‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!

Tuesday, Oct 06, 2026 - 03:13 AM (IST)

‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!

ਦੇਸ਼ ’ਚ ਤਬਾਹੀ ਮਚਾਉਣ ਲਈ ਉਤਾਰੂ ਰਾਸ਼ਟਰ ਵਿਰੋਧੀ ਅਨਸਰਾਂ ਦੀਆਂ ਸਰਗਰਮੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ ਲਗਾਤਾਰ ਧਮਾਕਾਖੇਜ਼ ਸਮੱਗਰੀ ਅਤੇ ਹਥਿਆਰ ਫੜੇ ਜਾ ਰਹੇ ਹਨ, ਜਿਨ੍ਹਾਂ ’ਚੋਂ ਪਿਛਲੇ ਲੱਗਭਗ ਢਾਈ ਮਹੀਨਿਆਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 18 ਜੂਨ ਨੂੰ ‘ਕੁਪਵਾੜਾ’ (ਜੰਮੂ-ਕਸ਼ਮੀਰ) ਦੇ ‘ਹੰਦਵਾੜਾ’ ’ਚ ਸੁਰੱਖਿਆ ਬਲਾਂ ਨੇ ਬੋਧਪੁਰਾ ਜੰਗਲੀ ਇਲਾਕੇ ਦੇ ਕੋਲੋਂ 5 ਕਿੱਲੋ ਅਤੇ 7 ਕਿੱਲੋ ਦੇ 2 ਆਈ. ਈ. ਡੀ. ਬਰਾਮਦ ਕੀਤੇ। ਫੌਜ ਦੇ ਖੋਜੀ ਕੁੱਤਿਆਂ ਅਤੇ ਬੰਬ ਨਾਕਾਰਾ ਕਰਨ ਵਾਲੇ ਦਸਤੇ ਦੀ ਮਦਦ ਨਾਲ ਉਨ੍ਹਾਂ ਨੂੰ ਲੱਭ ਕੇ ਕੰਟਰੋਲਡ ਧਮਾਕੇ ਰਾਹੀਂ ਨਸ਼ਟ ਕੀਤਾ ਗਿਆ।

* 19 ਜੁਲਾਈ ਨੂੰ ‘ਬਾਂਦੀਪੋਰਾ’ (ਜੰਮੂ-ਕਸ਼ਮੀਰ) ’ਚ ਪੁਲਸ ਅਤੇ 27 ਅਸਮ ਰਾਈਫਲਜ਼ ਦੀ ਇਕ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ‘ਮੰਗਨੀਪੋਰਾ’ ਪਿੰਡ ਦੇ ਬਾਗਾਂ ’ਚੋਂ 4 ਕਿੱਲੋ ਆਈ. ਈ. ਡੀ. ਬਰਾਮਦ ਕੀਤੀ ਗਈ।

* 16 ਅਗਸਤ ਨੂੰ ‘ਅੰਮ੍ਰਿਤਸਰ’ ’ਚ ਪੁਲਸ ਨੇ ਇਕ ਅੱਤਵਾਦੀ ਸਾਜ਼ਿਸ਼ ਨੂੰ ਅਸਫਲ ਕਰਦਿਆਂ ਪੁਲਸ ਚੌਕੀ ‘ਗੱਗੋਮਹਲ’ ਦੇ ਨੇੜਿਓਂ 690 ਗ੍ਰਾਮ ਵਜ਼ਨੀ ਆਈ. ਈ. ਡੀ. ਦੇ ਇਲਾਵਾ ਇਲੈਕਟ੍ਰਾਨਿਕ ਡੈਟੋਨੇਟਰ, ਟਾਈਮਰ ਅਤੇ ਬੈਟਰੀ ਵੀ ਜ਼ਬਤ ਕੀਤੀ, ਜਿਸ ਨੂੰ ਪਾਕਿਸਤਾਨ ਦੀ ਗੁਪਤ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਪਲਾਂਟ ਕੀਤਾ ਜਾਣਾ ਸੀ।

