ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ’ਚ ਹੋਈ ਦੁਰਘਟਨਾ ਦਾ ਵਿਸ਼ਲੇਸ਼ਣ

Monday, Oct 05, 2026 - 05:40 PM (IST)

ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ’ਚ ਹੋਈ ਦੁਰਘਟਨਾ ਦਾ ਵਿਸ਼ਲੇਸ਼ਣ

ਵ੍ਰਿੰਦਾਵਨ ਦੇ ਵਿਸ਼ਵ-ਪ੍ਰਸਿੱਧ ਸੰਤ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ’ਚ ਹੋਈ ਦੁਰਘਟਨਾ ਮੰਦਭਾਗੀ ਹੈ। ਇਕ ਨੌਜਵਾਨ ਭਗਤ ਦੀ ਅਜਿਹੀ ਭੇਤਭਰੀ ਮੌਤ ਸਮਾਜ ਅਤੇ ਪੁਲਸ ਲਈ ਇਕ ਚੁਣੌਤੀਪੂਰਨ ਘਟਨਾ ਹੈ, ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਤੋਂ ਜ਼ਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਕੁਝ ਸਨਾਤਨ ਧਰਮ ਵਿਰੋਧੀ ਲੋਕ ਇਸ ਦੁਰਘਟਨਾ ਲਈ ਪ੍ਰੇਮਾਨੰਦ ਮਹਾਰਾਜ ਨੂੰ ਜ਼ਿੰਮੇਵਾਰ ਠਹਿਰਾਅ ਕੇ ਉਨ੍ਹਾਂ ’ਤੇ ਚਿੱਕੜ ਉਛਾਲ ਰਹੇ ਹਨ। ਪ੍ਰੇਮਾਨੰਦ ਮਹਾਰਾਜ ਇਕ ਲੰਬੇ ਅਰਸੇ ਤੋਂ ਵ੍ਰਿੰਦਾਵਨ ’ਚ ਰਹਿ ਕੇ ਤਪੱਸਵੀ ਦਾ ਜੀਵਨ ਜੀਅ ਰਹੇ ਸਨ। ਉਹ ਭਿਆਨਕ ਗਰਮੀ ਦੇ ਦਿਨਾਂ ’ਚ ਵੀ ਘੰਟਿਆਂ ਯਮੁਨਾ ਜੀ ਦੀ ਤਪਦੀ ਰੇਤ ’ਚ ਪਏ ਰਹਿ ਕੇ ਭਜਨ ਕਰਦੇ ਸਨ।

ਅਕਸਰ ਉਹ ਵ੍ਰਿੰਦਾਵਨ ਦੀਆਂ ਕੰਡਿਆਲੀਆਂ ਝਾੜੀਆਂ ਦੇ ਵਿਚਾਲੇ ਬੈਠ ਕੇ ਵੀ ਭਜਨ ਕਰਦੇ ਸਨ। ਉਨ੍ਹਾਂ ਨੇ ਵਰ੍ਹਿਆਂ ਤੱਕ ਨਾ ਚੰਗਾ ਖਾਧਾ, ਨਾ ਚੰਗਾ ਪਹਿਨਿਆ। ਅਸੀਂ ਵ੍ਰਿੰਦਾਵਨਵਾਸੀ ਜਾਣਦੇ ਹਾਂ ਕਿ ਉਹ ਵ੍ਰਿੰਦਾਵਨ ਦੀਆਂ ਗਲੀਆਂ ’ਚ ਭਿੱਖਿਆ ਮੰਗ ਕੇ ਰੋਟੀ ਖਾਂਦੇ ਸਨ। 7-8 ਸਾਲ ਪਹਿਲਾਂ ਤੱਕ ਉਨ੍ਹਾਂ ਦਾ ਨਾਂ ਵੀ ਕੋਈ ਨਹੀਂ ਜਾਣਦਾ ਸੀ। ਉਨ੍ਹਾਂ ਦੀ ਤਪੱਸਿਆ ਦੀ ਪ੍ਰਸ਼ੰਸਾ ਹਰ ਬ੍ਰਜਵਾਸੀ ਅੱਜ ਤੱਕ ਕਰਦਾ ਆਇਆ ਹੈ। ਉਹ ਵੀ ਬ੍ਰਜਵਾਸੀਆਂ ਦੇ ਪ੍ਰਤੀ ਭਾਰੀ ਸ਼ਰਧਾ ਦਾ ਭਾਵ ਰੱਖਦੇ ਹਨ।

