ਪਾਇਲਟ ਅਤੇ ਯਾਤਰੀ ਦੀ ਸੁਰੱਖਿਆ ਇਕ-ਦੂਜੇ ਤੋਂ ਵੱਖ ਨਹੀਂ

Monday, Oct 05, 2026 - 05:38 PM (IST)

ਪਾਇਲਟ ਅਤੇ ਯਾਤਰੀ ਦੀ ਸੁਰੱਖਿਆ ਇਕ-ਦੂਜੇ ਤੋਂ ਵੱਖ ਨਹੀਂ

ਹਵਾਬਾਜ਼ੀ ਖੇਤਰ ’ਚ ਹਾਲ ਹੀ ’ਚ ਹੋਏ ਹਾਦਸਿਆਂ ਅਤੇ ਗੰਭੀਰ ਘਟਨਾਵਾਂ ਨੇ ਯਾਤਰੀਆਂ ਦੇ ਮਨ ’ਚ ਇਕ ਅਜਿਹਾ ਸਵਾਲ ਛੱਡ ਦਿੱਤਾ ਹੈ, ਜੋ ਸਾਧਾਰਨ ਵੀ ਹੈ ਅਤੇ ਬੇਹੱਦ ਚਿੰਤਾਜਨਕ ਵੀ-ਜਦੋਂ ਹਵਾ ’ਚ ਕੁਝ ਗੜਬੜ ਹੁੰਦੀ ਹੈ, ਤਾਂ ਕੀ ਉਹ ਪਾਇਲਟ ਦੀ ਗਲਤੀ ਸੀ, ਜਹਾਜ਼ ਦੀ ਖਰਾਬੀ ਸੀ ਜਾਂ ਫਿਰ ਪੂਰੀ ਵਿਵਸਥਾ ਦੇ ਅੰਦਰ ਦੀ ਕੋਈ ਸਮੱਸਿਆ?

ਕਿਸੇ ਜਹਾਜ਼ ਹਾਦਸੇ ਨੂੰ ਸਿਰਫ ਸੁਰਖੀਆਂ ਜਾਂ ਅਟਕਲਾਂ ਦੇ ਆਧਾਰ ’ਤੇ ਨਹੀਂ ਆਂਕਿਆ ਜਾਣਾ ਚਾਹੀਦਾ। ਭਾਰਤ ਦਾ ਜਹਾਜ਼ ਹਾਦਸਾ ਜਾਂਚ ਬਿਊਰੋ (ਏ. ਏ. ਆਈ. ਬੀ.) ਕਿਸੇ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਸਬੂਤਾਂ, ਜਹਾਜ਼ ਪ੍ਰਣਾਲੀਆਂ, ਉਡਾਣ ਡਾਟਾ, ਮਨੁੱਖੀ ਕਾਰਕਾਂ ਅਤੇ ਹੋਰ ਹਾਲਾਤ ਦੀ ਜਾਂਚ ਕਰ ਕੇ ਹਾਦਸਿਆਂ ਅਤੇ ਗੰਭੀਰ ਘਟਨਾਵਾਂ ਦੀ ਪੜਤਾਲ ਕਰਦਾ ਹੈ।

