ਅਗਲੇ ਮਹੀਨੇ ਨਵਾਂ ਅਕਾਲੀ ਦਲ ਬਣਨ ਦੀ ਸੰਭਾਵਨਾ

Friday, Jul 11, 2025 - 05:11 PM (IST)

ਅਗਲੇ ਮਹੀਨੇ ਨਵਾਂ ਅਕਾਲੀ ਦਲ ਬਣਨ ਦੀ ਸੰਭਾਵਨਾ

ਪਿਛਲੇ ਸਾਲ ਜੂਨ ਦੇ ਮਹੀਨੇ ’ਚ ਲੋਕ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਹਾਰ ਤੋਂ ਬਾਅਦ ਅਕਾਲੀ ਦਲ ਦੇ ਕਈ ਆਗੂਆਂ ਨੇ ਇਸ ਹਾਰ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਖਾਸ ਸਾਥੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਖਿਲਾਫ ਜਲੰਧਰ ਵਿਖੇ ਇਕ ਇਕੱਤਰਤਾ ਕਰ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਉਦੇਸ਼ ਦੱਸ ਕੇ ਅਕਾਲੀ ਸੁਧਾਰ ਲਹਿਰ ਨਾਂ ਦਾ ਇਕ ਗਰੁੱਪ ਤਿਆਰ ਕੀਤਾ ਸੀ ਅਤੇ ਇਹ ਦਾਅਵਾ ਕੀਤਾ ਸੀ ਕਿ ਅਕਾਲੀ ਸੁਧਾਰ ਲਹਿਰ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰੇਗੀ। ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣਾ ਸਭ ਤੋਂ ਜ਼ਰੂਰੀ ਦੱਸਿਆ ਗਿਆ ਅਤੇ ਇਸ ਮੰਗ ਨੂੰ ਜਾਇਜ਼ ਠਹਿਰਾਉਣ ਲਈ ਉਨ੍ਹਾਂ ਨੇ ਅਕਾਲੀ ਦਲ ਪ੍ਰਧਾਨ ਵੱਲੋਂ ਖੁਦ ਬਣਾਈ ਗਈ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਆਧਾਰ ਬਣਾਇਆ।

ਅਕਾਲੀ ਸੁਧਾਰ ਲਹਿਰ ਦੇ ਆਗੂਆਂ ਦੀ ਮੰਗ ਨੂੰ ਸੁਖਬੀਰ ਬਾਦਲ ਦੇ ਧੜੇ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਦੀ ਸੂਰਤ ਵਿਚ ਸੁਧਾਰ ਲਹਿਰ ਦੇ ਆਗੂਆਂ ਨੇ ਇਸ ਮਸਲੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਸ਼ਿਕਾਇਤ ਕੀਤੀ ਤੇ ਮੰਗ ਕੀਤੀ ਕਿ ਜਿਹੜੇ ਦੋਸ਼ ਲਾਏ ਗਏ ਹਨ, ਉਨ੍ਹਾਂ ਦੀ ਜਾਂਚ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਸਾਰਿਆਂ ਨੂੰ ਬਣਦੀ ਸਜ਼ਾ ਦੇਵੇ, ਜਿਹੜੇ ਸਿੱਖ ਪੰਥ ਦੇ ਦੋਸ਼ੀ ਹਨ। ਭਾਵੇਂ ਉਨ੍ਹਾਂ ’ਚ ਸੁਧਾਰ ਲਹਿਰ ਦੇ ਆਗੂ ਵੀ ਸ਼ਾਮਲ ਹਨ। ਕਾਫੀ ਉਥਲ-ਪੁਥਲ ਹੋਣ ਅਤੇ ਦੋਵਾਂ ਧੜਿਆਂ ਵੱਲੋਂ ਇਕ-ਦੂਜੇ ਵਿਰੁੱਧ ਦੂਸ਼ਣਬਾਜ਼ੀ ਕਰਨ ਤੋਂ ਬਾਅਦ ਦੋਵਾਂ ਧੜਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣ ਦਾ ਦਾਅਵਾ ਕੀਤਾ ਤੇ ਐਲਾਨ ਕੀਤਾ ਕਿ ਸ੍ਰੀ ਅਕਾਲ ਤਖ਼ਤ ਦਾ ਫੈਸਲਾ ਸਭ ਨੂੰ ਪ੍ਰਵਾਨ ਹੋਵੇਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ, 2024 ਨੂੰ ਸਾਰੇ ਦੋਸ਼ੀ ਲੀਡਰਾਂ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ, ਉਨ੍ਹਾਂ ਵੱਲੋਂ ਕੀਤੀਆਂ ਗਲਤੀਆਂ ਨੂੰ ਮੰਨਵਾ ਕੇ, ਅਕਾਲ ਤਖ਼ਤ ਵੱਲੋਂ ਫੈਸਲਾ ਸੁਣਾਇਆ ਗਿਆ, ਜਿਸ ਰਾਹੀਂ ਧਾਰਮਿਕ ਅਤੇ ਰਾਜਨੀਤਿਕ ਤਨਖਾਹ ਲਾਈ ਗਈ। ਧਾਰਮਿਕ ਤਨਖਾਹ ਤਾਂ ਦੋਵਾਂ ਧੜਿਆਂ ਦੇ ਆਗੂਆਂ ਨੇ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਪੂਰੀ ਕਰ ਦਿੱਤੀ, ਰਾਜਨੀਤਿਕ ਤਨਖਾਹ ਜਿਸ ’ਚ ਅਕਾਲੀ ਸੁਧਾਰ ਲਹਿਰ ਨੂੰ ਆਪਣਾ ਧੜਾ ਖਤਮ ਕਰਨ ਦਾ ਆਦੇਸ਼ ਸੀ, ਨੂੰ ਇਕ ਵਾਰ ਮੰਨ ਲਿਆ ਗਿਆ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਦਿੱਤੇ ਗਏ ਅਸਤੀਫੇ ਪ੍ਰਵਾਨ ਕਰਨ ਅਤੇ ਅਕਾਲ ਤਖ਼ਤ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਰਾਹੀਂ ਨਵੀਂ ਭਰਤੀ ਦਾ ਹੁਕਮ ਮੰਨਣ ਤੋਂ ਬਾਦਲ ਧੜੇ ਵੱਲੋਂ ਟਾਲਾ ਵੱਟ ਲਿਆ ਗਿਆ।

