ਇਕ ਭਾਰਤ, ਸ੍ਰੇਸ਼ਠ ਭਾਰਤ ਦਾ ਜੀਵੰਤ ਪ੍ਰਤੀਕ ਹੈ ਕਾਸ਼ੀ-ਤਮਿਲ ਸੰਗਮਮ
Thursday, Jan 15, 2026 - 11:12 AM (IST)
ਨਰਿੰਦਰ ਮੋਦੀ
ਕੁਝ ਦਿਨ ਪਹਿਲਾਂ ਹੀ ਮੈਨੂੰ ਸੋਮਨਾਥ ਦੀ ਪਵਿੱਤਰ ਧਰਤੀ ’ਤੇ ਸੋਮਨਾਥ ਸਵਾਭਿਮਾਨ ਤਿਉਹਾਰ ’ਚ ਹਿੱਸਾ ਲੈਣ ਦਾ ਸੁਨਹਿਰੀ ਮੌਕਾ ਮਿਲਿਆ। ਇਸ ਤਿਉਹਾਰ ਨੂੰ ਅਸੀਂ ਸਾਲ 1026 ’ਚ ਸੋਮਨਾਥ ’ਤੇ ਹੋਏ ਪਹਿਲੇ ਹਮਲੇ ਦੇ 1000 ਸਾਲ ਪੂਰੇ ਹੋਣ ’ਤੇ ਮਨਾ ਰਹੇ ਹਾਂ। ਇਸ ਪਲ ਦਾ ਗਵਾਹ ਬਣਨ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਸੋਮਨਾਥ ਪਹੁੰਚੇ। ਇਸ ਪ੍ਰੋਗਰਾਮ ਦੌਰਾਨ ਮੇਰੀ ਮੁਲਾਕਾਤ ਕੁਝ ਅਜਿਹੇ ਲੋਕਾਂ ਨਾਲ ਵੀ ਹੋਈ, ਜੋ ਇਸ ਤੋਂ ਪਹਿਲਾਂ ਸੌਰਾਸ਼ਟਰ-ਤਮਿਲ ਸੰਗਮਮ ਦੌਰਾਨ ਸੋਮਨਾਥ ਆਏ ਸਨ ਅਤੇ ਇਸ ਤੋਂ ਪਹਿਲਾਂ ਕਾਸ਼ੀ-ਤਮਿਲ ਸੰਗਮਮ ਦੇ ਸਮੇਂ ਕਾਸ਼ੀ ਵੀ ਗਏ ਸਨ। ਅਜਿਹੇ ਮੰਚਾਂ ਨੂੰ ਲੈ ਕੇ ਉਨ੍ਹਾਂ ਦੀ ਸਾਕਾਰਾਤਮਕ ਸੋਚ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਇਸ ਲਈ ਮੈਂ ਤੈਅ ਕੀਤਾ ਕਿ ਕਿਉਂ ਨਾ ਇਸ ਵਿਸ਼ੇ ’ਤੇ ਆਪਣੇ ਕੁਝ ਵਿਚਾਰ ਸਾਂਝੇ ਕਰਾਂ।
‘ਮਨ ਕੀ ਬਾਤ’ ਦੇ ਇਕ ਐਪੀਸੋਡ ਦੌਰਾਨ ਮੈਂ ਕਿਹਾ ਸੀ ਕਿ ਆਪਣੇ ਜੀਵਨ ’ਚ ਤਮਿਲ ਭਾਸ਼ਾ ਨਾ ਸਿੱਖ ਸਕਣ ਦਾ ਮੈਨੂੰ ਬਹੁਤ ਦੁੱਖ ਹੈ। ਇਹ ਸਾਡੀ ਖੁਸ਼ਕਿਸਮਤੀ ਹੈ ਕਿ ਬੀਤੇ ਕੁਝ ਸਾਲਾਂ ਤੋਂ ਸਾਡੀ ਸਰਕਾਰ ਤਮਿਲ ਸੱਭਿਅਤਾ ਨੂੰ ਦੇਸ਼ ’ਚ ਹੋਰ ਲੋਕਪ੍ਰਿਯ ਬਣਾਉਣ ’ਚ ਲਗਾਤਾਰ ਰੁੱਝੀ ਹੋਈ ਹੈ। ਇਹ ‘ਇਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਣ ਵਾਲਾ ਹੈ। ਸਾਡੀ ਸੱਭਿਅਤਾ ’ਚ ਸੰਗਮ ਦਾ ਬਹੁਤ ਮਹੱਤਵ ਹੈ। ਇਸ ਪਹਿਲੂ ਨਾਲ ਵੀ ਕਾਸ਼ੀ-ਤਮਿਲ ਸੰਗਮਮ ਇਕ ਅਨੋਖਾ ਯਤਨ ਹੈ। ਇਸ ’ਚ ਜਿਥੇ ਭਾਰਤ ਦੀਆਂ ਵੱਖ-ਵੇਖ ਪ੍ਰੰਪਰਾਵਾਂ ਦਰਮਿਆਨ ਅਨੋਖਾ ਤਾਲਮੇਲ ਦਿਸਦਾ ਹੈ, ਉਥੇ ਇਹ ਵੀ ਪਤਾ ਲੱਗਦਾ ਹੈ ਕਿ ਕਿਵੇਂ ਅਸੀਂ ਇਕ-ਦੂਜੇ ਦੀਆਂ ਪ੍ਰੰਪਰਾਵਾਂ ਦਾ ਸਨਮਾਨ ਕਰਦੇ ਹਾਂ।
ਕਾਸ਼ੀ ਬਾਬਾ ਵਿਸ਼ਵਨਾਥ ਦੀ ਨਗਰੀ ਹੈ, ਤਾਂ ਤਾਮਿਲਨਾਡੂ ’ਚ ਰਾਮੇਸ਼ਵਰਮ ਤੀਰਥ ਹੈ। ਤਾਮਿਲਨਾਡੂ ਦੀ ਤੇਨਕਾਸੀ ਨੂੰ ਦੱਖਣ ਦੀ ਕਾਸ਼ੀ ਜਾਂ ਦੱਖਣੀ ਕਾਸ਼ੀ ਕਿਹਾ ਜਾਂਦਾ ਹੈ। ਪੂਜਨੀਕ ਕੁਮਾਰਗੁਰੂਪਰਰ ਸਵਾਮੀ ਜੀ ਨੇ ਆਪਣੀ ਵਿਦਵਤਾ ਅਤੇ ਅਧਿਆਤਮਕ ਪ੍ਰੰਪਰਾ ਰਾਹੀਂ ਕਾਸ਼ੀ ਅਤੇ ਤਾਮਿਲਨਾਡੂ ਦਰਮਿਆਨ ਇਕ ਮਜ਼ਬੂਤ ਅਤੇ ਸਥਾਈ ਸੰਬੰਧ ਸਥਾਪਿਤ ਕੀਤਾ ਸੀ।
ਤਾਮਿਲਨਾਡੂ ਦੇ ਮਹਾਨ ਸਪੂਤ ਮਹਾਕਵੀ ਸੁਬਰਾਮਣੀਅਮ ਭਾਰਤੀ ਜੀ ਨੂੰ ਵੀ ਕਾਸ਼ੀ ’ਚ ਬੌਧਿਕ ਵਿਕਾਸ ਅਤੇ ਅਧਿਆਤਮਿਕ ਜਾਗਰਣ ਦਾ ਅਨੋਖਾ ਮੌਕਾ ਦਿਸਿਆ। ਇਥੇ ਹੀ ਉਨ੍ਹਾਂ ਦਾ ਰਾਸ਼ਟਰਵਾਦ ਹੋਰ ਪ੍ਰਬਲ ਹੋਇਆ, ਨਾਲ ਹੀ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਇਕ ਨਵੀਂ ਧਾਰ ਮਿਲੀ। ਇਥੇ ਹੀ ਆਜ਼ਾਦ ਅਤੇ ਅਖੰਡ ਭਾਰਤ ਦੀ ਉਨ੍ਹਾਂ ਦੀ ਕਲਪਨਾ ਨੂੰ ਇਕ ਸਪੱਸ਼ਟ ਦਿਸ਼ਾ ਮਿਲੀ। ਸਾਲ 2022 ’ਚ ਵਾਰਾਣਸੀ ਦੀ ਧਰਤੀ ’ਤੇ ਕਾਸ਼ੀ-ਤਮਿਲ ਸੰਗਮਮ ਦੀ ਸ਼ੁਰੂਆਤ ਹੋਈ ਸੀ। ਮੈਨੂੰ ਉਸ ਦੇ ਉਦਘਾਟਨ ਸਮਾਰੋਹ ’ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਸੀ। ਉਦੋਂ ਤਾਮਿਲਨਾਡੂ ਤੋਂ ਆਏ ਲੇਖਕਾਂ, ਵਿਦਿਆਰਥੀਆਂ, ਕਲਾਕਾਰਾਂ, ਵਿਦਵਾਨਾਂ, ਕਿਸਾਨਾਂ ਅਤੇ ਮਹਿਮਾਨਾਂ ਨੇ ਕਾਸ਼ੀ ਦੇ ਨਾਲ-ਨਾਲ ਪ੍ਰਯਾਗਰਾਜ ਅਤੇ ਅਯੁੱਧਿਆ ਦੇ ਦਰਸ਼ਨ ਵੀ ਕੀਤੇ ਸਨ।
ਇਸ ਤੋਂ ਬਾਅਦ ਦੇ ਆਯੋਜਨਾਂ ’ਚ ਇਸ ਪਹਿਲ ਨੂੰ ਹੋਰ ਵਿਸਤਾਰ ਦਿੱਤਾ ਗਿਆ। ਇਸ ਦਾ ਉਦੇਸ਼ ਇਹ ਸੀ ਕਿ ਸੰਗਮਮ ’ਚ ਸਮੇੇਂ-ਸਮੇਂ ’ਤੇ ਨਵੇਂ ਵਿਸ਼ੇ ਜੋੜੇ ਜਾਣ, ਨਵੇਂ ਅਤੇ ਰਚਨਾਤਮਕ ਤਰੀਕੇ ਅਪਣਾਏ ਜਾਣ ਅਤੇ ਇਸ ’ਚ ਲੋਕਾਂ ਦੀ ਹਿੱਸੇਦਾਰੀ ਵੱਧ ਤੋਂ ਵੱਧ ਹੋਵੇ। ਯਤਨ ਇਹ ਸੀ ਕਿ ਇਹ ਆਯੋਜਨ ਆਪਣੀ ਮੂਲ ਭਾਵਨਾ ਨਾਲ ਜੁੜਿਆ ਰਹਿ ਕੇ ਵੀ ਲਗਾਤਾਰ ਅੱਗੇ ਵਧਦਾ ਰਹੇ। ਸਾਲ 2023 ਦੇ ਦੂਜੇ ਆਯੋਜਨ ’ਚ ਟੈਕਨੋਲਾਜੀ ਦੀ ਵੱਡੀ ਪੱਧਰ ’ਤੇ ਵਰਤੋਂ ਕੀਤੀ ਗਈ ਤਾਂਕਿ ਇਹ ਯਕੀਨੀ ਹੋਵੇ ਕਿ ਭਾਸ਼ਾ ਇਸ ’ਚ ਰੁਕਾਵਟ ਨਾ ਬਣੇ। ਇਸ ਦੇ ਤੀਜੇ ਸੈਸ਼ਨ ’ਚ ਇੰਡੀਅਨ ਨਾਲੇਜ ਸਿਸਟਮ ’ਤੇ ਮੁੱਖ ਫੋਕਸ ਰੱਖਿਆ ਗਿਆ।
ਕਾਸ਼ੀ-ਤਮਿਲ ਸੰਗਮਮ ਦਾ ਚੌਥਾ ਸੈਸ਼ਨ 2 ਦਸੰਬਰ 2025 ਨੂੰ ਸ਼ੁਰੂ ਹੋਇਆ। ਇਸ ਵਾਰ ਦਾ ਥੀਮ ਬਹੁਤ ਰੋਚਕ ਸੀ। ਤਮਿਲ ਕਰਕਲਮ ਭਾਵ ਤਮਿਲ ਸਿੱਖੋ। ਇਸ ਨਾਲ ਕਾਸ਼ੀ ਅਤੇ ਦੂਸਰੀਆਂ ਥਾਵਾਂ ਦੇ ਲੋਕਾਂ ਨੂੰ ਖੂਬਸੂਰਤ ਤਮਿਲ ਭਾਸ਼ਾ ਸਿੱਖਣ ਦਾ ਇਕ ਅਨੋਖਾ ਮੌਕਾ ਮਿਲਿਆ। ਤਾਮਿਲਨਾਡੂ ਤੋਂ ਆਏ ਅਧਿਆਪਕਾਂ ਨੇ ਕਾਸ਼ੀ ਦੇ ਵਿਦਿਆਰਥੀਆਂ ਲਈ ਇਸ ਨੂੰ ਨਾ-ਭੁੱਲਣ ਯੋਗ ਬਣਾ ਦਿੱਤਾ! ਇਸ ਵਾਰ ਕਈ ਹੋਰ ਵਿਸ਼ੇਸ਼ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ। ਪ੍ਰਾਚੀਨ ਤਮਿਲ ਸਾਹਿਤ ਗ੍ਰੰਥ ਤੋਲਕਾਪਿਪਯਮ ਦਾ 4 ਭਾਰਤੀ ਅਤੇ 6 ਵਿਦੇਸ਼ੀ ਭਾਸ਼ਾਵਾਂ ’ਚ ਅਨੁਵਾਦ ਕੀਤਾ ਗਿਆ।
ਤੇਨਕਾਸੀ ਤੋਂ ਕਾਸ਼ੀ ਤਕ ਪਹੁੰਚੀ ਇਕ ਵਿਸ਼ੇਸ਼ ਵ੍ਹੀਕਲ ਐਕਸਪੀਡੀਸ਼ਨ ਵੀ ਦੇਖਣ ਨੂੰ ਮਿਲੀ। ਇਸ ਮੁਹਿੰਮ ’ਚ ਸੱਭਿਆਚਾਰਕ ਏਕਤਾ ਦੇ ਸੰਦੇਸ਼ ਦਾ ਪ੍ਰਸਾਰ ਕਰਨ ਵਾਲੇ ਪਾਂਡਯ ਵੰਸ਼ ਦੇ ਮਹਾਨ ਰਾਜਾ ਆਦਿ ਵੀਰ ਪਰਾਕ੍ਰਮ ਪਾਂਡੀਅਨ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਪੂਰੇ ਆਯੋਜਨ ਦੌਰਾਨ ਨਮੋ ਘਾਟ ’ਤੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ, ਬੀ.ਐੱਚ.ਯੂ. ’ਚ ਵਿੱਦਿਅਕ ਸੈਸ਼ਨ ਦਾ ਆਯੋਜਨ ਹੋਇਆ, ਨਾਲ ਹੀ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਵੀ ਹੋਏ। ਕਾਸ਼ੀ-ਤਮਿਲ ਸੰਗਮਮ ’ਚ ਇਸ ਵਾਰ ਜਿਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਖੁਸ਼ੀ ਦਿੱਤੀ, ਉਹ ਸਾਡੇ ਨੌਜਵਾਨ ਸਾਥੀਆਂ ਦਾ ਉਤਸ਼ਾਹ ਹੈ। ਇਸ ਨਾਲ ਆਪਣੀਆਂ ਜੜ੍ਹਾਂ ਨਾਲ ਹੋਰ ਵੱਧ ਜੁੜੇ ਰਹਿਣ ਦੇ ਉਨ੍ਹਾਂ ਦੇ ਪੈਸ਼ਨ ਦਾ ਪਤਾ ਲੱਗਦਾ ਹੈ। ਉਨ੍ਹਾਂ ਲਈ ਇਹ ਇਕ ਅਜਿਹਾ ਅਨੋਖਾ ਮੰਚ ਹੈ, ਜਿਥੇ ਉਹ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਦੇ ਜ਼ਰੀਏ ਆਪਣੀ ਪ੍ਰਤਿਭਾ ਦਿਖਾ ਸਕਦੇ ਹਨ।