ਹਾਲਾਂਕਿ, ਆਮ ਯਾਤਰੀ ਲਈ ਇਸ ਤੋਂ ਵੀ ਵੱਧ ਮਹੱਤਵਪੂਰਨ ਸਵਾਲ ਇਹ ਹੈ-ਅਸੀਂ ਇਹ ਕਿਵੇਂ ਯਕੀਨੀ ਕਰੀਏ ਕਿ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਹਰ ਸੰਭਾਵਿਤ ਖਤਰੇ ਨੂੰ ਘੱਟ ਕਰ ਦਿੱਤਾ ਜਾਵੇ? ਇਸ ਦਾ ਮਤਲਬ ਹੈ ਜਹਾਜ਼ ਦੀ ਜਾਂਚ ਕਰਨਾ। ਇਸ ਦਾ ਮਤਲਬ ਹੈ ਰੱਖ-ਰਖਾਅ ਦੀ ਜਾਂਚ ਕਰਨਾ। ਇਸ ਦਾ ਮਤਲਬ ਹੈ ਤਕਨੀਕ ਅਤੇ ਕਾਰਜਪ੍ਰਣਾਲੀਆਂ ਦੀ ਜਾਂਚ ਕਰਨਾ ਅਤੇ ਇਸ ਦਾ ਮਤਲਬ ਹੈ ਕਾਕਪਿਟ ’ਚ ਬੈਠੇ ਲੋਕਾਂ ’ਤੇ ਬਹੁਤ ਗੰਭੀਰਤਾ ਨਾਲ ਧਿਆਨ ਦੇਣਾ। ਕਿਉਂਕਿ ਪਾਇਲਟ ਵੀ ਇਨਸਾਨ ਹੁੰਦੇ ਹਨ।

ਅਸੀਂ ਉਨ੍ਹਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਸੈਂਕੜੇ ਜ਼ਿੰਦਗੀਆਂ ਦੀ ਜ਼ਿੰਮੇਵਾਰੀ ਉਠਾਉਂਦੇ ਹੋਏ ਸਕਿੰਟਾਂ ’ਚ ਫੈਸਲੇ ਲੈਣ। ਅਸੀਂ ਉਮੀਦ ਕਰਦੇ ਹਾਂ ਕਿ ਉਹ ਹੰਗਾਮੀ ਸਥਿਤੀ ਦੌਰਾਨ ਸ਼ਾਂਤ ਰਹਿਣ, ਘੰਟਿਆਂ ਤੱਕ ਧਿਆਨ ਕੇਂਦਰਿਤ ਰੱਖਣ, ਖਰਾਬ ਮੌਸਮ, ਤਕਨੀਕੀ ਚਿਤਾਵਨੀਆਂ ਅਤੇ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨ ਅਤੇ ਸਾਰਿਆਂ ਨੂੰ ਸੁਰੱਖਿਅਤ ਜ਼ਮੀਨ ਉੱਤੇ ਵਾਪਸ ਲੈ ਆਉਣ। ਫਿਰ ਵੀ ਅਸੀਂ ਕਦੇ-ਕਦੇ ਇਹ ਭੁੱਲ ਜਾਂਦੇ ਹਾਂ ਕਿ ਸਰੀਰਕ ਅਤੇ ਮਾਨਸਿਕ ਤੌਰ ’ਤੇ ਅਸੀਂ ਉਨ੍ਹਾਂ ਤੋਂ ਕੀ ਉਮੀਦ ਕਰ ਰਹੇ ਹਾਂ।

ਪਾਇਲਟਾਂ ਦੇ ਕੰਮ ਦੇ ਘੰਟੇ ਸਾਡੇ ’ਚੋਂ ਬਹੁਤਿਆਂ ਤੋਂ ਬਹੁਤ ਵੱਖਰੇ ਹੁੰਦੇ ਹਨ। ਸਵੇਰ ਦੀਆਂ ਪਹਿਲੀਆਂ ਉਡਾਣਾਂ, ਦੇਰ ਰਾਤ ਦੀਆਂ ਉਡਾਣਾਂ, ਲਗਾਤਾਰ ਬਦਲਦੇ ਸ਼ਡਿਊਲ, ਡਿਊਟੀ ਦੀ ਲੰਬੀ ਮਿਆਦ ਅਤੇ ਵਿਘਨ ਪਈ ਨੀਂਦ, ਇਹ ਸਭ ਮਨੁੱਖੀ ਸਰੀਰ ’ਤੇ ਦਬਾਅ ਪਾ ਸਕਦੀਅਾਂ ਹਨ। ਥਕਾਵਟ ਕਿਸੇ ਦੇ ਚਿਹਰੇ ’ਤੇ ਭਾਵੇਂ ਨਾ ਦਿਸੇ ਪਰ ਇਹ ਇਕਾਗਰਤਾ ਅਤੇ ਫੈਸਲੇ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਭਾਰਤ ’ਚ ਉਡਾਣ ਦੇ ਸਮੇਂ, ਡਿਊਟੀ ਦੀ ਮਿਆਦ ਅਤੇ ਆਰਾਮ ਨੂੰ ਲੈ ਕੇ ਪਹਿਲਾਂ ਹੀ ਨਿਯਮ ਮੌਜੂਦ ਹਨ। ਡੀ. ਜੀ. ਸੀ. ਏ. ਦੇ ਨਿਯਮ ਖਾਸ ਤੌਰ ’ਤੇ ਇਹ ਕਹਿੰਦੇ ਹਨ ਕਿ ਜੇਕਰ ਕਿਸੇ ਪਾਇਲਟ ਨੂੰ ਪਤਾ ਹੋਵੇ ਜਾਂ ਸ਼ੱਕ ਹੋਵੇ ਕਿ ਥਕਾਵਟ ਨਾਲ ਉਡਾਣ ਦੀ ਸੁਰੱਖਿਆ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ, ਤਾਂ ਉਸ ਨੂੰ ਉਡਾਣ ਡਿਊਟੀ ਨਹੀਂ ਕਰਨੀ ਚਾਹੀਦੀ।

