ਭਾਰਤ ਦੀ ਅਗਲੀ ਵੱਡੀ ਬਰਾਮਦ : ਮੈਡੀਕਲ ਸੈਰ-ਸਪਾਟਾ

Tuesday, Apr 07, 2026 - 05:00 PM (IST)

ਭਾਰਤ ਦੀ ਅਗਲੀ ਵੱਡੀ ਬਰਾਮਦ : ਮੈਡੀਕਲ ਸੈਰ-ਸਪਾਟਾ

ਵਿਕਸਿਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ’ਚ ਬਰਾਬਰ ਤੌਰ ’ਤੇ ਵਧਦੀ ਲਾਗਤ, ਵਧਦੀ ਉਮਰ ਵਾਲੀ ਆਬਾਦੀ, ਵਰਕਫੋਰਸ ਦੀ ਘਾਟ ਅਤੇ ਲੰਬੇ ਉਡੀਕ ਸਮੇਂ ਕਾਰਨ ਅੱਜ ਸਿਹਤ ਸੇਵਾ ਦੀ ਮੰਗ ਅਤੇ ਸਪਲਾਈ ਵਿਚਾਲੇ ਫਰਕ ਲਗਾਤਾਰ ਵਧਦਾ ਜਾ ਰਿਹਾ ਹੈ। ਦੁਨੀਆ ਭਰ ’ਚ ਲੱਖਾਂ ਮਰੀਜ਼ ਕਿਫਾਇਤੀ, ਸਮੇਂ ਸਿਰ ਅਤੇ ਭਰੋਸੇਮੰਦ ਉੱਚ ਗੁਣਵੱਤਾ ਵਾਲੀ ਮੈਡੀਕਲ ਦੇਖਭਾਲ ਦੀ ਭਾਲ ’ਚ ਹਨ।

ਭਾਰਤ ਵਿਸ਼ਵ ਪੱਧਰੀ ਮੰਗ ਨੂੰ ਪੂਰਾ ਕਰਨ ਅਤੇ ਮੈਡੀਕਲ ਸੈਰ-ਸਪਾਟਾ (ਮੈਡੀਕਲ ਟੂਰਿਜ਼ਮ) ਲਈ ਵਿਸ਼ਵ ਦਾ ਮੋਹਰੀ ਮੰਜ਼ਿਲ ਬਣਨ ਲਈ ਸਮਰੱਥ ਹੈ, ਨਾਲ ਹੀ ਆਪਣੀ ਸਿਹਤ ਸੇਵਾ ਪ੍ਰਣਾਲੀ ਨੂੰ ਸਭ ਤੋਂ ਸ਼ਕਤੀਸ਼ਾਲੀ ਬਰਾਮਦ ਆਮਦਨ ਅਤੇ ਰੋਜ਼ਗਾਰ ਸਿਰਜਣ ਵਾਲਿਆਂ ’ਚੋਂ ਇਕ ’ਚ ਤਬਦੀਲ ਕਰ ਸਕਦਾ ਹੈ। ਇਹ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਲਾਗਤ ’ਤੇ ਆਧੁਨਿਕ ਸਰਜਰੀ, ਜਾਂਚ ਅਤੇ ਸਿਹਤ ਸੇਵਾਵਾਂ ਮੁਹੱਈਆ ਕਰ ਸਕਦਾ ਹੈ।

