ਭਾਰਤੀ ਨਵੀਨਤਾ ਦਾ ਅਸਲੀ ਦਿਲ : ਖੋਜ ਪ੍ਰਯੋਗਸ਼ਾਲਾਵਾਂ ਤੋਂ ‘ਵਿਕਸਿਤ ਭਾਰਤ’ ਦੀਆਂ ਜਮਾਤਾਂ ਤੱਕ

Sunday, Sep 06, 2026 - 06:15 PM (IST)

ਭਾਰਤੀ ਨਵੀਨਤਾ ਦਾ ਅਸਲੀ ਦਿਲ : ਖੋਜ ਪ੍ਰਯੋਗਸ਼ਾਲਾਵਾਂ ਤੋਂ ‘ਵਿਕਸਿਤ ਭਾਰਤ’ ਦੀਆਂ ਜਮਾਤਾਂ ਤੱਕ

ਰਾਸ਼ਟਰੀ ਅਧਿਆਪਕ ਪੁਰਸਕਾਰ ਕੇਵਲ ਨਿੱਜੀ ਉੱਤਮਤਾ ਦੀ ਪਛਾਣ ਨਹੀਂ, ਇਹ ਸਾਡੇ ਦੇਸ਼ ਦੇ ਭਵਿੱਖ ਨੂੰ ਘੜਨ ਵਾਲੇ ਮੁੱਖ ਸ਼ਿਲਪਕਾਰਾਂ ਦਾ ਸਨਮਾਨ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦੀ ਅਗਵਾਈ ਹੇਠ ਅਤੇ ‘ਵਿਕਸਿਤ ਭਾਰਤ 2047’ ਦੀ ਦਿਸ਼ਾ ’ਚ ਭਾਰਤ ਦੀ ਸਾਂਝੀ ਯਾਤਰਾ ’ਚ, ਨਵੀਨਤਾ ਨੂੰ ਅਕਸਰ ਗਲੋਬਲ ਸੂਚਕ ਅੰਕ ਅਤੇ ਵਿੱਤੀ ਖਰਚੇ ਵਰਗੇ ਤਕਨੀਕੀ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ। ਫਿਰ ਵੀ, ਨਵੀਨਤਾ ਮੂਲ ਰੂਪ ’ਚ ਇਕ ਮਨੁੱਖੀ ਯਤਨ ਹੈ-ਇਹ ਵਿਦਿਆਰਥੀ ਦੀਆਂ ਅੱਖਾਂ ’ਚ ਉਤਸੁਕਤਾ ਦੀ ਚਮਕ ਅਤੇ ਉਸ ਅਧਿਆਪਕ ਦਾ ਅਟੁੱਟ ਸਮਰਪਣ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਕੋਈ ਵੀ ਬੱਚਾ ਪਿੱਛੇ ਨਾ ਛੁੱਟ ਜਾਵੇ।

ਭਾਰਤ ’ਚ ਸਿੱਖਿਆ ਦੇ ਮੌਜੂਦਾ ਵਿਕਾਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਉੱਚ-ਪੱਧਰੀ ਪ੍ਰਯੋਗਸ਼ਾਲਾ ਖੋਜ ਅਤੇ ਜਮਾਤ ਦੀ ਰੋਜ਼ਾਨਾ ਦੀ ਹਕੀਕਤ ਵਿਚਕਾਰ ਸੋਚ-ਸਮਝ ਕੇ ਇਕ ਪੁਲ ਬਣਾਇਆ ਜਾ ਰਿਹਾ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) 2020 ਦੇ ਹੇਠ, ਨਵੀਨਤਾ ਦੀ ਪਰਿਕਲਪਨਾ ਸਮਾਜਿਕ ਨਿਆਂ ਅਤੇ ਆਰਥਿਕ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਵਾਲੇ ਇਕ ਉਤਪ੍ਰੇਰਕ ਵਜੋਂ ਕੀਤੀ ਗਈ ਹੈ। ਇਹ ਵਿਜ਼ਨ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਦੇਸ਼ ਦੀ ਅਸਲ ਤਰੱਕੀ ਉਦੋਂ ਹੀ ਹੋ ਸਕਦੀ ਹੈ, ਜਦੋਂ ਸਾਡੀ ਸਭ ਤੋਂ ਵਧੀਆ ਖੋਜ ਦਾ ਫਾਇਦਾ ਆਖਰੀ ਕਤਾਰ ’ਚ ਬੈਠੇ ਆਖਰੀ ਬੱਚੇ ਤੱਕ ਪਹੁੰਚੇ।

