‘ਏ. ਆਈ. ’ਤੇ ਮਨੁੱਖ ਦਾ ਕੰਟਰੋਲ ਜ਼ਰੂਰੀ ਹੈ’ ਨਾ ਕਿ ਏ. ਆਈ. ਦਾ ਮਨੁੱਖ ’ਤੇ!
Monday, Jun 08, 2026 - 04:03 AM (IST)
ਪਿਛਲੇ ਕੁਝ ਸਮੇਂ ਦੌਰਾਨ ਏ. ਆਈ. ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਦੁਨੀਆ ’ਚ ਬਹੁਤ ਤੇਜ਼ੀ ਨਾਲ ਪੈਰ ਪਸਾਰੇ ਹਨ ਅਤੇ ਵੱਡੀ ਗਿਣਤੀ ’ਚ ਬੱਚੇ ਤੇ ਵੱਡੇ ਸਾਰੇ ਇਸ ’ਤੇ ਨਿਰਭਰ ਹੁੰਦੇ ਜਾ ਰਹੇ ਹਨ। ਕੋਈ ਵੀ ਕੰਮ ਕਰਨਾ ਹੋਵੇ ਜਾਂ ਪੱਤਰ ਅਤੇ ਲੇਖ ਲਿਖਣਾ ਹੋਵੇ, ਏ. ਆਈ. ਦੁਆਰਾ ਚੈਟ ਜੀ. ਪੀ. ਟੀ. ਆਦਿ ਤੋਂ ਕੁਝ ਹੀ ਮਿੰਟਾਂ ’ਚ ਆਸਾਨੀ ਨਾਲ ਕਰਵਾ ਲਿਆ ਜਾਂਦਾ ਹੈ। ਲੋਕਾਂ ਨੇ ਇਸ ਨੂੰ ਕਿਸੇ ਵੀ ਕੰਮ ਨੂੰ ਨਿਪਟਾਉਣ ਦਾ ਆਸਾਨ ਰਸਤਾ ਮੰਨ ਕੇ ਬਹੁਤ ਤੇਜ਼ੀ ਨਾਲ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।
ਪਰ ਗੱਲ ਸਿਰਫ਼ ਕੁਝ ਮਿੰਟਾਂ ਦੀ ਨਹੀਂ ਹੈ, ਮੂਲ ਗੱਲ ਇਹ ਹੈ ਕਿ ਇਸਦੇ ਲਈ ਤੁਸੀਂ ਆਪਣੀ ਕਿੰਨੀ ਪ੍ਰਤਿਭਾ ਦੀ ਵਰਤੋਂ ਕਰ ਰਹੇ ਹੋ ਜਾਂ ਕੀ ਤੁਸੀਂ ਏ. ਆਈ. ਦੇ ਗੁਲਾਮ ਬਣ ਕੇ ਰਹਿਣਾ ਚਾਹੋਗੇ! ਏ. ਆਈ. ਦੇ ਲਾਭ ਭਾਵੇਂ ਕਿੰਨੇ ਵੀ ਕਿਉਂ ਨਾ ਹੋਣ, ਇਸ ਦੀਆਂ ਕੁਝ ਹਾਨੀਆਂ ਵੀ ਹਨ।
ਇਸੇ ਵਿਸ਼ੇ ’ਤੇ ਬੈਂਗਲੁਰੂ ’ਚ ਹਾਲ ਹੀ ’ਚ ਆਯੋਜਿਤ ਗੋਸ਼ਠੀ ’ਚ ਮਾਹਿਰਾਂ ਨੇ ਆਪਣੇ ਵਿਚਾਰ ਰੱਖੇ। ਮਾਹਿਰਾਂ ਨੇ ਏ. ਆਈ. ਦੀ ਲੋਕਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਨੂੰ ਲੈ ਕੇ ਸੁਚੇਤ ਕੀਤਾ ਕਿ ਕੋਈ ਵਿਅਕਤੀ ਜਦੋਂ ਆਪਣੇ ਤੌਰ ’ਤੇ ਕੁਝ ਲਿਖਣਾ ਜਾਂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਉਸ ਵਿਸ਼ੇ ’ਤੇ ਪੜ੍ਹਨਾ ਅਤੇ ਸੋਚਣਾ ਪੈਂਦਾ ਹੈ, ਪਰ ਏ. ਆਈ. ਦੀ ਸਹਾਇਤਾ ਲੈਣ ’ਤੇ ਵਿਅਕਤੀ ਨੂੰ ਕੁਝ ਵੀ ਸੋਚਣ ਦੀ ਲੋੜ ਨਹੀਂ ਪੈਂਦੀ।
ਜੇਕਰ ਕੋਈ ਵਿਅਕਤੀ ਖੁਦ ਨੂੰ ਇਕੱਲਾ ਮਹਿਸੂਸ ਕਰਦਾ ਹੈ ਤਾਂ ਚੈਟ ਬਾਕਸ ’ਤੇ ਗੱਲ ਕਰਨੀ ਸ਼ੁਰੂ ਕਰ ਦਿੰਦਾ ਹੈ, ਪਰ ਅਜਿਹਾ ਕਰਨ ਨਾਲ ਵਿਅਕਤੀ ਹੋਰ ਵੀ ਇਕੱਲਾ ਹੋ ਜਾਂਦਾ ਹੈ, ਹੌਲੀ-ਹੌਲੀ ਦੂਜਿਆਂ ਨਾਲ ਗੱਲ ਕਰਨ ਦਾ ਹੁਨਰ ਭੁੱਲ ਜਾਂਦਾ ਹੈ। ਲੋਕ ਹੁਣ ਆਪਣੇ-ਆਪਣੇ ਕਮਰਿਆਂ ’ਚ ਹੀ ਬੈਠ ਕੇ ਕੰਪਿਊਟਰਾਂ ’ਤੇ ਲੱਗੇ ਰਹਿੰਦੇ ਹਨ। ਲੰਮੇ ਸਮੇਂ ਤੱਕ ਅਜਿਹਾ ਕਰਨ ਵਾਲਿਆਂ ਅਤੇ ਆਪਣੇ ਇਕੱਲੇਪਣ ’ਚ ਸਿਮਟ ਕੇ ਰਹਿ ਜਾਣ ਵਾਲਿਆਂ ਨੂੰ ਏ. ਆਈ. ਮਾਨਸਿਕ ਤੌਰ ’ਤੇ ਪ੍ਰਭਾਵਿਤ ਕਰਦਾ ਹੈ।
ਹਰ ਵਿਅਕਤੀ ਕੋਲ ਦੂਜਿਆਂ ਨੂੰ ਸਿਖਾਉਣ ਲਈ ਕੁਝ ਨਾ ਕੁਝ ਹੁੰਦਾ ਹੈ ਪਰ ਏ. ਆਈ. ’ਚ ਸੰਵੇਦਨਾ ਜਾਂ ਭਾਵਨਾਤਮਿਕਤਾ ਨਹੀਂ ਹੋ ਸਕਦੀ। ਇਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਏ. ਆਈ. ਦੇ ਜ਼ਰੀਏ ਆਉਣ ਵਾਲੇ ਡਾਟਾ ਆਦਿ ’ਤੇ ਕਿਸੇ ਦਾ ਕੰਟਰੋਲ ਨਹੀਂ ਹੈ ਅਤੇ ਨਾ ਹੀ ਏ. ਆਈ. ਦੇ ਜ਼ਰੀਏ ਆਉਣ ਵਾਲੀ ਸਮੱਗਰੀ ਲਈ ਕੋਈ ਨਿਯਮ ਆਦਿ ਨਿਰਧਾਰਿਤ ਹਨ, ਇਸ ਲਈ ਏ. ਆਈ. ਦੀ ਸਹਾਇਤਾ ਲੈਣ ਵਾਲੇ ਨੂੰ ਗਲਤ ਡਾਟਾ ਵੀ ਦਿੱਤਾ ਜਾ ਸਕਦਾ ਹੈ।
ਇਹੀ ਨਹੀਂ, ਏ. ਆਈ. ਦੁਆਰਾ ਕਿਸੇ ਵਿਅਕਤੀ ਦੀ ਪ੍ਰਾਈਵੇਸੀ ’ਚੋਂ ਸਭ ਜਾਣਕਾਰੀਆਂ ਕੱਢ ਕੇ ਬਾਅਦ ’ਚ ਉਸ ਦੀ ਦੁਰਵਰਤੋਂ ਕਰ ਕੇ ਉਸ ਨੂੰ ਬਲੈਕਮੇਲ ਵੀ ਕੀਤਾ ਜਾ ਸਕਦਾ ਹੈ। ਇਸ ਲਈ ਇਸ ਸਬੰਧ ’ਚ ਸਖਤ ਨਿਯਮ ਬਣ ਜਾਣ ਤੱਕ ਏ. ਆਈ. ਨੂੰ ਆਪਣਾ ਮਿੱਤਰ ਨਹੀਂ ਬਣਾ ਸਕਦੇ। ਇਹ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਇਸ ’ਤੇ ਨਜ਼ਰ ਰੱਖਣ ਕਿ ਉਨ੍ਹਾਂ ਦੇ ਬੱਚੇ ਕਿੰਨੀ ਦੇਰ ਤੱਕ ਮੋਬਾਈਲ ਫੋਨ ਜਾਂ ਕੰਪਿਊਟਰ ’ਤੇ ਬੈਠ ਕੇ ਉੱਥੇ ਕੀ ਕਰ ਅਤੇ ਪੜ੍ਹ ਰਹੇ ਹਨ।
ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਏ. ਆਈ. ਦੇ ਜ਼ਰੀਏ ਸਿਰਫ ਸੱਚਾਈ ਹੀ ਦੱਸਣ ਦੇ ਨਿਯਮ ਬਣਾਉਣ, ਨਾ ਕਿ ਆਨਲਾਈਨ ਕੁਝ ਵੀ ਪਾ ਦਿੱਤਾ ਜਾਵੇ। ਜਦੋਂ ਤੱਕ ਅਜਿਹੇ ਨਿਯਮ ਨਹੀਂ ਬਣਨਗੇ, ਜੋ ਕਿ ਇਸ ਸਮੇਂ ਘੱਟ ਦੇਸ਼ਾਂ ਦੀਆਂ ਸਰਕਾਰਾਂ ਅਤੇ ਨਾ ਹੀ ਮਾਪੇ ਬਣਾ ਰਹੇ ਹਨ, ਉਦੋਂ ਤੱਕ ਏ. ਆਈ. ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਜਾਣਕਾਰੀਆਂ ਦੀ ਸੱਚਾਈ ’ਤੇ ਪ੍ਰਸ਼ਨਚਿੰਨ੍ਹ ਲੱਗਿਆ ਹੀ ਰਹੇਗਾ!
ਅਖਬਾਰਾਂ ਵੱਲੋਂ ਗਲਤ ਖਬਰ ਛਾਪਣ ’ਤੇ ਉਨ੍ਹਾਂ ’ਤੇ ਕੇਸ ਚੱਲਦਾ ਹੈ ਪਰ ‘ਆਨਲਾਈਨ’ ਵਿਅਕਤੀ ਕੁਝ ਵੀ ਕਰ ਸਕਦਾ ਹੈ ਅਤੇ ਉਸ ’ਤੇ ਕੋਈ ਕਾਰਵਾਈ ਨਹੀਂ ਹੋਵੇਗੀ। ਥੋੜ੍ਹਾ-ਬਹੁਤ ਬਸ ਇੰਨਾ ਹੈ ਕਿ ਕੁਝ ਵੈੱਬਸਾਈਟਾਂ ’ਤੇ ਸਬੰਧਿਤ ਵਿਅਕਤੀ ਦਾ ਡਾਟਾ ਰਿਮੂਵ ਕਰਨ ਦੀ ਵਿਵਸਥਾ ਹੈ, ਪਰ ਕਿਸ ਅਾਧਾਰ ’ਤੇ ਉਸ ਨੂੰ ਰਿਮੂਵ ਕੀਤਾ ਜਾ ਰਿਹਾ ਹੈ ਅਤੇ ਅਜਿਹਾ ਕੌਣ ਕਰ ਰਿਹਾ ਹੈ, ਇਹ ਫੈਸਲਾ ਕਰਨ ਦਾ ਕੋਈ ਪੈਮਾਨਾ ਨਹੀਂ ਹੈ।
