ਅਣਕਿਆਸੀ ਹਿੱਟ ‘ਹਨੂਮਾਨ ਅੰਸ਼’ ਤੋਂ ਬਾਅਦ ਸਟੂਡੀਓਜ਼ ਦਾ ਗੁਰੂਆਂ ’ਤੇ ਵਧਿਆ ਭਰੋਸਾ

Wednesday, Sep 30, 2026 - 06:10 PM (IST)

ਅਣਕਿਆਸੀ ਹਿੱਟ ‘ਹਨੂਮਾਨ ਅੰਸ਼’ ਤੋਂ ਬਾਅਦ ਸਟੂਡੀਓਜ਼ ਦਾ ਗੁਰੂਆਂ ’ਤੇ ਵਧਿਆ ਭਰੋਸਾ

ਧਾਰਮਿਕ ਗੁਰੂਆਂ ਅਤੇ ਅਧਿਆਤਮਿਕ ਹਸਤੀਆਂ ’ਤੇ ਕਈ ਸਟੂਡੀਓ ਫ਼ਿਲਮਾਂ ਦੀ ਸ਼ੁਰੂਆਤ ਕਰ ਚੁੱਕੇ ਹਨ ਅਤੇ ਕਈ ਹੋਰ ਫ਼ਿਲਮਾਂ ਰਿਲੀਜ਼ ਕਰਨ ਦੀ ਤਿਆਰੀ ’ਚ ਹਨ, ਕਿਉਂਕਿ ਭਗਤੀ ਡਰਾਮਾ ਫ਼ਿਲਮ ‘ਹਨੂਮਾਨ ਅੰਸ਼’ ਨੇ ਬਾਕਸ ਆਫਿਸ ’ਤੇ ਅਣਕਿਆਸੀ ਸਫ਼ਲਤਾ ਹਾਸਲ ਕੀਤੀ ਹੈ, ਜਿਸ ਦੀ ਸਿਰਫ਼ ਘਰੇਲੂ ਕਮਾਈ ਹੀ 290 ਕਰੋੜ ਰੁਪਏ ਦੇ ਪਾਰ ਪਹੁੰਚ ਗਈ ਹੈ।

ਜਿੱਥੇ ਅਬੰਡੈਂਸ਼ੀਆ ਐਂਟਰਟੇਨਮੈਂਟ ਨੇ ‘ਹਾਰੇ ਕਾ ਸਹਾਰਾ, ਬਾਬਾ ਖਾਟੂ ਸ਼ਿਆਮ ਹਮਾਰਾ’ ਦਾ ਐਲਾਨ ਕੀਤਾ ਹੈ, ਜੋ ਸ਼੍ਰੀ ਖਾਟੂ ਸ਼ਿਆਮ ਜੀ ਦੇ ਭਗਤਾਂ ਦੀ ਆਸਥਾ ਅਤੇ ਕਥਾ ਤੋਂ ਪ੍ਰੇਰਿਤ ਇਕ ਫੀਚਰ ਫ਼ਿਲਮ ਹੈ, ਉੱਥੇ ਹੀ ‘ਹਨੂਮਾਨ ਅੰਸ਼’ ਦੇ ਨਿਰਦੇਸ਼ਕ ਵਿਸ਼ਾਲ ਚਤੁਰਵੇਦੀ ਮਹਾਕਵੀ ਗੋਸਵਾਮੀ ਤੁਲਸੀਦਾਸ ਦੀ ਵਿਰਾਸਤ ’ਤੇ ‘ਰਾਮਬੋਲਾ’ ਬਣਾਉਣਗੇ। ਦੋ ਹੋਰ ਫਿਲਮਾਂ, ‘ਤੇਰਾ ਸਾਈਂ’ (ਜਿਸ ’ਚ ਸ਼ਿਰਡੀ ਸਾਈਂ ਬਾਬਾ ਦੇ ਰੂਪ ’ਚ ਸੰਜੇ ਮਿਸ਼ਰਾ ਹਨ) ਅਤੇ ‘ਵ੍ਹਾਈਟ’ (ਜਿਸ ’ਚ ਸ਼੍ਰੀ ਸ਼੍ਰੀ ਰਵੀ ਸ਼ੰਕਰ ਦੀ ਭੂਮਿਕਾ ’ਚ ਵਿਕ੍ਰਾਂਤ ਮੈਸੀ ਹਨ), ਵੀ ਆਉਣ ਵਾਲੀਆਂ ਹਨ।

