ਨਿਵੇਸ਼ ਕਿੱਥੇ ਕਰੀਏ, ਸਹੀ ਫ਼ੈਸਲਾ ਕਿਵੇਂ ਲਈਏ?

Sunday, Oct 04, 2026 - 04:49 PM (IST)

ਨਿਵੇਸ਼ ਕਿੱਥੇ ਕਰੀਏ, ਸਹੀ ਫ਼ੈਸਲਾ ਕਿਵੇਂ ਲਈਏ?

ਅੱਜ ਕਮਾਉਣਾ ਜਿੰਨਾ ਜ਼ਰੂਰੀ ਹੈ, ਓਨਾ ਹੀ ਜ਼ਰੂਰੀ ਹੈ ਕਮਾਈ ਨੂੰ ਸਹੀ ਜਗ੍ਹਾ ਲਾਉਣਾ। ਪਰ ਸਮੱਸਿਆ ਇਹ ਹੈ ਕਿ ਨਿਵੇਸ਼ ਦੇ ਬਦਲ ਬਹੁਤ ਹਨ। ਨਿਵੇਸ਼ ਸ਼ੁਰੂ ਕਰਨ ਤੋਂ ਪਹਿਲਾਂ 3 ਚੀਜ਼ਾਂ ਜ਼ਰੂਰੀ ਹਨ—ਸੰਕਟਕਾਲੀਨ ਫੰਡ, ਕਾਫ਼ੀ ਬੀਮਾ ਅਤੇ ਕਰਜ਼ੇ ਦਾ ਕੰਟਰੋਲ। ਘੱਟੋ-ਘੱਟ ਕੁਝ ਮਹੀਨਿਆਂ ਦੇ ਜ਼ਰੂਰੀ ਘਰੇਲੂ ਖਰਚੇ ਦੇ ਬਰਾਬਰ ਰਾਸ਼ੀ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ, ਜਿੱਥੋਂ ਲੋੜ ਪੈਣ ’ਤੇ ਪੈਸਾ ਆਸਾਨੀ ਨਾਲ ਉਪਲਬਧ ਹੋ ਸਕੇ। ਇਸ ਤੋਂ ਬਾਅਦ ਸਿਹਤ ਅਤੇ ਜੀਵਨ ਬੀਮਾ ਵਰਗੀ ਸੁਰੱਖਿਆ ਵਿਵਸਥਾ ’ਤੇ ਧਿਆਨ ਦੇਣਾ ਚਾਹੀਦਾ ਹੈ। ਜੇਕਰ ਵਿਅਕਤੀ ਦੇ ਉੱਪਰ ਬਹੁਤ ਮਹਿੰਗਾ ਕਰਜ਼ਾ ਹੈ, ਤਾਂ ਕਈ ਵਾਰ ਨਿਵੇਸ਼ ਤੋਂ ਪਹਿਲਾਂ ਉਸ ਕਰਜ਼ੇ ਨੂੰ ਘਟਾਉਣਾ ਜ਼ਿਆਦਾ ਸਮਝਦਾਰੀ ਹੁੰਦੀ ਹੈ। ਨਿਵੇਸ਼ ਦੀ ਸ਼ੁਰੂਆਤ ਬਚੀ ਹੋਈ ਰਕਮ ਤੋਂ ਨਹੀਂ, ਸਗੋਂ ਨਿਯਮਤ ਬੱਚਤ ਦੀ ਆਦਤ ਤੋਂ ਹੋਣੀ ਚਾਹੀਦੀ ਹੈ।

