ਮੋਦੀ ਦੇ ਅਧੀਨ ਭਾਰਤ ਵਧਦੀ ਆਰਥਿਕ ਤਕਨੀਕੀ ਅਤੇ ਰਣਨੀਤਿਕ ਪ੍ਰਭਾਵ ਵਾਲੀ ਗਲੋਬਲ ਸ਼ਕਤੀ ਬਣਿਆ

Wednesday, Jun 10, 2026 - 05:19 PM (IST)

ਮੋਦੀ ਦੇ ਅਧੀਨ ਭਾਰਤ ਵਧਦੀ ਆਰਥਿਕ ਤਕਨੀਕੀ ਅਤੇ ਰਣਨੀਤਿਕ ਪ੍ਰਭਾਵ ਵਾਲੀ ਗਲੋਬਲ ਸ਼ਕਤੀ ਬਣਿਆ

10 ਜੂਨ 2026 ਨੂੰ ਭਾਰਤ ਆਪਣੀ ਲੋਕਤੰਤਰੀ ਯਾਤਰਾ ’ਚ ਇਕ ਬੇਮਿਸਾਲ ਪਲ ਦਾ ਗਵਾਹ ਬਣੇਗਾ, ਜਦੋਂ ਸ਼੍ਰੀ ਨਰਿੰਦਰ ਮੋਦੀ ਲਗਾਤਾਰ ਕਾਰਜਕਾਲ ਦੇ ਮਾਮਲੇ ’ਚ ਦੇਸ਼ ਦੇ ਇਤਿਹਾਸ ’ਚ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀ ਬਣ ਜਾਣਗੇ ਅਤੇ ਆਪਣੇ ਕਿਸੇ ਵੀ ਪਹਿਲੇ ਪ੍ਰਧਾਨ ਮੰਤਰੀਆਂ ਦੇ ਮੁਕਾਬਲੇ ਦਫ਼ਤਰ ’ਚ ਸਭ ਤੋਂ ਵੱਧ ਬਿਨਾਂ ਰੁਕਾਵਟ ਦੇ ਦਿਨ ਪੂਰੇ ਕਰਨਗੇ। ਅਸਲ ’ਚ, ਆਜ਼ਾਦੀ ਦੇ ਬਾਅਦ ਤੋਂ ਹੀ ਜਨਤਕ ਜੀਵਨ ’ਚ ਸ਼ਾਮਲ ਰਹਿਣ ਕਰਕੇ, ਮੈਨੂੰ ਪਿਛਲੇ ਦੋ ਸਭ ਤੋਂ ਲੰਮਾ ਸਮਾਂ ਸੇਵਾ ਕਰਨ ਵਾਲੇ ਪ੍ਰਧਾਨ ਮੰਤਰੀਆਂ ਨਾਲ ਨੇੜਿਓਂ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ।

