ਪੰਜਾਬ ’ਚ ਨਸ਼ਾ ਅਤੇ ਹਥਿਆਰ ਭੇਜਣ ਲਈ ਨਾਬਾਲਗਾਂ ਦੀ ਵਰਤੋਂ ਕਰਨ ਲੱਗਾ ਪਾਕਿਸਤਾਨ!
Wednesday, Jul 22, 2026 - 03:37 AM (IST)
ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਨੇ ਆਪਣਾ ਭਾਰਤ ਵਿਰੋਧੀ ਰਵੱਈਆ ਜਾਰੀ ਰੱਖਿਆ ਹੋਇਆ ਹੈ ਅਤੇ ਪਾਕਿਸਤਾਨ ਵਲੋਂ ਸਮਰਥਿਤ ਸਮੱਗਲਰਾਂ ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਨਸ਼ੇ ਅਤੇ ਹਥਿਆਰਾਂ ਆਦਿ ਦੀ ਸਮੱਗਲਿੰਗ ਲਈ ਨਾਬਾਲਗਾਂ ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ।
ਸਰਹੱਦੀ ਖੇਤਰਾਂ ’ਚ ਰਹਿਣ ਵਾਲੇ ਨਾਬਾਲਗਾਂ ਨੂੰ ਰੁਪਇਆਂ ਦਾ ਲਾਲਚ ਦੇ ਕੇ ਡਰੋਨਾਂ ਤੋਂ ਸੁੱਟੇ ਗਏ ਨਸ਼ੇ ਅਤੇ ਹਥਿਆਰਾਂ ਦੇ ਪੈਕੇਟ ਖੇਤਾਂ ’ਚੋਂ ਚੁੱਕ ਕੇ ਅੱਗੇ ਪਹੁੰਚਾਉਣ ਦਾ ਕੰਮ ਉਨ੍ਹਾਂ ਤੋਂ ਲਿਆ ਜਾ ਰਿਹਾ ਹੈ, ਜਿਨ੍ਹਾਂ ਦੀਆਂ ਇਸੇ ਸਾਲ ਦੀਆਂ ਲਗਭਗ ਸਾਢੇ 4 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 8 ਮਾਰਚ ਨੂੰ ‘ਕਪੂਰਥਲਾ’ (ਪੰਜਾਬ) ’ਚ ਪੁਲਸ ਨੇ ਹਥਿਆਰ ਸਪਲਾਈ ਕਰਨ ਵਾਲੇ ਇਕ ਮਾਡਿਊਲ ਨੂੰ ਤਬਾਹ ਕਰਦੇ ਹੋਏ ਇਕ 17 ਸਾਲਾ ਨਾਬਾਲਗ ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ 5 ਪਿਸਤੌਲਾਂ ਬਰਾਮਦ ਕੀਤੀਆਂ ਗਈਆਂ।
* 19 ਮਾਰਚ ਨੂੰ ‘ਅੰਮ੍ਰਿਤਸਰ’ ਪੁਲਸ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਵਾਲੇ ਸਮੱਗਲਰਾਂ ਵਿਰੁੱਧ ਕਾਰਵਾਈ ਕਰਦਿਆਂ ਇਕ ਨਾਬਾਲਗ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ 7 ਅਤਿ-ਆਧੁਨਿਕ ਅਤੇ ਉੱਚ ਤਕਨਾਲੋਜੀ ਵਾਲੀਆਂ ਪਿਸਤੌਲਾਂ ਬਰਾਮਦ ਹੋਈਆਂ ਜੋ ਕਾਫ਼ੀ ਖ਼ਤਰਨਾਕ ਦੱਸੀਆਂ ਜਾਂਦੀਆਂ ਹਨ।