ਸ਼ੇਅਰ ਬਾਜ਼ਾਰ ਨੇ ਲੰਬੇ ਸਮੇਂ ’ਚ ਜਾਇਦਾਦ ਬਣਾਉਣ ਦਾ ਮੌਕਾ ਦਿੱਤਾ ਹੈ ਪਰ ਇਸ ’ਚ ਉਤਰਾਅ-ਚੜ੍ਹਾਅ ਵੀ ਹੁੰਦਾ ਹੈ। ਕਿਸੇ ਕੰਪਨੀ ਦਾ ਸ਼ੇਅਰ ਖਰੀਦਣ ਦਾ ਮਤਲਬ ਉਸ ਕੰਪਨੀ ’ਚ ਹਿੱਸੇਦਾਰੀ ਲੈਣਾ ਹੈ। ਇਸ ਲਈ ਸਿਰਫ ਕਿਸੇ ਦੋਸਤ ਦੀ ਸਲਾਹ, ਸੋਸ਼ਲ ਮੀਡੀਆ ਪੋਸਟ ਜਾਂ ਟੀ.ਵੀ. ਦੀ ਖ਼ਬਰ ਦੇਖ ਕੇ ਸ਼ੇਅਰ ਖਰੀਦਣਾ ਉਚਿਤ ਨਹੀਂ। ਨਵੇਂ ਨਿਵੇਸ਼ਕਾਂ ਲਈ ਸਿੱਧੇ ਸ਼ੇਅਰ ਚੁਣਨ ਦੀ ਬਜਾਏ ਮਿਊਚੁਅਲ ਫੰਡ ਦੇ ਮਾਧਿਅਮ ਨਾਲ ਵਿਭਿੰਨੀਕਰਨ ਕਰਨਾ ਇਕ ਬਦਲ ਹੋ ਸਕਦਾ ਹੈ। ਨਿਯਮਤ ਨਿਵੇਸ਼ ਲਈ ਐੱਸ.ਆਈ.ਪੀ. ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਪਰ ਇੱਥੇ ਵੀ ਇਹ ਸਮਝਣਾ ਜ਼ਰੂਰੀ ਹੈ ਕਿ ਮਿਊਚੁਅਲ ਫੰਡ ’ਚ ਬਾਜ਼ਾਰ ਦਾ ਜੋਖਮ ਖ਼ਤਮ ਨਹੀਂ ਹੁੰਦਾ। ਸ਼ੇਅਰ ਬਾਜ਼ਾਰ ’ਚ ਸਭ ਤੋਂ ਵੱਡੀ ਗ਼ਲਤੀ ਅਕਸਰ ਗ਼ਲਤ ਸ਼ੇਅਰ ਚੁਣਨਾ ਨਹੀਂ, ਸਗੋਂ ਬਿਨਾਂ ਯੋਜਨਾ ਦੇ ਖਰੀਦਣਾ ਅਤੇ ਡਰ ਕੇ ਗ਼ਲਤ ਸਮੇਂ ’ਤੇ ਵੇਚ ਦੇਣਾ ਹੁੰਦੀ ਹੈ।