21ਵੀਂ ਸਦੀ ’ਚ ਆਪਣੀ ਪ੍ਰਭੂਸੱਤਾ ਅਤੇ ਆਰਥਿਕ ਅਗਵਾਈ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਦੇਸ਼ ਲਈ, ਇਕ ਮਜ਼ਬੂਤ ਰਿਸਰਚ ਅਤੇ ਡਿਵੈੱਲਪਮੈਂਟ (ਆਰ. ਐਂਡ ਡੀ.) ਈਕੋਸਿਸਟਮ ਬਹੁਤ ਜ਼ਰੂਰੀ ਹੈ। ਭਾਰਤ ’ਚ ਇਕ ਮੂਲ ਬਦਲਾਅ ਆਇਆ ਹੈ, ਦੇਸ਼ ਹੁਣ ਮੁੱਖ ਰੂਪ ’ਚ ਗਲੋਬਲ ਤਕਨਾਲੋਜੀ ਨੂੰ ਅਪਣਾਉਣ ਦੀ ਬਜਾਏ, ਗਲੋਬਲ ਚੁਣੌਤੀਆਂ ਲਈ ਹੱਲ ਵਿਕਸਿਤ ਕਰਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਹ ਬਦਲਾਅ ਗਲੋਬਲ ਨਵੀਨਤਾ ਸੂਚਕ ਅੰਕ ’ਚ ਭਾਰਤ ਦੀ ਵਧਦੀ ਰੈਂਕਿੰਗ ’ਚ ਪ੍ਰਗਟ ਹੁੰਦਾ ਹੈ, ਜਿੱਥੇ ਦੇਸ਼ 2014 ਦੇ 76ਵੇਂ ਸਥਾਨ ਤੋਂ ਉੱਪਰ ਉੱਠ ਕੇ 2025 ’ਚ 38ਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਹਾਲਾਂਕਿ, ਅਸਲੀ ਕਹਾਣੀ ਭਾਰਤ ਦੀ ਕਾਰਜਕੁਸ਼ਲਤਾ ’ਚ ਛੁਪੀ ਹੋਈ ਹੈ। ਨਵੀਨਤਾ ਇਨਪੁਟ ਦੇ 52ਵੇਂ ਸਥਾਨ ਦੇ ਮੁਕਾਬਲੇ, ਭਾਰਤ ਨਵੀਨਤਾ ਆਊਟਪੁਟ ’ਚ ਹੁਣ ਦੁਨੀਆ ਭਰ ’ਚ 32ਵੇਂ ਸਥਾਨ ’ਤੇ ਹੈ। ਇਹ ਦਿਖਾਉਂਦਾ ਹੈ ਕਿ ਦੇਸ਼ ’ਚ ਨਵੀਨਤਾ ਇਨਪੁਟ ਨੂੰ ਵੱਡੇ ਪ੍ਰਭਾਵ ਵਾਲੇ ਨਤੀਜਿਆਂ ’ਚ ਬਦਲਣ ਦੀ ਸਮਰੱਥਾ, ਕਈ ਹੋਰ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਬਿਹਤਰ ਹੈ। ਇਸ ਸੰਸਕ੍ਰਿਤੀ ਨੂੰ 6,000 ਤੋਂ ਜ਼ਿਆਦਾ ਉੱਚ ਸਿੱਖਿਆ ਅਦਾਰਿਆਂ (ਐੱਚ. ਈ. ਆਈ.) ’ਚ ਆਰ. ਐਂਡ ਡੀ. ਸੈੱਲ ਬਣਾ ਕੇ ਅਤੇ 59,300 ਖੋਜ ਸਹਿਯੋਗ ਸਥਾਪਤ ਕਰਕੇ ਸੰਸਥਾਗਤ ਰੂਪ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਰਿਸਰਚ ਫੈਲੋਸ਼ਿਪ (ਪੀ. ਐੱਮ. ਆਰ. ਐੱਫ.) ਦੁਆਰਾ ਸਮਰਥਿਤ ਭਾਰਤ ਦਾ ਪ੍ਰਤਿਭਾ ਸਮੂਹ ਵੀ ਖੋਜ ਈਕੋਸਿਸਟਮ ਦੇ ਇਕ ਮਹੱਤਵਪੂਰਨ ਥੰਮ੍ਹ ਵਜੋਂ ਉੱਭਰਿਆ ਹੈ। ਪੀ. ਐੱਮ. ਆਰ. ਐੱਫ. ਨੇ 3,688 ਵਿਦਵਾਨਾਂ ਦਾ ਸਮਰਥਨ ਕੀਤਾ ਹੈ, ਜਿਸ ਦੇ ਨਤੀਜੇ ਵਜੋਂ 10,300 ਅਕਾਦਮਿਕ ਰਸਾਲਾ ਪ੍ਰਕਾਸ਼ਨ, 7,966 ਕਾਨਫਰੰਸ ਪੱਤਰ, 834 ਪੇਟੈਂਟ ਦਾਖਲੇ ਅਤੇ 221 ਪੇਟੈਂਟ ਮਨਜ਼ੂਰ ਹੋਏ ਹਨ। ਪੀ. ਐੱਮ. ਆਰ. ਐੱਫ. 2.0 10,000 ਫੈਲੋਸ਼ਿਪਾਂ ਦਾ ਸਮਰਥਨ ਕਰਨ ਲਈ ਤਿਆਰ ਹੈ ਅਤੇ ਪ੍ਰਧਾਨ ਮੰਤਰੀ ਰਿਸਰਚ ਵਿਭਾਗ (ਪੀ. ਐੱਮ. ਆਰ. ਸੀ.) ਨੂੰ ਪਹਿਲਾਂ ਹੀ 3,600 ਤੋਂ ਵੱਧ ਫੈਲੋਸ਼ਿਪ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਇਸ ਤਰ੍ਹਾਂ ਭਾਰਤ ਦੇ ਬੌਧਿਕ ਢਾਂਚੇ ਦਾ ਵਿਸਥਾਰ ਜਾਰੀ ਹੈ। ਇਸ ਨੂੰ ਉੱਚ ਸਿੱਖਿਆ ਫੰਡਿੰਗ ਏਜੰਸੀ (ਐੱਚ. ਈ. ਐੱਫ.) ਨੇ ਹੋਰ ਉਤਸ਼ਾਹ ਦਿੱਤਾ ਹੈ, ਜਿਸ ਨੇ 111 ਅਦਾਰਿਆਂ ’ਚ 281 ਪ੍ਰਾਜੈਕਟਾਂ ਲਈ 47,000 ਕਰੋੜ ਰੁਪਏ ਤੋਂ ਵੱਧ ਦੀ ਮਨਜ਼ੂਰੀ ਦਿੱਤੀ ਹੈ।

‘ਭਾਰਤ ’ਚ ਏ. ਆਈ. ਨਿਰਮਾਣ’ ਦੇ ਵਿਜ਼ਨ ਨੂੰ ਅੱਗੇ ਵਧਾਉਣ ਲਈ, ਆਰਟੀਫੀਸ਼ੀਅਲ ਇੰਟੈਲੀਜੈਂਸ ’ਚ 4 ਸਮਰਪਿਤ ਉੱਤਮਤਾ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ’ਚ 1,490 ਕਰੋੜ ਰੁਪਏ ਦਾ ਸਮੁੱਚਾ ਨਿਵੇਸ਼ ਕੀਤਾ ਜਾਵੇਗਾ। ਜਿੱਥੇ ਇਹ ਢਾਂਚਾ ਭਾਰਤ ਦੀ ਤਰੱਕੀ ਦਾ ਆਧਾਰ ਪ੍ਰਦਾਨ ਕਰਦਾ ਹੈ, ਉੱਥੇ ਹੀ ਗਿਆਨ ਦਾ ਲੋਕਤੰਤਰੀਕਰਨ ਇਸ ਨੂੰ ਜੀਵੰਤ ਬਣਾਉਂਦਾ ਹੈ।

ਗਿਆਨ ਤੱਕ ਪਹੁੰਚ ਦਾ ਇਹ ਵਿਸਥਾਰ ਭਾਰਤ ਦੇ ਬੌਧਿਕ ਸੰਪਦਾ ਈਕੋਸਿਸਟਮ ’ਚ ਆਏ ਵੱਡੇ ਬਦਲਾਅ ਦੇ ਨਾਲ-ਨਾਲ ਹੋਇਆ ਹੈ। ਘਰੇਲੂ ਪੇਟੈਂਟ ਦਾਖਲਾ 2014-15 ਦੇ 42,763 ਤੋਂ ਵਧ ਕੇ 2024-25 ’ਚ 1,10,375 ਹੋ ਗਿਆ, ਜੋ 158 ਪ੍ਰਤੀਸ਼ਤ ਦੇ ਭਾਰੀ ਵਾਧੇ ਨੂੰ ਉਜਾਗਰ ਕਰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ 2021-22 ਤੋਂ ਬਾਅਦ ਇਨ੍ਹਾਂ ਦਾਖਲਿਆਂ ’ਚ ਸਿੱਖਿਆ ਖੇਤਰ ਦੀ ਹਿੱਸੇਦਾਰੀ 3 ਗੁਣਾ ਵਧ ਗਈ ਹੈ, ਜੋ 11.15 ਪ੍ਰਤੀਸ਼ਤ ਤੋਂ ਵਧ ਕੇ 34.13 ਪ੍ਰਤੀਸ਼ਤ ਹੋ ਗਈ ਹੈ।

ਸਭ ਤੋਂ ਅਹਿਮ ਬਦਲਾਆਂ ’ਚੋਂ ਇਕ ਹੈ ‘ਕਿਤਾਬ ਇਕ, ਪੜ੍ਹਨ ਅਨੇਕ’ (ਕੇ. ਈ. ਪੀ. ਏ.) ਪਹਿਲ। ਸਿੱਖਿਆ-ਪ੍ਰਾਪਤੀ ਲਈ ਯੂਨੀਵਰਸਲ ਡਿਜ਼ਾਈਨ' (ਯੂ. ਡੀ. ਐੱਲ.) ’ਤੇ ਆਧਾਰਿਤ ਇਨ੍ਹਾਂ ਭੌਤਿਕ-ਸਹਿ-ਡਿਜੀਟਲ ਕਿਤਾਬਾਂ ’ਚ ਛੂਹ ਕੇ ਮਹਿਸੂਸ ਕੀਤੇ ਜਾ ਸਕਣ ਵਾਲੇ ਡੌਟਸ, ਪ੍ਰਿੰਟ-ਤੋਂ-ਆਡੀਓ ਤਕਨਾਲੋਜੀ ਅਤੇ ਆਈ. ਐੱਸ. ਐੱਲ. ਵੀਡੀਓਜ਼ ਨਾਲ ਜੁੜੇ ਕਿਊ. ਆਰ. ਕੋਡ ਹੁੰਦੇ ਹਨ। ਜਦੋਂ ਵਰਤੋਂ ’ਚ ਆਸਾਨ, ਮਜ਼ਬੂਤ ਅਤੇ ਰੀਚਾਰਜ-ਯੋਗ ਉਪਕਰਨ ਨਾਲ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਹ ਕਿਤਾਬਾਂ ਗਿਆਨ ਤੱਕ ਪਹੁੰਚਣ ਦਾ ਇਕ ਬਹੁ-ਸੰਵੇਦੀ ਜ਼ਰੀਆ ਬਣ ਜਾਂਦੀਆਂ ਹਨ।