ਉਦਯੋਗ ਮਾਹਿਰਾਂ ਦਾ ਮੰਨਣਾ ਹੈ ਕਿ ਇਸ ‘ਸਲੀਪਰ ਹਿੱਟ’ (ਹੌਲੀ ਸ਼ੁਰੂਆਤ ਤੋਂ ਬਾਅਦ ਵੱਡੀ ਹਿੱਟ ਬਣੀ ਫ਼ਿਲਮ) ਨੇ ਬਾਕਸ ਆਫਿਸ ਦਾ ਇਕ ਭਰੋਸੇਮੰਦ ਫਾਰਮੂਲਾ ਸਾਹਮਣੇ ਲਿਆ ਦਿੱਤਾ ਹੈ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਛੋਟੇ ਬਜਟ ਦੀਆਂ ਪੌਰਾਣਿਕ ਜਾਂ ਭਗਤੀ ਫ਼ਿਲਮਾਂ ਰਾਮਾਇਣ ਵਰਗੀਆਂ ਵੱਡੇ ਬਜਟ ਦੀਆਂ ‘ਟੈਂਟਪੋਲ’ ਫ਼ਿਲਮਾਂ ਜਿੰਨੇ ਭਾਰੀ ਬਜਟ ਜਾਂ ਸਟਾਰ ਕਾਸਟ ਤੋਂ ਬਿਨਾਂ ਵੀ ਸਫ਼ਲ ਹੋ ਸਕਦੀਆਂ ਹਨ। ਇਹ ਫ਼ਿਲਮਾਂ ਅਜਿਹੀਆਂ ਸ਼ਖਸੀਅਤਾਂ ’ਤੇ ਆਧਾਰਿਤ ਹਨ, ਜਿਨ੍ਹਾਂ ਦੇ ਅੱਜ ਵੀ ਜਿਊਂਦੇ ਸ਼ਰਧਾਲੂ ਮੌਜੂਦ ਹਨ ਅਤੇ ਦਰਸ਼ਕ ਬਸ ਭਾਵਨਾਤਮਕ ਜੁੜਾਅ ਨਾਲ ਆਪਣੀ ਉਸੇ ਭਗਤੀ ਨੂੰ ਦੁਬਾਰਾ ਮਹਿਸੂਸ ਕਰ ਰਹੇ ਹੁੰਦੇ ਹਨ।

ਅਬੰਡੈਂਸ਼ੀਆ ਐਂਟਰਟੇਨਮੈਂਟ ਦੇ ਸੰਸਥਾਪਕ ਅਤੇ ਸੀ. ਈ. ਓ. ਵਿਕਰਮ ਮਲਹੋਤਰਾ ਨੇ ਕਿਹਾ, ‘‘ਆਸਥਾ-ਆਧਾਰਿਤ ਕਹਾਣੀਆਂ ਦਾ ਆਕਰਸ਼ਣ ਇਕ ਅਸਾਧਾਰਨ ਲਾਭ ਨਾਲ ਸ਼ੁਰੂ ਹੁੰਦਾ ਹੈ—ਇਕ ਤਰ੍ਹਾਂ ਨਾਲ, ਇਹ ਕਹਾਣੀਆਂ ਦਰਸ਼ਕਾਂ ਦੇ ਦਿਲ ’ਚ ਪਹਿਲਾਂ ਹੀ ਆਪਣੀ ਜਗ੍ਹਾ ਬਣਾਈ ਹੁੰਦੀਆਂ ਹਨ। ਇਹ ਕਹਾਣੀਕਾਰ ਨੂੰ ਤੁਰੰਤ ਇਕ ਭਾਵਨਾਤਮਕ ਜੁੜਾਅ ਬਣਾਉਣ ਦਾ ਮੌਕਾ ਦਿੰਦਾ ਹੈ। ਇਕ ਬਹੁਤ ਵੱਡਾ ਸੱਭਿਆਚਾਰਕ ਵਰਗ ਮੌਜੂਦ ਹੈ, ਜਿਸ ਦੇ ਦਾਇਰੇ ’ਚ ਇਹ ਕਹਾਣੀਆਂ ਕੰਮ ਕਰਦੀਆਂ ਹਨ ਅਤੇ ਇਹ ਇਕ ਅਜਿਹਾ ਦਰਸ਼ਕ ਵਰਗ ਹੈ, ਜਿਸ ਨੂੰ ਹੁਣ ਤੱਕ ਕਾਫ਼ੀ ਹੱਦ ਤੱਕ ਅਣਡਿੱਠ ਕੀਤਾ ਗਿਆ ਹੈ।’’