ਭਾਰਤ ’ਚ ਪ੍ਰਾਪਰਟੀ ਨੂੰ ਨਿਵੇਸ਼ ਦਾ ਸਭ ਤੋਂ ਭਰੋਸੇਮੰਦ ਮਾਧਿਅਮ ਮੰਨਣ ਦੀ ਪਰੰਪਰਾ ਰਹੀ ਹੈ। ਜ਼ਮੀਨ ਜਾਂ ਮਕਾਨ ਦਾ ਆਪਣਾ ਇਸਤੇਮਾਲ ਵੀ ਹੈ ਅਤੇ ਕਿਰਾਏ ਤੋਂ ਆਮਦਨ ਦੀ ਸੰਭਾਵਨਾ ਵੀ। ਪਰ ਪ੍ਰਾਪਰਟੀ ’ਚ ਇਕ ਵੱਡੀ ਸਮੱਸਿਆ ਹੈ—ਇਸ ’ਚ ਵੱਡੀ ਪੂੰਜੀ ਫਸ ਜਾਂਦੀ ਹੈ। ਇਸ ਨੂੰ ਤੁਰੰਤ ਵੇਚ ਕੇ ਪੈਸਾ ਕੱਢਣਾ ਹਮੇਸ਼ਾ ਆਸਾਨ ਨਹੀਂ ਹੁੰਦਾ। ਇਸ ਤੋਂ ਇਲਾਵਾ ਸਟੈਂਪ ਡਿਊਟੀ, ਰਜਿਸਟ੍ਰੇਸ਼ਨ, ਮੇਂਟੀਨੈਂਸ, ਟੈਕਸ, ਵਿਆਜ ਅਤੇ ਹੋਰ ਖਰਚੇ ਵੀ ਅਸਲ ਲਾਗਤ ਦਾ ਹਿੱਸਾ ਹਨ। ਇਸ ਲਈ ਸਿਰਫ ਇਹ ਦੇਖ ਕੇ ਪ੍ਰਾਪਰਟੀ ਨਾ ਖਰੀਦੋ ਕਿ ‘ਇਲਾਕਾ ਅੱਗੇ ਬਹੁਤ ਵਧਣ ਵਾਲਾ ਹੈ।’ ਖਰੀਦਣ ਤੋਂ ਪਹਿਲਾਂ ਕਾਨੂੰਨੀ ਦਸਤਾਵੇਜ਼, ਟਾਈਟਲ, ਅਪਰੂਵਲ, ਲੋਕੇਸ਼ਨ, ਕਿਰਾਏ ਦੀ ਸੰਭਾਵਿਤ ਆਮਦਨ ਅਤੇ ਕੁੱਲ ਲਾਗਤ ਦੀ ਜਾਂਚ ਜ਼ਰੂਰੀ ਹੈ।

ਭਾਰਤੀ ਪਰਿਵਾਰਾਂ ’ਚ ਸੋਨੇ ਦਾ ਮਹੱਤਵ ਸਿਰਫ਼ ਨਿਵੇਸ਼ ਤੱਕ ਸੀਮਤ ਨਹੀਂ ਹੈ। ਇਹ ਸਮਾਜਿਕ ਅਤੇ ਭਾਵਨਾਤਮਕ ਜਾਇਦਾਦ ਵੀ ਹੈ। ਨਿਵੇਸ਼ ਦੇ ਨਜ਼ਰੀਏ ਤੋਂ ਸੋਨੇ ਦਾ ਇਕ ਫ਼ਾਇਦਾ ਇਹ ਹੈ ਕਿ ਇਹ ਪੋਰਟਫੋਲੀਓ ’ਚ ਵਿਭਿੰਨੀਕਰਨ ਲਿਆ ਸਕਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਪੂਰੀ ਬੱਚਤ ਸੋਨੇ ’ਚ ਲਗਾ ਦਿੱਤੀ ਜਾਵੇ। ਗਹਿਣੇ ਖਰੀਦਣ ਸਮੇਂ ਮੇਕਿੰਗ ਚਾਰਜ, ਸ਼ੁੱਧਤਾ ਅਤੇ ਮੁੜ-ਵਿਕਰੀ ਮੁੱਲ ਵਰਗੀਆਂ ਗੱਲਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਨਿਵੇਸ਼ ਦੇ ਉਦੇਸ਼ ਨਾਲ ਭੌਤਿਕ ਸੋਨੇ ਤੋਂ ਇਲਾਵਾ ਗੋਲਡ ਈ.ਟੀ.ਐੱਫ. ਜਾਂ ਹੋਰ ਨਿਯਮਿਤ ਬਦਲ ਵੀ ਦੇਖੇ ਜਾ ਸਕਦੇ ਹਨ। ਸੋਨਾ ਆਮ ਤੌਰ ’ਤੇ ਨਿਯਮਤ ਆਮਦਨ ਦੇਣ ਵਾਲਾ ਸਾਧਨ ਨਹੀਂ ਹੈ, ਇਸ ਲਈ ਇਸ ਨੂੰ ਪੋਰਟਫੋਲੀਓ ਦਾ ਇਕ ਹਿੱਸਾ ਸਮਝਣਾ ਵਧੇਰੇ ਉਚਿਤ ਹੈ, ਪੂਰੀ ਰਣਨੀਤੀ ਨਹੀਂ।