ਇਥੇ ਮੈਂ ਕਾਸ਼ੀ ਅਤੇ ਉੱਤਰ ਪ੍ਰਦੇਸ਼ ਦੇ ਆਪਣੇ ਭਰਾਵਾਂ ਅਤੇ ਭੈਣਾਂ ਦੀ ਸ਼ਲਾਘਾ ਕਰਨਾ ਚਾਹਾਂਗਾ, ਜਿਨ੍ਹਾਂ ਨੇ ਕਾਸ਼ੀ-ਤਮਿਲ ਸੰਗਮਮ ਨੂੰ ਵਿਸ਼ੇਸ਼ ਬਣਾਉਣ ’ਚ ਆਪਣਾ ਅਨੋਖਾ ਯੋਗਦਾਨ ਦਿੱਤਾ। ਉਨ੍ਹਾਂ ਨੇ ਆਪਣੇ ਮਹਿਮਾਨਾਂ ਦੇ ਸਵਾਗਤ ਅਤੇ ਸਤਿਕਾਰ ’ਚ ਕੋਈ ਕਸਰ ਨਹੀਂ ਛੱਡੀ। ਕਈ ਲੋਕਾਂ ਨੇ ਤਾਮਿਲਨਾਡੂ ਤੋਂ ਆਏ ਮਹਿਮਾਨਾਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਤੱਕ ਖੋਲ੍ਹ ਦਿੱਤੇ। ਸਥਾਨਕ ਪ੍ਰਸ਼ਾਸਨ ਵੀ 24 ਘੰਟੇ ਰੁੱਝਿਆ ਰਿਹਾ, ਤਾਂਕਿ ਮਹਿਮਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ। ਵਾਰਾਣਸੀ ਦਾ ਸੰਸਦ ਮੈਂਬਰ ਹੋਣ ਦੇ ਨਾਤੇ ਮੇਰੇ ਲਈ ਇਹ ਮਾਣ ਅਤੇ ਸੰਤੋਖ ਦੋਵਾਂ ਦਾ ਵਿਸ਼ਾ ਹੈ।
ਇਸ ਵਾਰ ਕਾਸ਼ੀ-ਤਮਿਲ ਸੰਗਮਮ ਦਾ ਸਮਾਪਨ ਸਮਾਰੋਹ ਰਾਮੇਸ਼ਵਰਮ ’ਚ ਆਯੋਜਿਤ ਕੀਤਾ ਗਿਆ, ਜਿਸ ’ਚ ਤਾਮਿਲਨਾਡੂ ਦੇ ਸਪੂਤ ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਜੀ ਵੀ ਮੌਜੂਦ ਰਹੇ। ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਆਪਣੇ ਵਿਚਾਰਾਂ ਨਾਲ ਖੁਸ਼ਹਾਲ ਬਣਾਇਆ। ਭਾਰਤ ਦੀ ਅਧਿਆਤਮਿਕ ਖੁਸ਼ਹਾਲੀ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਸ ਤਰ੍ਹਾਂ ਦੇ ਮੰਚ ਰਾਸ਼ਟਰੀ ਏਕਤਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਦੇ ਹਨ।
