ਡਿਜੀਟਲ ਡਿਟੌਕਸ : ਪਰਿਵਾਰਾਂ ਲਈ ਇਕ ਲਾਜ਼ਮੀ ਕਦਮ
Monday, Jul 13, 2026 - 06:15 PM (IST)
ਆਧੁਨਿਕ ਯੁੱਗ ’ਚ ਸਮਾਰਟਫ਼ੋਨ, ਸੋਸ਼ਲ ਮੀਡੀਆ, ਓ. ਟੀ. ਟੀ. ਅਤੇ ਇੰਟਰਨੈੱਟ ਆਦਿ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕੇ ਹਨ। ਸਵੇਰੇ ਉੱਠਦੇ ਹੀ ਪਹਿਲਾ ਕੰਮ ਸਕ੍ਰੀਨ ਚੈੱਕ ਕਰਨਾ, ਰਾਤ ਨੂੰ ਸੌਣ ਤੋਂ ਪਹਿਲਾਂ ਆਖਰੀ ਕੰਮ ਵੀ ਸਕ੍ਰੀਨ ਦੇਖਣਾ, ਇਕ ਆਮ ਜਿਹੀ ਗੱਲ ਹੋ ਗਈ ਹੈ ਪਰ ਇਸ ਡਿਜੀਟਲ ਨਿਰਭਰਤਾ ਨੇ ਸਾਡੀ ਮਾਨਸਿਕ ਸਿਹਤ, ਸਰੀਰਕ ਫਿਟਨੈੱਸ, ਪਰਿਵਾਰਕ ਰਿਸ਼ਤਿਆਂ ਅਤੇ ਸਮਾਜਿਕ ਜੀਵਨ ਨੂੰ ਗੰਭੀਰ ਰੂਪ ’ਚ ਪ੍ਰਭਾਵਿਤ ਕੀਤਾ ਹੈ। ਅਜਿਹੇ ’ਚ ਕਈ ਮਨੋਵਿਗਿਆਨੀ ਮੰਨਦੇ ਹਨ ਕਿ ‘ਡਿਜੀਟਲ ਡਿਟੌਕਸ’ ਭਾਵ ਡਿਜੀਟਲ ਉਪਕਰਨਾਂ ਤੋਂ ਕੁਝ ਸਮੇਂ ਲਈ ਪੂਰਨ ਤੌਰ ’ਤੇ ਦੂਰ ਰਹਿਣਾ, ਅੱਜ ਹਰ ਪਰਿਵਾਰ ਲਈ ਲੋੜ ਬਣ ਗਿਆ ਹੈ। ਇਹ ਨਾ ਸਿਰਫ਼ ਨਿੱਜੀ ਵਿਕਾਸ ਲਈ, ਸਗੋਂ ਪੂਰੇ ਪਰਿਵਾਰ ਦੀ ਖ਼ੁਸ਼ਹਾਲੀ ਲਈ ਮਹੱਤਵਪੂਰਨ ਹੈ।
ਜ਼ਿਕਰਯੋਗ ਹੈ ਕਿ ਡਿਜੀਟਲ ਮਾਧਿਅਮਾਂ ਦੀ ਲਤ ਹੁਣ ਇਕ ਮਹਾਮਾਰੀ ਦਾ ਰੂਪ ਲੈ ਚੁੱਕੀ ਹੈ। ਵਿਸ਼ਵ ਸਿਹਤ ਸੰਗਠਨ ਅਤੇ ਵੱਖ-ਵੱਖ ਅਧਿਐਨਾਂ ਅਨੁਸਾਰ, ਔਸਤ ਵਿਅਕਤੀ ਦਿਨ ’ਚ 7-8 ਘੰਟੇ ਤੋਂ ਵੱਧ ਸਕ੍ਰੀਨ ’ਤੇ ਬਿਤਾਉਂਦਾ ਹੈ। ਬੱਚਿਆਂ ਅਤੇ ਨੌਜਵਾਨਾਂ ’ਚ ਇਹ ਅੰਕੜਾ ਹੋਰ ਵੀ ਵੱਧ ਹੈ। ਇਸ ਲਤ ਦੇ ਕਈ ਖ਼ਤਰਨਾਕ ਪ੍ਰਭਾਵ ਹਨ। ਸਭ ਤੋਂ ਅਹਿਮ ਹੈ ਮਾਨਸਿਕ ਸਿਹਤ ’ਤੇ ਅਸਰ। ਹਰ ਵੇਲੇ ਨੋਟੀਫਿਕੇਸ਼ਨਾਂ, ਲਾਈਕਸ ਅਤੇ ਕੁਮੈਂਟਸ ਆਦਿ ਦੀ ਭਾਲ ’ਚ ਸਾਡਾ ਦਿਮਾਗ ਲਗਾਤਾਰ ਡੋਪਾਮਾਈਨ ਦੀ ਖੋਜ ’ਚ ਰਹਿੰਦਾ ਹੈ। ਇਸ ਨਾਲ ਚਿੰਤਾ, ਉਦਾਸੀ, ਨੀਂਦ ਦੀ ਸਮੱਸਿਆ ਅਤੇ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ’ਚ ਕਮੀ ਆਉਂਦੀ ਹੈ। ‘ਡਿਜੀਟਲ ਡਿਪ੍ਰੈਸ਼ਨ’ ਜਾਂ ‘ਸੋਸ਼ਲ ਮੀਡੀਆ ਐਂਗਜ਼ਾਇਟੀ’ ਹੁਣ ਆਮ ਸ਼ਬਦ ਬਣ ਗਏ ਹਨ। ਨਵੀਂ ਪੀੜ੍ਹੀ ’ਚ ਆਤਮ-ਸਨਮਾਨ ਘੱਟ ਹੋਣਾ, ਦੂਜਿਆਂ ਨਾਲ ਤੁਲਨਾ ਕਰਨਾ ਅਤੇ ਅਸਲ ਦੁਨੀਆ ਤੋਂ ਕਟਾਅ ਵਧ ਰਿਹਾ ਹੈ।
ਇਸ ਦੇ ਨਾਲ ਹੀ ਸਰੀਰਕ ਸਿਹਤ ਵੀ ਵਿਗੜ ਰਹੀ ਹੈ। ਅੱਖਾਂ ਦੀ ਥਕਾਵਟ, ਧੌਣ-ਪਿੱਠ ਦਾ ਦਰਦ, ਮੋਟਾਪਾ, ਕਮਜ਼ੋਰ ਇਮਿਊਨਿਟੀ, ਇਹ ਸਭ ਵੀ ਵੱਧ ਸਕ੍ਰੀਨ ਟਾਈਮ ਦੇ ਸਿੱਧੇ ਨਤੀਜੇ ਹਨ। ਬੱਚਿਆਂ ’ਚ ਸਰੀਰਕ ਗਤੀਵਿਧੀਆਂ ਦੀ ਕਮੀ ਕਾਰਨ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਪਰਿਵਾਰਾਂ ’ਚ ਗੱਲਬਾਤ ਘੱਟ ਗਈ ਹੈ। ਖਾਣੇ ਦੀ ਮੇਜ਼ ’ਤੇ ਸਾਰੇ ਆਪਣਾ ਫ਼ੋਨ ਦੇਖਦੇ ਹਨ, ਬੱਚੇ ਮਾਂ-ਬਾਪ ਤੋਂ ਘੱਟ ਅਤੇ ਯੂਟਿਊਬ ਆਦਿ ਤੋਂ ਜ਼ਿਆਦਾ ਸਿੱਖਦੇ ਹਨ। ਅਜਿਹੇ ’ਚ ਰਿਸ਼ਤਿਆਂ ’ਚ ਡੂੰਘਾਈ ਘੱਟ ਰਹੀ ਹੈ।
ਇੰਨਾ ਹੀ ਨਹੀਂ, ਇਸ ਬੁਰੀ ਲਤ ਦਾ ਸਮਾਜਿਕ ਪੱਧਰ ’ਤੇ ਵੀ ਨੁਕਸਾਨ ਹੈ। ਫੇਕ ਨਿਊਜ਼, ਸਾਈਬਰ ਬੁਲਿੰਗ, ਪ੍ਰਾਈਵੇਸੀ ਦਾ ਹਨਨ ਅਤੇ ਸਮੇਂ ਦੀ ਬਰਬਾਦੀ ਦੇ ਅੰਕੜਿਆਂ ’ਚ ਵੀ ਵਾਧਾ ਹੋ ਰਿਹਾ ਹੈ। ਕੰਮ ਦੀ ਉਤਪਾਦਕਤਾ ਘੱਟ ਰਹੀ ਹੈ ਕਿਉਂਕਿ ਮਲਟੀ-ਟਾਸਕਿੰਗ ਦੇ ਨਾਂ ’ਤੇ ਅਸੀਂ ਇਕ ਕੰਮ ’ਤੇ ਵੀ ਧਿਆਨ ਨਹੀਂ ਦੇ ਪਾਉਂਦੇ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਯੂਜ਼ਰਸ ਦੀ ਯਾਦਦਾਸ਼ਤ ਅਤੇ ਡੂੰਘਾ ਸੋਚਣ ਦੀ ਸਮਰੱਥਾ ਘੱਟ ਹੋ ਰਹੀ ਹੈ।
ਸੋਸ਼ਲ ਮੀਡੀਆ ਕ੍ਰਾਂਤੀ (ਲਗਭਗ 2004-2006 ਤੋਂ ਬਾਅਦ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਆਦਿ) ਤੋਂ ਪਹਿਲਾਂ ਦੀ ਦੁਨੀਆ ਯਾਦ ਕਰੋ। ਸੂਚਨਾ ਅਤੇ ਮਨੋਰੰਜਨ ਦੇ ਸਾਧਨ ਵੱਖਰੇ ਸਨ ਪਰ ਉਨ੍ਹਾਂ ਦੇ ਲਾਭ ਅੱਜ ਦੇ ਡਿਜੀਟਲ ਮਾਧਿਅਮਾਂ ਨਾਲੋਂ ਕਿਤੇ ਵੱਧ ਡੂੰਘੇ ਸਨ। ਲੋਕ ਕਿਤਾਬਾਂ ਪੜ੍ਹਦੇ ਸਨ। ਇਕ ਨਾਵਲ ਪੜ੍ਹਨ ’ਚ ਪੂਰਾ ਧਿਆਨ ਲੱਗਦਾ ਸੀ। ਇਸ ਨਾਲ ਸ਼ਬਦਾਵਲੀ ਵਧਦੀ ਸੀ, ਕਲਪਨਾ ਸ਼ਕਤੀ ਵਿਕਸਿਤ ਹੁੰਦੀ ਸੀ ਅਤੇ ਸਬਰ ਆਉਂਦਾ ਸੀ। ਅਖ਼ਬਾਰ ਪੜ੍ਹਨਾ ਪਰਿਵਾਰ ਦਾ ਸਮੂਹਿਕ ਕਾਰਜ ਹੁੰਦਾ ਸੀ। ਸਵੇਰੇ ਚਾਹ ਦੇ ਨਾਲ ਅਖ਼ਬਾਰ ਪੜ੍ਹਨਾ, ਚਰਚਾ ਕਰਨ ਨਾਲ ਬੌਧਿਕ ਵਿਕਾਸ ਅਤੇ ਪਰਿਵਾਰਕ ਸਾਂਝ ਦੋਵੇਂ ਵਧਦੇ ਸਨ। ਅੱਜ ਦੀ ਤੁਲਨਾ ’ਚ ਉਸ ਸਮੇਂ ਜਾਣਕਾਰੀ ਘੱਟ ਪਰ ਡੂੰਘੀ ਅਤੇ ਭਰੋਸੇਮੰਦ ਹੁੰਦੀ ਸੀ।
ਦਾਦਾ-ਦਾਦੀ ਤੋਂ ਕਹਾਣੀਆਂ ਸੁਣਨਾ, ਲੋਕ ਗੀਤ, ਸੱਭਿਆਚਾਰਕ ਪ੍ਰੋਗਰਾਮਾਂ ’ਚ ਹਿੱਸਾ ਲੈਣਾ, ਇਹ ਸਭ ਯਾਦਦਾਸ਼ਤ ਅਤੇ ਸੱਭਿਆਚਾਰਕ ਜੜ੍ਹਾਂ ਨੂੰ ਮਜ਼ਬੂਤ ਕਰਦੇ ਸਨ। ਜਾਣਕਾਰੀ ਦਾ ਪ੍ਰਸਾਰ ਹੌਲੀ ਪਰ ਪ੍ਰਭਾਵਸ਼ਾਲੀ ਹੁੰਦਾ ਸੀ। ਲੋਕ ਡੂੰਘੀਆਂ ਗੱਲਾਂ ਕਰਦੇ ਸਨ, ਬਹਿਸਾਂ ਹੁੰਦੀਆਂ ਸਨ ਅਤੇ ਰਿਸ਼ਤੇ ਮਜ਼ਬੂਤ ਹੁੰਦੇ ਸਨ। ਉਸ ਯੁੱਗ ’ਚ ਧਿਆਨ ਭਟਕਾਉਣ ਵਾਲੇ ਤੱਤ ਘੱਟ ਸਨ। ਨਤੀਜੇ ਵਜੋਂ, ਲੋਕ ਜ਼ਿਆਦਾ ਰਚਨਾਤਮਕ, ਸਬਰ ਵਾਲੇ ਅਤੇ ਖ਼ੁਸ਼ ਰਹਿੰਦੇ ਸਨ। ਅਧਿਐਨਾਂ ਤੋਂ ਸਾਬਤ ਹੁੰਦਾ ਹੈ ਕਿ ਸਕ੍ਰੀਨ-ਫ਼੍ਰੀ ਪੀੜ੍ਹੀ ਦੀ ਯਾਦਦਾਸ਼ਤ, ਸਮੱਸਿਆ-ਹੱਲ ਕਰਨ ਦੀ ਸਮਰੱਥਾ ਅਤੇ ਰਚਨਾਤਮਕਤਾ ਅੱਜ ਦੀ ਪੀੜ੍ਹੀ ਨਾਲੋਂ ਬਿਹਤਰ ਸੀ।
ਪਰਿਵਾਰ ਸਮਾਜ ਦੀ ਮੂਲ ਇਕਾਈ ਹੈ। ਜੇਕਰ ਪਰਿਵਾਰ ਡਿਜੀਟਲ ਲਤ ਨਾਲ ਗ੍ਰਸਤ ਹੈ, ਤਾਂ ਪੂਰਾ ਸਮਾਜ ਪ੍ਰਭਾਵਿਤ ਹੁੰਦਾ ਹੈ। ਅਜਿਹੇ ’ਚ ਡਿਜੀਟਲ ਡਿਟੌਕਸ ਅਪਣਾਉਣ ਦੇ ਕਈ ਲਾਭ ਹਨ। ਬਿਨਾਂ ਫ਼ੋਨ ਦੇ ਡਿਨਰ, ਬਾਹਰ ਘੁੰਮਣਾ, ਬੋਰਡ ਗੇਮਜ਼ ਖੇਡਣਾ, ਇਹ ਛੋਟੀਆਂ-ਛੋਟੀਆਂ ਆਦਤਾਂ ਰਿਸ਼ਤਿਆਂ ’ਚ ਗਰਮਾਹਟ ਲਿਆਉਂਦੀਆਂ ਹਨ। ਇਸ ਨਾਲ ਬੱਚੇ ਆਪਣੇ ਵੱਡਿਆਂ ਨਾਲ ਜ਼ਿਆਦਾ ਜੁੜਦੇ ਹਨ। ਸਕ੍ਰੀਨ ਤੋਂ ਦੂਰ ਰਹਿਣ ਨਾਲ ਨੀਂਦ ਬਿਹਤਰ ਹੁੰਦੀ ਹੈ, ਚਿੰਤਾ ਘੱਟ ਹੁੰਦੀ ਹੈ ਅਤੇ ਖ਼ੁਸ਼ੀ ਵਧਦੀ ਹੈ, ਜਿਸ ਨਾਲ ਦਿਮਾਗ ਨੂੰ ਆਰਾਮ ਮਿਲਦਾ ਹੈ। ਪੜ੍ਹਾਈ, ਖੇਡ-ਕੁੱਦ, ਕਲਾਤਮਕ ਗਤੀਵਿਧੀਆਂ ’ਚ ਵਾਧਾ ਹੁੰਦਾ ਹੈ। ਸਕ੍ਰੀਨ ਟਾਈਮ ਸੀਮਤ ਕਰਨ ਨਾਲ ਇਕਾਗਰਤਾ ਅਤੇ ਰਚਨਾਤਮਕਤਾ ਵਧਦੀ ਹੈ। ਜ਼ਿਆਦਾ ਚੱਲਣਾ-ਫਿਰਨਾ, ਕਸਰਤ, ਸਿਹਤਮੰਦ ਭੋਜਨ ਦੀਆਂ ਆਦਤਾਂ ਪੈਂਦੀਆਂ ਹਨ।
ਮਾਹਿਰ ਮੰਨਦੇ ਹਨ ਕਿ ਡਿਜੀਟਲ ਡਿਟੌਕਸ ਇਕਦਮ ਨਹੀਂ, ਹੌਲੀ-ਹੌਲੀ ਅਪਣਾਉਣਾ ਚਾਹੀਦਾ ਹੈ। ਇਸ ਦੇ ਲਈ ਅਸੀਂ ਆਪਣੇ ਪਰਿਵਾਰਕ ਪੱਧਰ ’ਤੇ ਕੁਝ ਨਿਯਮ ਬਣਾਈਏ। ਘਰ ’ਚ ਸਕ੍ਰੀਨ-ਫ਼੍ਰੀ ਜ਼ੋਨ ਬਣਾਏ ਜਾਣ, ਜਿਵੇਂ ਕਿ ਖਾਣੇ ਦਾ ਕਮਰਾ, ਬੈੱਡਰੂਮ ’ਚ ਫ਼ੋਨ ਪਾਬੰਦੀਸ਼ੁਦਾ ਹੋਵੇ। ਡਿਟੌਕਸ ਟਾਈਮ ਤੈਅ ਕੀਤਾ ਜਾਵੇ। ਮਿਸਾਲ ਦੇ ਤੌਰ ’ਤੇ ਹਰ ਦਿਨ ਘੱਟੋ-ਘੱਟ 2 ਘੰਟੇ ਅਤੇ ਵੀਕੈਂਡ ’ਤੇ ਪੂਰਾ ਦਿਨ ਸਕ੍ਰੀਨ-ਫ਼੍ਰੀ ਬਣਾਉਣ ਦੀ ਕੋਸ਼ਿਸ਼ ਕਰੋ। ਪਰਿਵਾਰਕ ਗਤੀਵਿਧੀਆਂ ਵਧਾਓ। ਜਿਵੇਂ ਕਿ ਕਿਤਾਬ ਪੜ੍ਹਨਾ, ਪਿਕਨਿਕ ’ਤੇ ਜਾਣਾ, ਖੁੱਲ੍ਹੇ ’ਚ ਖੇਡਣਾ, ਸੰਗੀਤ ਸੁਣਨਾ ਆਦਿ।
ਇਹ ਸੱਚ ਹੈ ਕਿ ਡਿਜੀਟਲ ਤਕਨੀਕ ਨੇ ਜੀਵਨ ਨੂੰ ਆਸਾਨ ਬਣਾਇਆ ਹੈ ਪਰ ਇਸ ਦੀ ਦੁਰਵਰਤੋਂ ਸਾਡੀ ਖ਼ੁਸ਼ਹਾਲੀ ਖੋਹ ਰਹੀ ਹੈ। ਡਿਜੀਟਲ ਡਿਟੌਕਸ ਪਿੱਛੇ ਮੁੜਨਾ ਨਹੀਂ, ਸਗੋਂ ਸੰਤੁਲਿਤ ਜੀਵਨ ਵੱਲ ਵਧਣਾ ਹੈ। ਹਰ ਪਰਿਵਾਰ ਨੂੰ ਇਸ ਨੂੰ ਅਪਣਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੀਆਂ ਸੱਭਿਆਚਾਰਕ ਜੜ੍ਹਾਂ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਨਿੱਜੀ ਸਿਹਤ ਨੂੰ ਬਚਾ ਕੇ ਰੱਖ ਸਕੀਏ। ਪਹਿਲਾਂ ਦਾ ਯੁੱਗ ਸਾਨੂੰ ਯਾਦ ਦਿਵਾਉਂਦਾ ਹੈ ਕਿ ਖ਼ੁਸ਼ੀ ਸਕ੍ਰੀਨਾਂ ’ਚ ਨਹੀਂ, ਸਗੋਂ ਰਿਸ਼ਤਿਆਂ, ਕੁਦਰਤ ਅਤੇ ਸਿਰਜਣਾਤਮਕਤਾ ’ਚ ਹੈ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਡਿਜੀਟਲ ਡਿਟੌਕਸ ਦੀ ਦਿਸ਼ਾ ’ਚ ਛੋਟੇ-ਛੋਟੇ ਕਦਮ ਉਠਾਈਏ। ਫ਼ੋਨ ਨੂੰ ਥੋੜ੍ਹੀ ਦੇਰ ਦੂਰ ਰੱਖੋ, ਪਰਿਵਾਰ ਨਾਲ ਸਮਾਂ ਬਿਤਾਓ ਅਤੇ ਅਸਲ ਜੀਵਨ ਦਾ ਆਨੰਦ ਲਓ। ਡਿਜੀਟਲ ਡਿਟੌਕਸ ਨਾ ਸਿਰਫ਼ ਨਿੱਜੀ, ਸਗੋਂ ਸਮਾਜਿਕ ਤਬਦੀਲੀ ਦਾ ਮਾਧਿਅਮ ਬਣ ਸਕਦਾ ਹੈ। ਤੰਦਰੁਸਤ ਪਰਿਵਾਰ ਹੀ ਤੰਦਰੁਸਤ ਰਾਸ਼ਟਰ ਦੀ ਨੀਂਹ ਹੈ।
—ਵਿਨੀਤ ਨਾਰਾਇਣ
