ਜਯੰਤੀ ’ਤੇ ਵਿਸ਼ੇਸ਼: ਆਧੁਨਿਕ ਭਾਰਤ ਦੇ ਨਿਰਮਾਤਾ ਸਨ ਪੰ. ਜਵਾਹਰ ਲਾਲ ਨਹਿਰੂ

Friday, Nov 14, 2025 - 05:19 PM (IST)

ਜਯੰਤੀ ’ਤੇ ਵਿਸ਼ੇਸ਼: ਆਧੁਨਿਕ ਭਾਰਤ ਦੇ ਨਿਰਮਾਤਾ ਸਨ ਪੰ. ਜਵਾਹਰ ਲਾਲ ਨਹਿਰੂ

ਮਹਾਨ ਆਜ਼ਾਦੀ ਘੁਲਾਟੀਏ ਅਤੇ ਆਧੁਨਿਕ ਭਾਰਤ ਦੇ ਨਿਰਮਾਤਾ ਜਵਾਹਰ ਲਾਲ ਨਹਿਰੂ ਬਹੁਮੁਖੀ ਪ੍ਰਤਿਭਾ ਸੰਪੰਨ ਸ਼ਖਸੀਅਤ ਸਨ। ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ’ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਨਾਲ ਲੀਡਰਸ਼ਿਪ ਦੀ ਭੂਮਿਕਾ ਨਿਭਾਈ। ਕਈ ਵਾਰ ਜੇਲਾਂ ’ਚ ਗਏ। ਆਜ਼ਾਦੀ ਦੇ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹਿੰਦੇ ਹੋਏ ਉਨ੍ਹਾਂ ਨੇ ਹਰ ਖੇਤਰ ’ਚ ਦੇਸ਼ ਨੂੰ ਅੱਗੇ ਵਧਾਇਆ, ਦੇਸ਼ ਦੀਆਂ ਮੋਹਰੀ ਸੰਸਥਾਵਾਂ ਦੀ ਨੀਂਹ ਰੱਖੀ ਅਤੇ ਉਦਯੋਗਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕੀਤਾ। ਵਿਸ਼ਵ ਰਾਜਨੀਤੀ ’ਚ ਜਦੋਂ ਦੁਨੀਆ ਦੇ ਅਨੇਕ ਦੇਸ਼ ਦੋ ਮਹਾਸ਼ਕਤੀਆਂ ਦੇ ਪਿਛਲੱਗੂ ਬਣੇ ਹੋਏ ਸਨ, ਅਜਿਹੇ ’ਚ ਨਹਿਰੂ ਨੇ ਗੁੱਟਨਿਰਲੇਪਤਾ ਦਾ ਰਾਹ ਅਪਣਾਇਆ। ਉਨ੍ਹਾਂ ਨੇ ਸਮਕਾਲੀ ਵਿਸ਼ਿਆਂ ’ਤੇ ਪੂਰੇ ਖੁੱਲ੍ਹੇਪਣ ਨਾਲ ਆਪਣੇ ਵਿਚਾਰ ਜ਼ਾਹਿਰ ਕੀਤੇ। ਉਹ ਇਕ ਜ਼ੋਰਦਾਰ ਬੁਲਾਰੇ ਹੋਣ ਦੇ ਨਾਲ-ਨਾਲ ਪ੍ਰਸਿੱਧ ਲੇਖਕ ਵੀ ਸਨ।

ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ, 1889 ਨੂੰ ਦੇਸ਼ ਦੇ ਪ੍ਰਸਿੱਧ ਵਕੀਲ ਮੋਤੀਲਾਲ ਨਹਿਰੂ ਅਤੇ ਸਵਰੂਪ ਰਾਣੀ ਦੇ ਘਰ ਹੋਇਆ। ਉਨ੍ਹਾਂ ਦੀ ਮੁੱਢਲੀ ਸਿੱਖਿਆ ਘਰ ’ਚ ਹੋਈ। ਨਹਿਰੂ ਨੇ ਘਰ ਪੜ੍ਹਾਉਣ ਵਾਲੇ ਫਰਡੀਨੈਂਡ ਬਰੁਕਸ ਨਾਂ ਦੇ ਅਧਿਆਪਕ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਉਨ੍ਹਾਂ ’ਤੇ ਵਿਸ਼ੇਸ਼ ਪ੍ਰਭਾਵ ਪਿਆ। 1905 ’ਚ ਜਵਾਹਰ ਲਾਲ ਨਹਿਰੂ ਅਗਲੀ ਪੜ੍ਹਾਈ ਕਰਨ ਲਈ ਇੰਗਲੈਂਡ ਦੇ ਹੈਰੋ ਸਕੂਲ ’ਚ ਭੇਜੇ ਗਏ। 2 ਸਾਲ ਇੱਥੇ ਪੜ੍ਹਨ ਤੋਂ ਬਾਅਦ ਉਨ੍ਹਾਂ ਨੇ ਕੈਂਬ੍ਰਿਜ ਦੇ ਟ੍ਰਿਨਿਟੀ ਕਾਲਜ ’ਚ ਕੁਦਰਤੀ ਵਿਗਿਆਨ ’ਚ ਗੈਜੂਏਸ਼ਨ ਹਾਸਲ ਕੀਤੀ। ਉਸ ਦੇ ਬਾਅਦ ਲੰਡਨ ਦੇ ਇਨਰ ਟੈਂਪਲ ’ਚ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਕੀਤੀ। 1912 ’ਚ ਭਾਰਤ ਪਰਤਣ ਤੋਂ ਬਾਅਦ ਇਲਾਹਾਬਾਦ ’ਚ ਵਕਾਲਤ ਕਰਨ ਲੱਗੇ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀਆਂ ਸਰਗਰਮੀਆਂ ’ਚ ਹਿੱਸਾ ਲੈਣ ਲੱਗੇ। ਮਾਰਚ, 1916 ’ਚ ਨਹਿਰੂ ਦਾ ਵਿਆਹ ਕਮਲਾ ਕੌਲ ਨਾਲ ਹੋਇਆ। ਇੰਦਰਾ ਗਾਂਧੀ ਦਾ ਜਨਮ 1917 ’ਚ ਹੋਇਆ।

ਅੰਗਰੇਜ਼ੀ ਸ਼ਾਸਨ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਉਨ੍ਹਾਂ ’ਚ ਤੜਫ ਸੀ। 1916 ਦੇ ਕਾਂਗਰਸ ਦੇ ਲਖਨਊ ਇਜਲਾਸ ’ਚ ਉਹ ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਦੇ ਸੰਪਰਕ ’ਚ ਆਏ। ਉਸ ਤੋਂ ਬਾਅਦ ਆਜ਼ਾਦੀ ਦੀ ਲੜਾਈ ’ਚ ਉਨ੍ਹਾਂ ਨੇ ਨਿਰੰਤਰ ਸਰਗਰਮ ਹਿੱਸੇਦਾਰੀ ਕੀਤੀ ਅਤੇ ਅਨੇਕ ਵਾਰ ਜੇਲ ਦੀਆਂ ਯਾਤਰਾਵਾਂ ਕੀਤੀਆਂ। ਅਪ੍ਰੈਲ 1919 ’ਚ ਰੋਲਟ ਐਕਟ ਅਤੇ ਜਲਿਆਂਵਾਲਾ ਬਾਗ ਹੱਤਿਆਕਾਂਡ ਦਾ ਵਿਰੋਧ ਕਰਨ ’ਤੇ ਪਹਿਲੀ ਵਾਰੀ ਗ੍ਰਿਫਤਾਰ ਕੀਤਾ ਿਗਆ। ਅਸਹਿਯੋਗ ਅੰਦੋਲਨ ਦੌਰਾਨ 1921 ’ਚ ਉਨ੍ਹਾਂ ਨੂੰ 6 ਮਹੀਨੇ ਤੱਕ ਅਲੀਗੜ੍ਹ ਜੇਲ ’ਚ ਰਹਿਣ ਦੀ ਸਜ਼ਾ ਦਿੱਤੀ ਗਈ।

