ਧਾਰਮਿਕ ਆਜ਼ਾਦੀ ’ਤੇ ਅਮਰੀਕਾ ਦਾ ਢੌਂਗ

Tuesday, Mar 31, 2026 - 04:07 PM (IST)

ਧਾਰਮਿਕ ਆਜ਼ਾਦੀ ’ਤੇ ਅਮਰੀਕਾ ਦਾ ਢੌਂਗ

ਹਾਲ ਹੀ ’ਚ ਯੂ. ਐੱਸ. ਕਮੀਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦੀ ਇਕ ਰਿਪੋਰਟ ਆਈ, ਜਿਸ ’ਚ ਦੱਸਿਆ ਗਿਆ ਕਿ ਭਾਰਤ ’ਚ ਦਿਨੋਂ-ਦਿਨ ਧਾਰਮਿਕ ਆਜ਼ਾਦੀ ਦਾ ਘਾਣ ਹੋ ਰਿਹਾ ਹੈ। ਇਹ ਵੀ ਕਿਹਾ ਗਿਆ ਕਿ ਸਰਕਾਰਾਂ ਵੱਲੋਂ ਘੱਟਗਿਣਤੀਆਂ ’ਤੇ ਹਮਲਿਆਂ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਅਤੇ ਸਰਕਾਰ ਐੱਨ. ਜੀ. ਓਜ਼ ਦੇ ਪਿੱਛੇ ਪਈ ਹੈ। ਹਾਲਾਂਕਿ ਸਰਕਾਰ ਨੇ ਸਾਰੇ ਦੋਸ਼ਾਂ ਨੂੰ ਆਧਾਰ ਰਹਿਤ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। ਇਹ ਵੀ ਕਿਹਾ ਕਿ ਅਮਰੀਕਾ ਪਹਿਲਾਂ ਆਪਣੇ ਗਿਰੇਬਾਨ ’ਚ ਝਾਕੇ, ਜਿੱਥੇ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਤੇ ਦੂਜੇ ਧਰਮਾਂ ਨੂੰ ਮੰਨਣ ਵਾਲਿਆਂ ’ਤੇ ਲਗਾਤਾਰ ਹਮਲੇ ਹੋ ਰਹੇ ਹਨ।ਦਰਅਸਲ ਦੁਨੀਆ ਭਰ ’ਚ ਕੰਮ ਕਰਨ ਵਾਲੇ ਤਮਾਮ ਐੱਨ. ਜੀ. ਓਜ਼ ਹੀ ਅਜਿਹੀਆਂ ਰਿਪੋਰਟਾਂ ਬਣਵਾਉਣ ’ਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਨੂੰ ਵਿਦੇਸ਼ਾਂ ਤੋਂ ਧਨ ਪ੍ਰਾਪਤ ਹੁੰਦਾ ਹੈ। ਇਨ੍ਹਾਂ ਦਾ ਕੋਈ ਨਾ ਕੋਈ ਆਕਾ ਅਜਿਹੀਆਂ ਰਿਪੋਰਟਾਂ ਬਣਵਾਉਂਦਾ ਹੈ। ਬਹੁਤ ਸਾਰੇ ਪੱਛਮੀ ਦੇਸ਼ਾਂ, ਖਾਸ ਕਰ ਕੇ ਅਮਰੀਕਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਅਜਿਹੇ ਵਪਾਰੀ ਹਨ, ਜੋ ਬਿਨਾਂ ਕਿਸੇ ਲਾਭ ਦੇ ਇਕ ਡਾਲਰ ਖਰਚ ਨਹੀਂ ਕਰਦੇ। ਤਾਂ ਆਖਿਰ ਇਨ੍ਹਾਂ ਰਿਪੋਰਟਾਂ ਤੋਂ ਅਮਰੀਕਾ ਨੂੰ ਕੀ ਲਾਭ ਹੁੰਦਾ ਹੈ? ਉਹ ਲਾਭ ਹੈ—ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਨਾਲ ਭੜਕਾਉਣਾ ਅਤੇ ਅਸਥਿਰਤਾ ਪੈਦਾ ਕਰਨਾ। ਜੇਕਰ ਅਮਰੀਕਾ ਦੇ ਅਜਿਹੇ ਕਰਤੱਬਾਂ ਬਾਰੇ ਜਾਣਨਾ ਹੋਵੇ ਤਾਂ ਜੌਨ ਪਰਕਿਨਜ਼ ਦੀ ਬੇਹੱਦ ਮਹੱਤਵਪੂਰਨ ਪੁਸਤਕ ‘ਕਨਫੈਸ਼ਨ ਆਫ ਐਨ ਇਕੋਨੋਮਿਕ ਹਿਟਮੈਨ’ ਪੜ੍ਹੀ ਜਾ ਸਕਦੀ ਹੈ।

