ਪ੍ਰਜਨਣ ਦਰ ’ਚ ਗਿਰਾਵਟ ਦਾ ਇਕ ਨਵਾਂ ਗੁਨਾਹਗਾਰ : ਸਮਾਰਟਫੋਨ!

Wednesday, Jun 10, 2026 - 05:29 PM (IST)

ਪ੍ਰਜਨਣ ਦਰ ’ਚ ਗਿਰਾਵਟ ਦਾ ਇਕ ਨਵਾਂ ਗੁਨਾਹਗਾਰ : ਸਮਾਰਟਫੋਨ!

ਮਾਹਿਰ ਲੰਬੇ ਸਮੇਂ ਤੋਂ ਇਹ ਸੋਚ ਰਹੇ ਸਨ ਕਿ ਕੀ ਫੋਨ ਨੇ ਜਨਮ ਦਰ ’ਚ ਗਿਰਾਵਟ ’ਚ ਕੋਈ ਭੂਮਿਕਾ ਨਿਭਾਈ ਹੈ, ਜੋ 2007 ’ਚ ਸ਼ੁਰੂ ਹੋਈ ਸੀ—ਉਸੇ ਸਾਲ, ਜਦੋਂ ਐਪਲ ਨੇ ਆਈਫੋਨ ਪੇਸ਼ ਕੀਤਾ ਸੀ ਪਰ ਹੁਣ ਤੱਕ ਇਸ ਨੂੰ ਸਾਬਤ ਕਰਨ ਲਈ ਕੋਈ ਪੁਖਤਾ ਸਬੂਤ ਨਹੀਂ ਸੀ। ਦੋ ਨਵੇਂ ਖੋਜ ਪੱਤਰ, ਜਿਨ੍ਹਾਂ ’ਚੋਂ ਇਕ ਪਿਛਲੇ ਸੋਮਵਾਰ ਨੂੰ ਅਤੇ ਦੂਜਾ ਮਈ ’ਚ ਪ੍ਰਕਾਸ਼ਿਤ ਹੋਇਆ, ਪਹਿਲੇ ਅਜਿਹੇ ਅਕਾਦਮਿਕ ਯਤਨ ਹਨ, ਜੋ ਇਹ ਜਾਂਚ ਕਰਦੇ ਹਨ ਕਿ ਕੀ ਸਮਾਰਟਫੋਨ ਇਸਦਾ ਇਕ ਕਾਰਨ ਸੀ?

ਇਹ ਪਿਛਲੇ 20 ਸਾਲਾਂ ’ਚ ਅਮਰੀਕਾ ਅਤੇ ਹੋਰ ਦੇਸ਼ਾਂ ’ਚ ਪ੍ਰਜਨਣ ਦਰ ’ਚ ਆਈ ਵਿਆਪਕ ਗਿਰਾਵਟ ਨੂੰ ਸਮਝਾਉਣ ਦੇ ਸਭ ਤੋਂ ਹਾਲੀਆ ਯਤਨ ਹਨ। ਖੋਜਕਰਤਾ ਪਹਿਲਾਂ ਹੀ ਗਰਭ ਨਿਰੋਧਕ ਦੀ ਵਰਤੋਂ, ਗਰਭਪਾਤ ਦੀਆਂ ਦਰਾਂ, ਔਰਤਾਂ ਦੇ ਸਿੱਖਿਆ ਪੱਧਰ ’ਚ ਵਾਧਾ ਅਤੇ ਇੱਥੋਂ ਤੱਕ ਕਿ ਪ੍ਰਸਿੱਧ ਟੈਲੀਵਿਜ਼ਨ ਸ਼ੋਅ ‘16 ਐਂਡ ਪ੍ਰੈਗਨੈਂਟ’ ’ਤੇ ਵੀ ਗੌਰ ਕਰ ਚੁੱਕੇ ਹਨ। ਇਹ ਸਾਬਤ ਕਰਨਾ ਕਿ ਫੋਨ ਦੇ ਕਾਰਨ ਇਹ ਗਿਰਾਵਟ ਆਈ ਹੈ, ਇਕ ਗੁੰਝਲਦਾਰ ਕੰਮ ਹੈ। ਵਿਗਿਆਨਕ ਸਬੂਤਾਂ ਲਈ ਸਭ ਤੋਂ ਵਧੀਆ ਪੈਮਾਨਾ ‘ਰੈਂਡਮ ਅਸਾਈਨਮੈਂਟ’ ਵਜੋਂ ਜਾਣਿਆ ਜਾਂਦਾ ਹੈ। ਇਹ ਉਨ੍ਹਾਂ ਲੋਕਾਂ ਦੇ ਨਤੀਜਿਆਂ ਦੀ ਤੁਲਨਾ ਕਰਦਾ ਹੈ ਜਿਨ੍ਹਾਂ ਨੂੰ ਬੇਤਰਤੀਬੇ ਢੰਗ ਨਾਲ ਕੋਈ ਟ੍ਰੀਟਮੈਂਟ (ਜਿਵੇਂ ਸਮਾਰਟਫੋਨ ਮਿਲਣਾ) ਦੇਣ ਲਈ ਚੁਣਿਆ ਜਾਂਦਾ ਹੈ, ਉਨ੍ਹਾਂ ਲੋਕਾਂ ਨਾਲ ਜਿਨ੍ਹਾਂ ਨੂੰ ਉਹ ਨਹੀਂ ਮਿਲਦਾ।