ਹੱਲਾਂ ਦੀ ਭਾਲ ’ਚ ਇਕ ਗਲੋਬਲ ਬਾਜ਼ਾਰ : ਵਿਸ਼ਵ ਭਰ ’ਚ ਸਿਹਤ ਸੇਵਾਵਾਂ ਦੀ ਲਾਗਤ ’ਚ ਭਾਰੀ ਵਾਧਾ ਹੋ ਰਿਹਾ ਹੈ। ਅਮਰੀਕਾ ’ਚ ਪ੍ਰਤੀ ਵਿਅਕਤੀ ਸਿਹਤ ਸੇਵਾ ’ਤੇ ਸਾਲਾਨਾ ਖਰਚ 12,000 ਡਾਲਰ ਤੋਂ ਵੱਧ ਹੈ, ਜੋ ਵਿਸ਼ਵ ਪੱਧਰੀ ਔਸਤ ਤੋਂ ਲਗਭਗ 5 ਗੁਣਾ ਵੱਧ ਹੈ। ਕਈ ਓ. ਈ. ਸੀ. ਡੀ. ਦੇਸ਼ਾਂ ’ਚ ਜੋੜਾਂ ਦੇ ਬਦਲਣ, ਦਿਲ ਸਬੰਧੀ ਪ੍ਰਕਿਰਿਆਵਾਂ ਅਤੇ ਕੈਂਸਰ ਦੇ ਇਲਾਜ ਵਰਗੀਆਂ ਜਟਿਲ ਸਰਜਰੀਆਂ ਲਈ 6 ਮਹੀਨਿਆਂ ਤੋਂ ਲੈ ਕੇ 2 ਸਾਲ ਤੋਂ ਵੱਧ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਇਨ੍ਹਾਂ ਦੇਸ਼ਾਂ ’ਚ ਵਧਦੀ ਉਮਰ ਦੀ ਆਬਾਦੀ ਕਾਰਨ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੇ ਅੰਦਾਜ਼ੇ ਅਨੁਸਾਰ 2030 ਤੱਕ ਵਿਸ਼ਵ ਪੱਧਰੀ ਸਿਹਤ ਸੇਵਾ ਕਰਮੀਆਂ ਦੀ ਕਮੀ 11 ਮਿਲੀਅਨ ਤੱਕ ਪਹੁੰਚ ਜਾਵੇਗੀ। ਇਨ੍ਹਾਂ ਦਬਾਵਾਂ ਕਾਰਨ ਸਰਹੱਦ ਪਾਰ ਸਿਹਤ ਸੇਵਾਵਾਂ ਦੀ ਲੋੜ ਵੀ ਵਧ ਰਹੀ ਹੈ।

ਵਿਸ਼ਵ ਪੱਧਰੀ ਮੈਡੀਕਲ ਸੈਰ-ਸਪਾਟਾ ਬਾਜ਼ਾਰ ਦੇ 2030 ਤੱਕ 100 ਅਰਬ ਡਾਲਰ ਤੋਂ ਵੱਧ ਹੋਣ ਦਾ ਅੰਦਾਜ਼ਾ ਹੈ। ਮਰੀਜ਼ ਹੁਣ ਸਿਰਫ਼ ਕਾਸਮੈਟਿਕ ਪ੍ਰਕਿਰਿਆਵਾਂ ਲਈ ਹੀ ਯਾਤਰਾ ਨਹੀਂ ਕਰ ਰਹੇ, ਉਹ ਤੇਜ਼ੀ ਨਾਲ ਮੁਸ਼ਕਿਲ ਸਰਜਰੀ, ਕੈਂਸਰ ਇਲਾਜ, ਜਣੇਪਾ ਇਲਾਜ, ਅੰਗ ਟਰਾਂਸਪਲਾਂਟ ਅਤੇ ਲੰਮੇ ਸਮੇਂ ਦੇ ਮੁੜ-ਵਸੇਬੇ ਦੀ ਭਾਲ ਕਰ ਰਹੇ ਹਨ। ਭਾਰਤ ਇਸ ਖੇਤਰ ’ਚ ਸਭ ਤੋਂ ਭਰੋਸੇਮੰਦ ਟਿਕਾਣਿਆਂ ’ਚੋਂ ਇਕ ਵਜੋਂ ਉਭਰਿਆ ਹੈ, ਜੋ ਉਨੱਤ ਇਲਾਜਾਂ ਅਤੇ ਸਿਹਤ ਸੰਬੰਧੀ ਮੈਡੀਕਲਾਂ ਲਈ 75 ਵਿਕਾਸਸ਼ੀਲ ਅਤੇ ਵਿਕਸਤ ਦੇਸ਼ ਦੇ ਮਰੀਜਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਕੇ. ਪੀ. ਐੱਮ. ਜੀ. ਦੇ ਅਨੁਮਾਨ ਅਨੁਸਾਰ ਭਾਰਤ ਦਾ ਮੈਡੀਕਲ ਸੈਰ-ਸਪਾਟਾ ਬਾਜ਼ਾਰ 2025 ’ਚ 18 ਅਰਬ ਡਾਲਰ ਤੋਂ ਵਧ ਕੇ 2035 ਤੱਕ 58 ਅਰਬ ਡਾਲਰ ਹੋਣ ਦਾ ਅਨੁਮਾਨ ਹੈ।

