ਹਿੰਦੂ ਰਾਸ਼ਟਰ ਦੀ ਮੰਗ ਅਤੇ ਰਾਜਸ਼ਾਹੀ ਦੀ ਵਾਪਸੀ ਨੂੰ ਲੈ ਕੇ ਨੇਪਾਲ ਦੀ ਸਿਆਸਤ ’ਚ ਉਬਾਲ
Monday, Mar 24, 2025 - 05:53 AM (IST)

ਜਿਵੇਂ ਇੰਗਲੈਂਡ, ਜਾਪਾਨ, ਭੂਟਾਨ, ਸਵੀਡਨ, ਨਾਰਵੇ ਆਦਿ ਅੱਜ ਵੀ ਦੁਨੀਆ ’ਚ ਅਜਿਹੇ 17 ਦੇਸ਼ ਹਨ ਜਿੱਥੇ ਸੰਵਿਧਾਨਿਕ ਰਾਜਤੰਤਰ ਹੈ। ਉੱਥੇ ਰਾਜਾ ਤਾਂ ਹੁੰਦਾ ਹੈ ਪਰ ਸਿਆਸੀ ਸ਼ਕਤੀਆਂ ਚੁਣੀ ਹੋਈ ਸਰਕਾਰ ਦੇ ਹੱਥਾਂ ’ਚ ਹੁੰਦੀਆਂ ਹਨ ਜਦੋਂ ਕਿ ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਵੈਟੀਕਨ ਸਿਟੀ, ਓਮਾਨ, ਬਰੁਨੇਈ ਅਤੇ ਕਿੰਗਡਮ ਆਫ ਐਸਵਾਤੀਨੀ ਵਰਗੇ 6 ਦੇਸ਼ ਹਨ ਜਿੱਥੇ ਮੁਕੰਮਲ ਰਾਜਤੰਤਰ ਹੈ। ਸ਼ਾਇਦ ਅਜਿਹਾ ਇਕ ਹੀ ਦੇਸ਼ ਨੇਪਾਲ ਹੈ, ਜਿੱਥੇ ਲੋਕ ਲੋਕਰਾਜ ਆਉਣ ਤੋਂ ਬਾਅਦ ਉਸ ਨੂੰ ਹਟਾ ਕੇ ਮੁੜ ਤੋਂ ਰਾਜਤੰਤਰ ਚਾਹੁੰਦੇ ਹਨ।
5 ਮਾਰਚ, 2025 ਨੂੰ ਰਾਜਸ਼ਾਹੀ ਦੇ ਹਮਾਇਤੀਆਂ ਵਲੋਂ ਜਿੱਥੇ ਸੰਸਦ ’ਚ ਪ੍ਰਦਰਸ਼ਨ ਮੁੱਖ ਰੂਪ ’ਚ ਪ੍ਰਧਾਨ ਮੰਤਰੀ ‘ਕੇ. ਪੀ. ਸ਼ਰਮਾ ਓਲੀ’ ਅਤੇ ਉਨ੍ਹਾਂ ਦੀ ਸਰਕਾਰ ਦੇ ਤਾਨਾਸ਼ਾਹੀ ਭਰੇ ਅਤੇ ਦਮਨਕਾਰੀ ਰਵੱਈਏ ’ਤੇ ਕੇਂਦ੍ਰਿਤ ਰਿਹਾ, ਉੱਥੇ ਕਾਠਮੰਡੂ ’ਚ ਰਾਜਸ਼ਾਹੀ ਦੀ ਵਾਪਸੀ ਦੀ ਮੰਗ ’ਤੇ ਜ਼ੋਰ ਦੇਣ ਲਈ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ।