ਪੰਡਿਤ ਜਵਾਹਰ ਲਾਲ ਨਹਿਰੂ ਮੇਰੇ ਗੁਰੂ ਸਨ। ਉਨ੍ਹਾਂ ਨੂੰ ਬਸਤੀਵਾਦ, ਗਰੀਬੀ, ਵੰਡ ਅਤੇ ਫਿਰਕੂ ਕਤਲੇਆਮ ਤੋਂ ਉੱਭਰ ਰਹੀ ਇਕ ਜ਼ਖ਼ਮੀ ਸੱਭਿਅਤਾ ਵਿਰਾਸਤ ’ਚ ਮਿਲੀ ਸੀ। ਉਨ੍ਹਾਂ ਦੀ ਵੱਡੀ ਪ੍ਰਾਪਤੀ ਇਕ ਵਿਸ਼ਾਲ ਅਤੇ ਵਖਰੇਂਵਿਆਂ ਨਾਲ ਭਰੇ ਉਪ-ਮਹਾਦੀਪ ਨੂੰ ਇਕ ਕਾਰਜਸ਼ੀਲ ਲੋਕਤੰਤਰੀ ਗਣਰਾਜ ’ਚ ਬਦਲਣਾ ਸੀ। ਸ਼੍ਰੀਮਤੀ ਇੰਦਰਾ ਗਾਂਧੀ ਦੇ ਨਾਲ, ਮੈਂ ਦਸ ਸਾਲਾਂ ਤੱਕ ਉਨ੍ਹਾਂ ਦੇ ਮੰਤਰੀ ਮੰਡਲ ’ਚ ਸੇਵਾ ਕੀਤੀ ਅਤੇ ਬੰਗਲਾਦੇਸ਼ ਦੇ ਨਿਰਮਾਣ ’ਚ ਉਨ੍ਹਾਂ ਦੀ ਸਭ ਤੋਂ ਵੱਡੀ ਜਿੱਤ ਅਤੇ ਐਮਰਜੈਂਸੀ ਦੌਰਾਨ ਉਨ੍ਹਾਂ ਦੇ ਸਭ ਤੋਂ ਕਾਲੇ ਦੌਰ, ਦੋਵਾਂ ਦਾ ਗਵਾਹ ਰਿਹਾ। ਸ਼੍ਰੀ ਨਰਿੰਦਰ ਮੋਦੀ ਦੀ ਅਗਲੀ ਚੁਣੌਤੀ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਕੁੱਲ ਕਾਰਜਕਾਲ ਨੂੰ ਪਾਰ ਕਰਨ ਦੀ ਹੋਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਤੇ ’ਚ ਕਈ ਮਹੱਤਵਪੂਰਨ ਪ੍ਰਾਪਤੀਆਂ ਹਨ। ਉਨ੍ਹਾਂ ਨੂੰ ਜੋ ਭਾਰਤ ਵਿਰਾਸਤ ’ਚ ਮਿਲਿਆ, ਉਹ ਜਵਾਹਰ ਲਾਲ ਨਹਿਰੂ ਦੇ ਯੁੱਗ ਦੇ ਭਾਰਤ ਨਾਲੋਂ ਕਾਫ਼ੀ ਵੱਖਰਾ ਸੀ। ਦੇਸ਼ ਦੀ ਆਬਾਦੀ ਲਗਭਗ 34 ਕਰੋੜ ਤੋਂ ਵਧ ਕੇ ਕਰੀਬ 146 ਕਰੋੜ ਹੋ ਗਈ ਸੀ, ਜਦੋਂ ਕਿ ਵੋਟਰ ਸੂਚੀ ਲਗਭਗ 11 ਕਰੋੜ ਵੋਟਰਾਂ ਤੋਂ ਵਧ ਕੇ 83 ਕਰੋੜ ਤੋਂ ਵੱਧ ਹੋ ਗਈ ਸੀ। ਇਹ ਤੱਥ ਕਿ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਲਗਾਤਾਰ ਤਿੰਨ ਸੰਸਦੀ ਜਿੱਤਾਂ ਵੱਲ ਅਗਵਾਈ ਦਿੱਤੀ, ਆਪਣੇ ਆਪ ’ਚ ਇਕ ਬੇਮਿਸਾਲ ਰਾਜਨੀਤਿਕ ਪ੍ਰਾਪਤੀ ਹੈ। ਜੇਕਰ ਉਹ ਅਗਲੀਆਂ ਆਮ ਚੋਣਾਂ ’ਚ ਫਿਰ ਤੋਂ ਸਫ਼ਲ ਹੁੰਦੇ ਹਨ, ਤਾਂ ਉਹ ਭਾਰਤੀ ਰਾਜਨੀਤੀ ’ਚ ਇਕ ਹੋਰ ਬੇਮਿਸਾਲ ਰਿਕਾਰਡ ਕਾਇਮ ਕਰਨਗੇ।