ਕਾਸ਼ੀ-ਤਮਿਲ ਸੰਗਮਮ ਦਾ ਬਹੁਤ ਡੂੰਘਾ ਪ੍ਰਭਾਵ ਦੇਖਣ ਨੂੰ ਮਿਲਿਆ। ਇਸ ਦੇ ਜ਼ਰੀਏ ਜਿਥੇ ਸੱਭਿਆਚਾਰਕ ਚੇਤਨਾ ਨੂੰ ਮਜ਼ਬੂਤੀ ਮਿਲੀ, ਉਥੇ ਵਿੱਦਿਅਕ ਵਿਚਾਰ-ਵਟਾਂਦਰਾ ਅਤੇ ਜਨ ਸੰਵਾਦ ਨੂੰ ਵੀ ਕਾਫੀ ਵੜਾਵਾ ਮਿਲਿਆ ਹੈ। ਇਸ ਨਾਨ ਸਾਡੀਆਂ ਸੱਭਿਆਤਾਵਾਂ ਦਰਮਿਆਨ ਸੰਬੰਧ ਹੋਰ ਮਜ਼ਬੂਤ ਹੋਏ ਹਨ। ਇਸ ਮੰਚ ਨੇ ‘ਇਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਅੱਗੇ ਵਧਾਇਆ, ਇਸ ਲਈ ਆਉਣ ਵਾਲੇ ਸਮੇਂ ’ਚ ਅਸੀਂ ਇਸ ਆਯੋਜਨ ਨੂੰ ਹੋਰ ਵਾਈਬ੍ਰੈਂਟ ਬਣਾਉਣ ਵਾਲੇ ਹਾਂ। ਇਹ ਉਹ ਭਾਵਨਾ ਹੈ ਜੋ ਸ਼ਤਾਬਦੀਆਂ ਤੋਂ ਸਾਡੇ ਪਰਵ-ਤਿਉਹਾਰ, ਸਾਹਿਤ, ਸੰਗੀਤ, ਕਲਾ, ਖਾਣ-ਪਾਣ, ਵਾਸਤੂਕਲਾ ਅਤੇ ਗਿਆਨ-ਪ੍ਰਣਾਲੀਆਂ ਦਾ ਮਹੱਤਵਪੂਰਨ ਹਿੱਸਾ ਰਹੀ ਹੈ।
ਸਾਲ ਦਾ ਇਹ ਸਮਾਂ ਹਰ ਦੇਸ਼ਵਾਸੀ ਦੇ ਲਈ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਲੋਕ ਬੜੇ ਉਤਸ਼ਾਹ ਨਾਲ ਸੰਕ੍ਰਾਂਤੀ, ਉੱਤਰਾਇਣ, ਪੋਂਗਲ, ਮਾਘ ਬਿਹੂ ਵਰਗੇ ਕਈ ਤਿਉਹਾਰ ਮਨਾ ਰਹੇ ਹਨ। ਇਹ ਸਾਰੇ ਉਤਸਵ ਮੁੱਖ ਤੌਰ ’ਤੇ ਸੂਰਜਦੇਵਤਾ, ਕੁਦਰਤ ਅਤੇ ਖੇਤੀ ਨੂੰ ਸਮਰਪਿਤ ਹਨ। ਇਹ ਤਿਉਹਾਰ ਲੋਕਾਂ ਨੂੰ ਆਪਸ ’ਚ ਜੋੜਦੇ ਹਨ, ਜਿਸ ਨਾਲ ਸਮਾਜ ’ਚ ਸਦਭਾਵਨਾ ਅਤੇ ਇਕਜੁਟਤਾ ਦੀ ਭਾਵਨਾ ਹੋਰ ਮਜ਼ਬੂਤ ਹੁੰਦੀ ਹੈ। ਇਸ ਮੌਕੇ ’ਤੇ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਪੂਰਾ ਭਰੋਸਾ ਹੈ ਕਿ ਇਨ੍ਹਾਂ ਉਤਸਵਾਂ ਦੇ ਨਾਲ ਸਾਡੀ ਸਾਂਝੀ ਵਿਰਾਸਤ ਅਤੇ ਸਮੂਹਿਕ ਹਿੱਸੇਦਾਰੀ ਦੀ ਭਾਵਨਾ ਦੇਸ਼ਵਾਸੀਅਾਂ ਦੀ ਏਕਤਾ ਨੂੰ ਹੋਰ ਮਜ਼ਬੂਤ ਕਰੇਗੀ।