ਅਸੀਂ ਹਾਲ ਹੀ ’ਚ ਹਵਾਬਾਜ਼ੀ ਉਦਯੋਗ ’ਚ ਵਿਘਨ ਦੇਖੇ ਹਨ ਅਤੇ ਅਸੀਂ ਅਜਿਹੇ ਮਾਮਲੇ ਵੀ ਦੇਖੇ ਹਨ, ਜਿਨ੍ਹਾਂ ’ਚ ਪਾਇਲਟ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ’ਚ ਪਾਏ ਗਏ। ਅਜਿਹੇ ਮਾਮਲਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਅਜਿਹੇ ਪਾਇਲਟ ਨੂੰ ਜਹਾਜ਼ ਦੀ ਕਮਾਨ ਸੰਭਾਲਣ ਦੀ ਇਜਾਜ਼ਤ ਕਦੇ ਨਹੀਂ ਦਿੱਤੀ ਜਾਣੀ ਚਾਹੀਦੀ ਜੋ ਉਡਾਣ ਭਰਨ ਲਈ ਫਿੱਟ ਨਾ ਹੋਵੇ।

ਪਰ ਇਸ ਦਾ ਇਕ ਦੂਜਾ ਪਹਿਲੂ ਵੀ ਹੈ। ਜੇਕਰ ਸਾਨੂੰ ਇਹ ਪਤਾ ਕਿਸੇ ਹਾਦਸੇ ਤੋਂ ਬਾਅਦ ਹੀ ਚੱਲਦਾ ਹੈ ਕਿ ਕੋਈ ਪਾਇਲਟ ਤਣਾਅ, ਬਹੁਤ ਜ਼ਿਆਦਾ ਥਕਾਵਟ, ਸ਼ਰਾਬ ਦੀ ਲਤ ਜਾਂ ਕਿਸੇ ਮਾਨਸਿਕ ਸਿਹਤ ਸਮੱਸਿਆ ਨਾਲ ਜੂਝ ਰਿਹਾ ਸੀ, ਤਾਂ ਇਸ ਦਾ ਮਤਲਬ ਹੈ ਕਿ ਵਿਵਸਥਾ ਚਿਤਾਵਨੀ ਦੇ ਸੰਕੇਤਾਂ ਨੂੰ ਸਮਾਂ ਰਹਿੰਦੇ ਪਛਾਣਨ ’ਚ ਅਸਫਲ ਰਹੀ।

ਪਾਇਲਟਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਪਰ ਏਅਰਲਾਈਨਜ਼ ਦੀ ਵੀ ਇਹ ਜ਼ਿੰਮੇਵਾਰੀ ਹੈ ਕਿ ਉਹ ਅਜਿਹਾ ਮਾਹੌਲ ਤਿਆਰ ਕਰਨ, ਜਿੱਥੇ ਪਾਇਲਟ ਬਿਨਾਂ ਇਹ ਮਹਿਸੂਸ ਕੀਤੇ ਕਿ ਉਹ ਪੇਸ਼ੇਵਰ ਤੌਰ ’ਤੇ ਅਸਫਲ ਹੋ ਗਏ ਹਨ, ਇਹ ਕਹਿ ਸਕਣ—‘ਮੈਂ ਅੱਜ ਉਡਾਣ ਭਰਨ ਲਈ ਫਿੱਟ ਨਹੀਂ ਹਾਂ।’

ਇਸ ਲਈ ਗੁਪਤ ਕਾਊਂਸਲਿੰਗ, ਹਵਾਬਾਜ਼ੀ ਮਨੋਵਿਗਿਆਨੀਆਂ ਤੱਕ ਪਹੁੰਚ ਅਤੇ ਉਚਿਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਇਸ ਲਈ ਤਣਾਅ, ਥਕਾਵਟ ਅਤੇ ਨਸ਼ੀਲੇ ਪਦਾਰਥਾਂ ਦੀਆਂ ਸਮੱਸਿਆਵਾਂ ਨਾਲ ਜੁੜੇ ਪ੍ਰੋਗਰਾਮਾਂ ਦੀ ਲੋੜ ਹੈ। ਇਸਦੇ ਲਈ ਨਿਯਮਤ ਸਿਹਤ ਨਿਗਰਾਨੀ ਅਤੇ ਸ਼ਾਇਦ ਸਭ ਤੋਂ ਮਹੱਤਵਪੂਰਨ ਇਕ ਅਜਿਹੀ ਸੰਸਕ੍ਰਿਤੀ ਦੀ ਲੋੜ ਹੈ, ਜਿੱਥੇ ਮਦਦ ਮੰਗਣ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ। ਸ਼ਰਾਬ ਦੇ ਮੁੱਦੇ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸ਼ਰਾਬ ਪੀਣ ਤੋਂ ਬਾਅਦ ਡਿਊਟੀ ’ਤੇ ਰਿਪੋਰਟ ਕਰਨ ਵਾਲੇ ਪਾਇਲਟ ਦੇ ਮਾਮਲੇ ’ਚ ਕੋਈ ਸਮਝੌਤਾ ਨਹੀਂ ਹੋ ਸਕਦਾ। ਸੈਂਕੜੇ ਯਾਤਰੀਆਂ ਦੀ ਸੁਰੱਖਿਆ ਨੂੰ ਖਤਰੇ ’ਚ ਨਹੀਂ ਪਾਇਆ ਜਾ ਸਕਦਾ।

ਇੱਥੇ ਹੀ ਆਧੁਨਿਕ ਹਵਾਬਾਜ਼ੀ ਪ੍ਰਣਾਲੀ ਨੂੰ ਵੱਖਰੇ ਤਰੀਕੇ ਨਾਲ ਸੋਚਣ ਦੀ ਲੋੜ ਹੈ। ਉਦੇਸ਼ ਸਿਰਫ ਕਿਸੇ ਹਾਦਸੇ ਤੋਂ ਬਾਅਦ ਦੋਸ਼ ਮੜ੍ਹਨ ਲਈ ਕਿਸੇ ਨੂੰ ਲੱਭਣਾ ਨਹੀਂ ਹੋਣਾ ਚਾਹੀਦਾ। ਉਦੇਸ਼ ਹਾਦਸੇ ਨੂੰ ਸ਼ੁਰੂ ’ਚ ਹੀ ਰੋਕਣਾ ਹੋਣਾ ਚਾਹੀਦਾ ਹੈ। ਅਤੇ ਇਹੀ ਵਜ੍ਹਾ ਹੈ ਕਿ ਯਾਤਰੀਆਂ ਨੂੰ ਵੀ ਕਿਸੇ ਹਾਦਸੇ ਨੂੰ ਤੁਰੰਤ ‘ਪਾਇਲਟ ਦੀ ਗਲਤੀ’ ਮੰਨ ਲੈਣ ਤੋਂ ਬਚਣਾ ਚਾਹੀਦਾ ਹੈ।