ਪਿਛਲੇ ਕੁਝ ਸਾਲਾਂ ’ਚ ਚਾਂਦੀ ਵੀ ਨਿਵੇਸ਼ਕਾਂ ਦੀ ਚਰਚਾ ’ਚ ਆਈ ਹੈ। ਚਾਂਦੀ ’ਚ ਉਦਯੋਗਿਕ ਉਪਯੋਗ ਵੀ ਕਾਫ਼ੀ ਹੈ, ਇਸ ਲਈ ਇਸ ਦੀ ਕੀਮਤ ’ਤੇ ਸਿਰਫ ਨਿਵੇਸ਼ ਮੰਗ ਹੀ ਨਹੀਂ, ਸਗੋਂ ਉਦਯੋਗਿਕ ਮੰਗ ਅਤੇ ਗਲੋਬਲ ਸਥਿਤੀਆਂ ਦਾ ਵੀ ਪ੍ਰਭਾਵ ਪੈਂਦਾ ਹੈ।

ਉੱਥੇ ਹੀ ਕ੍ਰਿਪਟੋਕਰੰਸੀ ਦੀਆਂ ਕੀਮਤਾਂ ’ਚ ਬਹੁਤ ਤੇਜ਼ ਉਤਰਾਅ-ਚੜ੍ਹਾਅ ਹੋ ਸਕਦਾ ਹੈ। ਇਕ ਛੋਟੀ ਮਿਆਦ ’ਚ ਵੱਡੀ ਤੇਜ਼ੀ ਅਤੇ ਵੱਡੀ ਗਿਰਾਵਟ ਦੋਵੇਂ ਸੰਭਵ ਹਨ। ਸਭ ਤੋਂ ਮਹੱਤਵਪੂਰਨ ਗੱਲ—ਜਿਸ ਪੈਸੇ ਦੀ ਲੋੜ ਘਰ ਚਲਾਉਣ, ਬੱਚਿਆਂ ਦੀ ਪੜ੍ਹਾਈ, ਘਰ ਖਰੀਦਣ ਜਾਂ ਕਿਸੇ ਜ਼ਰੂਰੀ ਟੀਚੇ ਲਈ ਪੈ ਸਕਦੀ ਹੈ, ਉਸ ਨੂੰ ਬਹੁਤ ਜ਼ਿਆਦਾ ਜੋਖਮ ਵਾਲੇ ਨਿਵੇਸ਼ ’ਚ ਨਹੀਂ ਲਗਾਉਣਾ ਚਾਹੀਦਾ। ਕ੍ਰਿਪਟੋ ਨੂੰ ਨਿਵੇਸ਼ ਪੋਰਟਫੋਲੀਓ ਦਾ ਮੁੱਖ ਆਧਾਰ ਬਣਾਉਣ ਦੀ ਬਜਾਏ, ਜੇਕਰ ਕੋਈ ਵਿਅਕਤੀ ਜੋਖਮ ਸਮਝਦੇ ਹੋਏ ਇਸ ’ਚ ਪੈਸਾ ਲਗਾਉਂਦਾ ਹੈ ਤਾਂ ਉਸ ਨੂੰ ਇਸ ਨੂੰ ਉੱਚ ਜੋਖਮ ਵਾਲੀ ਸੰਪੱਤੀ ਵਜੋਂ ਦੇਖਣਾ ਚਾਹੀਦਾ ਹੈ।

