ਬਹੁਤ ਜ਼ਿਆਦਾ ਰੁਝੇਵੇਂ ਭਰੇ ਸ਼ਡਿਊਲ ਦੇ ਫੇਰ ''ਚ ਫਸੀ ਭਾਰਤੀ ਕ੍ਰਿਕਟ

Saturday, Sep 19, 2026 - 03:19 PM (IST)

ਬਹੁਤ ਜ਼ਿਆਦਾ ਰੁਝੇਵੇਂ ਭਰੇ ਸ਼ਡਿਊਲ ਦੇ ਫੇਰ ''ਚ ਫਸੀ ਭਾਰਤੀ ਕ੍ਰਿਕਟ

ਜਦੋਂ ਵਿਸ਼ਵ ਕ੍ਰਿਕਟ ਦੇ ਮੁੱਖ ਹਿੱਤਧਾਰਕ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ’ਚ ਦੁਬਈ ਸਥਿਤ ਆਈ. ਸੀ. ਸੀ. ਮੁੱਖ ਦਫ਼ਤਰ ’ਚ ਮਿਲਣਗੇ, ਤਾਂ ਭਾਰਤੀ ਪ੍ਰਤੀਨਿਧੀਆਂ ਦੇ ਸਾਹਮਣੇ ਇਕ ਮੁਸ਼ਕਲ ਕੰਮ ਹੋਵੇਗਾ। ਇਹ ਬੈਠਕ ਅਗਲੇ ਚੱਕਰ ਲਈ ‘ਫਿਊਚਰ ਟੂਰਸ ਪ੍ਰੋਗਰਾਮ’ (ਐੱਫ. ਟੀ. ਪੀ.) ’ਤੇ ਵਿਚਾਰ-ਵਟਾਂਦਰਾ ਕਰਨ ਲਈ ਨਿਰਧਾਰਿਤ ਹੈ, ਜੋ ਮਈ 2027 ਤੋਂ ਅਪ੍ਰੈਲ 2031 ਤੱਕ ਚੱਲੇਗਾ।

ਇਹ ਕੇਵਲ ਆਮ ਪ੍ਰਕਿਰਿਆ ਦੀ ਇਕ ਅਕਾਊ ਕਵਾਇਦ ਲੱਗ ਸਕਦੀ ਹੈ, ਪਰ ਇਹ ਉਸ ਤੋਂ ਕਿਤੇ ਵੱਧ ਹੈ। ਆਈ. ਸੀ. ਸੀ. ਐੱਫ. ਟੀ. ਪੀ. ਸਭ ਤੋਂ ਮਹੱਤਵਪੂਰਨ ਦੌਰਿਆਂ ਅਤੇ ਟੂਰਨਾਮੈਂਟਾਂ ਨੂੰ ਅੰਤਿਮ ਰੂਪ ਦਿੰਦਾ ਹੈ। ਮੁਕਾਬਲਿਆਂ ਦਾ ਨਿਰਧਾਰਨ ਅਗਲੇ ਚੱਕਰ ਦੇ ਵਿੱਤੀ ਦ੍ਰਿਸ਼ ਨੂੰ ਤੈਅ ਕਰਦਾ ਹੈ। ਸਿੱਧੇ ਸ਼ਬਦਾਂ ’ਚ ਕਹੀਏ ਤਾਂ, ਜੋ ਦੇਸ਼ ਸੀਮਤ ਓਵਰਾਂ (ਵ੍ਹਾਈਟ-ਬਾਲ) ਦੀ ਕ੍ਰਿਕਟ ਲਈ ਭਾਰਤ ਦੀ ਮੇਜ਼ਬਾਨੀ ਕਰਨ ਦੀ ਵਚਨਬੱਧਤਾ ਹਾਸਲ ਕਰ ਲੈਂਦੇ ਹਨ, ਉਨ੍ਹਾਂ ਨੂੰ ਸਭ ਤੋਂ ਵੱਡਾ ਵਪਾਰਕ ਲਾਭ ਮਿਲਦਾ ਹੈ। ਇਹ ਮੁਕਾਬਲੇ ਨਿਵੇਸ਼ ’ਤੇ ਵੱਧ ਤੋਂ ਵੱਧ ਰਿਟਰਨ ਪ੍ਰਦਾਨ ਕਰਦੇ ਹਨ।

ਇਸ ਲਈ ਜਿੰਨਾ ਸੰਭਵ ਹੋ ਸਕੇ, ਵੱਧ ਤੋਂ ਵੱਧ ਮੈਚ ਸ਼ਾਮਲ ਕਰਨ ਦੀ ਦੌੜ ਹੋਵੇਗੀ ਪਰ ਭਾਰਤ ਆਪਣਾ ਸਮਾਂ ਸਾਂਝਾ ਕਰਨ ਨੂੰ ਲੈ ਕੇ ਚੌਕਸ ਹੈ। ਨਿਸ਼ਚਿਤ ਤੌਰ ’ਤੇ, ਉਨ੍ਹਾਂ ਨੂੰ ਹਰ ਸਾਲ ਚਿੱਟੀ ਗੇਂਦ ਵਾਲੀ ਕ੍ਰਿਕਟ ਦੇ ਦਿਨਾਂ ਦੀ ਇਕ ਨਿਸ਼ਚਿਤ ਘੱਟੋ-ਘੱਟ ਗਿਣਤੀ ਦੀ ਲੋੜ ਹੁੰਦੀ ਹੈ ਕਿਉਂਕਿ ਬੀ. ਸੀ. ਸੀ. ਆਈ. ਦੇ ਘਰੇਲੂ ਅਧਿਕਾਰ ਹਾਸਲ ਕਰਨ ਵਾਲੇ ਪ੍ਰਸਾਰਕ ਨੂੰ ਵੀ ਵਪਾਰ ’ਚ ਬਣਾਈ ਰੱਖਣਾ ਜ਼ਰੂਰੀ ਹੈ।

ਪਰ ਕੈਲੰਡਰ ਦੀ ਇਹ ਅੱਤ ਦੀ ਭੀੜ ਇਕ ਅਜਿਹਾ ਮੁੱਦਾ ਹੈ ਜਿਸ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਲੰਮੇ ਸਮੇਂ ਤੱਕ, ਹਰ ਕਿਸੇ ਨੇ ਇਸ ਬਾਰੇ ਸ਼ਿਕਾਇਤ ਕੀਤੀ ਪਰ ਕਿਸੇ ਨੇ ਵੀ ਇਸ ਦਬਾਅ ਨੂੰ ਘੱਟ ਕਰਨ ਲਈ ਕੁਝ ਨਹੀਂ ਕੀਤਾ ਪਰ ਹੁਣ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਚੁੱਕੇ ਹਨ ਅਤੇ ਭਾਰਤ ਚੌਕਸ ਹੋ ਕੇ ਇਸ ’ਤੇ ਧਿਆਨ ਦੇ ਰਿਹਾ ਹੈ।

ਟੈਸਟ ਅਤੇ ਵਨਡੇ ਟੀਮਾਂ ਦੇ ਕਪਤਾਨ ਸ਼ੁਭਮਨ ਗਿੱਲ ਨੇ ਜਨਤਕ ਤੌਰ ’ਤੇ ਮੰਨਿਆ ਕਿ ਕਿਸੇ ਲੰਮੇ ਟੈਸਟ ਦੌਰੇ ਜਾਂ ਗਲੋਬਲ ਟੂਰਨਾਮੈਂਟ ’ਚ ਕਿਸੇ ਮੁਹਿੰਮ ਦੀ ਯੋਜਨਾ ਬਣਾਉਣਾ ਬੇਹੱਦ ਮੁਸ਼ਕਲ ਹੁੰਦਾ ਜਾ ਰਿਹਾ ਹੈ, ਕਿਉਂਕਿ ਖਿਡਾਰੀ ਲੰਮੇ ਸਮੇਂ ਤੱਕ ਫਿੱਟ ਹੀ ਨਹੀਂ ਰਹਿ ਪਾਉਂਦੇ। ਗਿੱਲ ਨੇ ਮਹੱਤਵਪੂਰਨ ਟੈਸਟ ਲੜੀਆਂ, ਵਿਸ਼ੇਸ਼ ਰੂਪ ਨਾਲ ਵਿਦੇਸ਼ੀ ਦੌਰਿਆਂ ਤੋਂ ਪਹਿਲਾਂ ਤਿਆਰੀ ਲਈ ਵੱਧ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ।