ਹੁਣ ਤੋਂ ਕੁਝ ਸਾਲ ਪਹਿਲਾਂ ਤੱਕ ਯਮੁਨਾ ਕਿਨਾਰੇ ਇਕ ਬਗੀਚੀ ’ਚ, ਆਪਣੇ ਕੁਝ ਚੇਲਿਆਂ ਦੇ ਵਿਚਾਲੇ ਉਹ ਪ੍ਰਵਚਨ ਕਰਦੇ ਸਨ। ਹੌਲੀ-ਹੌਲੀ ਉਨ੍ਹਾਂ ਦੇ ਪ੍ਰਵਚਨ ਦੀ ਲੋਕਪ੍ਰਿਯਤਾ ਵਧਣ ਲੱਗੀ ਅਤੇ ਦੇਖਦਿਆਂ-ਦੇਖਦਿਆਂ ਲਗਭਗ 1,000 ਭਗਤ ਹਰ ਸਵੇਰ ਉਨ੍ਹਾਂ ਦਾ ਪ੍ਰਵਚਨ ਸੁਣਨ ਆਉਣ ਲੱਗੇ। ਉਸ ਦੌਰ ’ਚ ਮੈਂ ਵੀ ਅਕਸਰ ਉਨ੍ਹਾਂ ਦਾ ਪ੍ਰਵਚਨ ਸੁਣਨ ਉਸ ਬਗੀਚੀ ’ਚ ਜਾਂਦਾ ਸੀ। ਹੌਲੀ-ਹੌਲੀ ਇਸ ਭੀੜ ’ਚ ਅਜਿਹੇ ਨੌਜਵਾਨਾਂ ਦੀ ਗਿਣਤੀ ਵਧਣ ਲੱਗੀ ਜੋ ਆਈ.ਆਈ.ਟੀ.-ਆਈ.ਆਈ.ਐੱਮ. ਵਰਗੇ ਵੱਕਾਰੀ ਸੰਸਥਾਨਾਂ ਤੋਂ ਪੜ੍ਹ ਕੇ ਦੇਸ਼-ਵਿਦੇਸ਼ ’ਚ ਆਪਣੀ ਲੱਖਾਂ ਦੀ ਨੌਕਰੀ ਛੱਡ ਕੇ ਆ ਗਏ ਅਤੇ ਪ੍ਰੇਮਾਨੰਦ ਮਹਾਰਾਜ ਦੇ ਚੇਲੇ ਬਣ ਕੇ ਪੀਲੀ ਚਾਦਰ ਓੜ ਲਈ।

ਇਨ੍ਹਾਂ ਚੇਲਿਆਂ ’ਚ ਕੁਝ ਅਜਿਹੇ ਚੇਲੇ ਵੀ ਸਨ, ਜਿਨ੍ਹਾਂ ਨੇ ਮਹਾਰਾਜ ਦੇ ਪ੍ਰਤੀ ਆਪਣੇ ਡੂੰਘੇ ਪਿਆਰ ਨੂੰ ਪ੍ਰਦਰਸ਼ਤ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਅਤੇ ਪੂਰੀ ਦੁਨੀਆ ’ਚ ਉਨ੍ਹਾਂ ਨੂੰ ਇੰਨਾ ਪ੍ਰਚਾਰਿਤ ਕਰ ਦਿੱਤਾ ਕਿ ਵਿਰਾਟ ਕੋਹਲੀ ਤੋਂ ਲੈ ਕੇ ਤਮਾਮ ਜਾਣੀਆਂ-ਪਛਾਣੀਆਂ ਹਸਤੀਆਂ ਉਨ੍ਹਾਂ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ। ਮਹਾਰਾਜ ਦੀ ਮਾਰਕੀਟਿੰਗ ਇਸ ਕਦਰ ਕੀਤੀ ਗਈ ਕਿ ਉਨ੍ਹਾਂ ਦੇ ਦਰਸ਼ਨਾਂ ਲਈ ਅੱਧੀ ਰਾਤ ਤੋਂ ਹਜ਼ਾਰਾਂ ਦੀ ਭੀੜ ਜਮ੍ਹਾ ਹੋਣ ਲੱਗੀ। ਇਸ ਭੀੜ ਕਾਰਨ ਵ੍ਰਿੰਦਾਵਨ ਦੀ ਆਵਾਜਾਈ ਵਿਵਸਥਾ ਵੀ ਪ੍ਰਭਾਵਿਤ ਹੋਈ। ਮਹਾਰਾਜ ਜਦੋਂ ਰਾਤ ’ਚ ਸੜਕ ’ਤੇ ਪੈਦਲ ਨਿਕਲਦੇ ਤਾਂ ਹਜ਼ਾਰਾਂ ਲੋਕ ਉਨ੍ਹਾਂ ਦੇ ਦਰਸ਼ਨਾਂ ਨੂੰ ਖੜ੍ਹੇ ਰਹਿੰਦੇ।