ਇਸ ’ਚ ਹਿੱਸਾ ਲੈਣ ਵਾਲੇ ਪ੍ਰਦਰਸ਼ਨਕਾਰੀ ਨਾਅਰੇ ਲਾ ਰਹੇ ਸਨ ‘ਨਾਰਾਇਣਹਿਤੀ ਖਾਲੀ ਗਾਰਾ ਹਮਰਾ ਰਾਜਾ ਅਊਦੈ ਛਾਨ’ (ਸ਼ਾਹੀ ਮਹੱਲ ‘ਨਾਰਾਇਣਹਿਤੀ’ ਖਾਲੀ ਕਰੋ, ਅਸੀਂ ਆਪਣੇ ਰਾਜਾ ਨੂੰ ਵਾਪਸ ਲਿਆ ਰਹੇ ਹਾਂ।)। ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ‘ਓਲੀ’ ਨੇ ਇਨ੍ਹਾਂ ਪ੍ਰਦਰਸ਼ਨਾਂ ਦੇ ਪਿੱਛੇ ‘ਬਾਹਰੀ ਸ਼ਕਤੀਆਂ’ ਵੱਲ ਇਸ਼ਾਰਾ ਕੀਤਾ ਹੈ।
ਵੇਖਣ ਵਾਲੀ ਗੱਲ ਹੈ ਕਿ ਨੇਪਾਲ ’ਚ ਰਾਜਸ਼ਾਹੀ ਨੂੰ ਖਤਮ ਕਰਨ ਦੀ ਮੰਗ ਦਰਮਿਆਨ 1 ਜੂਨ, 2001 ਨੂੰ ਭਿਆਨਕ ਫਾਇਰਿੰਗ ਹੋਈ ਸੀ ਜਿਸ ’ਚ ਸ਼ਾਹੀ ਪਰਿਵਾਰ ਦੇ ਇਕ ਮੈਂਬਰ ‘ਪ੍ਰਿੰਸ ਦੀਪੇਂਦਰ’, ਜੋ ਭਵਿੱਖ ’ਚ ਨੇਪਾਲ ਦੇ ਰਾਜਾ ਬਣਨ ਵਾਲੇ ਸਨ, ਨੇ ਮਹਾਰਾਜਾ ‘ਵੀਰੇਂਦਰ’ ਅਤੇ ‘ਮਹਾਰਾਣੀ ਐਸ਼ਵਰਿਆ’ ਸਮੇਤ ਸ਼ਾਹੀ ਪਰਿਵਾਰ ਦੇ 9 ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਪਿੱਛੋਂ ਖੁਦ ਨੂੰ ਵੀ ਗੋਲੀ ਮਾਰ ਲਈ ਸੀ।
2006 ’ਚ ਨੇਪਾਲ ਨੇ ਸਦੀਆਂ ਪੁਰਾਣੀ ਸੰਵਿਧਾਨਿਕ ਰਾਜਸ਼ਾਹੀ ਨੂੰ ਖਤਮ ਕਰ ਦਿੱਤਾ ਜਿਸ ਪਿੱਛੋਂ ‘ਰਾਜਾ ਗਿਆਨੇਂਦਰ’ ਨੇ ਸੱਤਾ ’ਤੇ ਕਬਜ਼ਾ ਕਰ ਕੇ ਅਤੇ ਐਮਰਜੈਂਸੀ ਲਾ ਕੇ ਸਭ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਸੀ।
2008 ’ਚ ਰਾਜਸ਼ਾਹੀ ਦੇ ਖਤਮ ਹੋਣ ਦੇ ਨਾਲ ਹੀ ਭੰਗ ਹੋਈ ਸੰਸਦ ਨੂੰ ਬਹਾਲ ਕਰ ਦਿੱਤਾ ਗਿਆ। ‘ਸ਼ਾਹ ਰਾਜਵੰਸ਼’ ਦੇ ਹੱਥੋਂ ਸੱਤਾ ਜਾਂਦੀ ਰਹੀ ਅਤੇ ਦੇਸ਼ ਦੀ ਸਿਆਸਤ ਦੀ ਮੁੱਖਧਾਰਾ ’ਚ ਮਾਓਵਾਦੀ ਸ਼ਾਮਲ ਹੋ ਗਏ।