ਅਕਾਲੀ ਦਲ ਬਾਦਲ ਨੇ ਆਪਣੇ ਤੌਰ ’ਤੇ ਭਰਤੀ ਕਰ ਕੇ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਚੁਣ ਲਿਆ ਜਦ ਕਿ ਸੁਧਾਰ ਲਹਿਰ ਦੇ ਆਗੂਆਂ ਨੇ ਇਸ ਕਾਰਵਾਈ ਨੂੰ ਅਕਾਲ ਤਖ਼ਤ ਦੇ ਹੁਕਮ ਦੀ ਉਲੰਘਣਾ ਦੱਸਿਆ। ਸੁਧਾਰ ਲਹਿਰ ਦੇ ਆਗੂਆਂ ਨੇ ਇਹ ਕਹਿ ਕੇ ਅਲੱਗ ਭਰਤੀ ਸ਼ੁਰੂ ਕਰ ਦਿੱਤੀ ਕਿ ਅਕਾਲ ਤਖਤ ਵੱਲੋਂ 7 ਮੈਂਬਰੀ ਕਮੇਟੀ ਨੂੰ ਭਰਤੀ ਕਰਨ ਦੇ ਆਦੇਸ਼ ਹਨ, ਭਾਵੇਂ ਕਿ 2 ਮੈਂਬਰਾਂ ਵੱਲੋਂ ਅਸਤੀਫ਼ਾ ਦੇਣ ਕਾਰਨ ਮੈਂਬਰਾਂ ਦੀ ਗਿਣਤੀ 7 ਦੀ ਥਾਂ 5 ਰਹਿ ਗਈ।

ਭਰਤੀ ਕਮੇਟੀ ਵੱਲੋਂ ਭਰਤੀ ਕਰਨ ਦੀ ਆਖਰੀ ਤਰੀਕ 18 ਜੂਨ ਰੱਖੀ ਗਈ ਸੀ, ਜਿਸ ਨੂੰ ਵਧਾ ਕੇ 30 ਜੂਨ ਕਰ ਦਿੱਤਾ ਗਿਆ ਸੀ ਤੇ ਮੁੜ ਇਹ ਤਰੀਕ 10 ਜੁਲਾਈ ਕਰ ਦਿੱਤੀ ਗਈ ਸੀ। ਬਾਅਦ ’ਚ ਭਰਤੀ ਦਾ ਸਮਾਂ ਖੁੱਲ੍ਹਾ ਕਰ ਦਿੱਤਾ ਗਿਆ।