ਆਧੁਨਿਕ ਭੌਤਿਕ-ਸਹਿ-ਡਿਜੀਟਲ ਟੂਲ ਕਿਉਂ ਨਾ ਹੋਵੇ, ਉਸ ਨੂੰ ਸਹੀ ਦਿਸ਼ਾ ਦੇਣ ਲਈ ਮਨੁੱਖੀ ਮਦਦ ਦੀ ਲੋੜ ਹੁੰਦੀ ਹੈ। ਅੱਜ, ਦੀਕਸ਼ਾ ਵਰਗੇ ਪਲੇਟਫਾਰਮਾਂ ਰਾਹੀਂ ਇਸ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਆਧੁਨਿਕ ਅਧਿਆਪਕ ਲਈ ਇਕ ਡਿਜੀਟਲ ਸਾਥੀ ਵਾਂਗ ਹੈ। ਦਿਵਿਆਂਗਤਾ ਨਾਲ ਜੁੜੇ ਮੁੱਦਿਆਂ ’ਤੇ ਹਰ ਮਹੀਨੇ ਹੋਣ ਵਾਲੇ 5 ਦਿਨਾਂ ਦੇ ਮੁਫ਼ਤ ਉਨਮੁਖੀਕਰਨ ਪ੍ਰੋਗਰਾਮ ਰਾਹੀਂ, ਅਧਿਆਪਕਾਂ ਨੂੰ ਅਜਿਹੀਆਂ ਨਵੀਆਂ ਅਤੇ ਸਮਾਵੇਸ਼ੀ ਰਣਨੀਤੀਆਂ ਸਿਖਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਉਹ ਆਪਣੀ ਜਮਾਤ ਨੂੰ ਭਵਿੱਖ ਲਈ ਤਿਆਰ ਕਰ ਸਕਣ।

ਅਧਿਆਪਕ ਇਸ ਨਵੀਨਤਾ ਦੀ ਕਹਾਣੀ ਦੇ ਅਸਲੀ ਦਿਲ ਹਨ। ਉਹ ਹੀ ਕਾਗਜ਼ ’ਤੇ ਬਣੀ ਨੀਤੀ ਨੂੰ ਬੱਚਿਆਂ ਲਈ ਸੰਭਾਵਨਾਵਾਂ ’ਚ ਬਦਲਦੇ ਹਨ। ਉਹ ਹੀ ‘ਵਿਕਸਿਤ ਭਾਰਤ’ ਦੇ ਨਿਰਮਾਤਾ ਹਨ। ਜਦੋਂ ਵੀ ਕੋਈ ਅਧਿਆਪਕ ਕਿਸੇ ਸੰਘਰਸ਼ ਕਰ ਰਹੇ ਵਿਦਿਆਰਥੀ ਤੱਕ ਪਹੁੰਚਣ ਦਾ ਨਵਾਂ ਤਰੀਕਾ ਲੱਭਦਾ ਹੈ, ਤਾਂ ਉਹ ਕੰਮ ਨਾ ਸਿਰਫ਼ ਉਸ ਵਿਦਿਆਰਥੀ ਦੇ ਭਵਿੱਖ ਨੂੰ ਬਿਹਤਰ ਬਣਾਉਂਦਾ ਹੈ, ਸਗੋਂ ਦੇਸ਼ ਦੀ ਬੌਧਿਕ ਸ਼ਕਤੀ ਅਤੇ ਨੈਤਿਕ ਚਰਿੱਤਰ ਨੂੰ ਵੀ ਮਜ਼ਬੂਤ ਕਰਦਾ ਹੈ।

- ਡਾ. ਸੁਕਾਂਤ ਮਜੂਮਦਾਰ

(ਲੇਖਕ ਕੇਂਦਰੀ ਸਿੱਖਿਆ ਅਤੇ ਪੂਰਬ-ਉੱਤਰ ਖੇਤਰ ਵਿਕਾਸ ਰਾਜ ਮੰਤਰੀ ਹਨ)


author

Anmol Tagra

Content Editor

Related News