‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ!

Saturday, Sep 26, 2026 - 03:06 AM (IST)

‘ਫ਼ਰਜ਼ੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਹੇ’ ਧੋਖੇਬਾਜ਼ਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ!

ਅੱਜ ਲੋਕਾਂ ’ਚ ਲਾਲਚ ਇੰਨਾ ਵਧ ਗਿਆ ਹੈ ਕਿ ਉਹ ਆਪਣੇ ਹੀ ਭੈਣ-ਭਰਾਵਾਂ ਨੂੰ ਠੱਗਣ ਲਈ ਕੋਈ ਵੀ ਤਰੀਕਾ ਅਪਣਾਉਣ ’ਚ ਸੰਕੋਚ ਨਹੀਂ ਕਰਦੇ। ਕਈ ਧੋਖੇਬਾਜ਼ ਤਾਂ ਨਕਲੀ ਅਧਿਕਾਰੀਆਂ ਦਾ ਭੇਸ ਧਾਰਨ ਕਰਕੇ ਲੋਕਾਂ ਨੂੰ ਠੱਗ ਰਹੇ ਹਨ, ਜਿਸ ਦੀਆਂ ਪਿਛਲੇ ਕੁਝ ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 26 ਮਾਰਚ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ਖ਼ੁਦ ਨੂੰ ‘ਸੀਮਾ ਸੁਰੱਖਿਆ ਬਲ’ ਦਾ ਅਧਿਕਾਰੀ ਦੱਸ ਕੇ ਫ਼ਰਜ਼ੀ ਖ਼ਰੀਦ ਆਦੇਸ਼ ਘਪਲੇ ਰਾਹੀਂ ‘ਬੈਂਗਲੁਰੂ’ ਦੇ ਇਕ ਕਾਰੋਬਾਰੀ ਤੋਂ 26.22 ਲੱਖ ਰੁਪਏ ਤੋਂ ਵੱਧ ਦੀ ਧੋਖਾਦੇਹੀ ਕਰਨ ਦੇ ਦੋਸ਼ ’ਚ ਇਕ ਧੋਖੇਬਾਜ਼ ਨਕਲੀ ਅਧਿਕਾਰੀ ਵਿਰੁੱਧ ਕੇਸ ਦਰਜ ਕੀਤਾ ਗਿਆ।

* 18 ਜੂਨ ਨੂੰ ‘ਮਿਰਜ਼ਾਪੁਰ’ (ਉੱਤਰ ਪ੍ਰਦੇਸ਼) ਦੇ ਕਲੈਕਟਰੇਟ ’ਚ ਦਰੋਗਾ ਬਣ ਕੇ ਘੁੰਮ ਰਹੇ ਇਕ ਨੌਜਵਾਨ ਨੂੰ ਲੋਕਾਂ ਅਤੇ ਅਧਿਕਾਰੀਆਂ ਦੀ ਚੌਕਸੀ ਨਾਲ ਹਿਰਾਸਤ ’ਚ ਲਿਆ ਗਿਆ। ਉਸ ਦਾ ਕਹਿਣਾ ਸੀ ਕਿ ਉਹ ਔਰਤਾਂ ਨੂੰ ਮਹਿਲਾ ਥਾਣੇ ’ਚ ਨੌਕਰੀ ਦਿਵਾ ਸਕਦਾ ਹੈ।

* 20 ਜੂਨ ਨੂੰ ਦਿੱਲੀ ਪੁਲਸ ਨੇ ਖ਼ੁਦ ਨੂੰ ਇਕ ‘ਐਡੀਸ਼ਨਲ ਡਿਪਟੀ ਮੈਜਿਸਟ੍ਰੇਟ’ (ਏ. ਡੀ. ਐੱਮ.) ਦੱਸ ਕੇ ਅਨੇਕਾਂ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣ ਅਤੇ ਜ਼ਮੀਨ ਅਲਾਟ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ 60 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ‘ਪਵਨ ਕੁਮਾਰ ਪਾਂਡੇ’ ਨਾਂ ਦੇ ਇਕ ਆਦਤਨ ਜਾਅਲਸਾਜ਼ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ ਅਨੇਕਾਂ ਫ਼ਰਜ਼ੀ ਆਈ-ਕਾਰਡ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ।

