ਹੁਣ ਕਿਰਾਏ ’ਤੇ ਗਰਲਫ੍ਰੈਂਡ

Tuesday, Jun 16, 2026 - 04:29 PM (IST)

ਹੁਣ ਕਿਰਾਏ ’ਤੇ ਗਰਲਫ੍ਰੈਂਡ

ਆਮ ਤੌਰ ’ਤੇ ਲੋਕ ਜਦੋਂ ਬਾਜ਼ਾਰ ਜਾਂਦੇ ਹਨ, ਤਾਂ ਉਨ੍ਹਾਂ ਨੂੰ ਸਾਮਾਨ ਚੁੱਕਣ ’ਚ ਪ੍ਰੇਸ਼ਾਨੀ ਹੁੰਦੀ ਹੈ। ਪਿਛਲੇ ਦਿਨੀਂ ਇਕ ਖ਼ਬਰ ਆਈ ਸੀ ਕਿ ਹੁਣ ਬਾਜ਼ਾਰਾਂ ’ਚ ਅਜਿਹੇ ਲੋਕ ਉਪਲਬਧ ਹਨ, ਜੋ ਕਿਰਾਏ ’ਤੇ ਤੁਹਾਡਾ ਸਾਮਾਨ ਢੋਹ ਸਕਦੇ ਹਨ। ਕਿਰਾਇਆ ਪ੍ਰਤੀ ਘੰਟੇ ਦੇ ਹਿਸਾਬ ਨਾਲ ਹੁੰਦਾ ਹੈ। ਜਦੋਂ ਰੁਜ਼ਗਾਰ ਨਾ ਹੋਵੇ ਤਾਂ ਇਸ ਤਰ੍ਹਾਂ ਦੇ ਕੰਮ ਵੀ ਪੈਸੇ ਕਮਾਉਣ ਦੇ ਸਾਧਨ ਬਣ ਸਕਦੇ ਹਨ।

ਇਨ੍ਹਾਂ ਨੂੰ ਸਟਾਰਟਅੱਪ ਵੀ ਕਿਹਾ ਜਾ ਸਕਦਾ ਹੈ। ਸਾਮਾਨ ਚੁੱਕਣ ਵਾਲੇ ਨੂੰ ਪੈਸੇ ਮਿਲ ਗਏ ਅਤੇ ਖਰੀਦਣ ਵਾਲੇ ਨੂੰ ਉਸ ਨੂੰ ਚੁੱਕਣ ਦੀ ਪ੍ਰੇਸ਼ਾਨੀ ਨਹੀਂ ਝੱਲਣੀ ਪਈ। ਹੋ ਸਕਦਾ ਹੈ ਕਿ ਕੱਲ ਨੂੰ ਘੰਟੇ ਦੇ ਮੁਕਾਬਲੇ ਸਾਮਾਨ ਦੇ ਭਾਰ ਦੇ ਹਿਸਾਬ ਨਾਲ ਕਿਰਾਇਆ ਤੈਅ ਹੋਵੇ।