ਬੈਂਕ ਐੱਫ.ਡੀ., ਪੀ.ਪੀ.ਐੱਫ. ਅਤੇ ਕੁਝ ਪ੍ਰਕਾਰ ਦੇ ਬਾਂਡ ਅਜਿਹੇ ਸਾਧਨ ਹਨ, ਜਿਨ੍ਹਾਂ ਨੂੰ ਨਿਵੇਸ਼ਕ ਆਪਣੇ ਟੀਚੇ ਅਤੇ ਜੋਖਮ ਸਮਰੱਥਾ ਅਨੁਸਾਰ ਦੇਖ ਸਕਦਾ ਹੈ। ਇਨ੍ਹਾਂ ’ਚ ਰਿਟਰਨ ਸ਼ੇਅਰ ਬਾਜ਼ਾਰ ਜਿਹਾ ਨਹੀਂ ਹੋ ਸਕਦਾ ਪਰ ਪੋਰਟਫੋਲੀਓ ’ਚ ਸਥਿਰਤਾ ਦਾ ਉਦੇਸ਼ ਵੱਖ ਹੁੰਦਾ ਹੈ।

ਅਸਲੀ ਖੇਡ ਹੈ ਐਸੇਟ ਅੈਲੋਕੇਸ਼ਨ। ਮੰਨ ਲਓ ਕਿਸੇ ਵਿਅਕਤੀ ਕੋਲ 50 ਲੱਖ ਰੁਪਏ ਹਨ। ਉਸ ਦਾ ਪੂਰਾ ਪੈਸਾ ਸਿਰਫ ਸ਼ੇਅਰਾਂ ’ਚ, ਸਿਰਫ ਪ੍ਰਾਪਰਟੀ ’ਚ ਜਾਂ ਸਿਰਫ ਸੋਨੇ ’ਚ ਲਗਾ ਦੇਣਾ ਜੋਖਮ ਵਧਾ ਸਕਦਾ ਹੈ। ਇਸੇ ਲਈ ਐਸੇਟ ਅੈਲੋਕੇਸ਼ਨ ਮਹੱਤਵਪੂਰਨ ਹੈ—ਭਾਵ ਵੱਖ-ਵੱਖ ਸੰਪੱਤੀਆਂ ’ਚ ਪੈਸਾ ਕਿਸ ਅਨੁਪਾਤ ’ਚ ਰੱਖਿਆ ਜਾਵੇ। ਕਿਸੇ ਵਿਅਕਤੀ ਦੀ ਉਮਰ, ਆਮਦਨ, ਨੌਕਰੀ ਜਾਂ ਕਾਰੋਬਾਰ ਦੀ ਸਥਿਰਤਾ, ਪਰਿਵਾਰਕ ਜ਼ਿੰਮੇਵਾਰੀਆਂ, ਕਰਜ਼ਾ, ਬੱਚਿਆਂ ਦੀ ਸਿੱਖਿਆ, ਰਿਟਾਇਰਮੈਂਟ ਅਤੇ ਜੋਖਮ ਸਹਿਣ ਦੀ ਸਮਰੱਥਾ ਨੂੰ ਦੇਖ ਕੇ ਇਹ ਅਨੁਪਾਤ ਵੱਖ ਹੋ ਸਕਦਾ ਹੈ। ਚੰਗਾ ਨਿਵੇਸ਼ ਉਹ ਨਹੀਂ ਹੈ, ਜਿਸ ’ਚ ਹਰ ਸਾਲ ਸਭ ਤੋਂ ਵੱਧ ਰਿਟਰਨ ਮਿਲੇ। ਚੰਗਾ ਨਿਵੇਸ਼ ਉਹ ਹੈ ਜੋ ਤੁਹਾਡੇ ਟੀਚੇ ਤੱਕ ਪਹੁੰਚਣ ਦੀ ਸੰਭਾਵਨਾ ਵਧਾਏ, ਤੁਹਾਡੀ ਨੀਂਦ ਨਾ ਉਡਾਏ ਅਤੇ ਤੁਹਾਡੇ ਪਰਿਵਾਰ ਦੀ ਆਰਥਿਕ ਸੁਰੱਖਿਆ ਨੂੰ ਖ਼ਤਰੇ ’ਚ ਨਾ ਪਾਵੇ।

—ਰਾਜੇਸ਼ ਅਗਰਵਾਲ (ਸੀ.ਏ.)


author

Shubam Kumar

Content Editor

Related News