1928 ’ਚ ਸਾਈਮਨ ਕਮਿਸ਼ਨ ਦੇ ਵਿਰੋਧ ’ਚ ਪ੍ਰਦਰਸ਼ਨ ਕਰਨ ’ਤੇ ਲਖਨਊ ਜੇਲ ਦੀ ਸਜ਼ਾ ਹੋਈ। 1929 ’ਚ ਕਾਂਗਰਸ ਦੇ ਇਤਿਹਾਸਕ ਲਾਹੌਰ ਇਜਲਾਸ ਦਾ ਪ੍ਰਧਾਨ ਚੁਣੇ ਜਾਣ ’ਤੇ ਨਹਿਰੂ ਵਿਸ਼ੇਸ਼ ਰੂਪ ਨਾਲ ਭਾਰਤੀ ਰਾਜਨੀਤੀ ’ਚ ਉਭਰ ਕੇ ਆਏ। ਇਸ ਇਜਲਾਸ ’ਚ ਸੰਪੂਰਨ ਸਵਰਾਜ ਦਾ ਐਲਾਨ ਕੀਤਾ ਗਿਆ। ਨਾਫਰਮਾਨੀ ਲਹਿਰ ਅੰਦੋਲਨ, ਭਾਰਤ ਛੱਡੋ ਅੰਦੋਲਨ ’ਚ ਉਨ੍ਹਾਂ ਨੇ ਲੀਡਰਸ਼ਿਪ ਦੀ ਭੂਮਿਕਾ ਨਿਭਾਈ। ਜਵਾਹਰ ਲਾਲ ਕਈ ਵਾਰ ਜੇਲ ਗਏ ਅਤੇ ਲਗਭਗ 9 ਸਾਲ ਅੰਗਰੇਜ਼ੀ ਹਕੂਮਤ ਦੀਆਂ ਜੇਲਾਂ ’ਚ ਬਿਤਾਏ। ਜੇਲ ’ਚ ਰਹਿੰਦੇ ਹੋਏ ਉਨ੍ਹਾਂ ਨੇ ਡੂੰਘਾ ਅਧਿਐਨ ਕੀਤਾ ਅਤੇ ਲੇਖਨ ਦਾ ਕੰਮ ਕੀਤਾ। ਵਿਸ਼ਵ ਇਤਿਹਾਸ ਦੀ ਝਲਕ ਅਤੇ ‘ਭਾਰਤ ਏਕ ਖੋਜ’ ਦਾ ਵੱਡਾ ਹਿੱਸਾ ਉਨ੍ਹਾਂ ਨੇ ਜੇਲਾਂ ’ਚ ਹੀ ਲਿਖਿਆ। ਮੂਲ ਤੌਰ ’ਤੇ ਅੰਗਰੇਜ਼ੀ ’ਚ ਲਿਖੀਆਂ ਗਈਆਂ ਇਹ ਕਿਤਾਬਾਂ ਵਿਸ਼ਵ ਭਰ ’ਚ ਪੜ੍ਹੀਆਂ ਗਈਆਂ।

ਆਜ਼ਾਦੀ ਤੋਂ ਬਾਅਦ 27 ਮਈ, 1964 ਨੂੰ ਆਪਣੇ ਦਿਹਾਂਤ ਤੱਕ ਉਹ ਪ੍ਰਧਾਨ ਮੰਤਰੀ ਅਹੁਦੇ ’ਤੇ ਰਹੇ। ਆਜ਼ਾਦੀ ਦੇ ਨਾਲ ਹੀ ਦੇਸ਼ ਦੀ ਵੰਡ, ਫਿਰਕੂ ਮਾਰ-ਕੱਟ ਅਤੇ ਹਿਜਰਤ ਦੀ ਤ੍ਰਾਸਦੀ ਨਾਲ ਜੂਝਣਾ ਪਿਆ। ਪੀੜਤ ਲੋਕਾਂ ਦੇ ਜ਼ਖਮਾਂ ’ਤੇ ਮੱਲ੍ਹਮ ਅਤੇ ਉਜੜੇ ਲੋਕਾਂ ਨੂੰ ਵਸਾਉਣ ਦੀ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੇ ਸੰਵਿਧਾਨ ਨਿਰਮਾਣ ਦੇ ਨਾਲ-ਨਾਲ ਜਮਹੂਰੀ ਪ੍ਰਕਿਰਿਆਵਾਂ ਅਤੇ ਸੰਸਥਾਵਾਂ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਲੋਕਤੰਤਰ ਨਿਆਂ, ਸਮਾਨਤਾ ਅਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਨੂੰ ਆਦਰਸ਼ ਵਾਂਗ ਸਥਾਪਿਤ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਲੋਕਤੰਤਰ ਸਿਰਫ ਸ਼ਾਸਨ ਦੀ ਪ੍ਰਣਾਲੀ ਨਹੀਂ ਹੈ ਸਗੋਂ ਇਹ ਜੀਵਨ ਦਾ ਤਰੀਕਾ ਹੈ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਪੰਜ ਸਾਲਾ ਯੋਜਨਾਵਾਂ ਦੀ ਰੂਪਰੇਖਾ ਰੱਖੀ। ਦੇਸ਼ ਦੀ ਖੇਤੀ, ਉਦਯੋਗਾਂ, ਡੈਮਾਂ ਦੇ ਨਿਰਮਾਣ ਅਤੇ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੇ ਯਤਨਾਂ ਨਾਲ ਭਾਰਤੀ ਤਕਨੀਕੀ ਸੰਸਥਾਨ, ਭਾਰਤੀ ਪ੍ਰਬੰਧਨ ਸੰਸਥਾਨ, ਵਿਗਿਆਨਿਕ ਪ੍ਰਯੋਗਸ਼ਾਲਾਵਾਂ, ਭਾਭਾ ਐਟੋਮਿਕ ਰਿਸਰਚ ਸੈਂਟਰ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਐੱਨ. ਸੀ. ਈ. ਆਰ. ਟੀ. ਸਮੇਤ ਅਨੇਕ ਸੰਸਥਾਵਾਂ ਦੀ ਸ਼ੁਰੂਆਤ ਹੋਈ।

ਨਹਿਰੂ ਵਿਗਿਆਨ ਨੂੰ ਰਾਸ਼ਟਰ ਦੀ ਤਰੱਕੀ ਦਾ ਆਧਾਰ ਮੰਨਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਿਰਫ ਵਿਗਿਆਨ ਨਾਲ ਹੀ ਭੁੱਖ ਅਤੇ ਗਰੀਬੀ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਸਮਾਜ ਦਾ ਹਿੱਸਾ ਬਣਾਉਣ ’ਤੇ ਜ਼ੋਰ ਦਿੱਤਾ। ਉਹ ਰਾਜਨੀਤੀ ’ਚ ਧਰਮਨਿਰਪੱਖਤਾ ਨੂੰ ਸਭ ਤੋਂ ਮਹੱਤਵਪੂਰਨ ਮੰਨਦੇ ਸਨ। ਉਹ ਮੰਨਦੇ ਸਨ ਕਿ ਰਾਜਨੀਤੀ ’ਚ ਧਰਮ ਅਤੇ ਧਰਮ ’ਚ ਰਾਜਨੀਤੀ ਦੇਸ਼ ਦੀ ਏਕਤਾ ਨੂੰ ਖੰਡਿਤ ਕਰ ਸਕਦੀ ਹੈ।