ਕਦੇ-ਕਦੇ ਮਨੁੱਖੀ ਭੁੱਲ ਹੋ ਸਕਦੀ ਹੈ। ਕਦੇ-ਕਦੇ ਕੋਈ ਤਕਨੀਕੀ ਅਸਫਲਤਾ ਹੋ ਸਕਦੀ ਹੈ। ਕਦੇ-ਕਦੇ ਕਈ ਕਾਰਕ ਇਕਠੇ ਜੁੜ ਜਾਂਦੇ ਹਨ। ਕਦੇ-ਕਦੇ ਪੂਰੀ ਤਸਵੀਰ ਸਾਫ਼ ਹੋਣ ’ਚ ਜਾਂਚ ਨੂੰ ਮਹੀਨੇ ਲੱਗ ਸਕਦੇ ਹਨ।

ਸਾਨੂੰ ਅਜਿਹੇ ਜਹਾਜ਼ ਚਾਹੀਦੇ ਹਨ ਜਿਨ੍ਹਾਂ ਦਾ ਉਚਿਤ ਰੱਖ-ਰਖਾਅ ਹੋਵੇ। ਸਾਨੂੰ ਅਜਿਹੀ ਤਕਨੀਕ ਚਾਹੀਦੀ ਹੈ ਜੋ ਠੀਕ ਤਰ੍ਹਾਂ ਕੰਮ ਕਰੇ। ਸਾਨੂੰ ਸਖ਼ਤ ਸਿਖਲਾਈ ਦੀ ਲੋੜ ਹੈ। ਸਾਨੂੰ ਮਜ਼ਬੂਤ ਨਿਯਮਾਂ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਦੀ ਲੋੜ ਹੈ। ਅਤੇ ਸਾਨੂੰ ਅਜਿਹੇ ਪਾਇਲਟ ਚਾਹੀਦੇ ਹਨ ਜੋ ਚੰਗੀ ਤਰ੍ਹਾਂ ਆਰਾਮ ਕੀਤੇ ਹੋਏ ਹੋਣ, ਸਰੀਰਕ ਤੌਰ ’ਤੇ ਸਿਹਤਮੰਦ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋਣ।

ਇਕ ਪਾਇਲਟ ਜੋ ਉਡਾਣ ਭਰਨ ਤੋਂ ਇਨਕਾਰ ਕਰਦਾ ਹੈ ਕਿਉਂਕਿ ਉਹ ਅਸਲ ’ਚ ਬੀਮਾਰ ਹੈ, ਉਹ ਅਸਲ ’ਚ ਉਸ ਜਹਾਜ਼ ਦੇ ਹਰੇਕ ਯਾਤਰੀ ਦੀ ਰੱਖਿਆ ਕਰ ਰਿਹਾ ਹੋ ਸਕਦਾ ਹੈ। ਸ਼ਾਇਦ ਇਹੀ ਉਹ ਗੱਲਬਾਤ ਹੈ ਜੋ ਹੁਣ ਸਾਨੂੰ ਕਰਨੀ ਚਾਹੀਦੀ ਹੈ।