ਏ. ਆਈ. ਦਾ ਭਾਵਨਾਤਮਕ ਤੌਰ ’ਤੇ ਵਿਅਕਤੀ ਦੀ ਬੁੱਧੀਮਤਾ ਆਦਿ ਸਭ ਚੀਜ਼ਾਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਮਨੁੱਖ ਦਾ ਵਿਕਾਸ ਵਿਚਾਰ ਪ੍ਰਕਿਰਿਆ ’ਤੇ ਨਿਰਭਰ ਕਰਦਾ ਹੈ। ਇਸ ’ਚ ਸੋਚਣਾ, ਨਵੀਂ ਚੀਜ਼ ਕੱਢਣੀ, ਦੂਜਿਆਂ ਨਾਲ ਜੁੜਨਾ ਅਤੇ ਭਾਵਨਾਤਮਕ ਤੇ ਮਾਨਸਿਕ ਰੂਪ ’ਚ ਦੋਵਾਂ ਦੇ ਵਿਕਾਸ ਦੇ ਕਾਰਨ ਅਸੀਂ ਇਥੋਂ ਤੱਕ ਪਹੁੰਚੇ ਹਾਂ ਅਤੇ ਇਹ ਕੰਮ ਜੇਕਰ ਬਾਹਰ ਦੀ ਕਿਸੇ ਅਜਿਹੀ ਹਸਤੀ ਨੂੰ ਦੇ ਦੇਵਾਂਗੇ, ਜਿਸ ’ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਅਤੇ ਜਿਸ ਦਾ ਕੋਈ ਅਾਧਾਰ ਹੀ ਨਹੀਂ ਹੈ ਅਤੇ ਜੋ ਸਾਡੇ ਹੱਥ ’ਚ ਵੀ ਨਹੀਂ ਹੈ, ਤਾਂ ਸਾਡੀ ਤਰੱਕੀ ਕਿਸ ਪਾਸੇ ਜਾਵੇਗੀ, ਇਹ ਕੌਣ ਦੱਸ ਸਕਦਾ ਹੈ?
ਇਸ ਦੁਨੀਆ ’ਚ ਸਾਡੀ ਹੋਂਦ ਦਾ ਕਾਰਨ ਸਾਡੀ ਵਿਗਿਆਨਿਕ ਸੋਚ, ਖੋਜ ਕਰਨ ਦੀ ਪ੍ਰਵਿਰਤੀ ਅਤੇ ਕਲਾਤਮਿਕਤਾ ਹੈ। ਜੇਕਰ ਅਸੀਂ ਇਨ੍ਹਾਂ ਨੂੰ ਤਿਆਗ ਦੇਵਾਂਗੇ ਤਾਂ ਸਾਡਾ ਕੀ ਬਣੇਗਾ?
ਇਨ੍ਹਾਂ ਸਭ ਗੱਲਾਂ ਦਾ ਸਾਰ ਇਹੀ ਹੈ ਕਿ ਏ. ਆਈ. ਦੀ ਵਰਤੋਂ ਕਰਨਾ ਨੌਜਵਾਨਾਂ ਲਈ ਜੋਖ਼ਮ ਭਰਿਆ ਹੋ ਸਕਦਾ ਹੈ। ਹਾਲਾਂਕਿ ਕਿਹਾ ਜਾਂਦਾ ਹੈ ਕਿ ਏ. ਆਈ. ਦੀ ਮੈਡੀਕਲ ਸਾਇੰਸ ’ਚ ਬਹੁਤ ਉਪਯੋਗਤਾ ਹੈ ਅਤੇ ਰੋਬੋਟ ਆਪ੍ਰੇਸ਼ਨ ਤੱਕ ਕਰ ਸਕਦੇ ਹਨ।