ਹਾਲ ਹੀ ’ਚ, ਬੀ. ਸੀ. ਸੀ. ਆਈ. ਸਕੱਤਰ ਦੇਵਾਜੀਤ ਸੈਕੀਆ ਨੇ ਕਿਹਾ ਕਿ ਐੱਫ. ਟੀ. ਪੀ. ਦਾ ਮੁੱਦਾ ਬੋਰਡ ਲਈ ਅਸਲ ’ਚ ਸਿਰਦਰਦੀ ਬਣ ਰਿਹਾ ਹੈ। ਉਨ੍ਹਾਂ ਕਿਹਾ, ‘‘ਖਿਡਾਰੀ ਜ਼ਖਮੀ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਬਹੁਤ ਸਾਰੇ ਮੈਚ ਖੇਡਣੇ ਪੈਂਦੇ ਹਨ। ਜੇਕਰ ਤੁਸੀਂ ਇੰਗਲੈਂਡ ਦੌਰੇ ਨੂੰ ਦੇਖੋ, ਤਾਂ 15 ਖਿਡਾਰੀਆਂ ਦੀ ਟੀਮ ਵਨਡੇ ਲਈ ਗਈ ਸੀ ਅਤੇ ਉਨ੍ਹਾਂ 15 ’ਚੋਂ 3 ਤੋਂ 4 ਖਿਡਾਰੀ ਜ਼ਖਮੀ ਹੋ ਗਏ।’’ ਉਨ੍ਹਾਂ ਅੱਗੇ ਕਿਹਾ, ‘‘ਪਰ ਉਹ ਉਸ ਤੋਂ ਪਹਿਲਾਂ 2 ਮਹੀਨੇ ਆਈ. ਪੀ. ਐੱਲ. ਖੇਡ ਚੁੱਕੇ ਸਨ। ਇਸ ਲਈ ਇਹ ਸਭ ਖਿਡਾਰੀਆਂ ਦੀ ਸਿਹਤ ’ਤੇ ਵੀ ਭਾਰੀ ਪੈਂਦਾ ਹੈ। ਅਸੀਂ ਕੋਈ ਰਸਤਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ।’’

ਪਰ ਸਮੱਸਿਆ ਇਹ ਹੈ ਕਿ ਭਾਰਤ ਖੁਦ ਕਈ ਦਿਸ਼ਾਵਾਂ ’ਚ ਖਿੱਚਿਆ ਚਲਾ ਜਾਂਦਾ ਹੈ। ਪਹਿਲੀ ਗੱਲ, ਉਹ ਮੁੱਖ ਰੂਪ ਨਾਲ ਰੈਵੇਨਿਊ ਕਾਰਨਾਂ ਕਰ ਕੇ ਇੰਗਲੈਂਡ ਅਤੇ ਆਸਟ੍ਰੇਲੀਆ ਖਿਲਾਫ਼ 5-5 ਟੈਸਟ ਮੈਚਾਂ ਦੀ ਲੜੀ ਖੇਡਣਾ ਚਾਹੁੰਦੇ ਹਨ। ਦੂਜੀ ਗੱਲ, ਭਾਰਤ ਕੁਝ ਮੈਚਾਂ ਦਾ ਪ੍ਰੋਗਰਾਮ ਅਜਿਹੇ ਕਾਰਨਾਂ ਕਰ ਕੇ ਤੈਅ ਕਰਦਾ ਹੈ, ਜਿਨ੍ਹਾਂ ਦਾ ਕ੍ਰਿਕਟ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ।

ਉਦਾਹਰਣ ਲਈ, ਭਾਰਤ ਇਕ ਟੀ-20 ਅੰਤਰਰਾਸ਼ਟਰੀ ਮੈਚ ’ਚ ਜਾਪਾਨ ਨਾਲ ਖੇਡ ਰਿਹਾ ਹੈ ਕਿਉਂਕਿ ਸਰਕਾਰਾਂ ਵਿਚਾਲੇ ਇਕ ਸਮਝੌਤਾ ਹੋਇਆ ਹੈ ਕਿ ਇਹ ‘ਸਪੋਰਟ 75’ ਪਹਿਲਕਦਮੀ ਦਾ ਪਹਿਲਾ ਕਦਮ ਹੋਵੇਗਾ। ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਖੇਡਾਂ ’ਚ ਲੋਕਾਂ ਦੇ ਆਪਸੀ ਸੰਪਰਕ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇਕ ਸਮਝੌਤਾ ਹੋਇਆ। ਇਹ ਪੂਰੀ ਤਰ੍ਹਾਂ 2036 ’ਚ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਇੱਛਾ ਨੂੰ ਮਜ਼ਬੂਤੀ ਦੇਣ ਲਈ ਹੈ।

