧਨ ਬਦਲਣ ਦਾ ਉਪਰਾਲਾ ਨਹੀਂ ਸਗੋਂ ਔਰਤਾਂ ਦੇ ਜੀਵਨ ਦੀ ਗੁਣਵੱਤਾ ਸੁਧਾਰਨ ਦੀ ਮਹਾਨ ਮੁਹਿੰਮ ਸਾਬਿਤ ਹੋਇਆ।

ਪੰਡਿਤ ਦੀਨਦਿਆਲ ਦਾ ਅੰਤੋਦਿਆ ਦਰਸ਼ਨ ਵੱਡੀ ਪੱਧਰ ’ਤੇ ਉਸ ਸਮੇਂ ਸਾਹਮਣੇ ਆਇਆ ਜਦੋਂ ਦੁਨੀਆ ਕੋਰੋਨਾ ਮਹਾਮਾਰੀ, ਵੈਕਸੀਨ, ਖੁਰਾਕ ਸੰਕਟ ਅਤੇ ਨੌਕਰੀਆਂ ਜਾਣ ਨਾਲ ਜੂਝ ਰਹੀ ਸੀ, ਉਦੋਂ ਦੇਸ਼ ’ਚ ਮਾਰਚ 2020 ਤੋਂ 80 ਕਰੋੜ ਗਰੀਬ ਪਰਿਵਾਰਾਂ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਉਣ ਦੀ ਪਹਿਲ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਦੇ ਜਨਵਰੀ 2029 ਤਕ ਵਿਸਤਾਰ ਨਾਲ ਇਹ ਯਕੀਨੀ ਕੀਤਾ ਗਿਆ ਹੈ ਕਿ ਕਿਸੇ ਗਰੀਬ ਦੇ ਘਰ ਦਾ ਚੁੱਲ੍ਹਾ ਠੰਡਾ ਨਾ ਪਏ, ਕੋਈ ਪਰਿਵਾਰ ਭੁੱਖਾ ਨਾ ਸੋਏ। ਇਹ ਕਦਮ ਸਿਰਫ ਮਨੁੱਖੀ ਕਰੁਣਾ ਦੀ ਮਿਸਾਲ ਨਹੀਂ ਸਗੋਂ ਭਾਰਤ ਦੇ ਸ਼ਾਸਨ ਤੰਤਰ ਦੀ ਦ੍ਰਿੜ੍ਹਤਾ ਅਤੇ ਸੰਵੇਦਨਸ਼ੀਲਤਾ ਦਾ ਵੀ ਪ੍ਰਮਾਣ ਹੈ।

ਸਿਹਤ ਸੁਰੱਖਿਆ ਲਈ ਆਯੁਸ਼ਮਾਨ ਭਾਰਤ ਯੋਜਨਾ ਨੇ ਗਰੀਬਾਂ ਨੂੰ ਮੁਫਤ ਸਿਹਤ ਸੇਵਾ ਕਵਚ ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨੇ 11 ਕਰੋੜ ਛੋਟੇ ਗਰੀਬ ਕਿਸਾਨਾਂ ਦੇ ਖਾਤਿਆਂ ’ਚ ਹਰ ਸਾਲ 6,000 ਰੁਪਏ ਸਿੱਧੇ ਪਹੁੰਚਾ ਕੇ ਉਨ੍ਹਾਂ ਦੇ ਜੀਵਨ ਨੂੰ ਆਰਥਿਕ ਦਿਲਾਸਾ ਦਿੱਤਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਕਰੋੜਾਂ ਗਰੀਬਾਂ ਨੂੰ ਛੱਤ ਦਿੱਤੀ, ਜਲ ਜੀਵਨ ਮਿਸ਼ਨ ਨੇ ਹਰ ਘਰ ਨਲ ਰਾਹੀਂ ਜਲ ਪਹੁੰਚਾਉਣ ਦਾ ਟੀਚਾ ਰੱਖਿਆ, ਡਿਜੀਟਲ ਇੰਡੀਆ ਨੇ ਪਿੰਡ-ਪਿੰਡ ਨੂੰ ਤਕਨੀਕ ਦੀ ਸ਼ਕਤੀ ਨਾਲ ਜੋੜਿਆ। ਇਨ੍ਹਾਂ ਸਾਰਿਆਂ ਦਾ ਸਾਰ ਉਹੀ ਸੀ ਜਿਸ ਨੂੰ ਦੀਨਦਿਆਲ ਜੀ ਨੇ ਕਿਹਾ ਸੀ, ‘‘ਸੱਚਾ ਵਿਕਾਸ ਉਹੀ ਹੈ, ਜਿਸ ’ਚ ਅੰਤਿਮ ਵਿਅਕਤੀ ਤਕ ਸਹੂਲਤ, ਮੌਕੇ ਅਤੇ ਸਨਮਾਨ ਮਿਲੇ।’’

ਆਂਪਣੇ ਤੀਸਰੇ ਕਾਰਜਕਾਲ ’ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸੇ ਅੰਤੋਦਿਆਂ ਭਾਵਨਾ ਨੂੰ ਅੱਗੇ ਵਧਾ ਰਹੇ ਹਨ। ‘ਡ੍ਰੋਨ ਦੀਦੀ ਯੋਜਨਾ’ ਇਸ ਦੀ ਨਵੀਂ ਉਦਾਹਰਣ ਹੈ। ਇਹ ਯੋਜਨਾ ਪਿੰਡ ਦੀਆਂ ਸਾਧਾਰਨ ਮਹਿਲਾਵਾਂ ਨੂੰ ਡ੍ਰੋਨ ਤਕਨੀਕ ਰਾਹੀਂ ਖੇਤੀ ਕੰਮਾਂ ’ਚ ਨਿਪੁੰਨ ਬਣਾ ਕੇ ਨਾ ਸਿਰਫ ਉਨ੍ਹਾਂ ਨੂੰ ਆਤਮਨਿਰਭਰ ਬਣਾ ਰਹੀ ਹੈ ਸਗੋਂ ਉੱਦਮਿਤਾ ਦਾ ਨਵਾਂ ਆਯਾਮ ਵੀ ਦੇ ਰਹੀ ਹੈ।

ਭਾਰਤ ਅੱਜ ਸਿਰਫ ਤੇਜ਼ੀ ਨਾਲ ਤਰੱਕੀ ਕਰਦੀ ਹੋਈ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹੀ ਨਹੀਂ ਸਗੋਂ ਸਮਾਵੇਸ਼ੀ ਵਿਕਾਸ ਦਾ ਸੰਸਾਰਕ ਮਾਡਲ ਬਣ ਚੁੱਕਾ ਹੈ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਲੀਡਰਸ਼ਿਪ ਦਾ ਕੇਂਦਰ ਅੰਤਿਮ ਵਿਅਕਤੀ ਹੋਵੇ ਤਾਂ ਵਿਕਾਸ ਅੰਕੜਿਆਂ ਤਕ ਸੀਮਤ ਨਹੀਂ ਰਹਿੰਦਾ ਸਗੋਂ ਹਰ ਵਰਗ ਦੀ ਤਰੱਕੀ ’ਚ ਝਲਕਦਾ ਹੈ।

-ਮਨੋਹਰ ਲਾਲ
(ਕੇਂਦਰੀ ਊਰਜਾ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ)


author

Harpreet SIngh

Content Editor

Related News