ਵਿਸ਼ਵ ਪੱਧਰ ’ਤੇ ਸਖ਼ਤ ਕਾਰਵਾਈ ਅਤੇ ਭਾਰਤ ਲਈ ਇਕ ਮੌਕਾ
Sunday, Jul 12, 2026 - 03:02 PM (IST)
ਕਈ ਦੇਸ਼ਾਂ ਦੀਆਂ ਸੰਘੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਲੋਂ ਮਹਾਦੀਪਾਂ ’ਚ ਫੈਲੇ ਨੈੱਟਵਰਕ ਦੇ ਨਾਲ ਅੰਤਰਰਾਸ਼ਟਰੀ ਅਪਰਾਧ ਗਿਰੋਹਾਂ ਦੇ ਵਿਰੁੱਧ ਚਲਾਈ ਗਈ ਬਹੁ-ਏਜੰਸੀ ਮੁਹਿੰਮ ਸਵਾਗਤਯੋਗ ਹੈ। ਭਾਰਤ ਨੇ ਜਾਂਚ ’ਚ ਸਰਗਰਮ ਰੂਪ ਨਾਲ ਸਹਿਯੋਗ ਕੀਤਾ ਹੈ। ਜਾਂਚ ਦੇ ਸਿੱਟੇ ਦਿੱਲੀ ਦੇ ਇਸ ਲੰਬੇ ਸਮੇਂ ਤੋਂ ਚਲੇ ਆ ਰਹੇ ਰੁਖ਼ ਦੀ ਪੁਸ਼ਟੀ ਕਰਦੇ ਹਨ, ਕਿ ਵਿਦੇਸ਼ਾਂ ’ਚ ਸਰਗਰਮ ਅੱਤਵਾਦੀ ਗੁੱਟਾਂ ’ਚ ਉਸਦੀ ਕੋਈ ਭੂਮਿਕਾ ਨਹੀਂ ਸੀ। ਸਾਲਾਂ ਤੋਂ, ਭਾਰਤੀ ਸਰਕਾਰ ਨੂੰ ਜੂਨ 2023 ’ਚ ਸਰੀ ’ਚ ਖ਼ਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਸ਼ਮੂਲੀਅਤ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹੱਤਿਆ ਅਤੇ ਤਤਕਾਲੀਨ ਜਸਟਿਨ ਟਰੂਡੋ ਸਰਕਾਰ ਵਲੋਂ ਚਲਾਏ ਗਈ ਜਨਤਕ ਦੁਸ਼ਪ੍ਰਚਾਰ ਮੁਹਿੰਮ ਨੇ ਦੁਵੱਲੇ ਸਬੰਧਾਂ ਨੂੰ ਡੂੰਘੇ ਸੰਕਟ ’ਚ ਪਾ ਦਿੱਤਾ ਸੀ।
ਹੁਣ, ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਦੇ ਸੀਨੀਅਰ ਅਧਿਕਾਰੀਆਂ ਦੇ ਜਨਤਕ ਬਿਆਨ, ਜਿਨ੍ਹਾਂ ਦੀ ਜਾਂਚ ਦਾ ਹਵਾਲਾ ਪਹਿਲਾਂ ਭਾਰਤੀ ਸੁਰੱਖਿਆ ਅਦਾਰੇ ’ਤੇ ਸ਼ੱਕ ਪੈਦਾ ਕਰਨ ਲਈ ਦਿੱਤਾ ਜਾਂਦਾ ਸੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ’ਚ ਨਵੀਂ ਕੈਨੇਡੀਅਨ ਲੀਡਰਸ਼ਿਪ ਦੀ ਪਰਿਪੱਕਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਨਾ ਸਿਰਫ ਦੋਵਾਂ ਦੇਸ਼ਾਂ ਦੇ ਵਿਚਾਲੇ ਸਬੰਧਾਂ ਨੂੰ ਸੁਧਾਰਨ ਲਈ, ਸਗੋਂ ਵਪਾਰ ਅਤੇ ਸਿੱਖਿਆ ’ਚ ਸਹਿਯੋਗ ਨੂੰ ਗਤੀ ਦੇਣ ਲਈ ਵੀ ਕਦਮ ਚੁੱਕੇ ਹਨ। ਕਈ ਭਾਰਤੀ ਵਿਦਿਆਰਥੀਆਂ ਲਈ ਕੈਨੇਡੀਅਨ ਯੂਨੀਵਰਸਿਟੀਆਂ ਲੰਬੇ ਸਮੇਂ ਤੋਂ ਮਨਪਸੰਦ ਮੰਜ਼ਿਲਾਂ ਰਹੀਆਂ ਹਨ ਪਰ ਰਾਜਦੂਤਕ ਗਤੀਰੋਧ ਨੇ ਵਿਦਿਅਕ ਆਦਾਨ-ਪ੍ਰਦਾਨ ਨੂੰ ਪ੍ਰਭਾਵਿਤ ਕਰ ਦਿੱਤਾ ਸੀ। ਓਟਾਵਾ ਤੋਂ ਮਿਲੇ ਨਵੇਂ ਸੰਕੇਤਾਂ ਨਾਲ ਲੋਕਾਂ ਦੇ ਵਿਚਾਲੇ ਸਬੰਧਾਂ ਨੂੰ ਨਵੀਂ ਗਤੀ ਮਿਲਣੀ ਚਾਹੀਦੀ ਹੈ।
ਆਪਰੇਸ਼ਨ ਹਾਰਡ ਬਾਲ ਨੇ ਕੈਨੇਡਾ ਹੀ ਨਹੀਂ ਸਗੋਂ ਅਮਰੀਕਾ, ਯੂਰਪ ਅਤੇ ਆਸਟ੍ਰੇਲੀਆ ’ਚ ਵੀ ਭਾਰਤੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਧਿਕ ਗਿਰੋਹਾਂ ਦੀ ਅੰਤਰਰਾਸ਼ਟਰੀ ਪਹੁੰਚ ਨੂੰ ਉਜਾਗਰ ਕੀਤਾ ਹੈ। ਭਾਰਤੀ ਸੁਰੱਖਿਆ ਏਜੰਸੀਆਂ ਸੰਗਠਿਤ ਅਪਰਾਧ ਅਤੇ ਅੱਤਵਾਦੀ ਨੈੱਟਵਰਕ ਦੇ ਵਿਚਾਲੇ ਉਭਰਦੇ ਗੱਠਜੋੜ ਵੱਲ ਇਸ਼ਾਰਾ ਕਰਨ ਵਾਲੀਆਂ ਪਹਿਲੀਆਂ ਏਜੰਸੀਆਂ ’ਚੋਂ ਸਨ। ਇਸ ਗੱਠਜੋੜ ਨੇ ਵੱਖਵਾਦੀ ਸਮੂਹਾਂ ਨੂੰ ਆਪਣੇ ਏਜੰਡੇ ਨੂੰ ਵਿੱਤਪੋਸ਼ਿਤ ਅਤੇ ਕਾਇਮ ਰੱਖਣ ’ਚ ਸਮਰੱਥ ਬਣਾਇਆ, ਜਦੋਂ ਕਿ ਸੁਰੱਖਿਆ ਏਜੰਸੀਆਂ ਨੂੰ ਡਰੱਗਜ਼, ਅੱਤਵਾਦ ਅਤੇ ਵੱਖਵਾਦ ’ਚ ਇਕੱਠਿਆਂ ਸ਼ਾਮਲ ਗਿਰੋਹਾਂ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ। ਜਬਰਨ ਵਸੂਲੀ ਦੇ ਫ਼ੋਨ, ਜੋ ਕਦੇ ਮੁੰਬਈ ਦੇ ਪੁਰਾਣੇ ਅੰਡਰਵਰਲਡ ਨਾਲ ਜੁੜੇ ਸਨ, ਹੁਣ ਵਿਦੇਸ਼ਾਂ ’ਚ ਵਸੇ ਭਾਰਤੀਆਂ ਨੂੰ ਦਹਿਸ਼ਤਜ਼ਦਾ ਕਰਨ ਲਈ ਅਪਰਾਧਿਕ ਗਿਰੋਹਾਂ ਦਾ ਮਨਪਸੰਦ ਹਥਿਆਰ ਬਣ ਗਏ ਹਨ। ਸਾਥੀ ਭਾਰਤੀਆਂ ਨੂੰ ਸ਼ਿਕਾਰ ਬਣਾਉਂਦੇ ਹੋਏ, ਇਨ੍ਹਾਂ ਨੈੱਟਵਰਕਾਂ ਨੇ ਪ੍ਰਵਾਸੀ ਭਾਰਤੀਆਂ ਦੀ ਸਾਖ ਨੂੰ ਵੀ ਧੁੰਦਲਾ ਕੀਤਾ ਹੈ, ਅਕਸਰ ਕਮਜ਼ੋਰ ਵਿਦਿਆਰਥੀਆਂ ਨੂੰ ਮੋਹਰਿਆਂ ਦੇ ਰੂਪ ’ਚ ਵਰਤ ਕੇ।
ਇਹ ਮੁਹਿੰਮ ਭਾਰਤੀ ਪ੍ਰਵਾਸੀ ਭਾਈਚਾਰੇ ਦੀ ਸੁਰੱਖਿਆ ਵਧਾਉਣ ਦਾ ਇਕ ਮੌਕਾ ਪ੍ਰਦਾਨ ਕਰਦੀ ਹੈ। ਇਹ ਭਾਰਤ ਲਈ ਘਰੇਲੂ ਗਿਰੋਹਾਂ ਅਤੇ ਜਬਰਨ ਵਸੂਲੀ ਕਰਨ ਵਾਲੇ ਗਿਰੋਹਾਂ ਨੂੰ ਖ਼ਤਮ ਕਰਨ ਦਾ ਵੀ ਇਕ ਮੌਕਾ ਹੈ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵਪਾਰੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਸੰਦੇਸ਼ ਸਪੱਸ਼ਟ ਹੋਣਾ ਚਾਹੀਦਾ ਹੈ। ਗਿਰੋਹ ਸੰਸਕ੍ਰਿਤੀ ਦੀ ਚਕਾਚੌਂਧ ’ਚ ਫਸੇ ਨੌਜਵਾਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਇਹ ਰਸਤਾ ਸੱਤਾ ਜਾਂ ਖੁਸ਼ਹਾਲੀ ਵੱਲ ਨਹੀਂ, ਸਗੋਂ ਜੇਲ ਜਾਂ ਦੇਸ਼ ਨਿਕਾਲੇ ਵੱਲ ਲੈ ਜਾਂਦਾ ਹੈ। ਜੋ ਗਿਰੋਹ ਕਦੇ ਅਛੂਤ ਮੰਨੇ ਜਾਂਦੇ ਸਨ, ਹੁਣ ਵੱਖ-ਵੱਖ ਨਿਆਂ-ਖੇਤਰਾਂ ’ਚ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਭਾਰਤ ਨੂੰ ਇਸ ਮੌਕੇ ਦਾ ਲਾਭ ਉਠਾ ਕੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਸੰਗਠਿਤ ਅਪਰਾਧ ਇਕ ਲਾਭਦਾਇਕ ਧੰਦਾ ਨਾ ਰਹੇ, ਸਗੋਂ ਉਸ ਨੂੰ ਉਸ ਦੇ ਅਸਲ ਸਰੂਪ ’ਚ ਦੇਖਿਆ ਜਾਵੇ,ਇਕ ਉੱਚ ਜੋਖਮ ਵਾਲਾ, ਜ਼ੀਰੋ ਲਾਭ ਵਾਲਾ ਧੰਦਾ।