ਪਰਕਿਨਜ਼ ਖੁਦ ਇਕੋਨੋਮਿਕ ਹਿਟਮੈਨ ਰਹੇ ਹਨ। ‘ਹਿਟਮੈਨ’ ਸ਼ਬਦ ਦੀ ਵਰਤੋਂ ਅਕਸਰ ਕਾਤਲਾਂ ਲਈ ਕੀਤੀ ਜਾਂਦੀ ਹੈ। ਅਜਿਹੇ ’ਚ ਇਕੋਨੋਮਿਕ ਹਿਟਮੈਨ ਦਾ ਮਤਲਬ ਹਰ ਤਰ੍ਹਾਂ ਨਾਲ ਦੇਸ਼ ਦੀ ਤਬਾਹੀ ਕਰਨਾ ਹੁੰਦਾ ਹੈ। ਜੌਨ ਦੱਸਦੇ ਹਨ ਕਿ ਇਹ ਬਣਨ ਲਈ ਸਖਤ ਪ੍ਰੀਖਿਆ ’ਚੋਂ ਲੰਘਣਾ ਪੈਂਦਾ ਹੈ। ਜੇਕਰ ਤੁਸੀਂ ਫੜੇ ਜਾਓ, ਤਾਂ ਕੋਈ ਤੁਹਾਡੀ ਜ਼ਿੰਮੇਵਾਰੀ ਨਹੀਂ ਲੈਂਦਾ। ਅਮਰੀਕਾ ਲਈ ਕੰਮ ਕਰਨ ਵਾਲੇ ਇਨ੍ਹਾਂ ਲੋਕਾਂ ਦਾ ਕੰਮ ਤਿੰਨ ਪੜਾਵਾਂ ’ਚ ਹੁੰਦਾ ਹੈ। ਪਹਿਲਾਂ ਇਹ ਲੋਕਾਂ ਦੇ ਸੱਭਿਆਚਾਰਕ ਅਤੇ ਬਹੁਲਤਾਵਾਦੀ ਸੱਭਿਆਚਾਰ ਦੇ ਅੰਤਰ-ਵਿਰੋਧਾਂ ਦਾ ਲਾਭ ਉਠਾ ਕੇ, ਕਦੇ ਭਾਸ਼ਾ, ਕਦੇ ਧਰਮ, ਕਦੇ ਪਹਿਰਾਵੇ ਆਦਿ ਨੂੰ ਲੈ ਕੇ ਲੋਕਾਂ ਨੂੰ ਭੜਕਾਉਂਦੇ ਹਨ। ਇਸ ਲਈ ਲੋਕਾਂ ਨੂੰ ਬਾਕਾਇਦਾ ਆਰਥਿਕ ਮਦਦ ਦਿੱਤੀ ਜਾਂਦੀ ਹੈ। ਉਨ੍ਹਾਂ ਦੀਆਂ ਖ਼ਬਰਾਂ ਵੱਧ ਤੋਂ ਵੱਧ ਪ੍ਰਸਾਰਿਤ ਕਰਾਉਣ ਲਈ ਮੀਡੀਆ ਮੈਨੇਜਮੈਂਟ ਕੀਤਾ ਜਾਂਦਾ ਹੈ ਅਤੇ ਜੋ ਵੀ ਸਰਕਾਰਾਂ ਹੁੰਦੀਆਂ ਹਨ, ਭਾਵੇਂ ਸੂਬਾਈ ਸਰਕਾਰਾਂ ਜਾਂ ਕੇਂਦਰ ਸਰਕਾਰ, ਉਸ ਦੇ ਵਿਰੁੱਧ ਅੰਦੋਲਨ ਕਰਵਾਏ ਜਾਂਦੇ ਹਨ ਤਾਂ ਕਿ ਸਰਕਾਰਾਂ ਟੁੱਟ ਜਾਣ।