ਇਸੇ ਤਰ੍ਹਾਂ ਦੀ ਇਕ ਹੋਰ ਖ਼ਬਰ ਨੇ ਧਿਆਨ ਖਿੱਚਿਆ ਕਿ ਹੁਣ ਜੇਕਰ ਕਿਰਾਏ ’ਤੇ ਮਹਿਲਾ ਮਿੱਤਰ ਚਾਹੀਦੀ ਹੈ, ਤਾਂ ਉਹ ਵੀ ਮਿਲ ਸਕਦੀ ਹੈ। ਡੇਟਿੰਗ ਵੈੱਬਸਾਈਟਸ ਜਾਂ ਐਪਸ ਦੀ ਤਰ੍ਹਾਂ ਇਸਦੇ ਲਈ ਵੀ ਅਜਿਹੀ ਹੀ ਇਕ ਸਾਈਟ ਹੈ, ਨਾਂ ਹੈ ‘ਟਰੂਲੀਮੈਡਲੀ’। ਕਾਫੀ ਸਮੇਂ ਤੋਂ ਦੱਸਿਆ ਜਾ ਰਿਹਾ ਹੈ ਕਿ ਇਸਦੇ ਯੂਜ਼ਰਸ ਦੀ ਗਿਣਤੀ 90 ਲੱਖ ਤੋਂ ਵੱਧ ਹੋ ਗਈ ਹੈ। ਇਕ ਹੋਰ ਹੈ—‘ਰੈਂਟ ਏ ਫ੍ਰੈਂਡ’। ਹੋਰ ਵੀ ਕਈ ਹੋਣਗੀਆਂ। ਇਨ੍ਹਾਂ ਦੇ ਜ਼ਰੀਏ ਕਿਸੇ ਨੂੰ ਸਿੰਗਲ, ਸੁੰਦਰ, ਅਜਿਹੀ ਔਰਤ ਮਿੱਤਰ ਮਿਲ ਸਕਦੀ ਹੈ ਜੋ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੀ ਹੋਵੇ। ਤੁਹਾਡੇ ਭਰੋਸੇ ਨੂੰ ਬਣਾਈ ਰੱਖ ਸਕਦੀ ਹੋਵੇ। ਉਸ ਨੂੰ ਤੁਹਾਡੀਆਂ ਆਦਤਾਂ ਤੋਂ ਪ੍ਰੇਸ਼ਾਨੀ ਨਾ ਹੋਵੇ। ਲੜਾਈ-ਝਗੜਾ ਨਾ ਕਰਦੀ ਹੋਵੇ। ਹਰ ਗੱਲ ਦੀ ਸ਼ਿਕਾਇਤ ਨਾ ਕਰਦੀ ਹੋਵੇ। ਉਹ ਅਜਿਹੀ ਹੋਵੇ ਜਿਸ ਦੇ ਬਾਰੇ ਹਮੇਸ਼ਾ ਤੁਸੀਂ ਸੁਪਨੇ ਦੇਖੇ ਹਨ। ਹਾਂ, ਇਸ ’ਚ ਇਕ ਸ਼ਰਤ ਇਹ ਹੈ ਕਿ ਉਸ ਨਾਲ ਤੁਸੀਂ ਕਿਸੇ ਪ੍ਰਕਾਰ ਦੀ ਸਰੀਰਕ ਨੇੜਤਾ ਨਹੀਂ ਰੱਖ ਸਕਦੇ।

‘ਰੈਂਟ ਏ ਬੁਆਏਫ੍ਰੈਂਡ’ ਦਾ ਵੀ ਰਿਵਾਜ ਹੈ। ਜਿਗੇਲੋ ਤਾਂ ਆਪਣੇ ਇੱਥੇ ਨਾ ਜਾਣੇ ਕਦੋਂ ਤੋਂ ਪਾਏ ਜਾਂਦੇ ਹਨ। ਇਕ ਸਾਈਟ ’ਤੇ ਐਲਾਨ ਕੀਤਾ ਗਿਆ ਹੈ ਕਿ ਕੀ ਤੁਹਾਨੂੰ ਕਿਰਾਏ ’ਤੇ ਪਾਰਟਨਰ ਚਾਹੀਦਾ ਹੈ? ਕਦੇ ਕੋਈ ਸਮਾਗਮ ਹੋ ਰਿਹਾ ਹੋਵੇ, ਕਿਸੇ ਵਿਆਹ ’ਚ ਜਾਣਾ ਹੋਵੇ, ਯਾਤਰਾ ਕਰਨੀ ਹੋਵੇ ਜਾਂ ਨੈੱਟਵਰਕਿੰਗ ਕਰਨੀ ਹੈ ਤਾਂ ਸਾਡੀਆਂ ਸੇਵਾਵਾਂ ਲਓ।

