ਅਧਿਆਪਕ ਦੇ ਹੱਥਾਂ ’ਚ ਭਾਰਤ ਦਾ ਭਵਿੱਖ
Saturday, Sep 05, 2026 - 03:04 PM (IST)
ਅਧਿਆਪਕ ਕਿਸਮਤ ਦੇ ਬਿਧਾਤਾ ਹੁੰਦੇ ਹਨ। ਕਰੋੜਾਂ ਵਿਦਿਆਰਥੀਆਂ ਦੇ ਜੀਵਨ ’ਚ ਵਿੱਦਿਆ, ਹੁਨਰ, ਨੈਤਿਕਤਾ ਅਤੇ ਪ੍ਰੇਰਣਾ ਦਾ ਸੰਚਾਰ ਕਰਨ ਵਾਲੇ ਅਧਿਆਪਕਾਂ ਪ੍ਰਤੀ ਸਾਰੇ ਦੇਸ਼ ਵਾਸੀਆਂ ਵੱਲੋਂ, ‘ਅਧਿਆਪਕ ਦਿਵਸ’ ਦੇ ਮੌਕੇ ’ਤੇ, ਮੈਂ ਧੰਨਵਾਦ ਪ੍ਰਗਟ ਕਰਦੀ ਹਾਂ।
ਇਹ ਸਭ ਜਾਣਦੇ ਹਨ ਕਿ ਸਾਡੇ ਦੇਸ਼ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਚਾਹੁੰਦੇ ਸਨ ਕਿ ਉਨ੍ਹਾਂ ਦਾ ਜਨਮਦਿਨ ‘ਅਧਿਆਪਕ ਦਿਵਸ’ ਦੇ ਰੂਪ ’ਚ ਮਨਾਇਆ ਜਾਏ। ਉਹ ਵਿਸ਼ਵ-ਪ੍ਰਸਿੱਧ ਵਿਦਵਾਨ, ਲੇਖਕ ਅਤੇ ਰਾਜਨੇਤਾ ਸਨ ਪਰ ਉਨ੍ਹਾਂ ਨੇ ਅਧਿਆਪਕ ਦੀ ਭੂਮਿਕਾ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ। ਬੇਹੱਦ ਲੋਕਪ੍ਰਿਯ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਤੋਂ ਇਕ ਵਾਰ ਪੁੱਛਿਆ ਗਿਆ ਕਿ ਲੋਕ ਉਨ੍ਹਾਂ ਨੂੰ ਇਕ ਵਿਗਿਆਨੀ ਦੇ ਰੂਪ ’ਚ ਯਾਦ ਰੱਖਣਗੇ ਜਾਂ ਰਾਸ਼ਟਰਪਤੀ ਦੇ ਰੂਪ ’ਚ ਤਾਂ ਕਲਾਮ ਸਾਹਿਬ ਨੇ ਉੱਤਰ ਦਿੱਤਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਇਕ ਅਧਿਆਪਕ ਦੇ ਰੂਪ ’ਚ ਯਾਦ ਰੱਖਿਆ ਜਾਵੇ।
ਅਧਿਆਪਕ ਆਦਰਯੋਗ ਹੋਣ ਅਤੇ ਵਿਦਿਆਰਥੀ ਸ਼ਰਧਾਵਾਨ ਹੋਣ, ਇਹੋ ਸਾਡਾ ਆਦਰਸ਼ ਰਿਹਾ ਹੈ। ਸਾਡੇ ਪ੍ਰਾਚੀਨ ਗ੍ਰੰਥਾਂ ’ਚ ਕਿਹਾ ਗਿਆ ਹੈ ਕਿ ਅਧਿਆਪਕ ਵਿਦਿਆਰਥੀਆਂ ਨਾਲ ਆਪਣੀ ਔਲਾਦ ਵਾਂਗ ਪਿਆਰ ਕਰਨ, ਉਨ੍ਹਾਂ ਨਾਲ ਵਿਤਕਰੇ ਤੋਂ ਬਿਨਾਂ ਬਰਾਬਰੀ ਦਾ ਵਿਵਹਾਰ ਕਰਨ, ਉਨ੍ਹਾਂ ’ਤੇ ਗੁੱਸਾ ਨਾ ਕਰਨ, ਧੀਰਜਵਾਨ ਹੋਣ, ਵਿਦਿਆਰਥੀਆਂ ਦੇ ਭਲੇ ’ਤੇ ਆਪਣਾ ਧਿਆਨ ਕੇਂਦਰਿਤ ਰੱਖਣ ਅਤੇ ਉਨ੍ਹਾਂ ਦੀ ਸਮਝਣ ਦੀ ਸਮਰੱਥਾ ਅਨੁਸਾਰ ਸਿੱਖਿਆ ਪ੍ਰਦਾਨ ਕਰਨ।