ਜੇਕਰ ਉਦੋਂ ਵੀ ਸਫਲਤਾ ਨਾ ਮਿਲੇ ਤਾਂ ਇਹ ਹੋਰ ਵੀ ਖਤਰਨਾਕ ਹੋ ਜਾਂਦੇ ਹਨ। ਇਨ੍ਹਾਂ ਨੂੰ ਜੌਨ ਨੇ ਨਾਂ ਦਿੱਤਾ ਹੈ—‘ਜੈਕਾਲਜ਼’। ਇਨ੍ਹਾਂ ਦਾ ਕੰਮ ਦੇਸ਼ਾਂ ਦੇ ਨੇਤਾਵਾਂ ਨੂੰ ਮਰਵਾਉਣ ਦਾ ਹੁੰਦਾ ਹੈ। ਕਿਸ-ਕਿਸ ਨੇਤਾ ਨੂੰ ਇਸ ਤਰ੍ਹਾਂ ਮਾਰਿਆ ਗਿਆ, ਇਸ ਦੀਆਂ ਉਦਾਹਰਣਾਂ ਪੁਸਤਕ ’ਚ ਦਿੱਤੀਆਂ ਗਈਆਂ ਹਨ। ਮੰਨ ਲਓ ਨੇਤਾਵਾਂ ਦੇ ਮਰਨ ਤੋਂ ਬਾਅਦ ਵੀ ਕਿਸੇ ਦੇਸ਼ ’ਚ ਅਸਥਿਰਤਾ ਨਹੀਂ ਫੈਲਦੀ ਤਾਂ ਫਿਰ ਅੰਤਿਮ ਬਦਲ ਹੁੰਦਾ ਹੈ—ਜੰਗ ਦਾ ਐਲਾਨ ਅਤੇ ਫੌਜ ਦੀ ਚੜ੍ਹਾਈ। ਪਿਛਲੇ ਕੁਝ ਦਹਾਕਿਆਂ ’ਚ ਅਮਰੀਕਾ ਨੇ ਜਿਨ੍ਹਾਂ-ਜਿਨ੍ਹਾਂ ਦੇਸ਼ਾਂ ’ਤੇ ਜੰਗ ਥੋਪੀ ਹੈ, ਉਨ੍ਹਾਂ ’ਚ ਇਨ੍ਹਾਂ ਤਿੰਨਾਂ ਗੱਲਾਂ ਨੂੰ ਦੇਖਿਆ ਜਾ ਸਕਦਾ ਹੈ। ਈਰਾਨ ’ਚ ਵੀ ਜਦੋਂ ਲੋਕਾਂ ਦਾ ਅੰਦੋਲਨ ਹੋਇਆ ਤਾਂ ਅਮਰੀਕਾ ਨੇ ਸੋਚਿਆ ਕਿ ਉੱਥੇ ਸਰਕਾਰ ਟੁੱਟ ਜਾਵੇਗੀ। ਨਹੀਂ ਟੁੱਟੀ ਤਾਂ ਫੌਰਨ ਚੜ੍ਹਾਈ ਕਰ ਕੇ ਉੱਥੋਂ ਦੇ ਸੁਪਰੀਮ ਲੀਡਰ ਅਤੇ ਹੋਰ ਨੇਤਾਵਾਂ ਨੂੰ ਮਾਰ ਦਿੱਤਾ। ਕਹਿਣ ਦਾ ਭਾਵ ਇਹ ਕਿ ਜਿਨ੍ਹਾਂ ਵੀ ਦੇਸ਼ਾਂ ’ਤੇ ਅਮਰੀਕਾ ਹਮਲਾਵਰ ਹੋਇਆ, ਉੱਥੋਂ ਦੇ ਲੋਕਾਂ ਦੀ ਧਾਰਮਿਕ ਆਜ਼ਾਦੀ ਤਾਂ ਛੱਡੋ, ਜੀਵਨ ਦੀ ਆਜ਼ਾਦੀ ਤੱਕ ਦਾ ਸਨਮਾਨ ਵੀ ਨਹੀਂ ਕੀਤਾ ਗਿਆ। ਹਾਂ, ‘ਪਰ ਉਪਦੇਸ਼ ਕੁਸ਼ਲ ਬਥੇਰੇ (ਦੂਜਿਆਂ ਨੂੰ ਉਪਦੇਸ਼ ਦੇਣ ’ਚ ਮਾਹਿਰ) ਜ਼ਰੂਰ ਹੋ ਸਕਦੇ ਹਨ।