ਪਰ ਔਰਤ ਮਿੱਤਰ ਪਾਉਣ ਲਈ ਪੈਸੇ ਦੇਣੇ ਹੋਣਗੇ। ਲੜਕੀ ਤੁਹਾਡੀ ਹਰ ਤਰ੍ਹਾਂ ਨਾਲ ਕੇਅਰ ਕਰੇਗੀ, ਭਾਵ ਕਿ ਇਹ ਕੰਮ ਅਜਿਹਾ ਹੀ ਹੋਵੇਗਾ ਜਿਵੇਂ ਕਿ ਦਫ਼ਤਰ ’ਚ ਕੰਮ ਕਰਦੇ ਵੇਲੇ ਤੁਹਾਨੂੰ ਟਾਰਗੈੱਟਸ ਪੂਰੇ ਕਰਨੇ ਪੈਂਦੇ ਹਨ। ਇਸੇ ਦੀ ਤਨਖਾਹ ਵੀ ਮਿਲਦੀ ਹੈ। ਇੱਥੇ ਬਹੁਤ ਸਾਰੀਆਂ ਲੜਕੀਆਂ ਦੀਆਂ ਫੋਟੋਜ਼ ਵੀ ਦੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ’ਚੋਂ ਬਹੁਤ ਸਾਰੀਆਂ ਉੱਚ ਸਿੱਖਿਅਤ ਹਨ। ਤਰ੍ਹਾਂ-ਤਰ੍ਹਾਂ ਦੇ ਕੰਮਾਂ ਨਾਲ ਜੁੜੀਆਂ ਹਨ, ਜਿਵੇਂ ਕਿ ਇੰਜੀਨੀਅਰ, ਮੇਕਅੱਪ ਆਰਟਿਸਟ, ਅਧਿਆਪਿਕਾ। ਬਹੁਤ ਸਾਰੀਆਂ ਲੜਕੀਆਂ ਅਜਿਹੇ ਸਵਾਲ ਵੀ ਕਰ ਰਹੀਆਂ ਹਨ ਕਿ ਕਿਰਾਏ ਦੀ ਗਰਲਫ੍ਰੈਂਡ ਬਣਨ ਲਈ ਮੈਨੂੰ ਕੀ ਕਰਨਾ ਹੋਵੇਗਾ? ਮੇਰੀ ਸੁਰੱਖਿਆ ਦਾ ਧਿਆਨ ਕਿਵੇਂ ਰੱਖਿਆ ਜਾਵੇਗਾ? ਭੁਗਤਾਨ ਕਿਵੇਂ ਮਿਲੇਗਾ? ਲੜਕੇ ਵੀ ਸਵਾਲ ਪੁੱਛ ਰਹੇ ਹਨ ਕਿ ਕਿਰਾਏ ’ਤੇ ਗਰਲਫ੍ਰੈਂਡ ਲੈਣ ਦਾ ਆਈਡੀਆ ਕਿਹੋ ਜਿਹਾ ਹੈ? ਕੀ ਸੱਚਮੁੱਚ ਇਸ ਤਰ੍ਹਾਂ ਪੈਸਾ ਖਰਚ ਕਰਨਾ ਠੀਕ ਹੈ? ਕਈ ਮਰਦ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਹਨ ਕਿ ਭਾਵਨਾਵਾਂ ਦਾ ਇਸ ਤਰ੍ਹਾਂ ਵਪਾਰੀਕਰਨ ਨਹੀਂ ਹੋਣਾ ਚਾਹੀਦਾ।

‘ਰੈਂਟ ਏ ਗਰਲਫ੍ਰੈਂਡ’ ਨਾਂ ਨਾਲ ਇਕ ਜਾਪਾਨੀ ਟੀ.ਵੀ. ਸੀਰੀਜ਼ ਵੀ ਆ ਚੁੱਕੀ ਹੈ। ਇਸ ’ਚ ਇਕ ਲੜਕੇ ਨੂੰ ਉਸ ਦੀ ਔਰਤ ਮਿੱਤਰ ਛੱਡ ਦਿੰਦੀ ਹੈ, ਉਦੋਂ ਉਹ ਕਿਰਾਏ ਦੀ ਮਿੱਤਰ ਲੈ ਆਉਂਦਾ ਹੈ। ਇਸ ਸੀਰੀਜ਼ ਦੀ ਲੋਕਾਂ ਨੇ ਬਹੁਤ ਆਲੋਚਨਾ ਵੀ ਕੀਤੀ ਸੀ।