ਭਾਰਤ ਦੀ ਮੌਜੂਦਾ ਸਥਿਤੀ-ਮਜ਼ਬੂਤ ਪਰ ਅਣਉਚਿਤ ਕਰਜ਼ ਦੇ ਨਾਲ : ਕੋਵਿਡ ਮਹਾਮਾਰੀ ਤੋਂ ਬਾਅਦ ਦੇ ਸਾਲਾਂ ’ਚ ਭਾਰਤ ਦੇ ਮੈਡੀਕਲ ਸੈਰ-ਸਪਾਟਾ ਖੇਤਰ ’ਚ ਜ਼ਬਰਦਸਤ ਵਾਧਾ ਦੇਖਿਆ ਗਿਆ ਹੈ। ਮੈਡੀਕਲ ਉਦੇਸ਼ਾਂ ਲਈ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 2020 ’ਚ 2,00,000 ਤੋਂ ਘੱਟ ਤੋਂ ਵਧ ਕੇ 2024 ’ਚ 6,40,000 ਤੋਂ ਵੱਧ ਹੋ ਗਈ, ਜਿਨ੍ਹਾਂ ’ਚੋਂ 75 ਫੀਸਦੀ ਸੈਲਾਨੀ ਇਕੱਲੇ ਬੰਗਲਾਦੇਸ਼ ਤੋਂ ਆਏ। ਕੇਂਦਰੀ ਬਜਟ 2025-26 ’ਚ ਐਲਾਨੀ ਸਰਲ ਈ-ਵੀਜ਼ਾ ਪ੍ਰਕਿਰਿਆ ਤੋਂ ਬਾਅਦ ਇਸ ਖੇਤਰ ’ਚ 15 ਫੀਸਦੀ ਵਾਧੇ ਦੀ ਸੰਭਾਵਨਾ ਹੈ, ਜਿਸ ਨਾਲ ਭਾਰਤ ਦਾ ਆਕਰਸ਼ਣ ਹੋਰ ਵਧੇਗਾ ਅਤੇ ਮੈਡੀਕਲ ਸੈਰ-ਸਪਾਟਾ ਮਹਾਨਗਰਾਂ ਤੋਂ ਬਾਹਰ ਵੀ ਵਿਸਤਾਰਿਤ ਹੋਵੇਗਾ।