ਉਂਝ ਵੀ ਅਮਰੀਕਾ ’ਚ ਅੱਜ ਤੱਕ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਰਾਸ਼ਟਰਪਤੀ ਬਣਿਆ ਹੈ, ਜੋ ਈਸਾਈ ਧਰਮ ਨੂੰ ਮੰਨਣ ਵਾਲਾ ਨਾ ਹੋਵੇ। ਰਾਸ਼ਟਰਪਤੀ ਉੱਥੇ ਬਾਈਬਲ ’ਤੇ ਹੱਥ ਰੱਖ ਕੇ ਸਹੁੰ ਲੈਂਦੇ ਹਨ। ਆਪਣੇ ਇੱਥੇ ਤਾਂ ਅਜਿਹੀ ਕੋਈ ਮਜਬੂਰੀ ਨਹੀਂ ਕਿ ਕੋਈ ਮੰਤਰੀ ਜਾਂ ਸੰਸਦ ਮੈਂਬਰ ਕਿਸ ਗ੍ਰੰਥ ’ਤੇ ਹੱਥ ਰੱਖ ਕੇ ਸਹੁੰ ਚੁੱਕੇ। ਜਿਸ ਦੀ ਜੋ ਮਰਜ਼ੀ ਹੋਵੇ, ਉਹ ਉਹੋ ਜਿਹਾ ਹੀ ਕਰ ਸਕਦਾ ਹੈ। ਬਰਾਕ ਹੁਸੈਨ ਓਬਾਮਾ ਅਮਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਸਨ। ਜਦੋਂ ਉਹ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਨੂੰ ਕਹਿਣਾ ਪਿਆ ਕਿ ਉਹ ਮੁਸਲਮਾਨ ਨਹੀਂ ਈਸਾਈ ਹਨ, ਕਿਉਂਕਿ ਉੱਥੋਂ ਦੇ ਸਰਵਉੱਚ ਅਹੁਦੇ ’ਤੇ ਸ਼ਾਇਦ ਕਿਸੇ ਹੋਰ ਧਰਮ ਨੂੰ ਮੰਨਣ ਵਾਲੇ ਦੀ ਕੋਈ ਜਗ੍ਹਾ ਨਹੀਂ। ਅਮਰੀਕੀ ਗੱਲਾਂ ਜ਼ਰੂਰ ਬਣਾ ਸਕਦੇ ਹਨ ਕਿ ਉਨ੍ਹਾਂ ਦੇ ਇੱਥੇ ਹੀ ਸਭ ਤੋਂ ਵੱਧ ਧਾਰਮਿਕ ਆਜ਼ਾਦੀ ਹੈ। ਜਦਕਿ ਆਪਣੇ ਦੇਸ਼ ’ਚ ਡਾ. ਜ਼ਾਕਿਰ ਹੁਸੈਨ, ਫਖਰੂਦੀਨ ਅਲੀ ਅਹਿਮਦ ਅਤੇ ਡਾ. ਅਬਦੁਲ ਕਲਾਮ ਰਾਸ਼ਟਰਪਤੀ ਬਣੇ ਹਨ। ਗਿਆਨੀ ਜ਼ੈਲ ਸਿੰਘ ਵੀ ਰਾਸ਼ਟਰਪਤੀ ਰਹਿ ਚੁੱਕੇ ਹਨ।

