ਜੀਵਨ ਦੇ ਹਰੇਕ ਖੇਤਰ ’ਚ ਲੋਕਾਂ ’ਚ ਵਧ ਰਹੀ ਹਿੰਸਾ ਦੀ ਭਾਵਨਾ!

Monday, Jul 13, 2026 - 03:46 AM (IST)

ਜੀਵਨ ਦੇ ਹਰੇਕ ਖੇਤਰ ’ਚ ਲੋਕਾਂ ’ਚ ਵਧ ਰਹੀ ਹਿੰਸਾ ਦੀ ਭਾਵਨਾ!

ਅੱਜ ਦੇ ਭੌਤਿਕਵਾਦੀ ਸਮਾਜ ’ਚ ਲੋਕਾਂ ਦੀ ਵਿਚਾਰਧਾਰਾ ’ਚ ਹੈਰਾਨੀਜਨਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ ਜਿਨ੍ਹਾਂ ਦਾ ਪਰਿਵਾਰਕ, ਸਮਾਜਿਕ ਅਤੇ ਰਾਜਨੀਤਕ ਜੀਵਨ ’ਤੇ ਪੈਣ ਵਾਲਾ ਮਾੜਾ ਪ੍ਰਭਾਵ ਭਾਰੀ ਹਿੰਸਾ ਦਾ ਕਾਰਨ ਬਣ ਰਿਹਾ ਹੈ।

ਇਸ ਕਾਰਨ ਜਿੱਥੇ ਰਾਜਨੀਤਕ ਕਤਲ ਹੋ ਰਹੇ ਹਨ, ਉੱਥੇ ਹੀ ਸਮਾਜਿਕ ਜੀਵਨ ’ਚ ਉਹ ਲੋਕ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ। ਇਸ ਦੀਆਂ ਪਿਛਲੇ ਸਾਢੇ 3 ਮਹੀਨਿਆਂ ਦੀਆਂ ਕੁਝ ਉਦਾਹਰਨਾਂ ਹੇਠਾਂ ਦਰਜ ਹਨ :

* 29 ਮਾਰਚ ਨੂੰ ‘ਲੁਧਿਆਣਾ’ (ਪੰਜਾਬ) ਦੇ ‘ਤਖਰਾਂ’ ਪਿੰਡ ’ਚ ਕਾਂਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਕਤਲ ਕਰ ਦਿੱਤਾ ਗਿਆ।

* 5 ਮਈ ਨੂੰ ‘ਬੀਰਭੂਮ’ (ਪੱਛਮੀ ਬੰਗਾਲ) ਦੇ ‘ਨੈਨੂਰ’ ’ਚ ਤ੍ਰਿਣਮੂਲ ਕਾਂਗਰਸ ਦੇ ਇਕ ਵਰਕਰ ‘ਅਬੀਰ ਸ਼ੇਖ’ ਦਾ ਕਤਲ ਕਰ ਦਿੱਤਾ ਗਿਆ।

* 6 ਮਈ ਨੂੰ ‘ਉੱਤਰ 24 ਪਰਗਨਾ’ (ਪੱਛਮੀ ਬੰਗਾਲ) ’ਚ ਭਾਜਪਾ ਆਗੂ ‘ਸ਼ੁਭੇਂਦੂ ਅਧਿਕਾਰੀ’ (ਮੌਜੂਦਾ ਮੁੱਖ ਮੰਤਰੀ) ਦੇ ਨਿੱਜੀ ਸਹਾਇਕ ‘ਚੰਦਰਨਾਥ ਰਥ’ ਦਾ ਬਦਮਾਸ਼ਾਂ ਨੇ ਤਾਬੜਤੋੜ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ।

* 31 ਮਈ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ ਭਾਜਪਾ ਯੁਵਾ ਮੋਰਚਾ ਦੀ ਜ਼ਿਲਾ ਕਮੇਟੀ ਦੇ ਮੈਂਬਰ ‘ਸ਼ਿਵਮ ਸਿੰਘ’ ਦਾ ਕਿਸੇ ਵਿਵਾਦ ਕਾਰਨ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

* 14 ਜੂਨ ਨੂੰ ‘ਦੇਹਰਾਦੂਨ’ (ਉੱਤਰਾਖੰਡ) ਦੇ ਵਿਕਾਸਨਗਰ ’ਚ ਦੋ ਧਿਰਾਂ ਵਿਚਾਲੇ ਹੋਏ ਵਿਵਾਦ ’ਚ ਭਾਜਪਾ ਵਰਕਰ ‘ਵਿਨੋਦ’ ਦਾ ਕਤਲ ਕਰ ਦਿੱਤਾ ਗਿਆ।

* 21 ਜੂਨ ਨੂੰ ‘ਮਥੁਰਾ’ (ਉੱਤਰ ਪ੍ਰਦੇਸ਼) ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ‘ਸਪਾ’ ਦੇ ਆਗੂ ‘ਸੇਨਾਪਤੀ ਕੁੰਤਲ’ ਦਾ ਲਾਠੀ-ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ।

* 23 ਜੂਨ ਨੂੰ ‘ਕੇਂਦਰਪਾੜਾ’ (ਓਡਿਸ਼ਾ) ’ਚ ਭਾਜਪਾ ਦੇ ਬੂਥ ਪ੍ਰਧਾਨ ‘ਤਪਨ ਦਾਸ’ ਨੂੰ ਸ਼ਰਾਬ ਦੇ ਨਸ਼ੇ ’ਚ ਧੁੱਤ ਇਕ ਵਿਅਕਤੀ ਨੇ ਮਾਮੂਲੀ ਬਹਿਸ ਤੋਂ ਬਾਅਦ ਲੱਕੜ ਦੇ ਫੱਟੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ।

* 23 ਜੂਨ ਨੂੰ ਹੀ ‘ਕਠਲਤਲੀ’ (ਤ੍ਰਿਪੁਰਾ) ’ਚ ਭਾਜਪਾ ਵਰਕਰ ‘ਸਮੀਰ ਦਾਸ’ ਦਾ ਕਹੀ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਮੁਲਜ਼ਮਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ।

* ਅਤੇ ਹੁਣ 9 ਜੁਲਾਈ ਨੂੰ ‘ਗੁੜਗਾਓਂ’ (ਹਰਿਆਣਾ) ’ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ’ਚ ਵਿਦੇਸ਼ ਤੋਂ ਫਿਰੌਤੀ ਗੈਂਗ ਚਲਾ ਰਹੇ ਗੈਂਗਸਟਰ ‘ਦੀਪਕ ਨਾਂਦਲ’ ਦੇ ਇਸ਼ਾਰੇ ’ਤੇ ਪ੍ਰਾਪਰਟੀ ਕਾਰੋਬਾਰੀ ‘ਵਿਸ਼ਾਲ ਬੇਰੀ’ ਦਾ ਕਤਲ ਕਰਨ ਪਹੁੰਚੇ 5 ’ਚੋਂ 4 ਸ਼ੂਟਰਾਂ ‘ਦੀਪਾ’ ਉਰਫ਼ ‘ਸੰਦੀਪ’, ‘ਆਰੀਅਨ’, ‘ਨਿਤਿਨ’ ਅਤੇ ‘ਅੰਕਿਤ’ ਨੂੰ ਪੁਲਸ ਨੇ ਮੁਕਾਬਲੇ ’ਚ ਢੇਰ ਕਰ ਦਿੱਤਾ ਜਦਕਿ ਪੰਜਵਾਂ ਮੁਲਜ਼ਮ ਸ਼ਿਵਮ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।

ਇਸ ਐਨਕਾਊਂਟਰ ’ਚ ਮਾਰੇ ਗਏ 4 ਅਪਰਾਧੀਆਂ ’ਚੋਂ 17 ਸਾਲਾ 2 ਨਾਬਾਲਗ ਅਜਿਹੇ ਸਨ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਪਰ ਗਲਤ ਸੰਗਤ ਨੇ ਉਨ੍ਹਾਂ ਨੂੰ ਮੌਤ ਦੇ ਮੂੰਹ ’ਚ ਧੱਕ ਦਿੱਤਾ।

ਨਾਬਾਲਗਾਂ ’ਚੋਂ ਇਕ ‘ਆਰੀਅਨ’ ਜੈਵਲਿਨ ਥਰੋਅ ਦਾ ਖਿਡਾਰੀ ਅਤੇ 12ਵੀਂ ਜਮਾਤ ਦਾ ਵਿਦਿਆਰਥੀ ਸੀ, ਜਦਕਿ ਦੂਜਾ ‘ਅੰਕਿਤ’ 8ਵੀਂ ਪਾਸ ਸੀ ਅਤੇ 4 ਭੈਣਾਂ ਦਾ ਇਕਲੌਤਾ ਭਰਾ ਸੀ। ਇਨ੍ਹਾਂ ਦੋਵਾਂ ਨੂੰ ਵਰਗਲਾ ਕੇ ‘ਸੰਦੀਪ’ ਉਰਫ਼ ‘ਦੀਪਾ’ ਦੀ ਕਾਰ ’ਚ ਬਿਠਾ ਕੇ ਗੁੜਗਾਓਂ ਲਿਆਂਦਾ ਗਿਆ ਸੀ।