* 23-24 ਅਗਸਤ ਨੂੰ ‘ਚੰਡੀਗੜ੍ਹ’ ’ਚ ਸੁਰੱਖਿਆ ਬਲਾਂ ਨੇ ਸੈਕਟਰ 43 ਸਥਿਤ ਇੰਟਰ-ਸਟੇਟ ਬੱਸ ਟਰਮੀਨਸ ਦੇ ਪਿੱਛੇ ਇਕ ਜੰਗਲੀ ਇਲਾਕੇ ਤੋਂ ਪਾਕਿਸਤਾਨ ਸਮਰਥਿਤ ‘ਬੱਬਰ ਖਾਲਸਾ ਇੰਟਰਨੈਸ਼ਨਲ’ ਨਾਲ ਜੁੜੇ ਪੰਜਾਬ ਦੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਟਿਫਨ ਬਾਕਸ ’ਚ ਲੁਕਾਈਆਂ ਗਈਆਂ 5 ਕਿਲੋ ਜੈਲੇਟਿਨ ਸਟਿੱਕਾਂ, 1 ਡੈਟੋਨੇਟਰ, ਰਿਮੋਟ ਆਪਰੇਟਿੰਗ ਸਿਸਟਮ ਅਤੇ ਹਥਿਆਰ ਜ਼ਬਤ ਕੀਤੇ।

* 25-26 ਅਗਸਤ ਦੇ ਦੌਰਾਨ ਸੁਰੱਖਿਆ ਬਲਾਂ ਨੇ ‘ਮਣੀਪੁਰ’ ’ਚ ਵੱਖ-ਵੱਖ ਥਾਵਾਂ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਭਾਰੀ ਮਾਤਰਾ ’ਚ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ।

* 21 ਸਤੰਬਰ ਨੂੰ ਮਣੀਪੁਰ ਦੇ ‘ਇੰਫਾਲ ਵੈਸਟ’, ‘ਚੁਰਾਚਾਂਦਪੁਰ’, ‘ਕਾਂਗਪੋਕਪੀ’ ਅਤੇ ‘ਜਿਰੀਬਾਮ’ ਸਮੇਤ ਵੱਖ-ਵੱਖ ਜ਼ਿਲਿਆਂ ’ਚ ਚਲਾਈਆਂ ਗਈਆਂ ਸਾਂਝੀਆਂ ਮੁਹਿੰਮਾਂ ’ਚ ਵੱਡੀ ਮਾਤਰਾ ’ਚ ਆਈ. ਈ. ਡੀ., ਹਥਿਆਰ ਅਤੇ ਜੰਗੀ ਸਮੱਗਰੀ ਜ਼ਬਤ ਕੀਤੀ ਗਈ।

* 22 ਸਤੰਬਰ ਨੂੰ ‘ਅੰਮ੍ਰਿਤਸਰ’ (ਪੰਜਾਬ) ’ਚ ਪੁਲਸ ਨੇ ਨਾਜ਼ਾਇਜ਼ ਹਥਿਆਰਾਂ ਦੀ ਸਮੱਗਲਿੰਗ ਨਾਲ ਜੁੜੇ 6 ਨੈੱਟਵਰਕਾਂ ਦਾ ਪਰਦਾਫਾਸ਼ ਕਰ ਕੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਪਾਕਿਸਤਾਨ ਤੋਂ ਭੇਜੇ ਗਏ 13 ਨਾਜਾਇਜ਼ ਪਿਸਤੌਲ ਅਤੇ 23 ਜ਼ਿੰਦਾ ਕਾਰਤੂਸ ਬਰਾਮਦ ਕੀਤੇ।

* 23 ਸਤੰਬਰ ਨੂੰ ‘ਤਰਨ ਤਾਰਨ’ (ਪੰਜਾਬ) ’ਚ ਸੁਰੱਖਿਆ ਬਲਾਂ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੇ ਗਏ 6 ਪਿਸਤੌਲ, 12 ਮੈਗਜ਼ੀਨ ਅਤੇ 1 ਡਰੋਨ ਬਰਾਮਦ ਕੀਤਾ।

* 24 ਸਤੰਬਰ ਨੂੰ ‘ਸੇਈਜੰਗ ਚਿਰਾਓ ਚਿੰਗ’ (ਮਣੀਪੁਰ) ਦੇ ਤਲਹਟੀ ਇਲਾਕੇ ’ਚ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੂੰ ‘ਐਮੁਲਡਾਈਨ’ (Emuldyne) ਨਾਂ ਦੇ 6 ਬੰਬ, 2 ਡੈਟੋਨੇਟਰ, ਧਮਾਕਾਖੇਜ਼ ਪ੍ਰਾਈਮਰਸ ਅਤੇ ਹੈਂਡ ਗ੍ਰੇਨੇਡ ਮਿਲੇ।