ਮੈਡੀਕਲ ਖੇਤਰ ’ਚ ਭਾਰਤ ਦਾ ਵਾਧਾ ਕਾਫੀ ਹੱਦ ਤੱਕ ਇਕ ਏਕੀਕ੍ਰਿਤ ਰਾਸ਼ਟਰੀ ਰਣਨੀਤੀ ਤੋਂ ਬਿਨਾਂ ਹੋਇਆ ਹੈ, ਸਗੋਂ ਇਹ ਨਿੱਜੀ ਖੇਤਰ ਦੀ ਉੱਤਮਤਾ, ਨੈਦਾਨਿਕ ਨਤੀਜਿਆਂ ਅਤੇ ਭਾਰਤ ਦੇ ਆਕਰਸ਼ਕ ਲਾਗਤ ਲਾਭਾਂ ਤੋਂ ਪ੍ਰੇਰਿਤ ਹੈ, ਜਿੱਥੇ ਮੁਸ਼ਕਿਲ ਸਰਜਰੀ ਅਤੇ ਪ੍ਰਕਿਰਿਆਵਾਂ ਦੀ ਲਾਗਤ ਉੱਨਤ ਅਰਥਵਿਵਸਥਾਵਾਂ ਦੇ ਮੁਕਾਬਲੇ 10 ਤੋਂ 20 ਫੀਸਦੀ ਘੱਟ ਹੈ ਅਤੇ ਕੈਂਸਰ ਦਾ ਇਲਾਜ ਤੇ ਅੰਗ ਟਰਾਂਸਪਲਾਂਟ ਦੀ ਲਾਗਤ ਇਕ ਤਿਹਾਈ ਹੈ, ਜਦਕਿ ਗੁਣਵੱਤਾ ਅਤੇ ਮਰੀਜ਼ ਦੀ ਦੇਖਭਾਲ ਤੁਲਨਾਤਮਕ ਜਾਂ ਕਦੇ-ਕਦੇ ਬਿਹਤਰ ਹੁੰਦੀ ਹੈ।

ਭਾਰਤ ’ਚ 700 ਤੋਂ ਵੱਧ ਕੌਮਾਂਤਰੀ ਪੱਧਰ ’ਤੇ ਮਾਨਤਾ ਪ੍ਰਾਪਤ ਹਸਪਤਾਲ ਹਨ, ਮਰੀਜ਼ਾਂ ਦੀ ਸੰਤੁਸ਼ਟੀ ਦੇ ਮਾਮਲੇ ’ਚ ਭਾਰਤ ਵਿਸ਼ਵ ਪੱਧਰੀ ਮਿਆਰਾਂ ਦੇ ਬਰਾਬਰ ਜਾਂ ਅਕਸਰ ਉਨ੍ਹਾਂ ਤੋਂ ਅੱਗੇ ਨਿਕਲ ਜਾਂਦਾ ਹੈ, ਪਰ ਇਸ ਖੇਤਰ ’ਚ ਕਈ ਮਜ਼ਬੂਤ ਦਾਅਵੇਦਾਰ ਹਨ—ਥਾਈਲੈਂਡ, ਮੈਕਸੀਕੋ, ਤੁਰਕੀ, ਮਲੇਸ਼ੀਆ, ਸੰਯੁਕਤ ਅਰਬ ਅਮੀਰਾਤ ਅਤੇ ਸਿੰਗਾਪੁਰ। ਸਾਨੂੰ ਆਪਣੀਆਂ ਨੀਤੀਆਂ ਨੂੰ ਸਾਵਧਾਨੀ ਨਾਲ ਸਮਾਂਯੋਜਿਤ ਕਰਨਾ ਹੋਵੇਗਾ, ਤਾਂ ਜੋ ਅਸੀਂ ਉਨ੍ਹਾਂ ਦੀ ਪੂਰੀ ਸਮਰੱਥਾ ਦਾ ਲਾਭ ਉਠਾ ਸਕੀਏ, ਨਹੀਂ ਤਾਂ ਅਸੀਂ ਉਨ੍ਹਾਂ ਨੂੰ ਦੂਜੇ ਦੇਸ਼ਾਂ ’ਚ ਵਿਕਸਿਤ ਹੁੰਦੇ ਦੇਖਾਂਗੇ।