ਉਨ੍ਹਾਂ ਦੇ ਮਨ-ਦਿਮਾਗ ’ਚ ਭਾਰਤ ਮਾਤਾ ਦਾ ਸਵਰੂਪ ਸਪੱਸ਼ਟ ਸੀ। ਆਜ਼ਾਦੀ ਅੰਦੋਲਨ ਦੌਰਾਨ ਵੱਖ-ਵੱਖ ਸਭਾਵਾਂ ’ਚ ਜਦੋਂ ਲੋਕ ਭਾਰਤ ਮਾਤਾ ਦੀ ਜੈ ਬੋਲਦੇ ਸਨ ਤਾਂ ਨਹਿਰੂ ਉਨ੍ਹਾਂ ਨੂੰ ਦੱਸਦੇ ਸਨ ਕਿ ਦੇਸ਼ ਦੀ ਆਮ ਜਨਤਾ ਹੀ ਭਾਰਤ ਮਾਤਾ ਹੈ ਅਤੇ ਸਾਰੇ ਲੋਕਾਂ ਦੇ ਅੱਗੇ ਵਧਣ ਨਾਲ ਹੀ ਦੇਸ਼ ਅੱਗੇ ਵਧੇਗਾ। ਆਜ਼ਾਦੀ ਅੰਦੋਲਨ ਦੌਰਾਨ ਉਹ ਸਪੱਸ਼ਟ ਸਨ ਕਿ ਦੇਸ਼ ਨੂੰ ਭੁੱਖ, ਗਰੀਬੀ, ਸਮਾਜਿਕ ਬੁਰਾਈਆਂ ਅਤੇ ਫਿਰਕਾਪ੍ਰਸਤੀ ਤੋਂ ਆਜ਼ਾਦੀ ਮਿਲਣ ’ਤੇ ਦੇਸ਼ ਆਜ਼ਾਦ ਹੋਵੇਗਾ। ਸਿੱਖਿਆ, ਸਿਹਤ, ਰੋਜ਼ਗਾਰ ਅਤੇ ਮਨੱੁਖੀ ਸ਼ਾਨ ਨਾਲ ਹੀ ਸੱਚੀ ਆਜ਼ਾਦੀ ਆਵੇਗੀ। ਪ੍ਰਧਾਨ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਇਸ ਆਜ਼ਾਦੀ ਦੇ ਖਿਆਲ ਨੂੰ ਸਾਕਾਰ ਕਰਨ ਲਈ ਸਖਤ ਮਿਹਨਤ ਕੀਤੀ। ਵਿਸ਼ਵ ਰਾਜਨੀਤੀ ’ਚ ਗੁੱਟਨਿਰਲੇਪਤਾ ਅਤੇ ਪੰਚਸ਼ੀਲ ਦੇ ਸਿਧਾਂਤ ਦੇ ਕੇ ਵਿਸ਼ਵ ਸ਼ਾਂਤੀ ਅਤੇ ਵਿਸ਼ਵ ਭਾਈਚਾਰੇ ਦਾ ਰਾਹ ਪੱਧਰਾ ਕੀਤਾ। ਉਨ੍ਹਾਂ ਨੇ ਪੂੰਜੀਵਾਦ, ਸਾਮਰਾਜਵਾਦੀ, ਬਸਤੀਵਾਦ, ਜਾਤੀਵਾਦ, ਫਿਰਕਾਪ੍ਰਸਤੀ ਵਿਰੁੱਧ ਜ਼ਿੰਦਗੀ ਭਰ ਸੰਘਰਸ਼ ਕੀਤਾ।

ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਅਨੁਸਾਰ, ‘‘ਜਵਾਹਰ ਲਾਲ ਨਹਿਰੂ ਸਾਡੀ ਪੀੜ੍ਹੀ ਦੇ ਇਕ ਮਹਾਨ ਵਿਅਕਤੀ ਸਨ। ਉਹ ਇਕ ਅਜਿਹੇ ਖਾਸ ਸਿਆਸਤਦਾਨ ਸਨ ਜਿਨ੍ਹਾਂ ਦੀਆਂ ਮਾਨਵ-ਮੁਕਤੀ ਪ੍ਰਤੀ ਸੇਵਾਵਾਂ ਚਿਰਾਂ ਤੱਕ ਯਾਦ ਰਹਿਣਗੀਆਂ। ਉਹ ਆਜ਼ਾਦੀ ਸੰਗਰਾਮ ਦੇ ਇਕ ਸ਼ਾਨਦਾਰ ਯੋਧੇ ਸਨ ਅਤੇ ਆਧੁਨਿਕ ਭਾਰਤ ਦੇ ਨਿਰਮਾਣ ਵਿਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਸੀ।’’

–ਅਰੁਣ ਕੁਮਾਰ ਕੈਹਰਬਾ


author

Anmol Tagra

Content Editor

Related News