ਅਧਿਆਪਕਾਂ ਨੂੰ ਕਿਉਂ ਅਪਨਾਉਣਾ ਚਾਹੀਦਾ ਹੈ ਅਨੁਭਵੀ ਅਧਿਆਪਨ ?
Monday, Jun 08, 2026 - 05:43 PM (IST)
ਜਮਾਤ ’ਚ ਦਿੱਤੀ ਜਾਣ ਵਾਲੀ ਸਿੱਖਿਆ ਅਕਸਰ ਨਿਸ਼ਕਿਰਿਆ ਅਧਿਆਪਨ ਪ੍ਰਣਾਲੀ ’ਤੇ ਆਧਾਰਿਤ ਰਹੀ ਹੈ। ਵਿਦਿਆਰਥੀ ਸੁਣਦੇ ਸਨ, ਯਾਦ ਕਰਦੇ ਸਨ ਅਤੇ ਪ੍ਰੀਖਿਆ ਦੌਰਾਨ ਜਾਣਕਾਰੀ ਨੂੰ ਦੁਹਰਾਉਂਦੇ ਸਨ। ਇਸ ਪ੍ਰਣਾਲੀ ਨਾਲ ਬੁਨਿਆਦੀ ਗਿਆਨ ਤਾਂ ਸਫਲਤਾਪੂਰਵਕ ਪ੍ਰਾਪਤ ਹੋ ਜਾਂਦਾ ਸੀ, ਹਾਲਾਂਕਿ, ਇਸ ਨਾਲ ਅਕਸਰ ਸਿਖਿਆਰਥੀ ਅਸਲ ਦੁਨੀਆ ਦੀਆਂ ਗੁੰਝਲਾਂ ਲਈ ਤਿਆਰ ਨਹੀਂ ਹੋ ਪਾਉਂਦੇ ਸਨ। ਕਈ ਵਿਦਿਆਰਥੀਆਂ ’ਚ ਸਮੱਸਿਆ-ਹੱਲ, ਅਨੁਕੂਲਤਾ ਅਤੇ ਆਲੋਚਨਾਤਮਕ ਵਿਸ਼ਲੇਸ਼ਣ ਵਰਗੀਆਂ ਜ਼ਰੂਰੀ ਯੋਗਤਾਵਾਂ ਦੀ ਕਮੀ ਰਹਿ ਜਾਂਦੀ ਸੀ।
ਅਨੁਭਵੀ ਅਧਿਆਪਨ ਇਕ ਜ਼ਰੂਰੀ ਹੱਲ ਪੇਸ਼ ਕਰਦਾ ਹੈ। ਭਾਵੇਂ ‘ਕਰਕੇ ਸਿੱਖਣਾ’ ਕੋਈ ਨਵੀਂ ਸਿੱਖਿਆ ਧਾਰਨਾ ਨਹੀਂ ਹੈ, ਫਿਰ ਵੀ ਇਸ ਦਾ ਵਿਵਹਾਰਕ ਮਹੱਤਵ ਬਹੁਤ ਜ਼ਿਆਦਾ ਹੈ। ਇਹ ਸਰਗਰਮ ਭਾਗੀਦਾਰੀ ’ਤੇ ਧਿਆਨ ਕੇਂਦਰਿਤ ਕਰਦਾ ਹੈ। ਵਿਦਿਆਰਥੀ ਪ੍ਰਤੱਖ ਗਤੀਵਿਧੀਆਂ, ਸੰਗਠਿਤ ਚਿੰਤਨ ਅਤੇ ਅਸਲ ਦੁਨੀਆ ’ਚ ਪ੍ਰਯੋਗ ਦੇ ਮਾਧਿਅਮ ਰਾਹੀਂ ਸਿੱਖਦੇ ਹਨ।
ਸਿਖਿਆਰਥੀਆਂ ਦੀ ਸਰਗਰਮ ਹਿੱਸੇਦਾਰੀ ਨਾਲ ਉਨ੍ਹਾਂ ਦੀ ਸਮਝ ’ਚ ਕਾਫੀ ਡੂੰਘਾਈ ਆਉਂਦੀ ਹੈ। ਆਪਣੇ ਅਨੁਭਵਾਂ ਦਾ ਮੁਲਾਂਕਣ ਕਰਕੇ ਵਿਦਿਆਰਥੀ ਧਾਰਨਾਵਾਂ ਨੂੰ ਤੇਜ਼ੀ ਨਾਲ ਗ੍ਰਹਿਣ ਕਰਦੇ ਹਨ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਇਸ ਸਿੱਖਿਆ ਨੂੰ ਬਿਲਕੁਲ ਨਵੀਆਂ ਸਥਿਤੀਆਂ ’ਚ ਲਾਗੂ ਕਰਨਾ ਸਿੱਖਦੇ ਹਨ। ਭਾਰਤ ’ਚ ਜੋ ਬਦਲਾਅ ਆਇਆ ਹੈ, ਉਹ ਹੈ ਇਸ ਦਾ ਵਿਆਪਕ ਸਰੂਪ। ਇਕ ਅਜਿਹਾ ਦ੍ਰਿਸ਼ਟੀਕੋਣ, ਜੋ ਕਦੇ ਵਿਸ਼ੇਸ਼ ਸੰਸਥਾਵਾਂ ਜਾਂ ਪ੍ਰਗਤੀਸ਼ੀਲ ਪ੍ਰਯੋਗਾਂ ਤੱਕ ਹੀ ਸੀਮਤ ਸੀ, ਹੁਣ ਰਾਸ਼ਟਰੀ ਪੱਧਰ ’ਤੇ ਪ੍ਰਚੱਲਿਤ ਹੋ ਗਿਆ ਹੈ।
ਰਵਾਇਤੀ ਅਧਿਆਪਨ ਪ੍ਰਣਾਲੀ ਇਹ ਮੰਨਦੀ ਹੈ ਕਿ ਵਿਦਿਆਰਥੀ ਇਕ ਸਮਾਨ ਗਤੀ ਨਾਲ ਜਾਣਕਾਰੀ ਗ੍ਰਹਿਣ ਕਰਦੇ ਹਨ। ਵਿਵਹਾਰਕ ਗਤੀਵਿਧੀਆਂ ਸਿੱਖਣ ਨੂੰ ਵਧੇਰੇ ਦਿਲਚਸਪ ਅਤੇ ਯਾਦਗਾਰੀ ਬਣਾਉਂਦੀਆਂ ਹਨ ਕਿਉਂਕਿ ਵਿਦਿਆਰਥੀ ਵਿਚਾਰਾਂ ਨੂੰ ਕਿਰਿਆ, ਅਨੁਭਵ ਅਤੇ ਭਾਵਨਾਵਾਂ ਨਾਲ ਜੋੜਦੇ ਹਨ। ਇਹ ਸਰੀਰਕ ਸੰਵੇਦਨਾ, ਸੰਵੇਦੀ ਸੰਦਰਭ ਅਤੇ ਭਾਵਨਾਤਮਕ ਜੁੜਾਅ ’ਤੇ ਆਧਾਰਿਤ ਨਾੜੀ ਪ੍ਰਣਾਲੀ ਵਿਕਸਿਤ ਕਰਦਾ ਹੈ। ਇਸ ਤਰ੍ਹਾਂ ਪ੍ਰਾਪਤ ਜਾਣਕਾਰੀ ਨੂੰ ਵਧੇਰੇ ਭਰੋਸੇਮੰਦ ਤਰੀਕੇ ਨਾਲ ਯਾਦ ਰੱਖਿਆ ਜਾ ਸਕਦਾ ਹੈ।
ਇਕ ਹੋਰ ਲਾਭ ਹੈ, ਜਿਸ ’ਤੇ ਘੱਟ ਚਰਚਾ ਹੁੰਦੀ ਹੈ ਪਰ ਉਹ ਓਨਾ ਹੀ ਮਹੱਤਵਪੂਰਨ ਹੈ। ਅਨੁਭਵੀ ਵਿਧੀਆਂ ‘ਅਸਫਲਤਾ’ ਦੀ ਪਰਿਭਾਸ਼ਾ ਨੂੰ ਪੂਰੀ ਤਰ੍ਹਾਂ ਬਦਲ ਦਿੰਦੀਆਂ ਹਨ। ਗਲਤੀਆਂ ਆਤਮ-ਚਿੰਤਨ ਦੇ ਮੌਕੇ ਬਣ ਜਾਂਦੀਆਂ ਹਨ। ਵਿਦਿਆਰਥੀ ਤੁਰੰਤ ਸੰਰਚਨਾਤਮਕ ਨੁਕਸ ਦਾ ਪਤਾ ਲਗਾਉਣ ਅਤੇ ਉਸ ਨੂੰ ਠੀਕ ਕਰਨ ’ਤੇ ਧਿਆਨ ਕੇਂਦਰਿਤ ਕਰਦੇ ਹਨ। ਇਸ ਨਾਲ ਸੁਭਾਵਿਕ ਤੌਰ ’ਤੇ ਲਚਕੀਲਾਪਨ ਵਧਦਾ ਹੈ। ‘ਕੀ’ ਅਤੇ ‘ਕਿਉਂ’ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਂਦਾ ਹੈ।