* 30 ਸਤੰਬਰ ਨੂੰ ‘ਅੰਮ੍ਰਿਤਸਰ’ (ਪੰਜਾਬ) ’ਚ ਪੁਲਸ ਨੇ ਨਾਜ਼ਾਇਜ਼ ਹਥਿਆਰਾਂ ਅਤੇ ਨਸ਼ੇ ਦੀ ਸਪਲਾਈ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਏ.ਕੇ. 47 ਅਤੇ 2 ਏ. ਕੇ. 56 ਰਾਈਫਲਾਂ ਤੋਂ ਇਲਾਵਾ 4 ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ।

* 30 ਸਤੰਬਰ ਨੂੰ ਹੀ ‘ਬਿਸ਼ਨੂਪੁਰ’ (ਮਣੀਪੁਰ) ਦੇ ‘ਖੋਰਦਕ ਪੱਟਨ’ ਇਲਾਕੇ ਅਤੇ ‘ਚੰਦੇਲ ਜ਼ਿਲੇ’ ’ਚ ਸੁਰੱਖਿਆ ਬਲਾਂ ਨੇ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰ ਕੇ ਇਕ ਸਬ-ਮਸ਼ੀਨਗੰਨ, 4 ਹੈਂਡ ਗ੍ਰੇਨੇਡ ਅਤੇ ਕਈ ਹੋਰ ਧਮਾਕਾਖੇਜ਼ ਯੰਤਰ ਬਰਾਮਦ ਕੀਤੇ।

* 1 ਅਕਤੂਬਰ ਨੂੰ ‘ਗੁਰਦਾਸਪੁਰ’ (ਪੰਜਾਬ) ਪੁਲਸ ਨੇ ਇਕ ਅੰਤਰਰਾਸ਼ਟਰੀ ਹਥਿਆਰ ਸਮੱਗਲਿੰਗ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ ਇਸ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 7 ਆਧੁਨਿਕ ਪਿਸਤੌਲ ਅਤੇ ਇਨ੍ਹਾਂ ਦੇ 8 ਮੈਗਜ਼ੀਨ ਬਰਾਮਦ ਕੀਤੇ।

* ਅਤੇ ਹੁਣ 4 ਅਕਤੂਬਰ ਨੂੰ ਅੰਮ੍ਰਿਤਸਰ ਪੁਲਸ ਨੇ ‘ਸਰਾਏ ਅਮਾਨਤ ਖਾਂ’ ਦੇ ‘ਨਵਜੋਤ ਸਿੰਘ’ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਏ. ਕੇ. 47 ਰਾਈਫਲ, ਮੈਗਜ਼ੀਨ, ਕਾਰਤੂਸ ਅਤੇ 2 ਹੈਂਡ ਗ੍ਰੇਨੇਡ ਬਰਾਮਦ ਕੀਤੇ। ਸ਼ੁਰੂਆਤੀ ਜਾਂਚ ਦੇ ਅਨੁਸਾਰ ਇਹ ਹਥਿਆਰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਵਲੋਂ ਭੇਜੇ ਗਏ ਸਨ।

ਕਿਉਂਕਿ ਸਮਾਜ ਵਿਰੋਧੀ ਅਨਸਰਾਂ ਨੇ ਇਨ੍ਹਾਂ ਵਸਤਾਂ ਦੀ ਦੁਰਵਰਤੋਂ ਆਪਣੇ ਹੀ ਦੇਸ਼ ਵਾਸੀਆਂ ਦਾ ਖ਼ੂਨ ਵਹਾਉਣ ਲਈ ਕਰਨੀ ਸੀ, ਇਸ ਲਈ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਇਲਾਵਾ ਤਬਾਹੀ ਦੇ ਸਾਮਾਨ ਨਾਲ ਫੜੇ ਜਾਣ ਵਾਲੇ ਦੇਸ਼ਧ੍ਰੋਹੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।

–ਵਿਜੇ ਕੁਮਾਰ


author

Sandeep Kumar

Content Editor

Related News