ਫਿਰ ਤਾਂ ਉੱਥੇ ਪੈਸੇ ਦੀ ਵਰਖਾ ਹੋਣ ਲੱਗੀ। ਹੁਣ ਜਾਇਦਾਦਾਂ ਖਰੀਦਣ ਅਤੇ ਵੱਡੇ-ਵੱਡੇ ਆਸ਼ਰਮ ਬਣਾਉਣ ਦੀ ਦੌੜ ਲੱਗ ਗਈ। ਯਮੁਨਾ ਦੀ ਖਾਦਰ ’ਚ ਗੈਰ-ਕਾਨੂੰਨੀ ਰੂਪ ਨਾਲ ਕਾਲੋਨੀ ਬਣਾਉਣ ਦੇ ਦੋਸ਼ ਵੀ ਇਨ੍ਹਾਂ ਚੇਲਿਆਂ ’ਤੇ ਲੱਗੇ। ਮਹਾਰਾਜ ਦੇ ਦਰਸ਼ਨਾਂ ਲਈ ਐਡਵਾਂਸ ਟੋਕਨ ਮਿਲਣ ਲੱਗੇ ਅਤੇ ਭਾਰੀ ਤਾਮ-ਝਾਮ ਦਾ ਇਕ ਯੋਜਨਾਬੱਧ ਆਡੰਬਰ ਰਚ ਦਿੱਤਾ ਗਿਆ।

ਇੰਨਾ ਹੀ ਨਹੀਂ, ਪ੍ਰੇਮਾਨੰਦ ਮਹਾਰਾਜ ਦੇ ਕੁਝ ਸਾਲ ਪਹਿਲਾਂ ਹੀ ਬਣੇ ਚੇਲੇ ਵੀ ਹੁਣ ਸੋਸ਼ਲ ਮੀਡੀਆ ’ਤੇ ਆਪਣੀ ਮਾਰਕੀਟਿੰਗ ਕਰਵਾਉਣ ਲੱਗੇ। ਕਿਸੇ ਨੂੰ ਸ਼ਿਵ ਦਾ ਸਰੂਪ ਦੱਸਿਆ ਜਾਣ ਲੱਗਾ ਤਾਂ ਕਿਸੇ ਨੂੰ ਬ੍ਰਹਮ ਰਿਸ਼ੀ। ਸੈਂਕੜੇ ਸਾਲਾਂ ਤੋਂ ਬ੍ਰਜ ਦੇ ਸੰਤ ਘਰ-ਘਰ ਰੋਟੀ ਮੰਗ ਕੇ ਪ੍ਰਸਾਦ ਪਾਉਂਦੇ ਸਨ। ਇਸ ਨੂੰ ਮਾਧੁਕਰੀ ਕਹਿੰਦੇ ਹਨ। ਬ੍ਰਜ ’ਚ ਇਹ ਸੰਤਾਂ ਦਾ ਆਮ ਸ਼ਿਸ਼ਟਾਚਾਰ ਹੈ। ਪਰ ਕਿਸੇ ਨੇ ਵੀ ਕਦੇ ਇਸ ਨੂੰ ਪ੍ਰਚਾਰਿਤ ਕਰਕੇ ਸੈਲੀਬ੍ਰਿਟੀ ਬਣਨ ਦੀ ਕੋਸ਼ਿਸ਼ ਨਹੀਂ ਕੀਤੀ। ਪ੍ਰੇਮਾਨੰਦ ਮਹਾਰਾਜ ਦੇ ਚੇਲਿਆਂ ਦਾ ਮਾਧੁਕਰੀ ਮੰਗਣਾ ਵੀ ਸੋਸ਼ਲ ਮੀਡੀਆ ਦਾ ਗਲੈਮਰ ਬਣ ਗਿਆ। ਪਿਛਲੇ ਕੁਝ ਸਾਲਾਂ ’ਚ ਪ੍ਰੇਮਾਨੰਦ ਮਹਾਰਾਜ ਦੀ ਲੋਕਪ੍ਰਿਯਤਾ ਨੂੰ ਵਧਾਉਣ ਅਤੇ ਉਨ੍ਹਾਂ ਦੀ ਮਾਰਕੀਟਿੰਗ ਕਰਨ ਦੇ ਜਿੰਨੇ ਯਤਨ ਹੋਏ, ਉਹੋ ਜਿਹਾ ਬ੍ਰਜ ’ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਇਹ ਬ੍ਰਜ ਦੀ ਭਗਤੀ ਪਰੰਪਰਾ ਦੇ ਅਨੁਕੂਲ ਨਹੀਂ ਸੀ। ਪਰਿਣਾਮ ਸਵਰੂਪ ਕੇਲਿ ਕੁੰਜ ਦੀਆਂ ਆਲੋਚਨਾਵਾਂ ਵੀ ਹੋਣ ਲੱਗੀਆਂ। ਇਸ ਸਭ ਦੇ ਵਿਚਾਲੇ ਮਹਾਰਾਜ ਦੇ ਚੇਲਿਆਂ ’ਚ ਸੱਤਾ ਅਤੇ ਜਾਇਦਾਦ ਨੂੰ ਲੈ ਕੇ ਗੁੱਟਬਾਜ਼ੀ ਅਤੇ ਝਗੜੇ ਸ਼ੁਰੂ ਹੋ ਗਏ।