ਇਹ ਦ੍ਰਿਸ਼ਟੀਕੋਣ ਰਵਾਇਤੀ ਸਿੱਖਿਆ ਦੀ ਇਕ ਵੱਡੀ ਕਮੀ, ਭਾਵ ਆਪਸੀ ਵਿਕਾਸ ਨੂੰ ਵੀ ਦੂਰ ਕਰਦਾ ਹੈ। ਅਸਲ ਜੀਵਨ ਦੀਆਂ ਸਮੱਸਿਆਵਾਂ ਲਈ ਸਮੂਹਿਕ ਹੱਲ ਜ਼ਰੂਰੀ ਹਨ। ਭਾਈਚਾਰਕ ਸਰਵੇਖਣ, ਪ੍ਰੋਗਰਾਮ ਯੋਜਨਾਬੰਦੀ ਅਤੇ ਪ੍ਰੋਟੋਟਾਈਪਿੰਗ ਵਰਗੀਆਂ ਗਤੀਵਿਧੀਆਂ ਸਾਥੀਆਂ ਵਿਚਾਲੇ ਆਪਸੀ ਮੇਲ-ਜੋਲ ਨੂੰ ਬੜ੍ਹਾਵਾ ਦਿੰਦੀਆਂ ਹਨ। ਵਿਦਿਆਰਥੀਆਂ ਨੂੰ ਵਾਦ-ਵਿਵਾਦ ਕਰਨਾ, ਕੰਮ ਸੌਂਪਣਾ ਅਤੇ ਧਿਆਨਪੂਰਵਕ ਸੁਣਨਾ ਸਿੱਖਣਾ ਹੁੰਦਾ ਹੈ। ਉਹ ਵਿਅਕਤੀਗਤ ਜਵਾਬਦੇਹੀ ਅਤੇ ਸਮੂਹ ਦੀ ਸਫਲਤਾ ਵਿਚਾਲੇ ਸੰਤੁਲਨ ਬਣਾਉਣਾ ਸਿੱਖਦੇ ਹਨ। ਅੰਤ ’ਚ, ਇਹ ਵਿਵਹਾਰਕ ਯੋਗਤਾਵਾਂ ਸ਼ੁੱਧ ਅਕਾਦਮਿਕ ਮੁਹਾਰਤ ਦੇ ਬਰਾਬਰ ਹੀ ਮਹੱਤਵਪੂਰਨ ਹਨ।
ਅਨੁਭਵੀ ਸਿੱਖਿਆ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) 2020 ਦਾ ਆਧਾਰ ਹੈ। ਹੁਣ ਕਿੱਤਾਮੁਖੀ ਸਿਖਲਾਈ ਜਮਾਤ 6ਵੀਂ ਤੋਂ ਸ਼ੁਰੂ ਹੁੰਦੀ ਹੈ। ਸੈਕੰਡਰੀ ਸਕੂਲ ਪੱਧਰ ’ਤੇ ਲਾਜ਼ਮੀ 10 ਦਿਨਾਂ ਦਾ ‘ਬੈਗਲੈੱਸ ਪੀਰੀਅਡ’ ਵਿਦਿਆਰਥੀਆਂ ਨੂੰ ਅਸਲ ਕੰਮ ਦੇ ਮਾਹੌਲ ’ਚ ਲੈ ਜਾਂਦਾ ਹੈ, ਜਿਸ ਨਾਲ ਪੂਰਾ ਆਂਢ-ਗੁਆਂਢ ਹੀ ਇਕ ਜਮਾਤ ’ਚ ਬਦਲ ਜਾਂਦਾ ਹੈ। ਅਸਲ ਸਵਾਲ ਇਹ ਨਹੀਂ ਹੈ ਕਿ ਵਿਦਿਆਰਥੀ ਕੀ ਯਾਦ ਰੱਖਦਾ ਹੈ, ਸਗੋਂ ਇਹ ਹੈ ਕਿ ਉਹ ਆਪਣੇ ਗਿਆਨ ਦੀ ਵਰਤੋਂ ਕਿਵੇਂ ਕਰ ਸਕਦਾ ਹੈ। ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਵਾਲੇ ਦੇਸ਼ ਲਈ ਅਜਿਹੀ ਵਿਵਸਥਾ ਬਰਦਾਸ਼ਤ ਕਰਨਾ ਸੰਭਵ ਨਹੀਂ, ਜੋ ਸਿਰਫ ਪਿਛਲੀ ਪੀੜ੍ਹੀ ਦੀ ਆਰਥਿਕਤਾ ਦੇ ਅਨੁਕੂਲ ਹੀ ਗ੍ਰੈਜੂਏਟ ਤਿਆਰ ਕਰੇ।
ਨਵੀਨਤਾਕਾਰੀ ਜਮਾਤਾਂ ਇਨ੍ਹਾਂ ਨਿਰਦੇਸ਼ਾਂ ਨੂੰ ਜੀਵੰਤ ਅਤੇ ਅਕਸਰ ਨਵੇਂ ਢਾਂਚੇ ’ਚ ਢਾਲ ਰਹੀਆਂ ਹਨ। ਸਕੂਲ ਵਿਦਿਆਰਥੀ-ਸੰਚਾਲਿਤ ਪ੍ਰਾਜੈਕਟ ਜਾਂ ਲਘੂ ਵਪਾਰਕ ਗਤੀਵਿਧੀਆਂ ਸਥਾਪਿਤ ਕਰ ਰਹੇ ਹਨ, ਜਿਨ੍ਹਾਂ ’ਚ ਬਜਟ ਬਣਾਉਣਾ, ਗੱਲਬਾਤ ਕਰਨਾ, ਯੋਜਨਾ ਬਣਾਉਣੀ, ਟੀਮਵਰਕ ਕਰਨਾ ਅਤੇ ਨਤੀਜਿਆਂ ਲਈ ਅਸਲ ਜਵਾਬਦੇਹੀ ਸ਼ਾਮਲ ਹੈ। ਅਰਥਸ਼ਾਸਤਰ ਮੂਰਤ ਰੂਪ ਲੈ ਰਿਹਾ ਹੈ। ਉੱਥੇ ਹੀ, ਅਮੂਰਤ ਵਿਗਿਆਨ ਨੂੰ ਕੁਝ ਅਧਿਆਪਕਾਂ ਦੁਆਰਾ ‘ਸਾਇੰਸ ਕਾਸਪਲੇ’ ਦੇ ਰੂਪ ’ਚ ਵਰਣਿਤ ਗਤੀਵਿਧੀਆਂ ਦੇ ਮਾਧਿਅਮ ਰਾਹੀਂ ਜੀਵੰਤ ਬਣਾਇਆ ਜਾ ਰਿਹਾ ਹੈ, ਜਿੱਥੇ ਵਿਦਿਆਰਥੀ ਗਤੀ, ਭੂਮਿਕਾ-ਨਿਭਾਉਣ ਅਤੇ ਗਤੀਵਿਧੀਆਂ ਰਾਹੀਂ ਵਿਗਿਆਨਕ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਦੇ ਹਨ, ਜਿਸ ਨਾਲ ਇਹ ਯਾਦਗਾਰੀ ਬਣ ਜਾਂਦਾ ਹੈ।
ਸਭ ਤੋਂ ਵੱਡੀ ਚੁਣੌਤੀ ਅਧਿਆਪਕਾਂ ਦੇ ਸਾਹਮਣੇ ਹੈ, ਕਿਉਂਕਿ ਉਨ੍ਹਾਂ ’ਚੋਂ ਬਹੁਤਿਆਂ ਨੂੰ ਉਸੇ ਵਿਵਸਥਾ ’ਚ ਸਿਖਲਾਈ ਦਿੱਤੀ ਗਈ ਸੀ ਜਿਸ ਨੂੰ ਹੁਣ ਉਨ੍ਹਾਂ ਨੂੰ ਖ਼ਤਮ ਕਰਨ ਲਈ ਕਿਹਾ ਜਾ ਰਿਹਾ ਹੈ। ਅਧਿਆਪਕਾਂ ਨੂੰ ‘ਸਟੇਜ ’ਤੇ ਗਿਆਨੀ’ ਦੀ ਭੂਮਿਕਾ ਤੋਂ ‘ਸਹਿਯੋਗੀ’ ਦੀ ਭੂਮਿਕਾ ’ਚ ਲਿਆਉਣਾ ਇਕ ਵਰਕਸ਼ਾਪ ਤੋਂ ਕਿਤੇ ਵੱਧ ਹੈ। ਅਧਿਆਪਨ ਨਾਲ ਸਬੰਧਤ ਸੋਚ ਰਾਤੋ-ਰਾਤ ਨਹੀਂ ਬਦਲਦੀ। ਅਧਿਆਪਕਾਂ ਨੂੰ ਇਨ੍ਹਾਂ ਨਵੀਆਂ ਅਧਿਆਪਨ ਵਿਧੀਆਂ ’ਚ ਮੁਹਾਰਤ ਹਾਸਲ ਕਰਨ ਲਈ ਨਿਰੰਤਰ ਅਤੇ ਵਿਵਸਥਿਤ ਸਹਿਯੋਗ ਦੀ ਲੋੜ ਹੈ। ਇਸ ਤਬਦੀਲੀ ਨੂੰ ਸਾਕਾਰ ਕਰਨ ਲਈ ਅਸਲ ਸਬਰ ਅਤੇ ਲੰਬੇ ਸਮੇਂ ਦੀ ਸੰਸਥਾਗਤ ਵਚਨਬੱਧਤਾ ਦੀ ਲੋੜ ਹੈ।
ਸੋਮੇ ਇਕ ਵੱਖਰੀ ਚੁਣੌਤੀ ਪੇਸ਼ ਕਰਦੇ ਹਨ। ਹਰ ਸਕੂਲ ਰੋਬੋਟਿਕਸ ਪ੍ਰਯੋਗਸ਼ਾਲਾ ਨਹੀਂ ਬਣਾ ਸਕਦਾ ਪਰ ਪ੍ਰਯੋਗਸ਼ਾਲਾਵਾਂ ਤੱਕ ਪਹੁੰਚ, ਲਾਇਬ੍ਰੇਰੀ, ਗਤੀਵਿਧੀ ਵਾਲੀ ਥਾਂ, ਅਧਿਆਪਨ ਸਰੋਤ ਅਤੇ ਸੁਵਿਵਸਥਿਤ ਗਤੀਵਿਧੀ ਸਥਾਨ ਕਾਫੀ ਮਦਦਗਾਰ ਸਾਬਤ ਹੋ ਸਕਦੇ ਹਨ। ਕੁਦਰਤ ਆਧਾਰਿਤ ਸਿੱਖਿਆ ਅਤੇ ਆਮ ਘਰੇਲੂ ਸਮੱਗਰੀਆਂ, ਜਦੋਂ ਵਿੱਦਿਅਕ ਉਦੇਸ਼ਾਂ ਨਾਲ ਵਰਤੀਆਂ ਜਾਂਦੀਆਂ ਹਨ, ਤਾਂ ਸ਼ਕਤੀਸ਼ਾਲੀ ਸਾਧਨ ਸਾਬਤ ਹੁੰਦੀਆਂ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਆਟੋਮੇਸ਼ਨ ਦੇ ਦਬਦਬੇ ਵਾਲੇ ਭਵਿੱਖ ਵੱਲ ਦੇਖਦੇ ਹੋਏ, ਅਨੁਭਵਾਤਮਕ ਸਿੱਖਿਆ ਦੇ ਮਾਧਿਅਮ ਰਾਹੀਂ ਵਿਕਸਿਤ ਵਿਲੱਖਣ ਮਨੁੱਖੀ ਹੁਨਰ—ਹਮਦਰਦੀ, ਅਨੁਕੂਲਤਾ, ਲਚਕੀਲਾਪਨ ਅਤੇ ਮੌਲਿਕ ਆਲੋਚਨਾਤਮਕ ਸੋਚ—ਇਕ ਵਿਦਿਆਰਥੀ ਦੀ ਸਭ ਤੋਂ ਵੱਡੀ ਪੂੰਜੀ ਹੋਵੇਗੀ।
-ਪ੍ਰੀਤੀ ਰਾਜੀਵ ਨਾਇਰ