ਪਰ ਘਟਦੀ ਪ੍ਰਜਨਣ ਦਰ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਮਾਮਲੇ ’ਚ ਅਜਿਹਾ ਕਰਨਾ ਸੰਭਵ ਨਹੀਂ ਹੈ। ਇਸ ਲਈ ਖੋਜਕਰਤਾਵਾਂ ਨੇ ਸਮਾਰਟਫੋਨ ਬਾਰੇ ਅਜਿਹਾ ਡਾਟਾ ਲੱਭਿਆ, ਜੋ ਇਸ ’ਚ ਰੈਂਡਮਨੈੱਸ ਲਿਆਉਂਦਾ ਹੋਵੇ। ਮਿਡਿਲਬਰੀ ਕਾਲਜ ਦੀ ਅਰਥਸ਼ਾਸਤਰੀ ਕੈਟਲਿਨ ਮਾਇਰਸ ਅਤੇ ਉਨ੍ਹਾਂ ਦੇ ਵਿਦਿਆਰਥੀ ਐਜ਼ੇਕੀਏਲ ਹੂਪਰ ਨੇ ਪ੍ਰਜਨਣ ਸਮਰੱਥਾ ’ਤੇ ਫੋਨ ਦੇ ਪ੍ਰਭਾਵਾਂ ਨੂੰ ਵੱਖ ਕਰਨ ਲਈ ਆਈਫੋਨ ਦੇ ਸ਼ੁਰੂਆਤੀ ਦੌਰ ਦੇ ਅਸਮਾਨ ਅਤੇ ਬਿਖਰੇ ਹੋਏ ਰੋਲਆਊਟ ਦੀ ਵਰਤੋਂ ਕੀਤੀ। ਉਨ੍ਹਾਂ ਨੇ ਲਿਖਿਆ ਕਿ ਪਹਿਲਾ ਆਈਫੋਨ ਜੂਨ, 2007 ’ਚ ਜਾਰੀ ਕੀਤਾ ਗਿਆ ਸੀ ਅਤੇ ਇਹ ਫਰਵਰੀ 2011 ਤੱਕ ਸਿਰਫ਼ AT ਐਂਡ T ਨੈੱਟਵਰਕ ’ਤੇ ਹੀ ਉਪਲਬਧ ਸੀ। ਇਸ ਅਧਿਐਨ ਨੇ ਉਨ੍ਹਾਂ ਅਮਰੀਕੀ ਕਾਊਂਟੀਆਂ ’ਚ ਪ੍ਰਜਨਣ ਦਰਾਂ ਦੀ ਤੁਲਨਾ ਕੀਤੀ, ਜਿੱਥੇ ਲਗਭਗ ਹਰ ਜਗ੍ਹਾ AT ਐਂਡ T ਦਾ ਕਵਰੇਜ ਸੀ, ਉਨ੍ਹਾਂ ਕਾਊਂਟੀਆਂ ਨਾਲ ਜਿੱਥੇ ਇਹ ਕਵਰੇਜ ਬਹੁਤ ਘੱਟ ਜਾਂ ਬਿਲਕੁਲ ਨਹੀਂ ਸੀ।

