ਮੁਸ਼ਕਲਾਂ ਦੇ ਵਿਚਾਲੇ ਮੋਦੀ ਦੀ ਮੈਰਾਥਨ
Saturday, Jun 13, 2026 - 05:39 PM (IST)
ਨਰਿੰਦਰ ਮੋਦੀ ਭਾਰਤ ’ਤੇ ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਪ੍ਰਧਾਨ ਮੰਤਰੀ ਬਣ ਗਏ ਹਨ। 2024 ’ਚ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਮੋਦੀ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਬਰਾਬਰੀ ਕੀਤੀ ਸੀ, ਤਾਂ ਹੁਣ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੇ ਮਾਮਲੇ ’ਚ ਉਨ੍ਹਾਂ ਦਾ ਰਿਕਾਰਡ ਤੋੜ ਦਿੱਤਾ ਹੈ। 1989 ਤੋਂ ਬਾਅਦ ਦੇਸ਼ ਜਿਸ ਸਿਆਸੀ ਅਸਥਿਰਤਾ ’ਚੋਂ ਗੁਜ਼ਰਿਆ, ਉਸ ਦੇ ਮੱਦੇਨਜ਼ਰ ਇੰਨਾ ਲੰਬਾ ਪ੍ਰਧਾਨ ਮੰਤਰੀ ਕਾਰਜਕਾਲ ਮਹਿਜ਼ ਅੰਕੜਿਆਂ ਦੀ ਗੱਲ ਨਹੀਂ ਹੈ।
ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਇਸ ਦੇ ਗੂੜ੍ਹੇ ਅਰਥ ਹਨ। ਮੋਦੀ ਆਜ਼ਾਦ ਭਾਰਤ ’ਚ ਜਨਮੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਕੇਂਦਰ ’ਚ ਗੈਰ-ਕਾਂਗਰਸੀ ਸਰਕਾਰਾਂ ਦੀ ਅਗਵਾਈ ਤਾਂ ਮੋਰਾਰਜੀ ਭਾਈ ਦੇਸਾਈ, ਚੌਧਰੀ ਚਰਨ ਸਿੰਘ, ਵਿਸ਼ਵਨਾਥ ਪ੍ਰਤਾਪ ਸਿੰਘ, ਚੰਦਰਸ਼ੇਖਰ, ਐੱਚ.ਡੀ. ਦੇਵਗੌੜਾ ਅਤੇ ਇੰਦਰ ਕੁਮਾਰ ਗੁਜਰਾਲ ਨੇ ਵੀ ਕੀਤੀ ਪਰ ਉਹ ਮੂਲ ਰੂਪ ’ਚ ਕਾਂਗਰਸੀ ਹੀ ਸਨ। ਸਹੀ ਅਰਥਾਂ ’ਚ ਦੇਸ਼ ਦੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਬਣੇ। ਉਨ੍ਹਾਂ ਦੇ ਪ੍ਰਧਾਨ ਮੰਤਰੀ ਕਾਰਜਕਾਲ ’ਚ ਦੇਸ਼ ਨੇ ਦੂਜਾ ਪ੍ਰਮਾਣੂ ਪ੍ਰੀਖਣ ਵੀ ਕੀਤਾ ਪਰ ਗੱਠਜੋੜ ਸਹਿਯੋਗੀਆਂ ’ਤੇ ਟਿਕੀਆਂ ਉਨ੍ਹਾਂ ਦੀਆਂ ਸਰਕਾਰਾਂ ਹਿਚਕੋਲੇ ਜ਼ਿਆਦਾ ਖਾਂਦੀਆਂ ਰਹੀਆਂ। ਪਹਿਲੀ ਵਾਰ ਤਾਂ ਬਹੁਮਤ ਸਾਬਤ ਕੀਤੇ ਬਿਨਾਂ ਹੀ 13 ਦਿਨਾਂ ’ਚ ਵਿਦਾ ਹੋ ਗਈ, ਜਦੋਂ ਕਿ ਦੂਜੀ ਵਾਰ 13 ਮਹੀਨੇ ਚੱਲ ਸਕੀ। ਤੀਜੀ ਵਾਰ ਵਾਜਪਾਈ ਸਰਕਾਰ ਕੁਝ ਅਟੱਲ ਨਜ਼ਰ ਆ ਰਹੀ ਸੀ ਤਾਂ ‘ਸ਼ਾਈਨਿੰਗ ਇੰਡੀਆ’ ਦੀ ਆਤਮ-ਮੁਗਧਤਾ ’ਚ ਸਮੇਂ ਤੋਂ ਪਹਿਲਾਂ ਚੋਣਾਂ ਦੀ ਸ਼ਿਕਾਰ ਹੋ ਗਈ।
ਉਸ ਤੋਂ ਬਾਅਦ ਲਗਾਤਾਰ 10 ਸਾਲ ਕਾਂਗਰਸ ਦੀ ਅਗਵਾਈ ਵਾਲੇ ਯੂ. ਪੀ. ਏ. ਸ਼ਾਸਨ ਅਤੇ ਭਾਜਪਾ ਦੀਆਂ 2 ਵਾਰ ਚੋਣ ਹਾਰਾਂ ਦੇ ਮੱਦੇਨਜ਼ਰ ਦੇਖੀਏ ਤਾਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਚਿਹਰਾ ਬਣਾਉਣ ਤੋਂ ਬਾਅਦ ਬਦਲੀ ਦੇਸ਼ ਦੀ ਸਿਆਸੀ ਤਸਵੀਰ ਦਾ ਸਹੀ ਮਹੱਤਵ ਸਮਝਿਆ ਜਾ ਸਕਦਾ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ 2014 ਦੀਆਂ ਲੋਕ ਸਭਾ ਚੋਣਾਂ ’ਚ ਮਹਿਜ਼ 44 ਸੀਟਾਂ ’ਤੇ ਸਿਮਟ ਗਈ ਤਾਂ 4 ਦਹਾਕਿਆਂ ਦੇ ਲੰਬੇ ਅੰਤਰਾਲ ਤੋਂ ਬਾਅਦ ਕਿਸੇ ਇਕ ਦਲ ਦੇ ਰੂਪ ’ਚ ਭਾਜਪਾ ਸਪੱਸ਼ਟ ਬਹੁਮਤ ਹਾਸਲ ਕਰਨ ’ਚ ਸਫ਼ਲ ਹੋ ਗਈ।
ਦਰਅਸਲ ’ਚ 2014 ਦਾ ਚੋਣ ਨਤੀਜਾ ਕੇਂਦਰ ’ਚ ਸੱਤਾ ਪਰਿਵਰਤਨ ਨਾਲੋਂ ਜ਼ਿਆਦਾ ਦੇਸ਼ ’ਚ ਸਿਆਸਤ ਦਾ ਪਰਿਵਰਤਨ ਸੀ, ਜੋ ਹੁਣ ਲਗਾਤਾਰ ਤੀਜੀ ਵਾਰ ਕੇਂਦਰ ’ਚ ਮੋਦੀ ਸਰਕਾਰ ਅਤੇ ਦੇਸ਼ ਦੇ ਤਿੰਨ-ਚੌਥਾਈ ਰਾਜਾਂ ’ਚ ਭਾਜਪਾ ਜਾਂ ਐੱਨ. ਡੀ. ਏ. ਸਰਕਾਰ ਦੇ ਰੂਪ ’ਚ ਸਾਡੇ ਸਾਹਮਣੇ ਹੈ। ਇਸ ਲਈ ਮੋਦੀ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੇ 12 ਸਾਲ ਸਿਰਫ਼ ਇਕ ਅੰਕੜਾ ਨਹੀਂ, ਦੇਸ਼ ਦੇ ਸਿਆਸੀ ਦ੍ਰਿਸ਼ ’ਚ ਫ਼ੈਸਲਾਕੁੰਨ ਬਦਲਾਅ ਵੀ ਹੈ। ਮੁੱਖ ਸ਼ਾਸਕ ਦਲ ਦੇ ਰੂਪ ’ਚ ਭਾਜਪਾ ਨੇ ਕਾਂਗਰਸ ਦੀ ਜਗ੍ਹਾ ਲੈ ਲਈ ਹੈ ਪਰ ਸਰਗਰਮ ਅਤੇ ਪ੍ਰਭਾਵਸ਼ਾਲੀ ਵਿਰੋਧੀ ਧਿਰ ਵਜੋਂ ਕਾਂਗਰਸ ਅਜੇ ਤੱਕ ਭਾਜਪਾ ਦੀ ਜਗ੍ਹਾ ਲੈਂਦੀ ਨਹੀਂ ਦਿਸਦੀ। 2014 ’ਚ 44 ਸੀਟਾਂ ’ਤੇ ਸਿਮਟੀ ਕਾਂਗਰਸ ਵਿਰੋਧੀ ਗੱਠਜੋੜ ‘ਇੰਡੀਆ’ ਬਣਾ ਕੇ 2024 ’ਚ ਆਪਣੀਆਂ ਸੀਟਾਂ 99 ਤੱਕ ਪਹੁੰਚਾਉਣ ’ਚ ਤਾਂ ਸਫ਼ਲ ਰਹੀ ਪਰ ਗੱਠਜੋੜ ਧਰਮ ਤੋਂ ਲੈ ਕੇ ਜ਼ਿੰਮੇਵਾਰ ਵਿਰੋਧੀ ਧਿਰ ਤੱਕ ਦੀ ਭੂਮਿਕਾ ਨਿਭਾਉਣ ’ਚ ਨਾਕਾਮ ਹੀ ਨਜ਼ਰ ਆਉਂਦੀ ਹੈ।
ਬੇਸ਼ੱਕ 2019 ਦੀਆਂ ਲੋਕ ਸਭਾ ਚੋਣਾਂ ’ਚ 282 ਤੋਂ ਵੀ ਅੱਗੇ 303 ਸੀਟਾਂ ਤੱਕ ਪਹੁੰਚ ਗਈ ਭਾਜਪਾ 2024 ’ਚ 240 ਸੀਟਾਂ ’ਤੇ ਹੀ ਰੁਕ ਗਈ ਪਰ ਐਨ ਚੋਣਾਂ ਤੋਂ ਪਹਿਲਾਂ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ ਅਤੇ ਨਿਤੀਸ਼ ਕੁਮਾਰ ਦੇ ਜਨਤਾ ਦਲ ਯੂਨਾਈਟਿਡ ਦੀ ਐੱਨ. ਡੀ. ਏ. ’ਚ ਵਾਪਸੀ ਸੱਤਾ ਦੀ ਹੈਟ੍ਰਿਕ ਲਈ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਮਾਸਟਰ ਸਟ੍ਰੋਕ ਸਾਬਤ ਹੋਈ।
ਚੁਣੌਤੀਆਂ ਪਿਛਲੇ ਕਾਰਜਕਾਲਾਂ ’ਚ ਵੀ ਪੇਸ਼ ਆਈਆਂ ਸਨ ਪਰ ਮੋਦੀ ਸਰਕਾਰ ਕਈ ਮੋਰਚਿਆਂ ’ਤੇ ਇਤਿਹਾਸਕ ਦਿਸ਼ਾ-ਬਦਲਾਅ ’ਚ ਸਫ਼ਲ ਰਹੀ ਹੈ। ਧਾਰਾ 370 ਦੀ ਸਮਾਪਤੀ, ਤਿੰਨ ਤਲਾਕ ਪ੍ਰਥਾ ਦੀ ਸਮਾਪਤੀ, ਅਯੁੱਧਿਆ ’ਚ ਰਾਮ ਮੰਦਰ ਨਿਰਮਾਣ ਅਤੇ ਸਮਾਨ ਨਾਗਰਿਕ ਸੰਹਿਤਾ ਸਿਆਸੀ ਮੁੱਦੇ ਤਾਂ ਦਹਾਕਿਆਂ ਤੋਂ ਰਹੇ ਪਰ ਉਨ੍ਹਾਂ ਨੂੰ ਮੁਕਾਮ ਤੱਕ ਮੋਦੀ ਸਰਕਾਰ ਨੇ ਹੀ ਪਹੁੰਚਾਇਆ। ਰਾਜ ਸਭਾ ’ਚ ਬਹੁਮਤ ਤੋਂ ਬਿਨਾਂ ਅਜਿਹੇ ਦਿਸ਼ਾ-ਬਦਲੂ ਫ਼ੈਸਲੇ ਸਰਕਾਰ ਦੇ ਦ੍ਰਿੜ੍ਹ ਸੰਕਲਪ ਦੇ ਨਾਲ-ਨਾਲ ਕੁਸ਼ਲ ਸਿਆਸੀ ਪ੍ਰਬੰਧਨ ਦਾ ਪ੍ਰਮਾਣ ਵੀ ਹਨ। ਵਿਧਾਨਪਾਲਿਕਾ ’ਚ 33 ਫ਼ੀਸਦੀ ਮਹਿਲਾ ਰਾਖਵਾਂਕਰਨ 2029 ਤੋਂ ਹੀ ਲਾਗੂ ਕਰਨ ਦੇ ਇਰਾਦਿਆਂ ’ਤੇ ਹੱਦਬੰਦੀ ਬਿੱਲ ਡਿੱਗਣ ਨਾਲ ਬ੍ਰੇਕ ਤਾਂ ਲੱਗੀ ਹੈ ਪਰ ਖ਼ਾਸ ਕਰ ਕੇ ਪੱਛਮੀ ਬੰਗਾਲ ਜਿੱਤ ਤੋਂ ਬਾਅਦ ਤੇਜ਼ੀ ਨਾਲ ਬਦਲਦੇ ਸਿਆਸੀ ਸਮੀਕਰਨਾਂ ’ਚ ਉਹ ਬ੍ਰੇਕ ਇਸੇ ਸਾਲ ਹਟ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ‘ਇਕ ਦੇਸ਼, ਇਕ ਚੋਣ’ ਦੀ ਦਿਸ਼ਾ ’ਚ ਵੀ ਸਰਕਾਰ ਅੱਗੇ ਵਧ ਹੀ ਰਹੀ ਹੈ।
ਗੱਲ ਪੱਛਮੀ ਬੰਗਾਲ ਦੀ ਹੋ ਰਹੀ ਹੈ ਤਾਂ ਮੋਦੀ ਰਾਜ ’ਚ ਭਾਜਪਾ ਦੇ ਸਿਆਸੀ ਵਿਸਤਾਰ ’ਤੇ ਵੀ ਨਜ਼ਰ ਮਾਰਨੀ ਜ਼ਰੂਰੀ ਹੈ। ਪੂਰਵਵਰਤੀ ਜਨਸੰਘ ਦੇ 1977 ’ਚ ਜਨਤਾ ਪਾਰਟੀ ’ਚ ਰਲੇਵੇਂ ਤੋਂ ਬਾਅਦ 1980 ’ਚ ਨਵਾਂ ਅਵਤਾਰ ਲੈਣ ਵਾਲੀ ਭਾਜਪਾ ਅਗਲੀਆਂ ਲੋਕ ਸਭਾ ਚੋਣਾਂ ’ਚ ਮਹਿਜ਼ 2 ਸੀਟਾਂ ’ਤੇ ਸਿਮਟ ਗਈ ਸੀ। ਉਸੇ ਚੋਣ ’ਚ ਰਾਜੀਵ ਗਾਂਧੀ ਦੀ ਅਗਵਾਈ ’ਚ ਕਾਂਗਰਸ 400 ਤੋਂ ਵੀ ਵੱਧ ਸੀਟਾਂ ਜਿੱਤਣ ’ਚ ਸਫ਼ਲ ਰਹੀ ਸੀ, ਜੋ ਕਦੇ ਕਿਸੇ ਪ੍ਰਧਾਨ ਮੰਤਰੀ ਅਤੇ ਦਲ ਨੂੰ ਨਹੀਂ ਮਿਲੀਆਂ। ਜ਼ਾਹਿਰ ਹੈ, ਅਜਿਹੀ ਨਿਰਾਸ਼ਾਜਨਕ ਸ਼ੁਰੂਆਤ ਤੋਂ ਬਾਅਦ ਕੇਂਦਰੀ ਸੱਤਾ ਤੱਕ ਦਾ ਸਫ਼ਰ ਆਸਾਨ ਤਾਂ ਹਰਗਿਜ਼ ਨਹੀਂ ਰਿਹਾ। ਕਦੇ ਸ਼ਹਿਰੀ ਉੱਚ-ਵਰਗ ਦੀ ਪਾਰਟੀ ਕਹੀ ਜਾਣ ਵਾਲੀ ਭਾਜਪਾ ਦੀ ਸੱਤਾ ਦਾ ਕਮਲ ਅੱਜ ਉੱਤਰ-ਪੂਰਬ ਤੋਂ ਲੈ ਕੇ ਪੱਛਮੀ ਭਾਰਤ ਤੱਕ ਖਿੜ ਰਿਹਾ ਹੈ। ਗੁਜਰਾਤ ’ਚ ਉਹ ਦਹਾਕਿਆਂ ਤੋਂ ਸੱਤਾ ’ਚ ਹੈ, ਤਾਂ ਹਰਿਆਣਾ ਵਰਗੇ ਰਾਜ ’ਚ ਵੀ ਉਸ ਨੇ ਸੱਤਾ ਦੀ ‘ਹੈਟ੍ਰਿਕ’ ਦਾ ਚਮਤਕਾਰ ਕਰ ਦਿਖਾਇਆ ਹੈ। ਉੱਤਰ ਪ੍ਰਦੇਸ਼ ’ਚ ਵੀ ਅਗਲੇ ਸਾਲ ਸੱਤਾ ਦੀ ਹੈਟ੍ਰਿਕ ’ਚ ਸ਼ਾਇਦ ਹੀ ਕਿਸੇ ਨੂੰ ਕੋਈ ਸ਼ੱਕ ਹੋਵੇ।
ਬਿਹਾਰ ’ਚ ਪਹਿਲੇ ਭਾਜਪਾਈ ਮੁੱਖ ਮੰਤਰੀ ਦਾ ਸੁਪਨਾ ਸਾਕਾਰ ਹੋ ਚੁੱਕਾ ਹੈ ਤਾਂ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਭੂਮੀ ਬੰਗਾਲ ’ਚ ਵੀ ਪਿਛਲੇ ਮਹੀਨੇ ਭਾਰੀ ਬਹੁਮਤ ਨਾਲ ਭਾਜਪਾ ਦੀ ਸਰਕਾਰ ਸੱਤਾ ’ਚ ਆ ਚੁੱਕੀ ਹੈ। ਹਾਂ, ਦੱਖਣੀ ਭਾਰਤ ’ਚ ਸੱਤਾ ਦਾ ਸੁੰਨਾਪਣ ਜ਼ਰੂਰ ਰੜਕਦਾ ਹੋਵੇਗਾ ਪਰ ਉੱਥੋਂ ਦੀਆਂ ਵੱਖਰੀਆਂ ਜ਼ਮੀਨੀ ਸਿਆਸੀ ਲੋੜਾਂ ਨੂੰ ਸਮਝੇ ਬਿਨਾਂ ਅਤੇ ਉਸ ਦੇ ਅਨੁਕੂਲ ਲੰਬੇ ਸਮੇਂ ਦੀ ਰਣਨੀਤੀ ਬਣਾਏ ਬਿਨਾਂ ਉੱਥੇ ਕਮਲ ਖਿੜਨਾ ਮੁਸ਼ਕਲ ਹੈ। ਦੱਖਣੀ ਭਾਰਤ ਦੀ ਸਿਆਸਤ ਦਾ ਪ੍ਰਵੇਸ਼ ਦੁਆਰ ਕਹੇ ਜਾਣ ਵਾਲੇ ਕਰਨਾਟਕ ’ਚ ਕਮਲ ਖਿੜਿਆ ਵੀ ਸੀ, ਪਰ ਉਸ ਦੇ ਮੁਰਝਾ ਜਾਣ ’ਚ ਬਾਗਬਾਨਾਂ (ਸਥਾਨਕ ਆਗੂਆਂ) ਦੀਆਂ ਗ਼ਲਤੀਆਂ ਵੀ ਘੱਟ ਨਹੀਂ ਰਹੀਆਂ। ਫਿਰ ਵੀ ਮੁਸ਼ਕਲਾਂ ਦੇ ਵਿਚਾਲੇ ਮੋਦੀ ਦੀ ਇਹ ਮੈਰਾਥਨ ਭਾਰਤੀ ਸਿਆਸਤ ਦਾ ਇਕ ਇਤਿਹਾਸਕ ਅਧਿਆਇ ਹੈ।
— ਰਾਜ ਕੁਮਾਰ ਸਿੰਘ
(ਈਮੇਲ: journalistrksingh@gmail.com)