ਲਗਾਤਾਰ ਇਹ ਪੁੱਛਣ ਦੀ ਬਜਾਏ ਕਿ ‘ਕੀ ਉਹ ਪਾਇਲਟ ਸੀ ਜਾਂ ਜਹਾਜ਼?’ ਆਓ ਅਸੀਂ ਇਹ ਪੁੱਛੀਏ—‘ਕੀ ਸੁਰੱਖਿਆ ਪ੍ਰਣਾਲੀ ਦੇ ਹਰੇਕ ਹਿੱਸੇ ਨੇ ਹਾਦਸੇ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ?’ ਜੇਕਰ ਉੱਤਰ ‘ਨਹੀਂ’ ਹੈ, ਤਾਂ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਅਜਿਹਾ ਕਿਉਂ ਹੈ। ਜੇਕਰ ਜਹਾਜ਼ ਨੂੰ ਬਿਹਤਰ ਰੱਖ-ਰਖਾਅ ਦੀ ਲੋੜ ਹੈ, ਤਾਂ ਉਸ ਨੂੰ ਠੀਕ ਕਰੋ। ਜੇਕਰ ਕਾਰਜਪ੍ਰਣਾਲੀਆਂ ਨੂੰ ਬਦਲਣ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਬਦਲੋ। ਜੇਕਰ ਪਾਇਲਟਾਂ ਨੂੰ ਵਧੇਰੇ ਆਰਾਮ ਦੀ ਲੋੜ ਹੈ, ਤਾਂ ਉਨ੍ਹਾਂ ਨੂੰ ਆਰਾਮ ਦਿਓ। ਜੇਕਰ ਮਾਨਸਿਕ ਸਿਹਤ ਸਹਾਇਤਾ ਨਾਕਾਫੀ ਹੈ, ਤਾਂ ਉਸ ਨੂੰ ਮਜ਼ਬੂਤ ਕਰੋ। ਜੇਕਰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਨੂੰ ਹੋਰ ਸਖ਼ਤ ਕਰਨ ਦੀ ਲੋੜ ਹੈ, ਤਾਂ ਉਸ ਨੂੰ ਸਖ਼ਤ ਕਰੋ। ਜਦੋਂ ਮਨੁੱਖੀ ਜਾਨ ਦਾ ਸਵਾਲ ਹੋਵੇ, ਤਾਂ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।

ਅਖੀਰ, ਯਾਤਰੀਆਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅੰਤਿਮ ਜਾਂਚ ’ਚ ਤਕਨੀਕੀ ਖਰਾਬੀ ਸਾਹਮਣੇ ਆਉਂਦੀ ਹੈ, ਮਨੁੱਖੀ ਭੁੱਲ ਜਾਂ ਕਈ ਕਾਰਕਾਂ ਦਾ ਸੁਮੇਲ। ਉਹ ਪੂਰੇ ਵਿਸ਼ਵਾਸ ਨਾਲ ਜਹਾਜ਼ ’ਚ ਸਵਾਰ ਹੋਣਾ ਚਾਹੁੰਦੇ ਹਨ ਅਤੇ ਸੁਰੱਖਿਅਤ ਆਪਣੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦੇ ਹਨ। ਅਤੇ ਉਸ ਵਿਸ਼ਵਾਸ ਨੂੰ ਹਾਸਲ ਕਰਨਾ ਪੈਂਦਾ ਹੈ। ਪਾਇਲਟ ਦੀ ਸੁਰੱਖਿਆ ਅਤੇ ਯਾਤਰੀ ਦੀ ਸੁਰੱਖਿਆ ਇਕ-ਦੂਜੇ ਤੋਂ ਵੱਖਰੀਆਂ ਤਰਜੀਹਾਂ ਨਹੀਂ ਹਨ। ਉਹ ਇਕੋ ਤਰਜੀਹ ਹਨ। ਜਦੋਂ ਯਾਤਰੀ ਆਪਣੀ ਜਾਨ ਕਾਕਪਿਟ ਕਰੂ ਦੇ ਹੱਥਾਂ ’ਚ ਸੌਂਪਦੇ ਹਨ, ਤਾਂ ਹਵਾਬਾਜ਼ੀ ਜਗਤ ਨੂੰ ਉਸ ਭਰੋਸੇ ਦੇ ਦੋਵਾਂ ਪੱਖਾਂ ਦੀ ਰੱਖਿਆ ਕਰਨੀ ਹੀ ਚਾਹੀਦੀ ਹੈ।

—ਦੇਵੀ ਚੇਰੀਅਨ


author

Harpreet SIngh

Content Editor

Related News