ਨੈਸ਼ਨਲ ਬਿਊਰੋ ਆਫ਼ ਇਕਨਾਮਿਕ ਰਿਸਰਚ ’ਚ ਪ੍ਰਕਾਸ਼ਿਤ ਉਨ੍ਹਾਂ ਦੇ ਪੇਪਰ ’ਚ ਪਾਇਆ ਗਿਆ ਕਿ ਆਈਫੋਨ 2007 ਅਤੇ 2011 ਦੇ ਵਿਚਾਲੇ ਫਰਟੀਲਿਟੀ ’ਚ ਆਈ ਗਿਰਾਵਟ ਦੇ ਅੱਧੇ ਹਿੱਸੇ ਤੱਕ ਦੀ ਵਜ੍ਹਾ ਬਣਿਆ। ਸਭ ਤੋਂ ਸਪੱਸ਼ਟ ਪ੍ਰਭਾਵ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ’ਚ ਦੇਖੇ ਗਏ। ਆਈਫੋਨ ਵਾਲੀਆਂ ਕਾਊਂਟੀਆਂ ’ਚ ਕੀ ਹੋਇਆ? ਪ੍ਰੋਫੈਸਰ ਮਾਇਰਸ ਨੇ ਕਿਹਾ ਕਿ ਇਕ ਸਿਧਾਂਤ ਇਹ ਹੈ ਕਿ ਨੌਜਵਾਨਾਂ ਨੇ ਆਪਣੇ ਫੋਨ ’ਤੇ ਜ਼ਿਆਦਾ ਅਤੇ ਵਿਅਕਤੀਗਤ ਰੂਪ ’ਚ ਘੱਟ ਮੇਲ-ਜੋਲ ਵਧਾਉਣਾ ਸ਼ੁਰੂ ਕਰ ਦਿੱਤਾ ਅਤੇ ਇਸਦੇ ਨਤੀਜੇ ਵਜੋਂ ਉਨ੍ਹਾਂ ਦੇ ਸਬੰਧ ਬਣਾਉਣ ਅਤੇ ਗਰਭਵਤੀ ਹੋਣ ਦੀ ਸੰਭਾਵਨਾ ਘੱਟ ਗਈ।

ਪ੍ਰੋਫੈਸਰ ਮਾਇਰਸ ਨੇ ਕਿਹਾ ਕਿ ਆਈਫੋਨ ਨੇ ਪੋਰਨੋਗ੍ਰਾਫੀ ਨੂੰ ਵੀ ਵਧੇਰੇ ਸੁਲਭ ਬਣਾ ਦਿੱਤਾ ਹੋਵੇਗਾ, ਜਿਸ ਨਾਲ ਨੌਜਵਾਨਾਂ ਨੇ ਇਸ ਨੂੰ ਜਿਨਸੀ ਸਬੰਧਾਂ ਦੇ ਇਕ ਬਦਲ ਵਜੋਂ ਅਪਣਾ ਲਿਆ, ਜਾਂ ਨੌਜਵਾਨਾਂ ਨੇ ਗਰਭਧਾਰਨ ਤੋਂ ਬਚਣ ਲਈ ਬਿਹਤਰ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਇਸਦੀ ਵਰਤੋਂ ਕੀਤੀ ਹੋ ਸਕਦੀ ਹੈ, ਜਿਸ ’ਚ ਗਰਭ ਨਿਰੋਧਕ ਅਤੇ ਗਰਭਪਾਤ ਸ਼ਾਮਲ ਹਨ। ਇਸ ਅਧਿਐਨ ’ਚ ਸ਼ਾਮਲ ਨਹੀਂ ਰਹੇ ਖੋਜਕਰਤਾਵਾਂ ਨੇ ਕਿਹਾ ਕਿ ਇਹ ਨਤੀਜੇ ਠੋਸ ਅਤੇ ਭਰੋਸੇਯੋਗ ਸਨ।

