ਕਿਸਾਨਾਂ ’ਤੇ ਦੋਹਰਾ ਸੰਕਟ ਇਕ ਤਾਂ ਬਰਸਾਤ ਘੱਟ ਅਤੇ ਦੂਜਾ ਯੂਰੀਆ ਦੀ ਘਾਟ!
Wednesday, Jun 10, 2026 - 02:19 AM (IST)
ਦੇਸ਼ ’ਚ 1 ਤੋਂ 8 ਜੂਨ ਦਰਮਿਆਨ ਲਗਭਗ 12 ਫੀਸਦੀ ਘੱਟ ਬਾਰਸ਼ ਦਰਜ ਕੀਤੀ ਗਈ ਹੈ। ਇਕ ਪਾਸੇ ਮੌਸਮ ਵਿਭਾਗ ‘ਅਲ ਨੀਨੋ’ ਦੇ ਪ੍ਰਭਾਵ ਕਾਰਨ ਆਮ ਨਾਲੋਂ ਘੱਟ ਮਾਨਸੂਨ ਦੀ ਭਵਿੱਖਬਾਣੀ ਕਰ ਰਿਹਾ ਹੈ, ਤਾਂ ਦੂਜੇ ਪਾਸੇ ਈਰਾਨ ਅਤੇ ਅਮਰੀਕਾ ’ਚ ਛਿੜੀ ਜੰਗ ਕਾਰਨ ਦੇਸ਼ ’ਚ ਯੂਰੀਆ ਖਾਦ ਦੀ ਕਿੱਲਤ ਪੈਦਾ ਹੋ ਗਈ ਹੈ ਅਤੇ ਇਸ ਦੇ ਵਿਰੋਧ ’ਚ ਹੁਣ ਕਿਸਾਨ ਸੜਕਾਂ ’ਤੇ ਉਤਰਨ ਲੱਗੇ ਹਨ!
ਯੂਰੀਆ ਅਤੇ ਹੋਰ ਖਾਦਾਂ ਖ਼ਰੀਫ਼ ਦੀ ਫ਼ਸਲ ਲਈ ਬਹੁਤ ਜ਼ਰੂਰੀ ਮੰਨੀਆਂ ਜਾਂਦੀਆਂ ਹਨ ਅਤੇ ਸਮੇਂ ਸਿਰ ਖਾਦ ਉਪਲਬਧ ਨਾ ਹੋਣ ’ਤੇ ਝੋਨਾ, ਮੱਕੀ, ਕਪਾਹ ਅਤੇ ਹੋਰ ਮੁੱਖ ਫ਼ਸਲਾਂ ਦੀ ਬਿਜਾਈ ਅਤੇ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ।
ਖ਼ਰੀਫ਼ ਦੇ ਸੀਜ਼ਨ ਦੀ ਮੁੱਖ ਫ਼ਸਲ ਝੋਨਾ ਹੈ ਅਤੇ ਇਸ ’ਚ ਆਮ ਤੌਰ ’ਤੇ 2 ਵਾਰ ਯੂਰੀਆ ਖਾਦ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਬਹੁਤ ਸਾਰੇ ਰਾਜਾਂ ’ਚ ਕਿਸਾਨਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਯੂਰੀਆ ਖਾਦ ਨਹੀਂ ਮਿਲ ਰਹੀ।
ਹਾਲਾਂਕਿ ਸਾਲ 2022 ਤੋਂ ਹੀ ਕੇਂਦਰ ਸਰਕਾਰ ਭਾਰਤ ’ਚ ਜਲਦੀ ਹੀ ਯੂਰੀਆ ਦੇ ਮਾਮਲੇ ’ਚ ਆਤਮ-ਨਿਰਭਰ ਹੋ ਜਾਣ ਦਾ ਦਾਅਵਾ ਕਰਦੀ ਆ ਰਹੀ ਹੈ ਪਰ ਅਜੇ ਵੀ ਯੂਰੀਆ ਦੀ ਕੁੱਲ ਖਪਤ ਦਾ ਲਗਭਗ ਇਕ ਚੌਥਾਈ ਹਿੱਸਾ ਦਰਾਮਦ ਕੀਤਾ ਜਾਂਦਾ ਹੈ।
ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਦਾ ਪ੍ਰਭਾਵ ਹੁਣ ਭਾਰਤ ਦੀ ਖੇਤੀ ’ਤੇ ਵੀ ਪੈਣ ਲੱਗਾ ਹੈ। ‘ਹੋਰਮੁਜ਼ ਸਟ੍ਰੇਟ’ ਦੇ ਰਸਤੇ ਗੈਸ ਦੀ ਸਪਲਾਈ ’ਚ ਰੁਕਾਵਟ ਕਾਰਨ ਦੇਸ਼ ’ਚ ਕੁਦਰਤੀ ਗੈਸ ਦੀ ਕਮੀ ਵੀ ਪੈਦਾ ਹੋ ਗਈ ਹੈ।
ਇਸ ਨਾਲ ਇਸ ਖੇਤਰ ’ਚ ਪਾਨੀਪਤ, ਨੰਗਲ ਅਤੇ ਬਠਿੰਡਾ ਸਥਿਤ ਯੂਰੀਆ ਖਾਦ ਬਣਾਉਣ ਵਾਲੇ ਪਲਾਂਟਾਂ ਨੂੰ ਗੈਸ ਦੀ ਸਪਲਾਈ ’ਚ 30-35 ਫੀਸਦੀ ਦੀ ਕਮੀ ਆ ਜਾਣ ਕਾਰਨ ਯੂਰੀਆ ਖਾਦ ਦੇ ਉਤਪਾਦਨ ’ਚ 25-30 ਫੀਸਦੀ ਦੀ ਕਮੀ ਹੋਣ ਨਾਲ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਸ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ ’ਤੇ ਪਵੇਗਾ।
ਇਕ ਖਾਦ ਡੀਲਰ ਦਾ ਕਹਿਣਾ ਹੈ ਕਿ ਜੇਕਰ ਯੂਰੀਆ ਖਾਦ ਦੀ ਲੋੜੀਂਦੀ ਸਪਲਾਈ ਯਕੀਨੀ ਨਾ ਬਣਾਈ ਗਈ, ਤਾਂ ਕਿਸਾਨ ‘ਪੈਨਿਕ ਬਾਇੰਗ’ (ਘਬਰਾਹਟ ’ਚ ਖ਼ਰੀਦਦਾਰੀ) ਅਤੇ ਇਸਦੀ ਜਮ੍ਹਾਖੋਰੀ ਸ਼ੁਰੂ ਕਰ ਸਕਦੇ ਹਨ।
ਪੰਜਾਬ ’ਚ ਹਰ ਸਾਲ ਲਗਭਗ 30-32 ਲੱਖ ਟਨ ਯੂਰੀਆ ਦੀ ਖਪਤ ਹੁੰਦੀ ਹੈ, ਜਿਸ ’ਚੋਂ ਲਗਭਗ 70 ਫੀਸਦੀ ਯੂਰੀਆ ਝੋਨੇ ਦੀ ਫ਼ਸਲ ’ਚ ਵਰਤਿਆ ਜਾਂਦਾ ਹੈ। ਅਜਿਹੇ ’ਚ ਸਪਲਾਈ ’ਚ ਕਮੀ ਨਾਲ ਕਿਸਾਨਾਂ ਦੀ ਉਤਪਾਦਨ ਸਮਰੱਥਾ ’ਤੇ ਸਿੱਧਾ ਅਸਰ ਪੈ ਸਕਦਾ ਹੈ। ਖੇਤੀ ਮਾਹਿਰਾਂ ਅਨੁਸਾਰ ਸਮੇਂ ਸਿਰ ਖਾਦ ਨਾ ਮਿਲਣ ਨਾਲ ਝੋਨੇ ਦੀ ਪੈਦਾਵਾਰ ’ਚ 15-20 ਫੀਸਦੀ ਤੱਕ ਦੀ ਗਿਰਾਵਟ ਹੋ ਸਕਦੀ ਹੈ।
ਪੰਜਾਬ ’ਚ ਲਗਭਗ 30 ਲੱਖ ਹੈਕਟੇਅਰ ਜ਼ਮੀਨ ’ਤੇ ਝੋਨੇ ਦੀ ਖੇਤੀ ਹੁੰਦੀ ਹੈ, ਜਿਸਦੇ ਲਈ 15 ਲੱਖ ਟਨ ਯੂਰੀਆ ਦੀ ਲੋੜ ਹੁੰਦੀ ਹੈ। ਇਸ ਨੂੰ ਦੇਖਦੇ ਹੋਏ ਵਧੇਰੇ ਯੂਰੀਆ ਲਈ ਰਾਜ ਸਰਕਾਰ ਨੇ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ ਹੈ।