ਹੋਰ ਤਾਂ ਹੋਰ ਅਮਰੀਕਾ ’ਚ ਅੱਜ ਤੱਕ ਕੋਈ ਔਰਤ ਰਾਸ਼ਟਰਪਤੀ ਨਹੀਂ ਬਣ ਸਕੀ, ਜਦਕਿ ਭਾਰਤ ’ਚ ਇੰਦਰਾ ਗਾਂਧੀ 1966 ’ਚ ਹੀ ਪ੍ਰਧਾਨ ਮੰਤਰੀ ਬਣ ਗਈ ਸੀ ਅਤੇ ਪ੍ਰਤਿਭਾ ਪਾਟਿਲ ਰਾਸ਼ਟਰਪਤੀ ਰਹਿ ਚੁੱਕੀ ਹੈ। ਭਾਰਤੀ ਸਮਾਜ ਇਕ ਤਰ੍ਹਾਂ ਨਾਲ ਸਮਾਵੇਸ਼ੀ ਸਮਾਜ ਹੈ ਪਰ ਇਹ ਪੱਛਮੀ ਏਜੰਸੀਆਂ ਜਦੋਂ ਦੇਖੋ ਉਦੋਂ ਭਾਰਤ ਨੂੰ ਆਪਣੀਆਂ ਤਰ੍ਹਾਂ-ਤਰ੍ਹਾਂ ਦੀਆਂ ਰਿਪੋਰਟਾਂ ਦੇ ਡੰਡਿਆਂ ਨਾਲ ਪਿੱਟਦੀਆਂ ਰਹਿੰਦੀਆਂ ਹਨ। ਆਖਿਰ ਇਹ ਅਧਿਕਾਰ ਇਨ੍ਹਾਂ ਨੂੰ ਦਿੱਤਾ ਕਿਸਨੇ? ਤੁਸੀਂ ਕੌਣ ਹੁੰਦੇ ਹੋ ਸਾਡੇ ਦੇਸ਼ ਬਾਰੇ ਬੋਲਣ ਵਾਲੇ? ਕੀ ਦੁਨੀਆ ਦੇ ਥਾਣੇਦਾਰ ਹੋ ? ਸਾਰੀ ਹੇਕੜੀ ਅਤੇ ਥਾਣੇਦਾਰੀ ਈਰਾਨ ਨੇ ਕੱਢ ਦਿੱਤੀ ਹੈ, ਫਿਰ ਵੀ ਅਾਕੜ ਰਹੇ ਹਨ ਅਤੇ ਦਿਲਚਸਪ ਗੱਲ ਇਹ ਹੈ ਕਿ ਜਦੋਂ ਅਮਰੀਕਾ ਈਰਾਨ ’ਤੇ ਟੁੱਟ ਪਿਆ, ਉਦੋਂ ਇਹ ਰਿਪੋਰਟ ਆਈ, ਕਿਉਂਕਿ ਭਾਰਤ ਨੇ ਅਮਰੀਕਾ ਦੇ ਹਮਲੇ ਦਾ ਕੋਈ ਸਮਰਥਨ ਨਹੀਂ ਕੀਤਾ। ਕਰੀਏ ਵੀ ਕਿਉਂ, ਹਮਲਾ ਤੁਸੀਂ ਕਰੋ ਅਤੇ ਅਸੀਂ ਸਮਰਥਨ ਕਰੀਏ? ਸਪੇਨ ਅਤੇ ਜਰਮਨੀ ਦੇ ਨੇਤਾਵਾਂ ਨੇ ਠੀਕ ਕਿਹਾ ਕਿ ਹਮਲੇ ਤੋਂ ਪਹਿਲਾਂ ਕੀ ਸਾਥੋਂ ਪੁੱਛਿਆ ਸੀ, ਜੋ ਅਮਰੀਕਾ ਦਾ ਸਾਥ ਦੇਈਏ। ਸੋਚਣ ਵਾਲੀ ਗੱਲ ਹੈ ਕਿ ਕੀ ਈਰਾਨ ਦੇ ਲੋਕਾਂ ਦੀ ਕੋਈ ਧਾਰਮਿਕ ਆਜ਼ਾਦੀ ਨਹੀਂ ਕਿ ਤੁਸੀਂ ਐਨ ਰਮਜ਼ਾਨ ਦੇ ਦਿਨਾਂ ’ਚ ਉਨ੍ਹਾਂ ’ਤੇ ਹਮਲਾ ਕੀਤਾ ਅਤੇ ਈਦ ’ਤੇ ਵੀ ਨਹੀਂ ਰੁਕੇ।

ਸ਼ਮਾ ਸ਼ਰਮਾ


author

Rakesh

Content Editor

Related News