ਇਸੇ ਦਰਮਿਆਨ ਅਕਾਲੀ ਦਲ ਬਾਦਲ ਵੱਲੋਂ ਨਵੀਂ ਵਰਕਿੰਗ ਕਮੇਟੀ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਅਤੇ ਅਹੁਦੇਦਾਰਾਂ ਦੀਅਾਂ ਸੂਚੀਆਂ ਵੀ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਦੋਵਾਂ ਧੜਿਆਂ ’ਚ ਸਹਿਮਤੀ ਦੀ ਜਿਹੜੀ ਮਾੜੀ-ਮੋਟੀ ਆਸ ਬਚੀ ਸੀ ਉਹ ਵੀ ਖਤਮ ਹੋ ਗਈ ਹੈ ਕਿਉਂਕਿ ਅਕਾਲੀ ਦਲ ਦੇ ਸੰਵਿਧਾਨ ਮੁਤਾਬਿਕ ਜਿੰਨੇ ਮੈਂਬਰ ਵਰਕਿੰਗ ਕਮੇਟੀ ਦੇ ਨਿਯੁਕਤ ਕੀਤੇ ਜਾ ਸਕਦੇ ਹਨ, ਤਕਰੀਬਨ ਓਨੇ ਮੈਂਬਰ ਨਿਯੁਕਤ ਕਰ ਦਿੱਤੇ ਗਏ ਹਨ, ਜਿਸ ਤੋਂ ਇਹ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਕੋਈ ਸਮਝੌਤਾ ਕਰਨ ਦੇ ਮੂਡ ’ਚ ਨਹੀਂ।

ਦੂਜੇ ਪਾਸੇ ਭਰਤੀ ਕਮੇਟੀ ਵੱਲੋਂ ਜ਼ਿਲਾ ਅਤੇ ਸੂਬਾ ਪੱਧਰੀ ਡੈਲੀਗੇਟ ਬਣਾਉਣ ਲਈ 15 ਜੁਲਾਈ ਤੋਂ ਹਲਕਾ ਵਾਈਜ਼ ਦੌਰੇ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਅਤੇ 10 ਜੁਲਾਈ ਤੱਕ ਭਰਤੀ ਹੋ ਚੁੱਕੇ ਮੈਂਬਰਾਂ ਵਿਚੋਂ ਰੋਜ਼ਾਨਾ 10 ਹਲਕਿਆਂ ’ਚੋਂ ਕਮੇਟੀ ਦੇ ਪੰਜੇ ਮੈਂਬਰ ਆਪਣੀ ਨਿਗਰਾਨੀ ਹੇਠ ਡੈਲੀਗੇਟਾਂ ਦੀ ਚੋਣ ਕਰਵਾਉਣਗੇ। ਇਹ ਪ੍ਰਕਿਰਿਆ ਮਿਤੀ 27 ਜੁਲਾਈ ਤੱਕ ਪੂਰੀ ਹੋ ਜਾਣ ਦੀ ਉਮੀਦ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਭਰਤੀ ਕਮੇਟੀ ਭਰਤੀ ਕਰਨ ਤੋਂ ਬਾਅਦ ਅਕਾਲ ਤਖ਼ਤ ਤੋਂ ਅਗਲੇ ਆਦੇਸ਼ ਲਵੇਗੀ ਪ੍ਰੰਤੂ ਨਵੀਆਂ ਸਥਿਤੀਆਂ ’ਚ ਭਰਤੀ ਕਮੇਟੀ ਹੁਣ ਆਪਣੇ ਡੈਲੀਗੇਟ ਚੁਣ ਕੇ ਅਕਾਲ ਤਖ਼ਤ ’ਤੇ ਪਹੁੰਚਣ ਦੀ ਥਾਂ ਅਗਸਤ ਮਹੀਨੇ ਦੇ ਪਹਿਲੇ ਹਫਤੇ ’ਚ ਨਵਾਂ ਪ੍ਰਧਾਨ ਚੁਣਨ ਦੀ ਤਿਆਰੀ ਕਰ ਰਹੀ ਹੈ।