ਇਸ ਤਰ੍ਹਾਂ ਦੇ ਹਾਲਾਤ ਦੇ ਵਿਚਾਲੇ 8 ਜੂਨ ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਆਦਿ ਰਾਜਾਂ ਦੇ ਕਿਸਾਨਾਂ ਨੇ ਯੂਰੀਆ ਖਾਦ ਨਾ ਮਿਲਣ ਵਿਰੁੱਧ ਰੋਸ ਵਜੋਂ ਪ੍ਰਦਰਸ਼ਨ ਕੀਤੇ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ। ਪੰਜਾਬ ਦੇ 22 ਜ਼ਿਲਿਆਂ ’ਚ 74 ਥਾਵਾਂ ’ਤੇ ਕਿਸਾਨਾਂ ਨੇ ਪ੍ਰਦਰਸ਼ਨ ਕਰ ਕੇ ਇਸ ਸਮੱਸਿਆ ਵੱਲ ਪ੍ਰਸ਼ਾਸਨ ਦਾ ਧਿਆਨ ਦਿਵਾਇਆ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਕੀਮਤਾਂ ’ਤੇ ਯੂਰੀਆ ਨਹੀਂ ਮਿਲ ਰਿਹਾ। ਕਈ ਥਾਵਾਂ ’ਤੇ ਪ੍ਰਾਈਵੇਟ ਡੀਲਰ ਇਸ ਯੂਰੀਆ ਖਾਦ ਨੂੰ ਬਲੈਕ ’ਚ ਉੱਚੀਆਂ ਦਰਾਂ ’ਤੇ ਵੇਚ ਰਹੇ ਹਨ ਅਤੇ ਇਸਦੇ ਨਾਲ ਹੋਰ ਗ਼ੈਰ-ਜ਼ਰੂਰੀ ਚੀਜ਼ਾਂ ਲੈਣ ਲਈ ਵੀ ਕਿਸਾਨਾਂ ਨੂੰ ਮਜਬੂਰ ਕਰ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ‘ਕੋ-ਆਪਰੇਟਿਵ ਸੁਸਾਇਟੀਆਂ’ ਵੀ ਕਿਸਾਨਾਂ ਨੂੰ ਯੂਰੀਆ ਦੇ ਨਾਲ ‘ਨੈਨੋ ਯੂਰੀਆ’ ਅਤੇ ਹੋਰ ਗ਼ੈਰ-ਜ਼ਰੂਰੀ ਚੀਜ਼ਾਂ ਲੈਣ ਲਈ ਮਜਬੂਰ ਕਰ ਰਹੀਆਂ ਹਨ ਅਤੇ ਪੰਜਾਬ ਦਾ ਖੇਤੀਬਾੜੀ ਵਿਭਾਗ ਇਸ ਸਮੱਸਿਆ ਦਾ ਹੱਲ ਕੱਢਣ ’ਚ ਨਾਕਾਮ ਰਿਹਾ ਹੈ।
ਇਸ ਲਈ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇ ਕੇ ਦੇਸ਼ ’ਚ ਯੂਰੀਆ ਦੀ ਕਮੀ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਖ਼ਰੀਫ਼ ਦੀ ਫ਼ਸਲ ਖ਼ਰਾਬ ਨਾ ਹੋਵੇ ਅਤੇ ਕਿਸਾਨ ਇਸ ਸੰਕਟ ਤੋਂ ਬਚ ਸਕਣ।
—ਵਿਜੇ ਕੁਮਾਰ