ਨਰਿੰਦਰ ਮੋਦੀ ਦੀ ਅਗਵਾਈ ਹੇਠ, ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚ ਬਣਿਆ ਹੋਇਆ ਹੈ, ਜਿਸ ਨੇ ਕੋਵਿਡ-19 ਮਹਾਮਾਰੀ, ਗਲੋਬਲ ਮਹਿੰਗਾਈ ਦੇ ਦਬਾਵਾਂ, ਭੂ-ਰਾਜਨੀਤਿਕ ਟਕਰਾਵਾਂ ਅਤੇ ਸਪਲਾਈ-ਚੇਨ ਦੀਆਂ ਰੁਕਾਵਟਾਂ ਕਾਰਨ ਪੈਦਾ ਹੋਈਆਂ ਮੁਸ਼ਕਲਾਂ ਦੇ ਬਾਵਜੂਦ ਮਜ਼ਬੂਤ ਵਿਕਾਸ ਨੂੰ ਬਣਾਈ ਰੱਖਿਆ ਹੈ। ਉਨ੍ਹਾਂ ਨੇ ਟੈਲੀਵਿਜ਼ਨ, ਡਿਜੀਟਲ ਮੀਡੀਆ ਅਤੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮਾਂ ਰਾਹੀਂ ਬੇਮਿਸਾਲ ਰੀਅਲ-ਟਾਈਮ ਦੇ ਯੁੱਗ ’ਚ ਸ਼ਾਸਨ ਕੀਤਾ ਹੈ। ਉਨ੍ਹਾਂ ਦੀਆਂ ਸਮਾਜਿਕ ਭਲਾਈ ਪਹਿਲਕਦਮੀਆਂ—ਜਿਨ੍ਹਾਂ ’ਚ ਸਵੱਛ ਭਾਰਤ, ਪੇਂਡੂ ਸਫ਼ਾਈ ਦਾ ਵਿਸਥਾਰ, ਔਰਤਾਂ ਲਈ ਸਾਫ਼ ਰਸੋਈ ਈਂਧਨ (ਐੱਲ. ਪੀ. ਜੀ.), ਪੇਂਡੂ ਬਿਜਲੀਕਰਨ, ਗਰੀਬਾਂ ਲਈ ਰਿਹਾਇਸ਼ੀ ਪ੍ਰੋਗਰਾਮ, ਸੂਰਜੀ ਊਰਜਾ ਪਹਿਲਕਦਮੀਆਂ ਅਤੇ ਕਰੋੜਾਂ ਨਾਗਰਿਕਾਂ ਨੂੰ ਲਾਭ ਪਹੁੰਚਾਉਣ ਵਾਲੇ ਭੋਜਨ ਸੁਰੱਖਿਆ ਉਪਾਅ ਸ਼ਾਮਲ ਹਨ—ਨੇ ਆਮ ਭਾਰਤੀਆਂ ਦੇ ਜੀਵਨ ਨੂੰ ਮਹੱਤਵਪੂਰਨ ਤੌਰ ’ਤੇ ਪ੍ਰਭਾਵਿਤ ਕੀਤਾ ਹੈ ਅਤੇ ਇਸ ਤਰ੍ਹਾਂ ਇਹ ਮੋਦੀ ਸਰਕਾਰ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਬਣੀਆਂ ਹੋਈਆਂ ਹਨ।

ਵਿੱਦਿਅਕ ਅਤੇ ਸਿਹਤ ਸੰਸਥਾਵਾਂ ਦਾ ਵਿਸਥਾਰ ਵੀ ਬੇਮਿਸਾਲ ਰਿਹਾ ਹੈ। ਜਵਾਹਰ ਲਾਲ ਨਹਿਰੂ ਨੇ ਪਹਿਲੇ ਆਈ. ਆਈ. ਟੀ. ਅਤੇ ਏਮਜ਼ ਦੀ ਸਥਾਪਨਾ ਕੀਤੀ ਸੀ। ਨਰਿੰਦਰ ਮੋਦੀ ਅਧੀਨ, ਆਈ. ਆਈ. ਟੀ., ਏਮਜ਼ ਅਤੇ ਆਈ. ਆਈ. ਐੱਮ. ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ। ਇਹ ਸੰਸਥਾਵਾਂ ਭਾਰਤ ਦੀ ਮਾਨਵ ਪੂੰਜੀ ’ਚ ਇਕ ਵੱਡੇ ਨਿਵੇਸ਼ ਨੂੰ ਦਰਸਾਉਂਦੀਆਂ ਹਨ ਅਤੇ ਦੇਸ਼ ਦੀਆਂ ਵਧ ਰਹੀਆਂ ਪੇਸ਼ੇਵਰ, ਵਿਗਿਆਨਕ ਅਤੇ ਬੌਧਿਕ ਇੱਛਾਵਾਂ ਨੂੰ ਦਰਸਾਉਂਦੀਆਂ ਹਨ। ਇਸੇ ਤਰ੍ਹਾਂ ਬੁਨਿਆਦੀ ਢਾਂਚੇ ਦਾ ਵਿਕਾਸ ਵੀ ਇਸ ਦੌਰ ਦੀ ਇਕ ਮੁੱਖ ਵਿਸ਼ੇਸ਼ਤਾ ਰਿਹਾ ਹੈ। ਹਾਈਵੇਅ, ਹਵਾਈ ਅੱਡਿਆਂ ਦੇ ਤੇਜ਼ੀ ਨਾਲ ਵਿਸਥਾਰ, ਰੇਲਵੇ ਦੇ ਆਧੁਨਿਕੀਕਰਨ, ਡਿਜੀਟਲ ਕਨੈਕਟੀਵਿਟੀ ਅਤੇ ਜਨਤਕ ਬੁਨਿਆਦੀ ਢਾਂਚੇ ਨੇ ਲੰਮੇ ਸਮੇਂ ਦੇ ਆਰਥਿਕ ਵਿਕਾਸ ਦੀ ਨੀਂਹ ਰੱਖਣ ਦਾ ਯਤਨ ਕੀਤਾ ਹੈ। ਕੋਈ ਹਰ ਨੀਤੀ ਨਾਲ ਸਹਿਮਤ ਹੋਵੇ ਜਾਂ ਨਾ, ਪਰ ਕੰਮ ਨੂੰ ਲਾਗੂ ਕਰਨ ਦਾ ਪੈਮਾਨਾ ਬਹੁਤ ਵੱਡਾ ਰਿਹਾ ਹੈ।