ਖ਼ੁਸ਼ਕਿਸਮਤੀ ਨਾਲ ਆਪਣੇ ਵਿਦਿਆਰਥੀ ਜੀਵਨ ’ਚ ਮੈਨੂੰ ਬਹੁਤ ਚੰਗੇ ਅਤੇ ਸਨੇਹੀ ਅਧਿਆਪਕਾਂ ਦਾ ਮਾਰਗਦਰਸ਼ਨ ਮਿਲਦਾ ਰਿਹਾ ਹੈ। ਸਾਡੀਆਂ ਅਧਿਆਪਕਾਵਾਂ, ਸਕੂਲ ਦੀ ਛੁੱਟੀ ਤੋਂ ਬਾਅਦ ਵੀ, ਕਦੇ-ਕਦੇ ਆਪਣੇ ਘਰ ’ਚ ਹੀ ਸਾਨੂੰ ਪੜ੍ਹਾਉਂਦੀਆਂ ਸਨ ਅਤੇ ਸਾਡੀ ਦੇਖਭਾਲ ਵੀ ਕਰਦੀਆਂ ਸਨ। ਸੱਤਵੀਂ ਜਮਾਤ ਤੋਂ ਬਾਅਦ, ਆਪਣੇ ਪਿੰਡ ਤੋਂ ਬਾਹਰ ਜਾ ਕੇ ਪੜ੍ਹਾਈ ਕਰਨ ਵਾਲੀ ਮੈਂ ਪਹਿਲੀ ਵਿਦਿਆਰਥਣ ਸੀ। ਅੱਗੇ ਦੀ ਪੜ੍ਹਾਈ ਦੌਰਾਨ ਭੁਵਨੇਸ਼ਵਰ ’ਚ ਵੀ ਮੈਨੂੰ ਅਧਿਆਪਕਾਂ ਦਾ ਭਰਪੂਰ ਪਿਆਰ ਅਤੇ ਮਾਰਗਦਰਸ਼ਨ ਮਿਲਦਾ ਰਿਹਾ।
ਆਪਣੇ ਅਧਿਆਪਕਾਂ ਦਾ ਨਿਮਰਤਾਪੂਰਵਕ ਜ਼ਿਕਰ ਮੈਂ ਇਹ ਦੱਸਣ ਲਈ ਕੀਤਾ ਹੈ ਕਿ ਸਨੇਹੀ ਅਤੇ ਸਮਰਪਿਤ ਅਧਿਆਪਕ ਵਿਦਿਆਰਥੀਆਂ ’ਚ ਅਥਾਹ ਸਮਰੱਥਾ ਅਤੇ ਪ੍ਰੇਰਣਾ ਦਾ ਸੰਚਾਰ ਕਰਦੇ ਹਨ। ਇਸ ਤੋਂ ਸ਼ਕਤੀ ਪ੍ਰਾਪਤ ਕਰ ਕੇ ਵਿਦਿਆਰਥੀਆਂ ’ਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦਾ ਹੌਸਲਾ ਅਤੇ ਵੱਡੇ ਤੋਂ ਵੱਡੇ ਟੀਚੇ ਨੂੰ ਪ੍ਰਾਪਤ ਕਰਨ ਦਾ ਉਤਸ਼ਾਹ ਬਣਿਆ ਰਹਿੰਦਾ ਹੈ।
ਉੱਤਮ ਅਧਿਆਪਕ ਦੀ ਵਿਸ਼ੇਸ਼ਤਾ ਬਾਰੇ ਸਾਡੀ ਸੰਸਕ੍ਰਿਤੀ ਅਤੇ ਪ੍ਰੰਪਰਾ ’ਚ ਪ੍ਰਾਚੀਨ ਕਾਲ ਤੋਂ ਚੱਲੇ ਆ ਰਹੇ ਵਿਚਾਰ ਅੱਜ ਵੀ ਪੂਰੀ ਤਰ੍ਹਾਂ ਢੁਕਵੇਂ ਹਨ। ਸਦੀਆਂ ਪਹਿਲਾਂ, ਆਪਣੇ ਨਾਟਕ ‘ਮਾਲਵਿਕਾਗਨਿਮਿੱਤਰਮ’ ਵਿਚ ਮਹਾਕਵੀ ਕਾਲੀਦਾਸ ਕਹਿੰਦੇ ਹਨ ਕਿ ਜਿਸ ਅਧਿਆਪਕ ’ਚ ਭਰਪੂਰ ਗਿਆਨ ਹੋਵੇ ਅਤੇ ਉਸ ਗਿਆਨ ਨੂੰ ਸਮਝਾਉਣ ਦੀ ਸਮਰੱਥਾ ਵੀ ਹੋਵੇ, ਉਹੀ ਚੰਗਾ ਅਧਿਆਪਕ ਹੁੰਦਾ ਹੈ।
ਅਧਿਆਪਨ ਕੇਵਲ ਇਕ ਕਿੱਤਾ ਨਹੀਂ ਹੈ; ਇਹ ਇਕ ਪਵਿੱਤਰ ਪ੍ਰਣ ਹੈ। ਇਹ ਸਿਰਫ ਵਪਾਰ ਜਾਂ ਨੌਕਰੀ ਨਹੀਂ ਹੈ, ਸਗੋਂ ਮਨੁੱਖਤਾ ਦੇ ਨਿਰਮਾਣ ਦਾ ਪਵਿੱਤਰ ਕਾਰਜ ਹੈ। ਇਹ ਭਵਿੱਖ ਦੀਆਂ ਪੀੜ੍ਹੀਆਂ ਲਈ ਰਾਹ ਪੱਧਰਾ ਕਰਨ ਦਾ ਸੱਚਾ ਕੰਮ ਹੈ।
ਅਧਿਆਪਨ ਨਾਲ ਜੁੜੀਆਂ ਯਾਦਾਂ ਮੈਨੂੰ ਵਿਸ਼ੇਸ਼ ਸੰਤੁਸ਼ਟੀ ਦਿੰਦੀਆਂ ਹਨ। ਮੈਂ ਓਡਿਸ਼ਾ ਦੇ ਰਾਇਰੰਗਪੁਰ ’ਚ ਸਥਿਤ ‘ਸ਼੍ਰੀ ਅਰਬਿੰਦੋ ਇੰਟੀਗ੍ਰਲ ਸਕੂਲ’ ਵਿਚ ਬੱਚਿਆਂ ਨੂੰ ਪੜ੍ਹਾਇਆ ਹੈ। ਵੱਖ-ਵੱਖ ਵਿਸ਼ਿਆਂ ਨੂੰ ਪੜ੍ਹਾਉਣ ਤੋਂ ਇਲਾਵਾ ਮੈਂ ਬੱਚਿਆਂ ਨਾਲ ਸੰਗੀਤ, ਖੇਡਾਂ ਅਤੇ ਨਾਟਕਾਂ ਦੀਆਂ ਤਿਆਰੀਆਂ ’ਚ ਪੂਰੇ ਮਨ ਨਾਲ ਉਨ੍ਹਾਂ ਦੀ ਮਦਦ ਕਰਦੀ ਸੀ। ਬੱਚਿਆਂ ਨਾਲ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਹਾੜੇ ਦੀ ਤਿਆਰੀ ਅਤੇ ਉਨ੍ਹਾਂ ਸਮਾਗਮਾਂ ’ਚ ਉਨ੍ਹਾਂ ਦੇ ਉਤਸ਼ਾਹ ਨੂੰ ਯਾਦ ਕਰ ਕੇ ਅੱਜ ਵੀ ਮੈਨੂੰ ਰੋਮਾਂਚ ਹੁੰਦਾ ਹੈ।
ਸਕੂਲੀ ਸਿੱਖਿਆ ਪੂਰੀ ਕਰਨ ਦੇ ਵਰ੍ਹਿਆਂ ਬਾਅਦ ਵੀ ਮੇਰੇ ਵਿਦਿਆਰਥੀ ਮੈਨੂੰ ਆਪਣੇ ਪਰਿਵਾਰਕ ਸਮਾਗਮਾਂ ’ਚ ਬੁਲਾਉਂਦੇ ਰਹੇ ਹਨ। ਮੈਨੂੰ ਆਪਣੇ ਕਈ ਵਿਦਿਆਰਥੀਆਂ ਦੇ ਨਾਂ ਤਾਂ ਯਾਦ ਹਨ ਹੀ, ਉਨ੍ਹਾਂ ਨੂੰ ਬੁਲਾਉਣ ਵਾਲੇ ਉਪ-ਨਾਂ (ਨਿਕਨੇਮ) ਵੀ ਮੈਨੂੰ ਅੱਜ ਤੱਕ ਯਾਦ ਹਨ। ਮੈਂ ਜਿਨ੍ਹਾਂ ਬੱਚਿਆਂ ਨੂੰ ਪੜ੍ਹਾਇਆ ਹੈ, ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਵੀ ਹੈ। ਮੈਂ ਸਮਝਦੀ ਹਾਂ ਕਿ ਬੱਚਿਆਂ ਦੀ ਸਾਦਗੀ/ਸਹਿਜਤਾ ਅਤੇ ਉਤਸੁਕਤਾ ਸਾਰੇ ਅਧਿਆਪਕਾਂ ਨੂੰ ਬਹੁਤ ਕੁਝ ਸਿਖਾਉਂਦੀ ਹੈ।