ਇਸ ਸਭ ਤੋਂ ਦੁਖੀ ਹੋ ਕੇ ਪ੍ਰੇਮਾਨੰਦ ਮਹਾਰਾਜ ਵ੍ਰਿੰਦਾਵਨ ਦੇ ਆਪਣੇ ਨਵੇਂ ਬਣੇ ਭਵਿੱਖੀ ਆਸ਼ਰਮਾਂ ਨੂੰ ਛੱਡ ਕੇ ਯਮੁਨਾ ਦੇ ਉਸ ਪਾਰ ਬੇਲ ਵਣ ’ਚ ਚਲੇ ਗਏ। ਉੱਥੇ ਜੋ ਬ੍ਰਜਵਾਸੀ ਪਿੰਡ ਵਾਲੇ ਰਹਿੰਦੇ ਹਨ, ਉਹ ਪ੍ਰੇਸ਼ਾਨ ਹਨ ਕਿਉਂਕਿ ਰਾਤ ਭਰ ਮਹਾਰਾਜ ਦੇ ਦਰਸ਼ਨਾਂ ਲਈ ਆਉਂਦੇ ਹਨ। ਬ੍ਰਜਵਾਸੀ ਬੱਚੇ ਘਰੋਂ ਨਿਕਲ ਜਾਣ ਤਾਂ ਭੀੜ ’ਚ ਗੁਆਚ ਜਾਂਦੇ ਹਨ। ਸਾਰੇ ਰਸਤੇ ਜਾਮ ਹੋ ਜਾਂਦੇ ਹਨ। ਹੁਣ ਉੱਥੇ ਵੀ ਚੇਲਿਆਂ ਦੁਆਰਾ ਕਾਲੋਨੀਆਂ ਬਣਾਉਣ ਦੀ ਖੇਡ ਚਾਲੂ ਹੋ ਗਈ ਹੈ। ਪ੍ਰੇਮਾਨੰਦ ਜੀ ਮਹਾਰਾਜ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ ਸਾਡੇ ਵਰਗੇ ਲੱਖਾਂ ਭਗਤ ਹਨ। ਉਨ੍ਹਾਂ ਦੇ ਚੇਲੇ ਰਸਿਕ ਦੁਲਾਰੀ ਸ਼ਰਨ ਦੀ ਮੌਤ ਨਾਲ ਉਸ ਸ਼ਰਧਾ ’ਚ ਕੋਈ ਕਮੀ ਨਹੀਂ ਆਈ ਹੈ ਪਰ ਇੰਨਾ ਜ਼ਰੂਰ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਪ੍ਰੇਮਾਨੰਦ ਮਹਾਰਾਜ ਚੇਲਿਆਂ ਵਲੋਂ ਬਣਾਏ ਇਸ ਆਡੰਬਰ ਦੇ ਜਾਲ ’ਚੋਂ ਨਿਕਲ ਕੇ ਆਪਣੇ ਮੂਲ ਸਰੂਪ ’ਚ ਪਰਤ ਆਉਣ।