ਮਈ, 2008 ’ਚ ਨੇਪਾਲ ਦੀਆਂ ਖੱਬੇਪੱਖੀ ਪਾਰਟੀਆਂ ਨੂੰ ਚੋਣਾਂ ’ਚ ਮਿਲੀ ਜਿੱਤ ਪਿੱਛੋਂ ਤਤਕਾਲੀ ‘ਨਰੇਸ਼ ਗਿਆਨੇਂਦਰ’ ਨੂੰ ਅਹੁਦਿਓਂ ਲਾਹ ਕੇ ਰਾਸ਼ਟਰਪਤੀ ਨੂੰ ਦੇਸ਼ ਦੇ ਮੁਖੀ ਵਜੋਂ ਬਿਰਾਜਮਾਨ ਕਰ ਕੇ ਦੇਸ਼ ਨੂੰ ਗਣਰਾਜ ਐਲਾਨ ਦਿੱਤਾ। ਉਦੋਂ ਤੋਂ ਹੁਣ ਤੱਕ ਵਧੇਰੇ ਚੀਨ ਹਮਾਇਤੀ ਹੁਕਮਰਾਨਾਂ ਦੇ ਪ੍ਰਭਾਵ ਹੇਠ ਰਾਜ ਕਰ ਰਹੇ ਸਿਆਸਤਦਾਨਾਂ ਦੇ ਭ੍ਰਿਸ਼ਟ ਆਚਰਣ ਕਾਰਨ ਨੇਪਾਲ ਦੇ ਲੋਕ ਪੀੜਤ ਹਨ।
ਚੀਨ ਦੀ ਦਖਲਅੰਦਾਜ਼ੀ ਵਧੀ ਹੈ ਅਤੇ ਉਹ ਨੇਪਾਲ ’ਚ ਆਪਣੀ ਮਨਮਰਜ਼ੀ ਨੂੰ ਚਲਾਉਣਾ ਚਾਹੁੁੰਦਾ ਹੈ। ਚੀਨ ਦੀ ਹੀ ਕੂਟਨੀਤੀ ਕਾਰਨ ਨੇਪਾਲ ’ਚ ਹਮੇਸ਼ਾ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ। ਚੀਨ ਹਮਾਇਤੀ ਸਰਕਾਰਾਂ ਨੇ ਹਵਾਈ ਅੱਡਿਆਂ ਅਤੇ ਰਾਜਮਾਰਗ ਚੀਨ ਨੂੰ ਵੇਚ ਦਿੱਤੇ ਹਨ।
ਨੇਪਾਲ ਦੀ ਅਰਥਵਿਵਸਥਾ ਦੇ ਕਮਜ਼ੋਰ ਪੈਣ ਕਾਰਨ ਚੀਨ ਹਮੇਸ਼ਾ ਇਸ ਦਾ ਲਾਭ ਉਠਾਉਣ ਅਤੇ ਭਾਰਤ ਨਾਲ ਨੇਪਾਲ ਦੇ ਰਿਸ਼ਤੇ ਵਿਗਾੜਨ ਦੀ ਕੋਸ਼ਿਸ਼ ਕਰਦਾ ਆਇਆ ਹੈ। ਇਹੀ ਕਾਰਨ ਹੈ ਕਿ ਚੀਨ ਹਮਾਇਤੀ ਹੁਕਮਰਾਨਾਂ ਅਤੇ ਚੀਨ ਦੀਆਂ ਚਾਲਾਂ ਤੋਂ ਦੁਖੀ ਨੇਪਾਲ ਦੇ ਲੋਕਾਂ ਦਾ ਇਕ ਵਰਗ ਚੀਨ ਨੂੰ ਆਪਣੇ ਦੇਸ਼ ’ਚੋਂ ਬਾਹਰ ਕਰਨਾ ਚਾਹੁੰਦਾ ਹੈ।
ਇਸ ਸੰਬੰਧੀ ਪਿਛਲੇ ਸਾਲ 10 ਅਪ੍ਰੈਲ ਨੂੰ ਦੇਸ਼ ’ਚ ਨੇਪਾਲ ਨਰੇਸ਼ ਦੇ ਹਜ਼ਾਰਾਂ ਹਮਾਇਤੀਆਂ ਨੇ ਦੱਖਣੀਪੰਥੀ ਹਮਾਇਤੀ ‘ਰਾਸ਼ਟਰੀ ਪ੍ਰਜਾਤੰਤਰ ਪਾਰਟੀ’ (ਆਰ. ਪੀ. ਪੀ.) ਦੇ ਹਜ਼ਾਰਾਂ ਵਰਕਰਾਂ ਅਤੇ ਰਾਜਸ਼ਾਹੀ ਦੇ ਹਮਾਇਤੀਆਂ ਨਾਲ ਮਿਲ ਕੇ ‘ਰਾਜਸ਼ਾਹੀ ਵਾਪਸ ਲਿਆਓ ਅਤੇ ਗਣਤੰਤਰ ਨੂੰ ਖਤਮ ਕਰੋ’ ਦੇ ਨਾਅਰੇ ਲਾਉਂਦੇ ਹੋਏ ਰਾਜਧਾਨੀ ਕਾਠਮੰਡੂ ’ਚ ਪ੍ਰਦਰਸ਼ਨ ਕੀਤਾ। ਇਸ ਦੀ ਅਗਵਾਈ ਆਰ. ਪੀ. ਪੀ. ਦੇ ਮੁਖੀ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ‘ਰਾਜੇਂਦਰ ਲਿੰਗਦੇਨ’ ਕਰ ਰਹੇ ਸਨ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਨੇਪਾਲ ਨੂੰ ਇਕ ਹਿੰਦੂ ਦੇਸ਼ ਬਣਾਉਣ ਲਈ ਦੇਸ਼ ਦਾ ਸੰਵਿਧਾਨ ਬਦਲਣ ਦੀ ਲੋੜ ਹੈ। ਇਸੇ ਨਾਲ ਦੇਸ਼ ਨੂੰ ਬਚਾਇਆ ਜਾ ਸਕਦਾ ਹੈ ਨਹੀਂ ਤਾਂ ਇਸ ਦੀ ਹੋਰ ਵੀ ਮਾੜੀ ਹਾਲਤ ਹੋ ਜਾਵੇਗੀ।
ਹੁਣ ਇਕ ਵਾਰ ਫਿਰ ਨੇਪਾਲ ’ਚ ਰਾਜਸ਼ਾਹੀ ਦੀ ਬਹਾਲੀ ਲਈ ‘ਰਾਸ਼ਟਰੀ ਪ੍ਰਜਾਤੰਤਰ ਪਾਰਟੀ’ (ਆਰ. ਪੀ. ਪੀ.) ਅਤੇ ‘ਦੇਸ਼ ਸੰਸਕ੍ਰਿਤੀ ਅਤੇ ਧਰਮ ਬਚਾਓ ਮੁਹਿੰਮ’ ਦੀ ਸਾਂਝੀ ਅਗਵਾਈ ’ਚ ਕਈ ਰੈਲੀਆਂ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਹਾਲਾਂਕਿ ਨੇਪਾਲ ’ਚ ਰਾਜਸ਼ਾਹੀ ਦੀ ਵਾਪਸੀ ਦੀ ਕੋਈ ਸੰਭਾਵਨਾ ਤਾਂ ਨਹੀਂ ਹੈ ਪਰ ਕੁਝ ਦਿਨ ਪਹਿਲਾਂ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਦੇ ਪੋਖਰਾ ਤੋਂ ਕਾਠਮੰਡੂ ਪਹੁੰਚਣ ’ਤੇ ਉਨ੍ਹਾਂ ਦੇ ਸਵਾਗਤ ’ਚ ਆਈ ਹਜ਼ਾਰਾਂ ਲੋਕਾਂ ਦੀ ਭੀੜ ਮੌਜੂਦਾ ਸਰਕਾਰ ਪ੍ਰਤੀ ਆਮ ਲੋਕਾਂ ਦੀ ਨਿਰਾਸ਼ਾ ਪ੍ਰਗਟਾਉਣ ਵਾਲੀ ਮੰਨੀ ਜਾ ਰਹੀ ਹੈ। ਜਿਵੇਂ ਲੋਕ ਕਹਿ ਰਹੇ ਹੋਣ ਕਿ ‘ਰਾਜਗੱਦੀ ਖਾਲੀ ਕਰੋ ਕਿ ਰਾਜਾ ਆਉਂਦੇ ਹਨ।’