* 5 ਜੂਨ ਨੂੰ ‘ਅੰਮ੍ਰਿਤਸਰ’ ’ਚ ਪੰਜਾਬ ਪੁਲਸ ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਜੁੜੇ ਹਥਿਆਰ ਅਤੇ ਡਰੱਗਜ਼ ਸਮੱਗਲਿੰਗ ਰੈਕੇਟ ਦਾ ਖ਼ੁਲਾਸਾ ਕੀਤਾ, ਜਿਸ ’ਚ 2 ਨਾਬਾਲਗਾਂ ਅਤੇ ਇਕ ਅਫ਼ਗਾਨ ਨਾਗਰਿਕ ਸਮੇਤ ਹੋਰ ਦੋਸ਼ੀਆਂ ਨੂੰ ਫੜਿਆ ਗਿਆ। ਇਨ੍ਹਾਂ ਦੇ ਕਬਜ਼ੇ ’ਚੋਂ 5 ਅਤਿ-ਆਧੁਨਿਕ ਪਿਸਤੌਲਾਂ ਅਤੇ ਹੈਰੋਇਨ ਬਰਾਮਦ ਹੋਈ।
* 10 ਜੁਲਾਈ ਨੂੰ ‘ਅੰਮ੍ਰਿਤਸਰ’ ਸਿਟੀ ਪੁਲਸ ਨੇ ਸਰਹੱਦ ਪਾਰ ਤੋਂ ਸੰਚਾਲਿਤ ਨਸ਼ਾ ਸਮੱਗਲਿੰਗ ਗਿਰੋਹ ਦਾ ਪਰਦਾਫਾਸ਼ ਕਰ ਕੇ ਅੰਮ੍ਰਿਤਸਰ ਦੇ ‘ਖਾਸਾ’ ਪਿੰਡ ਦੇ ਰਹਿਣ ਵਾਲੇ ‘ਲਵਪ੍ਰੀਤ ਸਿੰਘ’ ਨਾਂ ਦੇ ਦੋਸ਼ੀ ਦੇ ਨਾਲ ਇਕ ਨਾਬਾਲਗ ਨੂੰ ਗ੍ਰਿਫ਼ਤਾਰ ਕਰ ਕੇ 8.3 ਕਿੱਲੋ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।
* 14 ਜੁਲਾਈ ਨੂੰ ‘ਅੰਮ੍ਰਿਤਸਰ ਰੂਰਲ ਪੁਲਸ’ (ਘਰਿੰਡਾ ਥਾਣਾ) ਨੇ ਡਰੋਨ ਰਾਹੀਂ ਸਰਹੱਦ ਪਾਰੋਂ ਅਤਿ-ਆਧੁਨਿਕ ਹਥਿਆਰ ਮੰਗਵਾਉਣ ਵਾਲੇ ਇਕ ਮਾਡਿਊਲ ਦਾ ਪਰਦਾਫਾਸ਼ ਕਰ ਕੇ ਇਕ ਨਾਬਾਲਗ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੇ ਕਬਜ਼ੇ ’ਚੋਂ 1 ਏ. ਕੇ. 47 ਰਾਈਫਲ, 1 ਮੋਡੀਫਾਈਡ ਆਟੋਮੈਟਿਕ ਹਥਿਆਰ, ਇਕ ਸੈਮੀ-ਆਟੋਮੈਟਿਕ ਹਥਿਆਰ ਅਤੇ 1 ਹੈਂਡ ਗ੍ਰੇਨੇਡ ਬਰਾਮਦ ਹੋਇਆ।
* 17 ਜੁਲਾਈ ਨੂੰ ‘ਤਰਨਤਾਰਨ’ (ਪੰਜਾਬ) ’ਚ ਪੁਲਸ ਨੇ ਸਰਹੱਦ ਪਾਰੋਂ ਜੁੜੇ ਇਕ ਹਥਿਆਰ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼ ਕਰ ਕੇ 2 ਮੁੱਖ ਦੋਸ਼ੀਆਂ ਅਤੇ ਉਨ੍ਹਾਂ ਦੇ ਇਕ ਨਾਬਾਲਗ ਸਾਥੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਮੈਗਜ਼ੀਨ ਨਾਲ 8 ਗੈਰ-ਕਾਨੂੰਨੀ ਪਿਸਤੌਲਾਂ ਬਰਾਮਦ ਕੀਤੀਆਂ।
* 17 ਜੁਲਾਈ ਨੂੰ ਹੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਫ਼ਿਰੋਜ਼ਪੁਰ ਰੇਂਜ ਦੀ ਪੁਲਸ ਨੇ ਸਮੱਗਲਿੰਗ ਦੇ ਇਕ ਵੱਡੇ ਕੌਮਾਂਤਰੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਇਕ ਨਾਬਾਲਗ ਵਿਦਿਆਰਥੀ ਸਮੱਗਲਰ ਨੂੰ ਪਾਕਿਸਤਾਨ ਤੋਂ ਮੰਗਵਾਈ ਗਈ 12 ਕਿੱਲੋ 110 ਗ੍ਰਾਮ ਹੈਰੋਇਨ ਦੀ ਖੇਪ ਨਾਲ ਗ੍ਰਿਫ਼ਤਾਰ ਕੀਤਾ।
* 18 ਜੁਲਾਈ ਨੂੰ ਹੀ ‘ਅੰਮ੍ਰਿਤਸਰ’ (ਪੰਜਾਬ) ਕਮਿਸ਼ਨਰੇਟ ਪੁਲਸ ਨੇ ਇਕ ਕੇਂਦਰੀ ਏਜੰਸੀ ਨਾਲ ਮਿਲ ਕੇ ਸਰਹੱਦ ਪਾਰ ਡਰੱਗਜ਼, ਹਥਿਆਰ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕਰ ਕੇ ਇਕ ਅਫ਼ਗਾਨ ਨਾਗਰਿਕ ਅਤੇ ਇਕ ਨਾਬਾਲਗ ਸਮੇਤ 7 ਦੋਸ਼ੀਆਂ ਨੂੰ ਹਿਰਾਸਤ ’ਚ ਲਿਆ। ਇਨ੍ਹਾਂ ਕੋਲੋਂ 2 ਸਬ-ਮਸ਼ੀਨ ਗੰਨਾਂ ਸਮੇਤ 10 ਅਤਿ-ਆਧੁਨਿਕ ਹਥਿਆਰ ਅਤੇ 5.048 ਕਿੱਲੋ ਹੈਰੋਇਨ ਮਿਲੀ।
* 19 ਜੁਲਾਈ ਨੂੰ ‘ਫ਼ਾਜ਼ਿਲਕਾ’ (ਪੰਜਾਬ) ’ਚ ਪੁਲਸ ਨੇ ‘ਜਲਾਲਾਬਾਦ’ ਖੇਤਰ ’ਚ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਮੱਗਲਿੰਗ ਦੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰ ਕੇ ਇਕ ਨਾਬਾਲਗ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ 3 ਵਿਦੇਸ਼ੀ ਪਿਸਤੌਲਾਂ, 6 ਮੈਗਜ਼ੀਨਾਂ, 4 ਕਾਰਤੂਸ, 750 ਗ੍ਰਾਮ ਹੈਰੋਇਨ ਅਤੇ ਲਗਭਗ ਢਾਈ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਇਕ ਰਿਪੋਰਟ ਅਨੁਸਾਰ ਪੰਜਾਬ ਦੇ ਸਰਹੱਦੀ ਇਲਾਕਿਆਂ ’ਚ ਪਿਛਲੇ 14 ਮਹੀਨਿਆਂ ਦੌਰਾਨ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਸਿਲਸਿਲੇ ’ਚ 54 ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਨਸ਼ੇ ਅਤੇ ਹਥਿਆਰਾਂ ਦੇ ਸਮੱਗਲਰ ਆਪਣੇ ਸਾਮਾਨ ਨੂੰ ਅੱਗੇ ਸਪਲਾਈ ਕਰਨ ਲਈ ਨਾਬਾਲਗਾਂ ਨੂੰ ਲਾਲਚ ਦੇ ਕੇ ਇਸ ਲਈ ਰੱਖਦੇ ਹਨ ਕਿਉਂਕਿ ਛੋਟੀ ਉਮਰ ਦੇ ਹੋਣ ਕਾਰਨ ਆਮ ਤੌਰ ’ਤੇ ਸੁਰੱਖਿਆ ਅਧਿਕਾਰੀ ਉਨ੍ਹਾਂ ’ਤੇ ਸ਼ੱਕ ਨਹੀਂ ਕਰਦੇ। ਇਸ ਲਈ ਨਾਬਾਲਗਾਂ ਨੂੰ ਇਸ ਅਪਰਾਧ ਲਈ ਵਰਤਣ ਵਾਲੇ ਸਮੱਗਲਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਬੁਰਾਈ ’ਤੇ ਰੋਕ ਲੱਗ ਸਕੇ।
—ਵਿਜੇ ਕੁਮਾਰ
