ਖਾਮੇਨੇਈ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ ਪਰ ਖੋਮੈਨੀ ਦਾ ਬਾਰਾਬੰਕੀ ਨਾਲ ਸਬੰਧ ਹੈ

Thursday, Jun 26, 2025 - 05:06 PM (IST)

ਖਾਮੇਨੇਈ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ ਪਰ ਖੋਮੈਨੀ ਦਾ ਬਾਰਾਬੰਕੀ ਨਾਲ ਸਬੰਧ ਹੈ

ਸੋਸ਼ਲ ਮੀਡੀਆ ’ਤੇ ਇਕ ਵਿਸ਼ਵਾਸ ਨਾ ਕਰਨ ਯੋਗ ਕਹਾਣੀ ਘੁੰਮ ਰਹੀ ਹੈ, ਜਿਸ ਦੀ ਉਤਪਤੀ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਉਨ੍ਹਾਂ ਦੇ ਵਿਦੇਸ਼ ਸਕੱਤਰ ਜਗਤ ਮਹਿਤਾ ਵਲੋਂ 1979 ’ਚ ਸ਼ੁਰੂ ਕੀਤੀ ਗਈ ਇਕ ਗੈਰ-ਸਾਧਾਰਨ ਪਹਿਲ ਨਾਲ ਹੋਈ ਹੈ, ਜਦੋਂ ਸ਼ਾਹ ਦੇ ਪਤਨ ਅਤੇ ਤਹਿਰਾਨ ’ਚ ਅਯਾਤੁੱਲ੍ਹਾ ਦੇ ਸੱਤਾ ’ਚ ਆਉਣ ਦੇ ਨਾਲ ਹੀ ਈਰਾਨ ਦੇ ਨਾਲ ਨਵੀਂ ਦਿੱਲੀ ਦੇ ਸਬੰਧ ਅਚਾਨਕ ਖਰਾਬ ਹੋ ਗਏ ਸਨ।

ਇਸਲਾਨੀ ਕ੍ਰਾਂਤੀ ਦੇ ਪਹਿਲੇ ਸਰਵਉੱਚ ਨੇਤਾ ਅਯਾਤੁੱਲ੍ਹਾ ਰੁਹੂਲਾੱਹ ਖੋਮੈਨੀ ਨੇ ਕਈ ਸਾਲ ਨਜਫ (ਇਰਾਕ) ’ਚ ਜਲਾਵਤਨੀ ’ਚ ਬਿਤਾਏ ਅਤੇ ਅੰਤਿਮ ਸਮੇਂ ’ਚ ਪੈਰਿਸ ਦੇ ਬਾਹਰ ਨਿਊਫਲੇ ਲੇ ਚਾਟੇਉ ’ਚ ਰਹੇ।

ਇਹ ਤੱਥ ਕਿ ਲਖਨਊ ਅਤੇ ਉਸ ਦੇ ਆਸਪਾਸ ਦੇ ਕਸਬੇ 18ਵੀਂ ਸਦੀ ਦੇ ਮੱਧ ਤੋਂ ਹੀ ਸ਼ੀਆ ਸਿੱਖਿਆ ਦੇ ਕੇਂਦਰ ਸਨ, ਆਮਤੌਰ ’ਤੇ ਪਤਾ ਨਹੀਂ ਹੈ। ਇਹ ਉਹ ਸਮਾਂ ਸੀ ਜਦੋਂ ਅਵਧ (ਜਿਵੇਂ ਕਿ ਬ੍ਰਿਟਿਸ਼ ਲੋਕ ਇਸ ਨੂੰ ਲਿਖਦੇ ਸਨ) ਦੇ ਪਹਿਲੇ ਨਵਾਬ ਸਆਦਤ ’ਚ ਅਲੀ ਖਾਨ ਨੇ ਸ਼ੀਆ ਰਾਜ ਦੀ ਸਥਾਪਨਾ ਕੀਤੀ ਜੋ ਪਹਿਲਾਂ ਫੈਜਾਬਾਦ ’ਚ ਸੀ ਅਤੇ ਬਾਅਦ ’ਚ ਲਖਨਊ ’ਚ ਤਬਦੀਲ ਹੋ ਗਿਆ। ਸਆਦਤ ਅਲੀ ਖਾਨ ਦਾ ਮੂਲ ਸਥਾਨ ਖੁਰਾਸਾਨ ਦੇ ਨਿਸ਼ਾਪੁਰ ’ਚ ਹੈ ਜੋ ਸ਼ਿਆ ਮੁਸਲਮਾਨਾਂ ਦੇ ਅੱਠਵੇਂ ਇਮਾਮ ਇਮਾਮ ਰਜਾ ਦੀ ਮਸ਼ਹਦ ਸਥਿਤ ਦਰਗਾਹ ਦੇ ਦੱਖਣ ’ਚ ਹੈ।

ਅਵਧ ਦੇ ਅੰਤਿਮ ਨਵਾਬ ਵਾਜਿਦ ਅਲੀ ਸ਼ਾਹ ਵੱਖ-ਵੱਖ ਫਿਰਕਿਆਂ ਵਿਚਾਲੇ ਸੱਭਿਆਚਾਰਕ ਵਟਾਂਦਰੇ ਦੇ ਸ਼ੌਕੀਨ ਸਨ। ਉਨ੍ਹਾਂ ਨੇ ਖੁਦ ਰਾਧਾ ਦੀ ਭੂਮਿਕਾ ਨਿਭਾਈ, ਜਦਕਿ ਕਥਕ ਗੁਰੂ ਪੰਡਿਤ ਬਿੰਦਾ ਦੀਨ ਜੋ ਸਵ. ਬਿਰਜੂ ਮਹਾਰਾਜ ਦੇ ਪੜਦਾਦਾ ਸਨ, ਨੇ ਕ੍ਰਿਸ਼ਨ ਦੇ ਰੂਪ ’ਚ ਨ੍ਰਿਤ ਕੀਤਾ ।

ਅਵਧ ਨਵਾਬਾਂ ਦੇ ਸ਼ਾਸਨਕਾਲ ’ਚ ਮਿਲੀਜੁਲੀ ਗੰਗਾ-ਜਮੁਨੀ ਸੰਸਕ੍ਰਿਤੀ ਵਧੀ ਫੁਲੀ। ਗੀਤ, ਨ੍ਰਿਤ ਅਤੇ ਰੰਗਮੰਚ ਦੇ ਨਾਲ-ਨਾਲ ਸ਼ੀਆ ਸਿੱਖਿਆ ਦੇ ਕੇਂਦਰ ਵੀ ਲਖਨਊ ਅਤੇ ਉਸ ਦੇ ਨੇੜੇ-ਤੇੜੇ ਦੇ ਖੇਤਰਾਂ ’ਚ ਬਣਨ ਲੱਗੇ, ਜਿਨ੍ਹਾਂ ’ਚ ਬਾਰਾਬੰਕੀ ਜ਼ਿਲੇ ਦਾ ਕਿੰਟੂਰ ਵੀ ਸ਼ਾਮਲ ਸੀ।