ਕਈ ਵਾਰ ਲੱਗਦਾ ਹੈ ਕਿ ਇਨ੍ਹਾਂ ਦਿਨਾਂ ’ਚ ਜਿਸਦੇ ਕੋਲ ਪੈਸਾ ਹੈ, ਉਹ ਪਿਆਰ ਨੂੰ ਖਰੀਦ ਸਕਦੇ ਹਨ ਪਰ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੈ, ਉੱਥੇ ਪਿਆਰ ਕੁਝ ਵੱਖਰੇ ਢੰਗ ਨਾਲ ਪਲਦਾ ਹੈ। ਪਿਛਲੇ ਦਿਨੀਂ ਬਿਹਾਰ ’ਚ 19 ਸਾਲ ਦਾ ਲੜਕਾ 50 ਸਾਲ ਦੀ ਮਹਿਲਾ ਨੂੰ ਕੋਲਕਾਤਾ ਤੋਂ ਭਜਾ ਕੇ ਲੈ ਆਇਆ। ਬਿਨਾਂ ਪਤੀ ਤੋਂ ਤਲਾਕ ਹੋਏ ਵਿਆਹ ਵੀ ਕਰ ਲਿਆ। ਜਦੋਂ ਇਸ ਮਹਿਲਾ ਤੋਂ ਪੁੱਛਿਆ ਗਿਆ ਕਿ ਤੁਸੀਂ ਆਪਣੇ ਪੰਜ ਬੱਚਿਆਂ ਨੂੰ ਛੱਡ ਕੇ, ਆਪਣੇ ਬੱਚੇ ਦੀ ਉਮਰ ਦੇ ਲੜਕੇ ਨਾਲ ਭੱਜ ਆਈ ਹੈ, ਤਾਂ ਬੱਚਿਆਂ ਦਾ ਕੋਈ ਦੁੱਖ ਨਹੀਂ? ਤਾਂ ਔਰਤ ਬੋਲੀ ਕਿ ਬੱਚੇ ਜਾਣਨ, ਉਨ੍ਹਾਂ ਦਾ ਪਿਓ ਜਾਣੇ, ਮੈਂ ਤਾਂ ਜਿਸ ਨਾਲ ਪਿਆਰ ਕੀਤਾ, ਹੁਣ ਤਾਂ ਉਸੇ ਦੇ ਲਈ ਹਾਂ। ਪਾਕਿਸਤਾਨ ਦੀ ਸੀਮਾ ਹੈਦਰ ਦਾ ਕੇਸ ਵੀ ਤੁਸੀਂ ਭੁੱਲੇ ਨਹੀਂ ਹੋਵੋਗੇ।

ਬਹੁਤ ਸਾਰੇ ਲੋਕ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਦੀ ਪਤਨੀ ਦੀ ਉਦਾਹਰਣ ਦਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਵੀ ਤਾਂ ਉਨ੍ਹਾਂ ਤੋਂ 20 ਸਾਲ ਵੱਡੀ ਹੈ। ਉਹ ਸ਼ਾਦੀਸ਼ੁਦਾ ਸੀ, ਉਨ੍ਹਾਂ ਦੇ ਵੀ ਤਿੰਨ ਬੱਚੇ ਸਨ।