ਉਨ੍ਹਾਂ ਦੇ ਕੁਝ ਫ਼ੈਸਲੇ ਬਿਨਾਂ ਸ਼ੱਕ ਵਿਵਾਦਪੂਰਨ ਰਹੇ ਹਨ, ਜਿਨ੍ਹਾਂ ’ਚ ਨੋਟਬੰਦੀ ਅਤੇ ਧਾਰਾ 370 ਨੂੰ ਹਟਾਉਣਾ ਸ਼ਾਮਲ ਹੈ। ਇਕ ਲੋਕਤੰਤਰ ’ਚ, ਪ੍ਰਮੁੱਖ ਨੀਤੀਗਤ ਪਹਿਲਕਦਮੀਆਂ ’ਤੇ ਹਮੇਸ਼ਾ ਦੋਵਾਂ ਪੱਖਾਂ ਵੱਲੋਂ ਤਿੱਖੇ ਵਿਚਾਰ ਸਾਹਮਣੇ ਆਉਣਗੇ। ਫਿਰ ਵੀ ਨਰਿੰਦਰ ਮੋਦੀ ਨੇ ਆਪਣੇ ਐਲਾਨੇ ਟੀਚਿਆਂ ਨੂੰ ਪੂਰਾ ਕਰਨ ਦਾ ਪੱਕਾ ਇਰਾਦਾ ਦਿਖਾਇਆ ਹੈ।

ਵਿਦੇਸ਼ੀ ਮਾਮਲਿਆਂ ’ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਦੇ ਵਿਆਪਕ ਅੰਤਰਰਾਸ਼ਟਰੀ ਰੁਝੇਵਿਆਂ ਨੇ ਪ੍ਰਮੁੱਖ ਸ਼ਕਤੀਆਂ ਦੇ ਨਾਲ-ਨਾਲ ਵਿਕਾਸਸ਼ੀਲ ਦੇਸ਼ਾਂ ਦੇ ਨਾਲ ਵੀ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਭਾਰਤ ਦੇ ਵਧ ਰਹੇ ਕੂਟਨੀਤਕ ਕੱਦ, ਗਲੋਬਲ ਸਾਊਥ ’ਚ ਲੀਡਰਸ਼ਿਪ ਦੀ ਭੂਮਿਕਾ ਅਤੇ ਅੰਤਰਰਾਸ਼ਟਰੀ ਮੰਚਾਂ ’ਤੇ ਵਧੀ ਹੋਈ ਦਿੱਖ ਨੇ ਵਿਸ਼ਵ ਮੰਚ ’ਤੇ ਇਸ ਦੇ ਸਨਮਾਨ ਨੂੰ ਵਧਾਇਆ ਹੈ। ਖਾੜੀ ਦੇਸ਼ਾਂ ਤੱਕ ਉਨ੍ਹਾਂ ਦੀ ਪਹੁੰਚ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਰਹੀ ਹੈ, ਜਿਸ ਨਾਲ ਭਾਰਤ ਦੇ ਲਈ ਬਹੁਤ ਜ਼ਿਆਦਾ ਰਣਨੀਤਕ ਅਤੇ ਆਰਥਿਕ ਮਹੱਤਵ ਵਾਲੇ ਖੇਤਰ ਨਾਲ ਸਬੰਧਾਂ ਨੂੰ ਗੂੜ੍ਹਾ ਕਰਨ ’ਚ ਮਦਦ ਮਿਲੀ ਹੈ, ਬਾਵਜੂਦ ਇਸ ਦੇ ਕਿ ਉਨ੍ਹਾਂ ਨੂੰ ਇਹ ਖ਼ਦਸ਼ਾ ਸੀ ਕਿ ਭਾਰਤ ਧਰਮ-ਨਿਰਪੱਖਤਾ ਤੋਂ ਦੂਰ ਜਾ ਰਿਹਾ ਹੈ। ਮੈਂ ਇਹ ਵੀ ਜੋੜ ਸਕਦਾ ਹਾਂ ਕਿ ਭਾਵੇਂ ਇਹ ਸ਼ਬਦ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ’ਚ ਸ਼ਾਮਲ ਹੈ, ਪਰ ਬਦਕਿਸਮਤੀ ਨਾਲ ਇਸ ਨੇ ਇਕ ਹਿੰਦੂ-ਵਿਰੋਧੀ ਗ੍ਰੰਥੀ (ਕੰਪਲੈਕਸ) ਪ੍ਰਾਪਤ ਕਰ ਲਈ ਸੀ। ਇਸ ਪਿਛੋਕੜ ’ਚ, ਉਨ੍ਹਾਂ ਦੇ ਕਾਰਜਕਾਲ ਦੌਰਾਨ ਇਕ ਪ੍ਰਮੁੱਖ ਪ੍ਰਾਪਤੀ ਸੁਪਰੀਮ ਕੋਰਟ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਅਯੁੱਧਿਆ ’ਚ ਸ਼੍ਰੀ ਰਾਮ ਲੱਲਾ ਮੰਦਰ ਦਾ ਨਿਰਮਾਣ ਰਹੀ ਹੈ। ਕਰੋੜਾਂ ਭਾਰਤੀਆਂ ਲਈ, ਇਸ ਨੇ ਇਕ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੱਭਿਅਤਾ ਅਤੇ ਸੱਭਿਆਚਾਰਕ ਮੁੱਦੇ ਦੇ ਹੱਲ ਨੂੰ ਚਿੰਨ੍ਹਿਤ ਕੀਤਾ।