ਉੱਪਰੋਂ ਦੇਖਣ ’ਤੇ, ਨੰਬਰ 1 ਰੈਂਕ ਵਾਲੇ ਭਾਰਤ ਦਾ ਨੰਬਰ 41 ਰੈਂਕ ਵਾਲੇ ਜਾਪਾਨ ਨਾਲ ਖੇਡਣਾ ਠੀਕ ਦਿਸਦਾ ਹੈ ਪਰ ਦੋਵਾਂ ਟੀਮਾਂ ਵਿਚਾਲੇ ਦਾ ਅੰਤਰ ਇੰਨਾ ਵੱਡਾ ਹੈ ਕਿ ਇਸ ਮੁਕਾਬਲੇ ਦੇ ਸਾਰਥਕ ਹੋਣ ਦੀ ਸੰਭਾਵਨਾ ਨਹੀਂ ਹੈ। ਭਾਰਤ ਦੀਆਂ ਓਲੰਪਿਕ ਇੱਛਾਵਾਂ ਦਾ ਮਤਲਬ ਇਹ ਵੀ ਹੈ ਕਿ ਟੀਮ ਏਸ਼ੀਆਈ ਖੇਡਾਂ ’ਚ ਖੇਡਦੀ ਹੈ, ਜੋ ਫਿਰ ਤੋਂ ਦੇਖਣ ’ਚ ਤਾਂ ਬਹੁਤ ਵਧੀਆ ਹੈ ਪਰ ਉਸ ਖੇਡ ਲਈ ਗੈਰ-ਜ਼ਰੂਰੀ ਹੈ, ਜਿਸ ’ਚ ਪਹਿਲਾਂ ਤੋਂ ਹੀ ਏਸ਼ੀਆ ਕੱਪ ਮੌਜੂਦ ਹੈ। ਭਾਰਤ ਨੇ ਐੱਫ. ਟੀ. ਪੀ. ’ਚ ਨਿਰਧਾਰਿਤ ਮੈਚਾਂ ਤੋਂ ਇਲਾਵਾ 2027 ’ਚ ਜ਼ਿੰਬਾਬਵੇ ਖਿਲਾਫ਼ ਘਰੇਲੂ ਮੈਦਾਨ ’ਤੇ 3 ਵਨਡੇ ਮੈਚ ਵੀ ਜੋੜੇ ਹਨ।

ਇਨ੍ਹਾਂ ’ਚੋਂ ਕੋਈ ਵੀ ਕੰਮ ਦੇ ਬੋਝ ਨੂੰ ਬਹੁਤ ਜ਼ਿਆਦਾ ਨਹੀਂ ਵਧਾਉਂਦਾ ਪਰ ਹਰੇਕ ਮੈਚ ਅਜਿਹੇ ਪ੍ਰੋਗਰਾਮ ’ਚ ਯਾਤਰਾ ਅਤੇ ਅਭਿਆਸ ਦੇ ਦਿਨ ਜੋੜ ਦਿੰਦਾ ਹੈ, ਜਿਸ ’ਚ ਸਾਹ ਲੈਣ ਤੱਕ ਦੀ ਵਿਹਲ ਨਹੀਂ ਹੈ। ਕ੍ਰਿਕਟ ਦੀ ਅੱਤ ਦਾ ਸੰਕਟ ਅਸਲੀ ਹੈ ਅਤੇ ਸੱਤਾ ’ਚ ਬੈਠੇ ਲੋਕਾਂ ਨੇ ਇਸ ਨੂੰ ਜਨਤਕ ਤੌਰ ’ਤੇ ਮੰਨਿਆ ਵੀ ਹੈ ਪਰ ਉਨ੍ਹਾਂ ਦੇ ਕੰਮ ਅਜੇ ਵੀ ਉਨ੍ਹਾਂ ਦੇ ਸ਼ਬਦਾਂ ਨਾਲ ਮੇਲ ਨਹੀਂ ਖਾਂਦੇ, ਜਿਸ ਨਾਲ ਖਿਡਾਰੀ ਅੱਧ-ਵਿਚਾਲੇ ਲਟਕੇ ਰਹਿ ਜਾਂਦੇ ਹਨ। 

-ਆਨੰਦ ਵਾਸੂ


author

Harpreet SIngh

Content Editor

Related News