ਉਕਤ ਘਟਨਾਵਾਂ ਨੂੰ ਦੇਖਦਿਆਂ ਮਨ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਕੀ ਸਾਡਾ ਸਮਾਜ ਇਸ ਕਦਰ ਅਸਹਿਣਸ਼ੀਲ ਹੋ ਰਿਹਾ ਹੈ ਕਿ ਮਾਮੂਲੀ ਜਿਹੀ ਗੱਲ ’ਤੇ ਹਿੰਸਾ ਕਰਨ ’ਤੇ ਉਤਾਰੂ ਹੋ ਜਾਂਦਾ ਹੈ।

ਮਨੋਵਿਗਿਆਨੀਆਂ ਅਨੁਸਾਰ ਹਿੰਸਕ ਵਿਚਾਰਾਂ ਦੀ ਸ਼ੁਰੂਆਤ ਮਨ ਤੋਂ ਹੁੰਦੀ ਹੈ ਜੋ ਬਾਅਦ ’ਚ ਅਮਲੀ ਰੂਪ ਲੈ ਕੇ ਹਿੰਸਾ ’ਚ ਤਬਦੀਲ ਹੋ ਜਾਂਦੀ ਹੈ। ਤਾਂ ਕੀ ਅਸੀਂ ਅੱਜ-ਕੱਲ ਹਿੰਸਾ ਵੱਲ ਜਾ ਰਹੇ ਹਾਂ ਜਦਕਿ ਸ਼ੁਰੂ ਤੋਂ ਹੀ ਸਾਡੀ ਸੱਭਿਅਤਾ ਤਾਂ ਅਹਿੰਸਾ ਅਤੇ ਸ਼ਾਂਤੀ ਦੀ ਧਾਰਨਾ ’ਤੇ ਆਧਾਰਿਤ ਰਹੀ ਹੈ। ਨਾ ਅਸੀਂ ਕਿਸੇ ਦੇਸ਼ ’ਤੇ ਹਮਲਾ ਕਰ ਕੇ ਉਸ ’ਤੇ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਕਿਸੇ ’ਤੇ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ।

ਇੱਥੋਂ ਤੱਕ ਕਿ ਅੰਗਰੇਜ਼ਾਂ ਵਿਰੁੱਧ ਵੀ ਸਾਡਾ ਸੰਘਰਸ਼ ਸ਼ਾਂਤੀਪੂਰਨ ਰਿਹਾ ਸੀ। ਤਾਂ ਹੁਣ ਸਾਡੀ ਵਿਚਾਰਧਾਰਾ ਅਤੇ ਕਾਰਨਾਮੇ ਹਿੰਸਕ ਕਿਉਂ ਹੁੰਦੇ ਜਾ ਰਹੇ ਹਨ? ਜਿੱਧਰ ਵੀ ਨਜ਼ਰ ਦੌੜਾਈਏ, ਰਾਜਨੀਤੀ ਅਤੇ ਸਮਾਜ ਦੋਵਾਂ ਹੀ ਖੇਤਰਾਂ ’ਚ ਹਰ ਪਾਸੇ ਲੋਕਾਂ ’ਤੇ ਹਿੰਸਾ ਹੀ ਹਾਵੀ ਦਿਖਾਈ ਦਿੰਦੀ ਹੈ।

ਦੇਸ਼ ’ਚ ਘਰੇਲੂ ਹਿੰਸਾ ’ਚ ਵੀ ਭਾਰੀ ਵਾਧਾ ਹੋ ਗਿਆ ਹੈ। ਬੱਚੇ, ਬਜ਼ੁਰਗ ਅਤੇ ਔਰਤਾਂ, ਹਰ ਉਮਰ ਅਤੇ ਹਰ ਵਰਗ ਦੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਇੱਥੋਂ ਤੱਕ ਕਿ ਹੁਣ 7 ਸਾਲ ਦੀ ਬੱਚੀ ਨਾਲ ਗੈਂਗਰੇਪ, ਕਤਲ ਵਰਗੀਆਂ ਭਿਆਨਕ ਖ਼ਬਰਾਂ ਨਾਲ ਅਖ਼ਬਾਰ ਭਰੇ ਰਹਿੰਦੇ ਹਨ। ਲੋਕਾਂ ’ਚ ਹਿੰਸਕ ਭਾਵਨਾ ਵਧਣ ਦਾ ਇਕ ਕਾਰਨ ਇਹ ਵੀ ਹੈ ਕਿ ਆਪਣੀ ਅਹਿਮੀਅਤ ਬਣਾਉਣ ਦੇ ਚਾਹਵਾਨ ਕੁਝ ਲੋਕ ਅਪਰਾਧ ਦਾ ਰਾਹ ਅਪਣਾ ਰਹੇ ਹਨ ਪਰ ਕੀ ਕਾਨੂੰਨੀ ਕਾਰਵਾਈ ਤੇਜ਼ ਅਤੇ ਪ੍ਰਭਾਵਸ਼ਾਲੀ ਹੋਣ ਦੀ ਲੋੜ ਨਹੀਂ?


author

Inder Prajapati

Content Editor

Related News