ਸ਼ਾਇਦ ਨਰਿੰਦਰ ਮੋਦੀ ਦਾ ਸਭ ਤੋਂ ਸਥਾਈ ਯੋਗਦਾਨ ਭਾਰਤੀ ਆਬਾਦੀ ਦੇ ਵੱਡੇ ਵਰਗਾਂ ਨਾਲ ਸਿੱਧਾ ਜੁੜਨ ਅਤੇ ਭਾਰਤ ਦੇ ਭਵਿੱਖ ’ਚ ਵਿਸ਼ਵਾਸ ਜਗਾਉਣ ਦੀ ਉਨ੍ਹਾਂ ਦੀ ਸਮਰੱਥਾ ਰਹੀ ਹੈ। ਉਨ੍ਹਾਂ ਦੀ ਅਗਵਾਈ ਇਕ ਅਜਿਹੇ ਦੌਰ ਨਾਲ ਮੇਲ ਖਾਂਦੀ ਹੈ ਜਿਸ ’ਚ ਭਾਰਤ ਨੇ ਖ਼ੁਦ ਨੂੰ ਸਿਰਫ ਇਕ ਵਿਕਾਸਸ਼ੀਲ ਦੇਸ਼ ਵਜੋਂ ਨਹੀਂ, ਸਗੋਂ ਵਧ ਰਹੇ ਆਰਥਿਕ, ਤਕਨੀਕੀ ਅਤੇ ਰਣਨੀਤਕ ਪ੍ਰਭਾਵ ਵਾਲੀ ਇਕ ਉੱਭਰ ਰਹੀ ਗਲੋਬਲ ਸ਼ਕਤੀ ਵਜੋਂ ਦੇਖਿਆ ਹੈ। ਬਹੁਤਾ ਵਿਸਥਾਰ ’ਚ ਗਏ ਬਿਨਾਂ, ਇਹ ਕਹਿਣਾ ਕਾਫ਼ੀ ਹੈ ਕਿ ਅਣਗਿਣਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ, ਨਰਿੰਦਰ ਮੋਦੀ ਬਦਲਾਅ ਦੇ ਇਕ ਮਹੱਤਵਪੂਰਨ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ ਲੋਕਤੰਤਰੀ ਸ਼ਾਸਨ ਨੂੰ ਬਣਾਈ ਰੱਖਣ ’ਚ ਸਫ਼ਲ ਰਹੇ ਹਨ। ਅਗਲੀਆਂ ਚੁਣੌਤੀਆਂ ਅਜੇ ਵੀ ਮੁਸ਼ਕਲ ਬਣੀਆਂ ਹੋਈਆਂ ਹਨ।