ਅਕਸਰ ਅਤਿਕਥਨੀ ’ਚ ਕਿਹਾ ਜਾਂਦਾ ਸੀ ਕਿ ਇਨ੍ਹਾਂ ਦਿਨਾਂ ’ਚ ਪੈਸੇ ਨਾਲ ਭਾਵਨਾਵਾਂ ਵੀ ਖਰੀਦੀਆਂ ਜਾ ਸਕਦੀਆਂ ਹਨ ਪਰ ਹੁਣ ਇਹ ਅਸਲ ਰੂਪ ’ਚ ਹੋ ਵੀ ਰਿਹਾ ਹੈ। ਕੁਝ ਲੋਕ ਆਪਣੀਆਂ ਇਨ੍ਹਾਂ ਔਰਤ ਮਿੱਤਰਾਂ ਨਾਲ ਵਿਆਹ ਵੀ ਕਰ ਰਹੇ ਹਨ। ਦਹਾਕਿਆਂ ਪਹਿਲਾਂ ਹਿੰਦੀ ’ਚ ਇਕ ਫ਼ਿਲਮ ਬਣੀ ਸੀ—‘ਪੈਸਾ ਯਾ ਪਿਆਰ’। ਜਿਸ ’ਚ ਪੈਸੇ ਦੇ ਮੁਕਾਬਲੇ ਪਿਆਰ ਦਾ ਮਹੱਤਵ ਦੱਸਿਆ ਗਿਆ ਸੀ ਪਰ ਅੱਜ ਦਾ ਨਾਅਰਾ ਹੈ ਕਿ ‘‘ਪੈਸਾ ਹੈ ਤਾਂ ਪਿਆਰ ਹੈ’’। ਉਂਝ ਵੀ ਸੱਚਾਈ ਇਹ ਹੈ ਕਿ ਜੀਵਨ ਦੀ ਭੱਜਦੌੜ ’ਚ ਚੁਣੌਤੀਆਂ ਨਾਲ ਜੂਝਦੇ ਹੋਏ ਪਿਆਰ ਕਿੰਨੇ ਦਿਨ ਚੱਲ ਸਕਦਾ ਹੈ।

ਫਿਰ ਅਜਿਹੀਆਂ ਸਾਈਟਸ ਦੇ ਹੁੰਦੇ ਹੋਏ ਇਹ ਵੀ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਇਕ ਹੀ ਔਰਤ ਮਿੱਤਰ ਦੇ ਪੱਲੇ ਨਾਲ ਬੱਝੇ ਰਹੋ। ਅਜਿਹੀਆਂ ਗੱਲਾਂ ਲਿਖਦੇ ਹੋਏ ਅਜੀਬ ਜਿਹਾ ਵੀ ਲੱਗ ਰਿਹਾ ਹੈ ਪਰ ਜੋ ਬਦਲ ਰਿਹਾ ਹੈ, ਉਸ ਦੇ ਬਾਰੇ ਸੋਚਣਾ ਵੀ ਪੈਂਦਾ ਹੈ।

ਕਾਰਪੋਰੇਟ ’ਚ ਐਸਕਾਰਟ ਜਾਂ ਸਹਿਚਰੀ ਦਾ ਰਿਵਾਜ ਅਰਸੇ ਤੋਂ ਰਿਹਾ ਹੈ। ਬਿਜ਼ਨੈੱਸ ਟੂਰਜ ਼’ਤੇ ਜਾਣ ਦੇ ਵੇਲੇ ਇਨ੍ਹਾਂ ਔਰਤਾਂ ਨੂੰ ਲੋਕ ਆਪਣੇ ਨਾਲ ਲਿਜਾਂਦੇ ਰਹੇ ਹਨ। ਇਹ ਇਸਤਰੀਆਂ ਵੀ ਆਪਣੇ ਇਸ ਕੰਮ ਦੀ ਬੜੀ ਮੋਟੀ ਫ਼ੀਸ ਲੈਂਦੀਆਂ ਹਨ। ਔਰਤਾਂ ਕਾਲ ਗਰਲਜ਼ ਅਤੇ ਸੈਕਸ ਵਰਕਰਜ਼ ਵੀ ਹੁੰਦੀਆਂ ਹਨ। ਬਹੁਤ ਸਾਰੀਆਂ ਲੜਕੀਆਂ ਵਾਧੂ ਆਮਦਨ ਲਈ ਅਜਿਹੇ ਧੰਦੇ ’ਚ ਆਉਂਦੀਆਂ ਹਨ ਪਰ ਕਿਰਾਏ ਦੀ ਔਰਤ ਮਿੱਤਰ ਬਣਨ ’ਤੇ ਇਕ ਸ਼ਰਤ ਲੜਕੀਆਂ ਲਈ ਚੰਗੀ ਹੈ ਕਿ ਉਹ ਕਿਸੇ ਵੀ ਕਿਸਮ ਦੇ ਸਰੀਰਕ ਸੰਬੰਧ ਨਹੀਂ ਬਣਾਏਗੀ।

ਸ਼ਮਾ ਸ਼ਰਮਾ


author

Rakesh

Content Editor

Related News