ਜਦੋਂ ਈਰਾਨ ’ਚ ਅਯਾਤੁੱਲ੍ਹਾ ਸੱਤਾ ’ਚ ਆਏ ਤਾਂ ਇਕ ਬਹੁਤ ਹੀ ਪ੍ਰਾਸੰਗਿਕ ਸਵਾਲ ਸਾਹਮਣੇ ਆਇਆ। ਕਿਉਂਕਿ ਲਖਨਊ ਇਕ ਸਮੇਂ ’ਚ ਸ਼ੀਆ ਧਰਮਸ਼ਾਸਤਰ ਦਾ ‘ਮਰਕਜ’ ਜਾਂ ਕੇਂਦਰ ਸੀ, ਇਸ ਲਈ ਇਸ ਕੇਂਦਰ ਅਤੇ ਈਰਾਨ ’ਚ ਉੱਭਰਦੀ ਹੋਈ ਸ਼ਕਤੀ ਵਿਚਾਲੇ ਕੋਈ ਸਬੰਧ ਸੀ। ਇਰਾਕ ’ਚ ਸੱਦਾਮ ਹੁਸੈਨ ਦੇ ਪਤਨ ਤਕ ਨਜਫ ਅਤੇ ਕਰਬਲਾ ’ਚ ਸ਼ੀਆ ਧਾਰਮਿਕ ਸਥਾਨਾਂ ਦੇ ਰੱਖ-ਰਖਾਅ ਲਈ ਅਵਧ ਦੇ ਨਵਾਬਾਂ ਨੂੰ ‘60 ਲੱਖ ਰੁਪਏ’ ਦੀ ਵਸੀਅਤ ਦਿੱਤੀ ਗਈ ਸੀ। ਸੱਦਾਮ ਹੁਸੈਨ ਦੇ ਸ਼ਾਸਨਕਾਲ ਦੌਰਾਨ ਬਗਦਾਦ ’ਚ ਭਾਰਤ ਦੇ ਰਾਜਦੂਤ ਰਹੇ ਰਾਜੇਂਦਰ ਅਭਯੰਕਰ ਨਜਫ ਅਤੇ ਕਰਬਲਾ ’ਚ ਭਾਰਤੀ ਵਿਦਿਆਰਥੀਆਂ ਨੂੰ ਵਜ਼ੀਫਾ ਦੇ ਕੇ ਇਸ ਖਾਤੇ ਦਾ ਸੰਚਾਲਨ ਕਰਨ ਵਾਲੇ ਅੰਤਿਮ ਲੋਕਾਂ ’ਚੋਂ ਸਨ।

ਸ਼ਾਹ ਦੇ ਪਤਨ ਦੇ ਬਾਅਦ, ਅਟਲ ਬਿਹਾਰੀ ਵਾਜਪਾਈ ਅਤੇ ਜਗਤ ਮਹਿਤਾ ਨੇ ਮੇਰੇ ਤੋਂ ਇਕ ਸਵਾਲ ਪੁੱਛਿਆ, ‘ਕੀ ਲਖਨਊ ਅਤੇ ਤਹਿਰਾਨ ਦੇ ਨਵੇਂ ਸ਼ਾਸਕਾਂ ਦੇ ਵਿਚਾਲੇ ਕੋਈ ਸੰਭਾਵਿਤ ਸਬੰਧ ਹੈ।’’

ਪਤਾ ਲੱਗਾ ਕਿ ਉਨ੍ਹਾਂ ’ਚ ਸਬੰਧ ਸਨ। ਲਖਨਊ ਦੇ ਮੌਲਵੀਆਂ ਨੇ ਨਜਫ ’ਚ ਅਤੇ ਹਾਲ ਹੀ ’ਚ ਪੈਰਿਸ ਦੇ ਬਾਹਰ ਖੋਮੈਨੀ ਨਾਲ ਮੁਲਾਕਾਤ ਕੀਤੀ ਸੀ। ਦਰਅਸਲ, ਖੋਮੈਨੀ ਦੇ ਪੂਰਵਜ ਕਿੰਟੂਰ ਤੋਂ ਸਨ ਅਤੇ ਉਨ੍ਹਾਂ ਦੇ ਕੋਲ ਬਹੁਤ ਹੀ ਵੱਕਾਰੀ ਧਾਰਮਿਕ ਵਿਦਵਾਨ ਸਨ। ਘੱਟ ਮੰਨੇ-ਪ੍ਰਮੰਨੇ ਮੌਲਵੀਆਂ ’ਚੋਂ ਇਕ, ਆਗਾ ਰੂਹੀ ਅਬਕਾਤੀ, ਅਸਲ ’ਚ ਖੋਮੈਨੀ ਨਾਲ ਸਬੰਧਤ ਸੀ।