ਭਾਰਤ ਦੇ ਸੰਘੀ ਢਾਂਚੇ ਨੂੰ ਮਜ਼ਬੂਤ ਕਰਨਾ, ਸਿੱਖਿਆ ਦੀ ਗੁਣਵੱਤਾ ’ਚ ਸੁਧਾਰ ਕਰਨਾ, ਨੌਜਵਾਨ ਆਬਾਦੀ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ, ਵਾਤਾਵਰਣ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਅਤੇ ਸਮਾਵੇਸ਼ੀ ਵਿਕਾਸ ਯਕੀਨੀ ਬਣਾਉਣਾ। ਕਿਸੇ ਦੀ ਰਾਜਨੀਤਕ ਵਿਚਾਰਧਾਰਾ ਭਾਵੇਂ ਜੋ ਵੀ ਹੋਵੇ, ਨਰਿੰਦਰ ਮੋਦੀ ਨੇ ਭਾਰਤੀ ਰਾਜਨੀਤੀ ਦੀ ਸ਼ਬਦਾਵਲੀ ਨੂੰ ਬਦਲ ਦਿੱਤਾ ਹੈ। ਆਜ਼ਾਦੀ ਤੋਂ ਬਾਅਦ ਬਹੁਤ ਘੱਟ ਨੇਤਾ ਵੋਟਰਾਂ ਨਾਲ ਅਜਿਹਾ ਸਿੱਧਾ ਸਬੰਧ ਸਥਾਪਤ ਕਰਨ ਜਾਂ ਰਾਸ਼ਟਰੀ ਚਰਚਾ ਨੂੰ ਉਸ ਹੱਦ ਤੱਕ ਆਕਾਰ ਦੇਣ ਦੇ ਯੋਗ ਹੋਏ ਹਨ, ਜਿਵੇਂ ਉਨ੍ਹਾਂ ਨੇ ਪਿਛਲੇ ਦਹਾਕੇ ’ਚ ਕੀਤਾ ਹੈ।

ਜਿਵੇਂ ਹੀ ਭਾਰਤ ਆਪਣੇ ਵਿਕਾਸ ਦੇ ਅਗਲੇ ਪੜਾਅ ’ਚ ਪ੍ਰਵੇਸ਼ ਕਰ ਰਿਹਾ ਹੈ, ਇਨ੍ਹਾਂ ਕਾਰਜਾਂ ਲਈ ਗਿਆਨ, ਸੰਜਮ ਅਤੇ ਰਾਸ਼ਟਰੀ ਆਮ ਸਹਿਮਤੀ ਦੀ ਲੋੜ ਹੋਵੇਗੀ। ਆਜ਼ਾਦੀ ਦੀ ਸਵੇਰ ਤੋਂ ਭਾਰਤ ਦੀ ਯਾਤਰਾ ਨੂੰ ਦੇਖਣ ਵਾਲੇ ਵਿਅਕਤੀ ਵਜੋਂ, ਇਹ ਮੇਰੀ ਆਸ ਹੈ ਕਿ ਆਉਣ ਵਾਲੇ ਸਾਲ ਸਾਡੇ ਦੇਸ਼ ਨੂੰ ਨਾ ਸਿਰਫ ਸ਼ਕਤੀ ਅਤੇ ਖ਼ੁਸ਼ਹਾਲੀ ’ਚ, ਸਗੋਂ ਗਿਆਨ, ਦਇਆ ਅਤੇ ਰਾਸ਼ਟਰੀ ਏਕਤਾ ’ਚ ਵੀ ਵਧਦੇ ਹੋਏ ਦੇਖਣਗੇ। ਉਸ ਵੱਡੇ ਯਤਨ ’ਚ, ਪਾਰਟੀ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ, ਕੌਮ ਦੀ ਸੇਵਾ ’ਚ ਸਾਨੂੰ ਸਾਰਿਆਂ ਨੂੰ ਪ੍ਰਧਾਨ ਮੰਤਰੀ ਦੀ ਸਫ਼ਲਤਾ ਦੀ ਕਾਮਨਾ ਕਰਨੀ ਚਾਹੀਦੀ ਹੈ।

—ਡਾ. ਕਰਨ ਸਿੰਘ


author

Anmol Tagra

Content Editor

Related News