ਅਜੇ ਹਾਲ ਹੀ ’ਚ ਏ. ਆਈ. ’ਤੇ ਆਯੋਜਿਤ ਇਕ ਸੰਮੇਲਨ ’ਚ ਇਕ ਲੋਕ ਗਾਇਕ ਨੇ ਇਕ ਗੀਤ ਗਾਇਆ ਤਾਂ ਉੱਥੇ ਮੌਜੂਦ ਰੋਬੋਟ ਨੇ ਕਿਹਾ ਕਿ ਉਹ ਵੀ ਗਾ ਸਕਦਾ ਹੈ ਅਤੇ ਤੁਰੰਤ ਉਹ ਗਾਣਾ ਗਾ ਦਿੱਤਾ। ਇਸ ’ਤੇ ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਉਸ ਦੇ ਗਾਣੇ ’ਚ ਅਸਲੀ ਵਰਗੀ ਡੂੰਘਾਈ ਨਹੀਂ ਹੈ, ਤਾਂ ਰੋਬੋਟ ਨੇ ਕਿਹਾ ਕਿ ਮੈਂ ਅਗਲੀ ਵਾਰ ਗਾਵਾਂਗਾ ਤਾਂ ਮੇਰਾ ਗੀਤ ਵੀ ਅਸਲੀ ਵਾਲੇ ਲੈਵਲ ’ਤੇ ਆ ਜਾਵੇਗਾ।
ਜਦੋਂ ਇਕ ਫਿਲਮ ਦੀ ਕਹਾਣੀ ਦੱਸ ਕੇ ਉਸ ਤੋਂ ਪੁੱਛਿਆ ਕਿ ਕੀ ਤੁਸੀਂ ਇਸ ਦੀ ਅੱਗੇ ਦੀ ਕਹਾਣੀ (ਸੀਕਵਲ) ਲਿਖ ਸਕਦੇ ਹੋ ਤਾਂ ਉਸ ਨੇ ਪੰਜ ਮਿੰਟ ’ਚ ਹੀ ਸਟੋਰੀ ਦਾ ਪ੍ਰਿੰਟ ਕੱਢ ਕੇ ਦੇ ਦਿੱਤਾ।
ਅਮਰੀਕਾ ’ਚ 21 ਫੀਸਦੀ ਡਾਕਟਰ ਭਾਰਤੀ ਹਨ, ਪਰ ਉੱਥੇ ਇਕ ਨਰਸ ਨੇ ਏ. ਆਈ. ਨਾਲ ਲੋਕਾਂ ਨੂੰ ਡਾਇਗਨੋਜ਼ ਕਰਨ ਦੀ ਗੱਲ ਕਹੀ ਹੈ, ਜਿਸ ਨੂੰ ਅਜਿਹਾ ਕਰਨ ਲਈ ਟਰੰਪ ਪ੍ਰਸ਼ਾਸਨ ਬਹੁਤ ਉਤਸ਼ਾਹਿਤ ਕਰ ਰਿਹਾ ਹੈ। ਪਰ ਇਸ ’ਚ ਦਿੱਕਤ ਇਹ ਹੈ ਕਿ ਕੋਈ ਬੀਮਾਰੀ ਗਲਤ ਡਾਇਗਨੋਜ਼ ਹੋਣ ਜਾਂ ਮਰੀਜ਼ ਦੀ ਮੌਤ ਵਰਗੀ ਗੜਬੜ ਲਈ ਕੌਣ ਜ਼ਿੰਮੇਵਾਰ ਹੋਵੇਗਾ—ਹਸਪਤਾਲ, ਡਾਕਟਰ ਜਾਂ ਏ. ਆਈ.? ਕੁੱਲ ਮਿਲਾ ਕੇ ਸਿੱਟਾ ਇਹੀ ਨਿਕਲਦਾ ਹੈ ਕਿ ਕਿਸੇ ਵੀ ਚੀਜ਼ ਨੂੰ ਜਦੋਂ ਬੇਲਗਾਮ ਛੱਡ ਦਿੱਤਾ ਜਾਂਦਾ ਹੈ ਤਾਂ ਉਸ ਨਾਲ ਗਲਤੀਆਂ ਵਧਣ ਦਾ ਖਦਸ਼ਾ ਹੁੰਦਾ ਹੈ, ਇਸ ਲਈ ਏ. ਆਈ. ’ਤੇ ਮਨੁੱਖੀ ਕੰਟਰੋਲ ਜ਼ਰੂਰੀ ਹੈ, ਨਾ ਕਿ ਏ. ਆਈ. ਦਾ ਮਨੁੱਖ ’ਤੇ।
