ਜੰਗ ਪ੍ਰਭਾਵਿਤ ਦੇਸ਼ਾਂ ’ਚ ਫਸੇ ਭਾਰਤੀ
Monday, Oct 07, 2024 - 02:35 AM (IST)
ਅੱਜ ਸਾਰੀ ਦੁਨੀਆ ਇਕ ‘ਗਲੋਬਲ ਵਿਲੇਜ’ ਦਾ ਰੂਪ ਧਾਰਨ ਕਰ ਗਈ ਹੈ ਅਤੇ ਵਪਾਰ, ਸਿੱਖਿਆ, ਨੌਕਰੀ ਆਦਿ ਲਈ ਵੱਡੀ ਗਿਣਤੀ ’ਚ ਲੋਕ ਇਕ ਦੇਸ਼ ਤੋਂ ਦੂਜੇ ਦੇਸ਼ ’ਚ ਜਾ ਰਹੇ ਹਨ। ਭਾਰਤੀ ਵੀ ਵਿਸ਼ਵ ਭਰ ’ਚ ਫੈਲ ਗਏ ਹਨ ਜਿਨ੍ਹਾਂ ’ਚ ਸਿੱਖਿਆ ਪ੍ਰਾਪਤੀ ਲਈ ਦੂਜੇ ਦੇਸ਼ਾਂ ’ਚ ਗਏ ਹੋਏ ਨੌਜਵਾਨ ਵੀ ਸਾਮਲ ਹਨ। ਇਨ੍ਹਾਂ ’ਚ ਜੰਗ ਪ੍ਰਭਾਵਿਤ ਯੂਕ੍ਰੇਨ, ਰੂਸ, ਈਰਾਨ, ਲਿਬਨਾਨ ਅਤੇ ਇਜ਼ਰਾਈਲ ਆਦਿ ਦੇਸ਼ ਵੀ ਸ਼ਾਮਲ ਹਨ।
ਯੂਕ੍ਰੇਨ ’ਚ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਰਤ ਲਿਆਂਦਾ ਗਿਆ ਜਦ ਕਿ ਈਰਾਨ, ਲਿਬਨਾਨ ਅਤੇ ਇਜ਼ਰਾਈਲ ਆਦਿ ’ਚ ਅਜੇ ਵੀ ਵੱਡੀ ਗਿਣਤੀ ’ਚ ਭਾਰਤੀ ਵਿਦਿਆਰਥੀ ਰੁਕੇ ਹੋਏ ਹਨ, ਜਿਨ੍ਹਾਂ ’ਚ ਜਾਰੀ ਜੰਗ ਦੇ ਕਾਰਨ ਮਿਜ਼ਾਈਲਾਂ ਦੀ ਵਾਛੜ ਦਰਮਿਆਨ ਰਹਿਣ ਲਈ ਮਜਬੂਰ ਡਰੇ ਹੋਏ ਵਿਦਿਆਰਥੀ ਆਪਣੇ ਦੇਸ਼ ਪਰਤਣ ਲਈ ਬੇਚੈਨ ਹਨ ਅਤੇ ਵਿਦੇਸ਼ ਮੰਤਰਾਲਾ ਤੋਂ ਨਿਕਾਸੀ ਦੀ ਅਗਵਾਈ ਦੀ ਉਡੀਕ ਕਰ ਰਹੇ ਹਨ।
ਵਿਦੇਸ਼ ਮੰਤਰਾਲਾ ਅਨੁਸਾਰ ਲਿਬਨਾਨ ’ਚ ਸਾਡੇ ਲਗਭਗ 4,000, ਈਰਾਨ ’ਚ ਲਗਭਗ 10,000 ਅਤੇ ਇਜ਼ਰਾਈਲ ’ਚ 6,000 ਵਿਦਿਆਰਥੀ ਫਸੇ ਹੋਏ ਹਨ ਜਦ ਕਿ ਹੋਰਨਾਂ ਲੋਕਾਂ ਦੀ ਗਿਣਤੀ ਇਸ ਤੋਂ ਇਲਾਵਾ ਹੈ।
ਬੜੀ ਚੰਗੀ ਗੱਲ ਹੈ ਕਿ ਵਿਦੇਸ਼ਾਂ ’ਚ ਸਾਡੇ ਨੌਜਵਾਨ ਪੜ੍ਹਨ ਲਈ ਅਤੇ ਹੋਰ ਵਿਅਕਤੀ ਕਮਾਈ ਕਰਨ ਲਈ ਜਾ ਰਹੇ ਹਨ।
ਪਰ ਜਿਸ ਤਰ੍ਹਾਂ ਦੀ ਟਕਰਾਅ ਵਾਲੀ ਸਥਿਤੀ ’ਚੋਂ ਅੱਜ ਉਪਰੋਕਤ ਦੇਸ਼ਾਂ ਤੋਂ ਇਲਾਵਾ ਵਿਸ਼ਵ ਦੇ ਹੋਰ ਕਈ ਦੇਸ਼ ਲੰਘ ਰਹੇ ਹਨ, ਅਜਿਹੇ ’ਚ ਕੀ ਸਮਾਂ ਨਹੀਂ ਆ ਗਿਆ ਕਿ ਸਾਡੇ ਦੇਸ਼ ਦੇ ਕਰਤਾ-ਧਰਤਾ ਇਕ ਅਜਿਹੀ ਨੀਤੀ ਬਣਾਉਣ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਕਿ ਇਸ ਤਰ੍ਹਾਂ ਦੇ ਹਾਲਾਤ ’ਚ ਵਿਦੇਸ਼ਾਂ ’ਚ ਫਸੇ ਭਾਰਤੀਆਂ ਨੂੰ ਉਥੋਂ ਕਿਸ ਤਰ੍ਹਾਂ ਸਮਾਂ ਰਹਿੰਦੇ ਸੁਰੱਖਿਅਤ ਕੱਢਣਾ ਹੈ। ਰੂਸ ਦੀ ਉਦਾਹਰਣ ਸਾਡੇ ਸਾਹਮਣੇ ਹੈ, ਜਿਥੇ ਧੋਖੇ ਨਾਲ ਰੂਸੀ ਫੌਜ ’ਚ ਯੂਕ੍ਰੇਨ ਦੇ ਵਿਰੁੱਧ ਜੰਗ ਲੜਨ ਲਈ ਭਰਤੀ ਕੀਤੇ ਗਏ ਕਈ ਨੌਜਵਾਨ ਮਾਰੇ ਜਾ ਚੁੱਕੇ ਹਨ।
-ਵਿਜੇ ਕੁਮਾਰ