ਅਬਕਾਤੀ ਉਹ ਆਧਾਰ ਬਣ ਗਿਆ ਜਿਸ ਦੇ ਆਲੇ-ਦੁਆਲੇ ਮਹਿਤਾ ਨੇ ਇਕ ਉੱਚ ਪੱਧਰੀ ਵਫਦ ਦਾ ਗਠਨ ਕੀਤਾ। ਵਫਦ ਦੀ ਅਗਵਾਈ ਸਮਾਜਵਾਦੀ ਨੇਤਾ ਅਸ਼ੋਕ ਮਹਿਤਾ ਨੇ ਕਰਨੀ ਸੀ। ਬਦਰੂਦੀਨ ਤੈਯਬਜੀ ਨੂੰ ਉਨ੍ਹਾਂ ਦੀ ਪ੍ਰਤਿਭਾ ਲਈ ਚੁਣਿਆ ਗਿਆ ਸੀ। ਅਬਕਾਤੀ ਇਕ ਰੱਖਿਅਕ ਹੋਵੇਗਾ।

ਤਹਿਰਾਨ ਸਥਿਤ ਭਾਰਤੀ ਦੂਤਘਰ ਨੂੰ ਚੌਕਸ ਕਰ ਦਿੱਤਾ ਗਿਆ। ਤਹਿਰਾਨ ਦੇ ਬਾਹਰ ਜਮਰਾਨ ਸਥਿਤ ਅਯਾਤੁੱਲ੍ਹਾ ਖੋਮੈਨੀ ਦੇ ਦਫਤਰ ’ਚ ਵਫਦ ਦਾ ਸਵਾਗਤ ਕੀਤਾ ਗਿਆ। ਇੰਟਰਵਿਊ ਦੀ ਵਿਵਸਥਾ ਅਤੇ ਵਫਦ ਦੇ ਅਸਲ ਆਗਮਨ ਦੇ ਵਿਚਾਲੇ ਕੁਝ ਅਜਿਹਾ ਵਾਪਰਿਆ ਜੋ ਬਿਲਕੁਲ ਅਣਕਿਆਸਿਆ ਸੀ।

ਰਾਜਦੂਤ ਆਹੂਜਾ ਤਹਿਰਾਨ ’ਚ ਨਹੀਂ ਸਨ। ਕੁਲਦੀਪ ਸਾਹਦੇਵ ਨੂੰ ਇਤਿਹਾਸ ਰਚਣ ਵਾਲੇ ਵਫਦ ਦੇ ਨਾਲ ਅਯਾਤੁੱਲ੍ਹਾ ਦੇ ਦਫਤਰ ’ਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਭਾਰਤੀ ਵਫਦ ਦੇ ਲਈ ਇਕ ਨਵਾਂ ਤਜਰਬਾ ਉਡੀਕ ਕਰ ਰਿਹਾ ਸੀ। ਤਹਿਰਾਨ ’ਚ ਜੋ ਕੁਝ ਹੋਇਆ ਉਸ ਦੀ ਕਿਤੇ ਕੋਈ ਤੁਲਨਾ ਨਹੀਂ ਸੀ, ਸਿਵਾਏ ਸ਼ਾਇਦ ਵੇਟੀਕਨ ਦੇ ਜਿਥੇ ਪੋਪ ਸਰਵਉੱਚ ਸ਼ਾਸਨ ਕਰਦੇ ਹਨ।

ਵਫਦ ਉਸ ਹਾਲ ’ਚ ਦਾਖਲ ਹੋਇਆ ਜਿਥੇ ਅਯਾਤੁੱਲ੍ਹਾ ਕੁਝ ਦੂਰੀ ’ਤੇ ਬੈਠੇ ਸਨ। ਖੋਮੈਨੀ ਨੇ ਨਿਮਰਤਾ ਨਾਲ ਵਫ਼ਦ ਨੂੰ ਪ੍ਰਵੇਸ਼ ਦੁਆਰ ਦੇ ਨੇੜੇ ਉਡੀਕ ਕਰਨ ਲਈ ਕਿਹਾ। ਫਿਰ ਉਸਨੇ ਆਪਣੇ ਸਹਾਇਕ, ਜਿਸਨੇ ਕਾਲੀ ਪੱਗ ਅਤੇ ਕਾਲਾ ਗਾਊਨ ਪਾਇਆ ਹੋਇਆ ਸੀ, ਨੂੰ ਅਬਕਾਤੀ ਨੂੰ ਨੇੜੇ ਬੁਲਾਉਣ ਲਈ ਕਿਹਾ।

ਅਬਕਾਤੀ ਨੇ ਸ਼ਾਇਦ ਇਹ ਆਸ ਕੀਤੀ ਹੋਵੇਗੀ ਕਿ ਈਰਾਨੀ ਕ੍ਰਾਂਤੀ ਦੇ ਸੰਸਥਾਪਕ ਉਨ੍ਹਾਂ ਨੂੰ ਆਪਣੇ ਵਿਛੜੇ ਹੋਏ ਰਿਸ਼ਤੇਦਾਰ ਵਾਂਗ ਗਲੇ ਲਗਾਉਣਗੇ। ਇਸ ਤੋਂ ਬਾਅਦ ਆਤਿਸ਼ਬਾਜ਼ੀ ਸ਼ੁਰੂ ਹੋ ਗਈ। ਭਾਰਤੀ ਵਫਦ ਨੂੰ ਹੈਰਾਨੀ ’ਚ ਪਾਉਂਦੇ ਹੋਏ ਖੋਮੈਨੀ ਨੇ ਅਬਕਾਤੀ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ। ਸਰਵ-ਉੱਚ ਨੇਤਾ ਆਪਣੇ ਸਿਖਰ ’ਤੇ ਸਨ। ਮੌਤ ਵਰਗੇ ਸੰਨਾਟੇ ਦੇ ਨਾਲ ਵਫਦ ਪਿੱਛੇ ਵੱਲ ਉਨ੍ਹਾਂ ਦੀ ਉਡੀਕ ਕਰ ਰਹੀਆਂ ਗੱਡੀਆਂ ਵੱਲ ਚਲਾ ਗਿਆ। ਤਹਿਰਾਨ ’ਚ ਸਾਰੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆਂ। ਅਣਕਿਆਸੇ ਕੂਟਨੀਤਿਕ ਉਲਟਫੇਰ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਚੁੱਪਚਾਪ ਦਿੱਲੀ ਲਈ ਆਪਣੀ ਉਡਾਣ ਫੜੀ।

ਬਾਅਦ ਦੀ ਯਾਤਰਾ ਦੌਰਾਨ ਕੌਮ ’ਚ ਇਕ ਅਯਾਤੁੱਲ੍ਹਾ ਨੇ ਮੈਨੂੰ ਦੱਸਿਆ ਕਿ ਅਬਕਾਤੀ ਪਹਿਲ ਕਿਉਂ ਅਸਫਲ ਹੋ ਗਈ, ‘‘ਇਹ ਇਕ ਅਸੁਰੱਖਿਅਤ ਕ੍ਰਾਂਤੀ ਹੈ। ਜਿਸ ਦੇ ਦੁਸ਼ਮਣ ਅਣਕਿਆਸੀਆਂ ਥਾਵਾਂ ’ਤੇ ਹਨ।’ ਇਹ ਗੱਲ ਇਸਲਾਮੀ ਕ੍ਰਾਂਤੀ ਦੇ ਨੇਤਾ ਜਿਸਨੇ ਇਕ ਸੱਭਿਅਕ ਰਾਜ ’ਚ ਸੱਤਾ ਢਾਂਚੇ ਨੂੰ ਉਲਟਾ ਦਿੱਤਾ ਹੈ, ਉਸ ਦੀਆਂ ‘ਵਿਦੇਸ਼ੀ ਜੜ੍ਹਾਂ’ ਸਨ। ਇਹ ‘ਸਾਡੇ ਦੁਸ਼ਮਣਾਂ’ ਦੇ ਹੱਥਾਂ ’ਚ ਇਕ ਘਾਤਕ ਗੋਲਾ ਬਾਰੂਦ ਹੋ ਸਕਦਾ ਹੈ। ਅਬਕਾਤੀ ਇਸ ਤੱਥ ਦੇ ਕਾਰਨ ਵਫ਼ਦ ਦਾ ਮਾਰਗਦਰਸ਼ਨ ਕਰ ਰਿਹਾ ਸੀ ਕਿ ਉਹ ਕਿੰਟੂਰ ਦੇ ਪ੍ਰਸਿੱਧ ਮੌਲਵੀਆਂ ਦੇ ਪਰਿਵਾਰ ’ਚੋਂ ਸਨ ਅਤੇ ਇਮਾਮ ਖੋਮੈਨੀ ਦੇ ਵਾਂਗ ਹੀ ਸਨ। ਇਹ ਸੱਚ ਹੋ ਸਕਦਾ ਹੈ ਪਰ ਇਸ ਦਾ ਵਿਸਥਾਰ ਉਸ ਸਮੇਂ ਇਨਕਲਾਬ ਦੇ ਰਖਵਾਲਿਆਂ ਲਈ ਸਰਾਪ ਸੀ।