ਮਲਹੋਤਰਾ ਨੇ ਅੱਗੇ ਕਿਹਾ ਕਿ ਆਸਥਾ ਅਤੇ ਭਗਤੀ ਨਾਲ ਜੁੜੀਆਂ ਕਹਾਣੀਆਂ ਲਈ ਭਾਰਤ ਦਾ ਟੀਚਾ ਦਰਸ਼ਕ ਵਰਗ ਸੰਭਵ ਤੌਰ ’ਤੇ ਸਿਨੇਮਾ ਦੇਖਣ ਵਾਲੇ ਕਿਸੇ ਵੀ ਹੋਰ ਵਰਗ ਦੀ ਤੁਲਨਾ ’ਚ ਸਭ ਤੋਂ ਵੱਡਾ ਹੈ। ਇਸ ’ਚ ਮਹਾਨਗਰਾਂ ਤੋਂ ਲੈ ਕੇ ਛੋਟੇ ਸ਼ਹਿਰ, ਨਿਯਮਤ ਸਿਨੇਮਾਘਰਾਂ ’ਚ ਜਾਣ ਵਾਲੇ ਦਰਸ਼ਕ ਅਤੇ ਅਜਿਹੇ ਲੋਕ ਵੀ ਸ਼ਾਮਲ ਹਨ, ਜੋ ਆਮ ਤੌਰ ’ਤੇ ਵਾਰ-ਵਾਰ ਸਿਨੇਮਾ ਹਾਲ ਨਹੀਂ ਜਾਂਦੇ ਅਤੇ ਇਹ ਅਕਸਰ ਪਰਿਵਾਰਾਂ ਦੀਆਂ ਕਈ ਪੀੜ੍ਹੀਆਂ ਨੂੰ ਇਕੱਠੇ ਜੋੜਦਾ ਹੈ।

ਮਲਹੋਤਰਾ ਨੇ ਅੱਗੇ ਕਿਹਾ, ‘‘ਪਰ ਪੈਰੋਕਾਰਾਂ ਦੀ ਗਿਣਤੀ ਨੂੰ ਬਾਕਸ ਆਫਿਸ ਦੀ ਕਮਾਈ ਦਾ ਪੈਮਾਨਾ ਨਹੀਂ ਮੰਨਿਆ ਜਾ ਸਕਦਾ। ਕਿਸੇ ਸੰਤ ਦੇ ਲੱਖਾਂ ਪੈਰੋਕਾਰ ਹੋ ਸਕਦੇ ਹਨ ਅਤੇ ਕਿਸੇ ਤੀਰਥ ਸਥਲ ’ਤੇ ਲੱਖਾਂ ਸ਼ਰਧਾਲੂ ਆ ਸਕਦੇ ਹਨ ਪਰ ਇਹ ਗੱਲ ਆਪਣੇ ਆਪ ’ਚ ਕਿਸੇ ਫ਼ਿਲਮ ਨੂੰ ਆਕਰਸ਼ਕ ਨਹੀਂ ਬਣਾ ਦਿੰਦੀ।’’ ਉਨ੍ਹਾਂ ਕਿਹਾ ਕਿ ਸਿਨੇਮਾ ਦੇ ਬੁਨਿਆਦੀ ਨਿਯਮ ਹਰ ਜਗ੍ਹਾ ਇਕੋ ਜਿਹੇ ਹਨ—ਤੁਹਾਨੂੰ ਇਕ ਚੰਗੀ ਕਹਾਣੀ ਚਾਹੀਦੀ ਹੈ, ਜਿਸ ਨੂੰ ਸਮਝਦਾਰੀ ਅਤੇ ਭਾਵਨਾਤਮਕ ਰੂਪ ’ਚ ਪੇਸ਼ ਕੀਤਾ ਗਿਆ ਹੋਵੇ।