ਘਟਦੀ ਜਨਮ ਦਰ, ਜੋ ਕਦੇ ਅਮੀਰ ਸਮਾਜਾਂ ਦੀ ਵਿਸ਼ੇਸ਼ਤਾ ਹੋਇਆ ਕਰਦੀ ਸੀ, ਹੁਣ ਇਕ ਲਗਭਗ ਗਲੋਬਲ ਘਟਨਾ ਹੈ। ਇਸ ਗਿਰਾਵਟ ਦੇ ਵਿਆਪਕ ਪਸਾਰ ਨੇ ਖੋਜਕਰਤਾਵਾਂ ਨੂੰ ਇਸਦੇ ਆਮ ਕਾਰਕਾਂ ਦੀ ਭਾਲ ਕਰਨ ਲਈ ਮਜਬੂਰ ਕਰ ਦਿੱਤਾ ਹੈ। ਦੂਜੇ ਅਧਿਐਨ ਦੇ ਲੇਖਕਾਂ ਨੇ ਵੀ ਸਮਾਰਟਫੋਨ ਵੱਲ ਦੇਖਣ ਦਾ ਫੈਸਲਾ ਕੀਤਾ। ਯੂਨੀਵਰਸਿਟੀ ਆਫ਼ ਸਿਨਸਿਨਾਟੀ ’ਚ ਅਰਥਸ਼ਾਸਤਰ ਦੇ ਪ੍ਰੋਫੈਸਰ ਹਰਨਾਨ ਮੋਸਕੋਸੋ ਬੋਏਦੋ ਅਤੇ ਪੀਐੱਚ. ਡੀ. ਵਿਦਿਆਰਥੀ ਨਾਥਨ ਹਡਸਨ ਨੇ 128 ਦੇਸ਼ਾਂ ’ਚ ਸਮਾਰਟਫੋਨ ਦੀ ਪਹੁੰਚ ਅਤੇ ਕਿਸ਼ੋਰ ਪ੍ਰਜਨਣ ਦਰਾਂ ਨੂੰ ਮਾਪਣ ਵਾਲੇ ਵਿਸ਼ਵ ਬੈਂਕ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਮੈਕਸੀਕੋ, ਤੁਰਕੀ, ਈਰਾਨ, ਕੋਸਟਾਰਿਕਾ, ਗੁਆਟੇਮਾਲਾ ਅਤੇ ਚਿਲੀ ਵਰਗੇ ਵੱਖ-ਵੱਖ ਦੇਸ਼ਾਂ ’ਚ, ਉਨ੍ਹਾਂ ਨੇ ਪਾਇਆ ਕਿ ਸਮਾਰਟਫੋਨ ਦੇ ਇਕ ਵਿਆਪਕ ਜਨ-ਸਾਧਨ ਬਣਨ ਤੋਂ ਬਾਅਦ ਕਿਸ਼ੋਰ ਪ੍ਰਜਨਣ ਦਰ ’ਚ ਗਿਰਾਵਟ ਤੇਜ਼ ਹੋ ਗਈ।

ਬਾਰੂਕ ਕਾਲਜ ਦੇ ਅਰਥਸ਼ਾਸਤਰੀ ਥੀਓਡੋਰ ਜੋਇਸ ਨੇ ਕਿਹਾ ਕਿ ਉਹ ਦੋਵਾਂ ਅਧਿਐਨਾਂ ਨੂੰ ਲੈ ਕੇ ਖਦਸ਼ੇ ’ਚ ਹਨ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਜਨਮ ਦੀ ਗਿਣਤੀ 1990 ਦੇ ਦਹਾਕੇ ਤੋਂ ਹੀ ਡਿੱਗ ਰਹੀ ਹੈ, ਜੋ ਤਕਨਾਲੋਜੀ ਦੇ ਪਰਦੇ ’ਤੇ ਆਉਣ ਤੋਂ ਬਹੁਤ ਪਹਿਲਾਂ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰ ਮਾਇਰਸ ਦੇ ਪੇਪਰ ਨੇ ਉਸ ਛੋਟੀ ਮਿਆਦ ਦੀ ਜਾਂਚ ਕੀਤੀ, ਜਦੋਂ ਸਮਾਰਟਫੋਨ ਪੂਰੀ ਤਰ੍ਹਾਂ ਬਾਜ਼ਾਰ ’ਚ ਨਹੀਂ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਕਲਪਨਾ ਸਹੀ ਹੋ ਸਕਦੀ ਹੈ ਪਰ ‘ਅਜੇ ਵੀ ਕਾਲਪਨਿਕ ਬਣੀ ਹੋਈ ਹੈ।’

-ਸਬਰੀਨਾ ਟੈਵਰਨੀਸ


author

Harpreet SIngh

Content Editor

Related News