ਜਿੱਥੇ ਤੱਕ ਰਸਿਕ ਦੁਲਾਰੀ ਸ਼ਰਨ ਦੀ ਮੌਤ ਦਾ ਸਵਾਲ ਹੈ, ਤਾਂ ਸੱਚਾਈ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ, ਪਰ ਇੰਨਾ ਜ਼ਰੂਰ ਹੈ ਕਿ ਨੌਜਵਾਨ ਸਾਧਕਾਂ ’ਚ ਅਜਿਹੀ ਦੁਰਘਟਨਾ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਸਾਧਨਾ ਦੀ ਮੁੱਢਲੀ ਅਵਸਥਾ ’ਚ ਆਪਣੀਆਂ ਇੰਦਰੀਆਂ ’ਤੇ ਕੰਟਰੋਲ ਨਾ ਰੱਖ ਪਾਉਣ ਕਾਰਨ ਕਈ ਨੌਜਵਾਨ ਸਾਧਕ ਆਪਣੇ ਲਿੰਗ ਨੂੰ ਹਾਨੀ ਪਹੁੰਚਾ ਲੈਂਦੇ ਹਨ। ਇਹ ਉਨ੍ਹਾਂ ਦੀ ਨਾਸਮਝੀ ਜਾਂ ਉਤਸ਼ਾਹ ਦੇ ਜਨੂੰਨ ’ਚ ਚੁੱਕਿਆ ਗਿਆ ਇਕ ਮੂਰਖਤਾਪੂਰਨ ਕਦਮ ਹੁੰਦਾ ਹੈ। ਇੰਦਰੀਆਂ ’ਤੇ ਕੰਟਰੋਲ, ਮਨ ’ਤੇ ਕੰਟਰੋਲ ਹੋਣ ਤੋਂ ਬਾਅਦ ਹੁੰਦਾ ਹੈ। ਜੇਕਰ ਮਨ ਅਸਲ ’ਚ ਭਗਵਤ ਭਗਤੀ ’ਚ ਰਮ ਜਾਏ ਤਾਂ ਸਾਡੀਆਂ ਸਾਰੀਆਂ ਇੰਦਰੀਆਂ ਖੁਦ ਹੀ ਸ਼ਾਂਤ ਹੋ ਜਾਂਦੀਆਂ ਹਨ। ਇਸ ਤਰ੍ਹਾਂ ਦੇ ਜ਼ਬਰਦਸਤੀ ਕੀਤੇ ਗਏ ਯਤਨਾਂ ਨਾਲ ਇੰਦਰੀਆਂ ’ਤੇ ਕੰਟਰੋਲ ਨਹੀਂ ਹੁੰਦਾ, ਇਹ ਹਰ ਸਾਧਕ ਨੂੰ ਜਾਣਨਾ ਚਾਹੀਦਾ ਹੈ। ਇਸ ਘਟਨਾ ਦਾ ਜੋ ਵੀ ਨਤੀਜਾ ਹੋਵੇ, ਇਸ ਨਾਲ ਪ੍ਰੇਮਾਨੰਦ ਮਹਾਰਾਜ ਦੀ ਵੱਕਾਰ ’ਚ ਕੋਈ ਆਂਚ ਨਹੀਂ ਆਵੇਗੀ ਪਰ ਉਨ੍ਹਾਂ ਦੇ ਆਲੇ-ਦੁਆਲੇ ਜਮ੍ਹਾ ਚੇਲਿਆਂ ਨੂੰ ਇਸ ਤੋਂ ਸਬਕ ਲੈ ਕੇ ਅਾਪਾ -ਪੜਚੋਲ ਕਰਨੀ ਚਾਹੀਦੀ ਹੈ।

—ਵਿਨੀਤ ਨਾਰਾਇਣ


author

Anmol Tagra

Content Editor

Related News