* 21 ਜੂਨ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ਇਕ ਵਿਅਕਤੀ ਨੇ ਖ਼ੁਦ ਨੂੰ ਪੁਲਸ ਅਧਿਕਾਰੀ ਦੱਸਦੇ ਹੋਏ ਅੰਤਰਰਾਸ਼ਟਰੀ ਨੰਬਰ ਤੋਂ ਫ਼ੋਨ ਕੀਤਾ ਅਤੇ ਉਸ ਨੂੰ ਝੂਠਮੂਠ ਹੀ ਇਹ ਕਹਿ ਕੇ ਡਰਾ ਦਿੱਤਾ ਕਿ ਉਸ ਦਾ ਬੇਟਾ ਡਰੱਗਜ਼ ਕੇਸ ’ਚ ਫੜਿਆ ਗਿਆ ਹੈ ਅਤੇ ਉਸ ਨੂੰ ਛੱਡਣ ਦੇ ਬਦਲੇ ’ਚ ਔਰਤ ਤੋਂ 1.25 ਲੱਖ ਰੁਪਏ ਠੱਗ ਲਏ।

* 27 ਜੂਨ ਨੂੰ ‘ਮੁੰਬਈ’ (ਮਹਾਰਾਸ਼ਟਰ) ’ਚ ਪੁਲਸ ਵਰਗੀ ਦਿਸਣ ਵਾਲੀ ਕਾਰ ਅਤੇ ਫ਼ਰਜ਼ੀ ਆਈ. ਡੀ. ਦੀ ਵਰਤੋਂ ਕਰਕੇ ਬੈਂਕ ਲੋਨ ਮਨਜ਼ੂਰ ਕਰਾਉਣ ਅਤੇ ਸਰਕਾਰੀ ਕੰਮ ਕਰਾਉਣ ਦੇ ਨਾਂ ’ਤੇ ਠੱਗੀ ਕਰਨ ਵਾਲੇ 2 ਧੋਖੇਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 12 ਅਗਸਤ ਨੂੰ ‘ਖਗੜੀਆ’ (ਬਿਹਾਰ) ’ਚ ਆਪਣੀਆਂ ‘ਟੈਸਲਾ’ ਅਤੇ ‘ਸਫ਼ਾਰੀ’ ਗੱਡੀਆਂ ’ਤੇ ‘ਗਵਰਨਮੈਂਟ ਆਫ਼ ਇੰਡੀਆ’ ਅਤੇ ‘ਆਈ. ਏ. ਐੱਸ.’ ਦੇ ਫ਼ਰਜ਼ੀ ਬੋਰਡ ਲਗਾ ਕੇ ਘੁੰਮਣ ਅਤੇ ਖ਼ੁਦ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਨਾਲ ਜੁੜਿਆ ਅਧਿਕਾਰੀ ਦੱਸ ਕੇ ਲੋਕਾਂ ਨੂੰ ਠੱਗਣ ਵਾਲੇ ‘ਮਨੀਸ਼ ਕੁਮਾਰ’ ਨੂੰ ਬਿਹਾਰ ਪੁਲਸ ਨੇ ਫੜਿਆ।

* 27 ਅਗਸਤ ਨੂੰ ‘ਅਸ਼ੋਕ ਨਗਰ’ (ਮੱਧ ਪ੍ਰਦੇਸ਼) ’ਚ ‘ਚੰਦੇਰੀ’ ਪੁਲਸ ਨੇ ਫ਼ਰਜ਼ੀ ‘ਆਈ. ਏ. ਐੱਸ. ਅਧਿਕਾਰੀ’ ਬਣ ਕੇ ਸਰਕਾਰੀ ਨੌਕਰੀ ਅਤੇ ਵਧੀਆ ਸੈਲਰੀ ਦਾ ਲਾਲਚ ਦੇ ਕੇ ਲੋਕਾਂ ਤੋਂ 9.80 ਲੱਖ ਰੁਪਏ ਠੱਗਣ ਵਾਲੇ ਭੈਣ-ਭਰਾ ‘ਤ੍ਰਿਪਤੀ ਸਿੰਘ’ ਅਤੇ ‘ਸੁਧਾਂਸ਼ੂ ਸਿੰਘ’ ਨੂੰ ਗ੍ਰਿਫ਼ਤਾਰ ਕੀਤਾ।