‘ਰਾਮਾਇਣ’ ਵਰਗੀਆਂ ਪੌਰਾਣਿਕ ਵਿਸ਼ਾਲ ਗਾਥਾਵਾਂ ਅਤੇ ‘ਹਨੂਮਾਨ ਅੰਸ਼’ ਵਰਗੀਆਂ ਭਗਤੀ ਜਾਂ ਆਸਥਾ-ਆਧਾਰਿਤ ਕਹਾਣੀਆਂ ’ਚ ਵੱਡੇ ਫਰਕ ਹਨ। ਇਕ ਪੌਰਾਣਿਕ ਫ਼ਿਲਮ ਵੱਡੇ ਪੈਮਾਨੇ ਦੇ ਵਾਅਦੇ ਨਾਲ ਆਉਂਦੀ ਹੈ—ਦੁਨੀਆ ਦਾ ਨਿਰਮਾਣ, ਐਕਸ਼ਨ, ਵੱਡੇ ਸਿਤਾਰੇ, ਤਕਨੀਕ ਅਤੇ ਇਕ ਉੱਨਤ ਵਿਜ਼ੂਅਲ ਅਨੁਭਵ। ਉੱਥੇ ਹੀ ਕਿਸੇ ਸੰਤ, ਭਗਤ ਜਾਂ ਪਰੰਪਰਾ ’ਤੇ ਆਧਾਰਿਤ ਫ਼ਿਲਮ ਵਿਸ਼ਾਲਤਾ ਦੀ ਬਜਾਏ ਨਿੱਜੀ ਅਤੇ ਆਤਮੀ ਜੁੜਾਅ ਦੀ ਤਾਕਤ ’ਤੇ ਖੜ੍ਹੀ ਹੁੰਦੀ ਹੈ।

ਇਸ ਦੇ ਬਾਵਜੂਦ, ਦੋ ਅਸਲ ਚੁਣੌਤੀਆਂ ਅਜੇ ਵੀ ਬਣੀਆਂ ਹੋਈਆਂ ਹਨ। ਪਹਿਲੀ, ਅਤਿ-ਸੰਤੁਸ਼ਟੀ, ਕਿਉਂਕਿ ਇਕੋ ਤਰ੍ਹਾਂ ਦੀਆਂ ਕਈ ਫ਼ਿਲਮਾਂ ਇਕੱਠੀਆਂ ਆਉਣ ਨਾਲ ਦਰਸ਼ਕਾਂ ਨੂੰ ਚੋਣ ਕਰਨ ਲਈ ਮਜਬੂਰ ਹੋਣਾ ਪਵੇਗਾ, ਇਸ ਲਈ ਕਹਾਣੀ ਕਹਿਣ ਦਾ ਤਰੀਕਾ ਵੱਖਰਾ ਹੋਣਾ ਚਾਹੀਦਾ ਹੈ ਅਤੇ ਦੂਜੀ, ਪ੍ਰਮਾਣਿਕਤਾ, ਕਿਉਂਕਿ ਭਗਤ ਆਮ ਤੌਰ ’ਤੇ ਗਲਤੀਆਂ ਨੂੰ ਘੱਟ ਹੀ ਮੁਆਫ਼ ਕਰਦੇ ਹਨ।

ਸਿਨੇਨਾਊ ਦੇ ਸੀ. ਐੱਮ. ਡੀ. ਰੋਹਿਤ ਡਾਲਮੀਆ ਨੇ ਕਿਹਾ, ‘‘ਹਨੂਮਾਨ ਅੰਸ਼ ਨੂੰ ਇਕ ਅਪਵਾਦ ਮੰਨਿਆ ਜਾਣਾ ਚਾਹੀਦਾ ਹੈ, ਨਾ ਕਿ ਇਕ ਵਿੱਤੀ ਟੈਂਪਲੇਟ।’’ ਉਨ੍ਹਾਂ ਕਿਹਾ ਕਿ ਵਿਆਖਿਆਵਾਂ (ਇੰਟਰਪ੍ਰੀਟੇਸ਼ਨ), ਚਮਤਕਾਰਾਂ ਆਦਿ ਨੂੰ ਲੈ ਕੇ ਵੀ ਕਾਫ਼ੀ ਸੰਵੇਦਨਸ਼ੀਲਤਾ ਰਹਿੰਦੀ ਹੈ।

—ਲਤਾ ਝਾਅ

(‘ਮਿੰਟ’ ਤੋਂ ਧੰਨਵਾਦ ਸਹਿਤ)


author

Anmol Tagra

Content Editor

Related News