ਭਾਵੇਂ ਭਰਤੀ ਕਮੇਟੀ ਨੂੰ ਵੀ ਕਈ ਕਾਨੂੰਨੀ ਅਤੇ ਅੰਦਰੂਨੀ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਕਾਨੂੰਨੀ ਤੌਰ ’ਤੇ ਪਾਰਟੀ (ਸ਼੍ਰੋਮਣੀ ਅਕਾਲੀ ਦਲ) ਦਾ ਨਾਂ ਕੇਵਲ ਬਾਦਲ ਗਰੁੱਪ ਹੀ ਵਰਤ ਸਕਦਾ ਹੈ। ਇਸ ਤੋਂ ਇਲਾਵਾ ਅਕਾਲੀ ਦਲ ਬਾਦਲ ਦੀ ਭਰਤੀ ਨੂੰ ਭਾਵੇਂ ਸਿੱਖ ਸੰਗਤ ਦਾ ਇਕ ਵੱਡਾ ਹਿੱਸਾ ਮਾਨਤਾ ਦੇ ਦੇਵੇ ਪਰ ਕਾਨੂੰਨੀ ਤੌਰ ’ਤੇ ਮਾਨਤਾ ਅਕਾਲੀ ਦਲ ਬਾਦਲ ਦੀ ਭਰਤੀ ਰਾਹੀਂ ਚੁਣੇ ਗਏ ਡੈਲੀਗੇਟਾਂ ਅਤੇ ਪ੍ਰਧਾਨ ਨੂੰ ਹੀ ਮਿਲੇਗੀ।

ਭਰਤੀ ਕਮੇਟੀ ਨੂੰ ਆਪਣਾ ਲੀਡਰ ਚੁਣਨ ’ਚ ਵੀ ਇਕ ਵੱਡੀ ਅੰਦਰੂਨੀ ਮੁਸ਼ਕਲ ਪੈਦਾ ਹੋ ਸਕਦੀ ਹੈ ਕਿਉਂਕਿ ਇਸ ਧੜੇ ’ਚ ਸੀਨੀਅਰ ਲੀਡਰਾਂ ਦੀ ਭਰਮਾਰ ਹੈ। ਇਸ ਲਈ ਕਿਸੇ ਇਕ ਨੂੰ ਚੁਣਨਾ ਬਹੁਤ ਸੌਖਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਬਹੁ-ਗਿਣਤੀ ’ਚ ਉਹ ਲੀਡਰ ਹਨ ਜਿਨ੍ਹਾਂ ਨੇ ਮਾਣ-ਸਨਮਾਨ ਨਾ ਮਿਲਣ ਦੀ ਸੂਰਤ ’ਚ ਸੁਖਬੀਰ ਸਿੰਘ ਬਾਦਲ ਦਾ ਸਾਥ ਛੱਡਿਆ ਸੀ ਤੇ ਉਹ ਅੱਜ ਨਵੇਂ ਅਕਾਲੀ ਦਲ ’ਚ ਵੀ ਵੱਡੀਆਂ ਜ਼ਿੰਮੇਵਾਰੀਆਂ ਦੀ ਆਸ ’ਚ ਹੋਣਗੇ ।

ਜੇਕਰ ਭਰਤੀ ਕਮੇਟੀ ਆਪਣੇ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਿਕ 27 ਜੁਲਾਈ ਤੱਕ ਡੈਲੀਗੇਟ ਬਣਾ ਲੈਂਦੀ ਹੈ ਤਾਂ ਕੁਝ ਦਿਨਾਂ ’ਚ ਡੈਲੀਗੇਟ ਇਜਲਾਸ ਬੁਲਾ ਕੇ ਆਪਣਾ ਪ੍ਰਧਾਨ ਚੁਣਨ ’ਚ ਕਾਮਯਾਬ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਅਕਾਲੀ ਦਲ ਦਾ ਇਕ ਨਵਾਂ ਨਾਂ ਰੱਖਣਾ ਪਵੇਗਾ। ਇਸ ਤਰ੍ਹਾਂ ਅਗਸਤ ਮਹੀਨੇ ਦੇ ਸ਼ੁਰੂ ’ਚ ਹੀ ਇਕ ਨਵਾਂ ਅਕਾਲੀ ਦਲ ਹੋਂਦ ’ਚ ਆ ਜਾਵੇਗਾ।

ਇਕਬਾਲ ਸਿੰਘ ਚੰਨੀ (ਭਾਜਪਾ ਬੁਲਾਰਾ ਪੰਜਾਬ)


author

Rakesh

Content Editor

Related News