ਅੱਜ ਚੇਨਈ, ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਰਗੇ ਮਹਾਨਗਰ ਮੈਡੀਕਲ ਸੈਰ-ਸਪਾਟਾ ਦੇ ਕੇਂਦਰ ਵਜੋਂ ਕੰਮ ਕਰ ਰਹੇ ਹਨ, ਜਿਨ੍ਹਾਂ ’ਚੋਂ 25 ਫੀਸਦੀ ਮੈਡੀਕਲ ਸੈਲਾਨੀ ਇਕੱਲੇ ਤਾਮਿਲਨਾਡੂ ਨੂੰ ਚੁਣਦੇ ਹਨ, ਜਦਕਿ ਕੇਰਲ ਸਰਜਰੀ ਦੇਖਭਾਲ ਨੂੰ ਸਮੁੱਚੇ ਅਤੇ ਆਯੁਰਵੈਦਿਕ ਇਲਾਜਾਂ ਨਾਲ ਮਿਲਾ ਕੇ ਖੁਦ ਨੂੰ ਭਲਾਈ ਸੈਰ-ਸਪਾਟਾ ਸਥਾਨ ਵਜੋਂ ਸਥਾਪਤ ਕਰ ਰਿਹਾ ਹੈ।

ਪਰ ਹੋਰ ਸੂਬੇ ਸਿਹਤ ਸੇਵਾ ਲੜੀਆਂ ’ਚ ਬੇਹੱਦ ਪਛੜੇ ਹੋਏ ਹਨ ਅਤੇ ਪੇਂਡੂ ਤੇ ਅਰਧ-ਸ਼ਹਿਰੀ ਖੇਤਰ ਬੁਨਿਆਦੀ ਸਿਹਤ ਸੇਵਾ ਬੁਨਿਆਦੀ ਢਾਂਚੇ ਦੇ ਮਾਮਲੇ ’ਚ ਬਹੁਤ ਪਿੱਛੇ ਹਨ।

ਸਿਹਤ ਸੇਵਾਵਾਂ ਦੀ ਬਰਾਮਦ ਅਤੇ ਭਾਰਤ ਦਾ ਵਪਾਰਕ ਅਸੰਤੁਲਨ : ਵਿੱਤੀ ਸਾਲ 2025 ’ਚ ਭਾਰਤ ਦਾ ਚਾਲੂ ਖਾਤਾ ਘਾਟਾ 23 ਅਰਬ ਡਾਲਰ ਰਿਹਾ, ਜਿਸ ’ਚ ਵਪਾਰਕ ਅਸੰਤੁਲਨ ਨੂੰ ਸੰਤੁਲਿਤ ਕਰਨ ’ਚ ਸੇਵਾ ਬਰਾਮਦ ਦੀ ਮਹੱਤਵਪੂਰਨ ਭੂਮਿਕਾ ਰਹੀ। ਸੇਵਾ ਬਰਾਮਦ ਦੀ ਰੀੜ੍ਹ ਮੰਨੇ ਜਾਣ ਵਾਲੇ ਆਈ. ਟੀ. ਅਤੇ ਆਈ. ਟੀ.-ਆਧਾਰਿਤ ਸੇਵਾਵਾਂ ਤੋਂ ਇਲਾਵਾ ਸਿਹਤ ਸੇਵਾਵਾਂ ਵੀ ਇਕ ਪ੍ਰਮੁੱਖ ਆਧਾਰ ਥੰਮ੍ਹ ਵਜੋਂ ਉਭਰ ਸਕਦੀਆਂ ਹਨ।