* 5 ਸਤੰਬਰ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ’ਚ ਖ਼ੁਦ ਨੂੰ 2016 ਬੈਚ ਦਾ ‘ਆਈ. ਆਰ. ਐੱਸ.’ ਅਤੇ ‘ਇਨਕਮ ਟੈਕਸ ਅਧਿਕਾਰੀ’ ਦੱਸ ਕੇ ਲੋਕਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗਣ ਵਾਲੇ ‘ਰਿਸ਼ੀ ਕੁਮਾਰ’ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ।

* 17 ਸਤੰਬਰ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ’ਚ ਫ਼ਰਜ਼ੀ ‘ਆਈ. ਏ. ਐੱਸ.’ ਅਤੇ ‘ਮੱਧ ਪ੍ਰਦੇਸ਼ ਟੂਰਿਜ਼ਮ’ ਦੀ ਐਡੀਸ਼ਨਲ ਡਾਇਰੈਕਟਰ ਦੱਸ ਕੇ ਸਰਕਾਰੀ ਨੌਕਰੀ, ਟੂਰਿਜ਼ਮ ਪ੍ਰਾਪਰਟੀਜ਼ ਦੀ ਲੀਜ਼ ਅਤੇ ਟੈਂਡਰ ਦਿਵਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ‘ਤ੍ਰਿਪਤੀ ਸਿੰਘ ਰਾਜਪੂਤ’ ਵਿਰੁੱਧ ਕ੍ਰਮਵਾਰ 39 ਲੱਖ ਅਤੇ 40 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਚੌਥੀ ਐੱਫ਼. ਆਈ. ਆਰ. ਦਰਜ ਕੀਤੀ ਗਈ।

* 21 ਸਤੰਬਰ ਨੂੰ ‘ਵਡੋਦਰਾ’ (ਗੁਜਰਾਤ) ਪੁਲਸ ਨੇ ਜਾਅਲੀ ਸਰਕਾਰੀ ਆਈ. ਡੀ. ਦੀ ਵਰਤੋਂ ਕਰਕੇ ਅਤੇ ਖ਼ੁਦ ਨੂੰ ‘ਸੀਨੀਅਰ ਆਈ. ਏ. ਐੱਸ. ਅਧਿਕਾਰੀ’ ਦੱਸ ਕੇ ਇਕ ਵਿਅਕਤੀ ਨੂੰ ‘ਡਿਪਟੀ ਮਾਮਲਾਤਦਾਰ’ ਦੀ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ 7.70 ਲੱਖ ਰੁਪਏ ਠੱਗਣ ਦੇ ਦੋਸ਼ ’ਚ ‘ਕ੍ਰਿਸਚੀਅਨ’ ਨਾਂ ਦੇ ਇਕ ਧੋਖੇਬਾਜ਼ ਨੂੰ ਗ੍ਰਿਫ਼ਤਾਰ ਕੀਤਾ।

* 24 ਸਤੰਬਰ ਨੂੰ ‘ਪੁਣੇ’ (ਮੁੰਬਈ) ’ਚ ‘ਡਿਜੀਟਲ ਅਰੈਸਟ’ ਦੇ ਨਾਂ ’ਤੇ ਇਕ 74 ਸਾਲਾ ਸੇਵਾਮੁਕਤ ਸਰਕਾਰੀ ਅਧਿਕਾਰੀ ਤੋਂ 1.12 ਕਰੋੜ ਰੁਪਏ ਦੀ ਠੱਗੀ ਕਰਨ ਦੇ ਦੋਸ਼ ’ਚ ਮੁੰਬਈ ਸਾਈਬਰ ਪੁਲਸ ਨੇ ‘ਆਈ. ਆਈ. ਟੀ. ਦਿੱਲੀ’ ਦੇ ਇਕ ਗ੍ਰੈਜੂਏਟ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਆਪਣੇ ਦੇਸ਼ ਦੀ ਸਰਕਾਰ ਦੇ ਪ੍ਰਤੀਨਿਧ ਹੁੰਦੇ ਹਨ। ਖ਼ੁਦ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਅਤੇ ਝੂਠੀ ਧੌਂਸ ਦਿਖਾ ਕੇ ਲੋਕਾਂ ਨੂੰ ਠੱਗਣਾ ਘੋਰ ਅਪਰਾਧ ਹੈ। ਇਸ ਲਈ ਅਜਿਹਾ ਕਰਨ ਵਾਲੇ ਧੋਖੇਬਾਜ਼ਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।

—ਵਿਜੇ ਕੁਮਾਰ


author

Sandeep Kumar

Content Editor

Related News