ਸੱਭਿਅਕ ਦੇਸ਼ਾਂ ਵਿਚਾਲੇ ਸੱਭਿਆਚਾਰਕ ਸਬੰਧ ਮੈਨੂੰ ਹਮੇਸ਼ਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸ਼ਿਰਾਜ ’ਚ ਹਾਫਿਜ ਦੀ ਕਬਰ ਦੀ ਯਾਤਰਾ ਦੀ ਯਾਦ ਦਿਵਾਉਂਦੇ ਹਨ । ਮਕਬਰੇ ਦੇ ਕੋਲ ਇਕ ਛੋਟੀ ਲਾਇਬ੍ਰੇਰੀ ਹੈ। ਲਾਇਬ੍ਰੇਰੀ ਦੀ ਕੰਗਨੀ ’ਤੇ ਇਕ ਵਰਣਨਯੋਗ ਤਸਵੀਰ ਲੱਗੀ ਹੋਈ ਹੈ। ਈਰਾਨ ਦੀ ਆਪਣੀ ਯਾਤਰਾ ਦੌਰਾਨ, ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਸ਼ਿਰਾਜ ’ਚ ਹਾਫਿਜ ਦੀ ਕਬਰ ’ਤੇ ਜਾਣ ਲਈ ਵਿਸ਼ੇਸ਼ ਵਿਵਸਥਾ ਕੀਤੀ ਸੀ।

ਕੰਗਨੀ ’ਤੇ ਲੱਗੇ ਚਿੱਤਰ ’ਚ ਟੈਗੋਰ ਨੂੰ ‘ਫਾਲ’ ਖੋਲ੍ਹਣ ਦੀ ਰਸਮ ਨਿਭਾਉਂਦੇ ਹੋਏ ਦਿਖਾਇਆ ਗਿਆ ਹੈ। ਕਿਸੇ ਵੀ ਪਵਿੱਤਰ ਕਿਤਾਬ ਜਾਂ ਕਿਸੇ ‘ਰਿਸ਼ੀ’ ਜਾਂ ਕਵੀ ਦੀ ਕਵਿਤਾ ਦਾ ਕੋਈ ਵੀ ਸਫਾ ਖੋਲਵੋ, ਪਹਿਲੀ ਲਾਈਨ ਤੁਹਾਨੂੰ ਜੋ ਕੁਝ ਵੀ ਤੁਸੀਂ ਜਾਣਨਾ ਚਾਹੁੰਦੇ ਹੋ, ਉਸ ਦਾ ਸੰਕੇਤ ਦਿੰਦੀ ਹੈ।

-ਸਈਦ ਨਕਵੀ


author

Harpreet SIngh

Content Editor

Related News