ਹਰੇਕ ਕੌਮਾਂਤਰੀ ਮਰੀਜ਼ ਨਾ ਸਿਰਫ਼ ਹਸਪਤਾਲ ਦੇ ਮਾਲੀਏ ’ਚ ਯੋਗਦਾਨ ਪਾਉਂਦਾ ਹੈ, ਸਗੋਂ ਏਅਰਲਾਈਨਜ਼, ਹੋਟਲ, ਅਨੁਵਾਦਕ, ਸਿਹਤ ਕੇਂਦਰ ਅਤੇ ਸਥਾਨਕ ਕਾਰੋਬਾਰਾਂ ਨੂੰ ਵੀ ਲਾਭ ਪਹੁੰਚਾਉਂਦਾ ਹੈ। ਅਨੁਮਾਨਾਂ ਅਨੁਸਾਰ ਹਰੇਕ 1,000 ਵਿਦੇਸ਼ੀ ਮੈਡੀਕਲ ਸੈਲਾਨੀਆਂ ਤੋਂ ਇਨ੍ਹਾਂ ਖੇਤਰਾਂ ’ਚ ਸੰਬੰਧਿਤ ਸੇਵਾਵਾਂ ’ਚ 80-100 ਨੌਕਰੀਆਂ ਪੈਦਾ ਹੋ ਸਕਦੀਆਂ ਹਨ। ਜੇਕਰ ਇਹ ਖੇਤਰ ਵਾਕਈ 2035 ਤੱਕ ਅਨੁਮਾਨ ਅਨੁਸਾਰ 50 ਅਰਬ ਡਾਲਰ ਤੋਂ ਵੱਧ ਦਾ ਯੋਗਦਾਨ ਪਾਉਂਦਾ ਹੈ, ਤਾਂ ਇਹ ਸਾਡੇ ਚਾਲੂ ਖਾਤਾ ਘਾਟੇ ਨੂੰ ਸੰਤੁਲਿਤ ਕਰਨ ਅਤੇ ਇਥੋਂ ਤੱਕ ਕਿ ਵਾਧੂ ਮਾਲੀਆ ਪੈਦਾ ਕਰਨ ’ਚ ਵੀ ਸਮਰੱਥ ਹੋਵੇਗਾ।

ਇਕ ਜਾਇਜ਼ ਖਦਸ਼ੇ ਦਾ ਹੱਲ ਕਰਨਾ ਮਹੱਤਵਪੂਰਨ ਹੈ : ਕੀ ਮੈਡੀਕਲ ਸੈਰ-ਸਪਾਟਾ ਘਰੇਲੂ ਮਰੀਜ਼ਾਂ ਤੋਂ ਸਾਧਨਾਂ ਨੂੰ ਦੂਰ ਲੈ ਜਾਂਦਾ ਹੈ? ਕੌਮਾਂਤਰੀ ਤਜਰਬਾ ਇਸ ਦੇ ਉਲਟ ਸੁਝਾਅ ਦਿੰਦਾ ਹੈ, ਬਸ਼ਰਤੇ ਇਸ ਦਾ ਪ੍ਰਬੰਧਨ ਸਹੀ ਢੰਗ ਨਾਲ ਕੀਤਾ ਜਾਵੇ। ਵਿਦੇਸ਼ੀ ਮਰੀਜ਼ਾਂ ਤੋਂ ਪ੍ਰਾਪਤ ਮਾਲੀਆ ਹਸਪਤਾਲਾਂ ਨੂੰ ਉੱਨਤ ਤਕਨਾਲੋਜੀ ’ਚ ਨਿਵੇਸ਼ ਕਰਨ, ਸਮਰੱਥਾ ਵਧਾਉਣ, ਵਾਂਝੀ ਆਬਾਦੀ ਲਈ ਇਲਾਜ ’ਚ ਸਬਸਿਡੀ ਦੇਣ ਅਤੇ ਦੇਸ਼ ਦੇ ਅੰਦਰ ਚੋਟੀ ਦੀਆਂ ਕਲੀਨਿਕਲ ਪ੍ਰਤਿਭਾਵਾਂ ਨੂੰ ਬਣਾਈ ਰੱਖਣ ’ਚ ਸਮਰੱਥ ਬਣਾਉਂਦਾ ਹੈ।

-ਗੋਵਿੰਦ ਭੱਟਾਚਾਰੀਆ, ਰਵੀ ਗਰਗ


author

Harpreet SIngh

Content Editor

Related News