ਰਾਸ਼ਟਰਪਤੀ ਦੇ ਰੂਪ ’ਚ ਆਪਣੇ ਕਾਰਜਕਾਲ ਦਾ ਦੂਜਾ ਸਾਲ ਪੂਰਾ ਹੋਣ ਦੇ ਮੌਕੇ ’ਤੇ ਮੈਂ ਰਾਸ਼ਟਰਪਤੀ ਭਵਨ ਕੰਪਲੈਕਸ ’ਚ ਸਥਿਤ ਸਕੂਲ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਦੇ ਵਿਸ਼ੇ ’ਤੇ ਪੜ੍ਹਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਮੇਰਾ ਯਤਨ ਰਹਿੰਦਾ ਹੈ ਕਿ ਮੈਂ ਵਿਦਿਆਰਥੀਆਂ ਨੂੰ ਮਿਲਾਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਾਂ। ਉਨ੍ਹਾਂ ਦੀਆਂ ਗੱਲਾਂ ਮੇਰੇ ਧਿਆਨ ’ਚ ਰਹਿੰਦੀਆਂ ਹਨ।
ਲਗਭਗ 11 ਸਾਲ ਪਹਿਲਾਂ, ਮੈਂ ਪਿੰਡ ’ਚ ਆਪਣੇ ਨਿਵਾਸ-ਸਥਾਨ ’ਚ ਇਕ ਰਿਹਾਇਸ਼ੀ ਸਕੂਲ ਦੀ ਸਥਾਪਨਾ ਕੀਤੀ ਸੀ। ਉਸ ਸਕੂਲ ’ਚ ਅਨਾਥ ਅਤੇ ਲੋੜਵੰਦ ਪਰਿਵਾਰਾਂ ਦੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ। ਉਨ੍ਹਾਂ ਬੱਚਿਆਂ ਨੂੰ ਮਿਲਣ ਲਈ ਮੈਂ ਉੱਥੇ ਜਾਂਦੀ ਰਹਿੰਦੀ ਹਾਂ। ਇਸ ਸਾਲ 20 ਜੂਨ ਨੂੰ ਆਪਣੇ ਜਨਮਦਿਨ ’ਤੇ ਉਨ੍ਹਾਂ ਬੱਚਿਆਂ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ। ਉਸ ਦਿਨ ਮੇਰੇ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਵੀ ਉਸ ਸਕੂਲ ’ਚ ਜਾ ਕੇ ਉਨ੍ਹਾਂ ਬੱਚਿਆਂ ਦਾ ਉਤਸ਼ਾਹ ਵਧਾਇਆ। ।
ਮਾਤਾ-ਪਿਤਾ ਅਤੇ ਸਰਪ੍ਰਸਤ ਬਹੁਤ ਭਰੋਸੇ ਨਾਲ ਆਪਣੇ ਬੱਚਿਆਂ ਨੂੰ ਅਧਿਆਪਕਾਂ ਕੋਲ ਭੇਜਦੇ ਹਨ। ਉਹ ਇਹ ਮੰਨ ਕੇ ਚੱਲਦੇ ਹਨ ਕਿ ਅਧਿਆਪਕ ਅਪਣੱਤ ਦੀ ਭਾਵਨਾ ਨਾਲ ਬੱਚਿਆਂ ਦੀ ਸੁਰੱਖਿਆ ਅਤੇ ਵਿਕਾਸ ’ਤੇ ਧਿਆਨ ਦੇਣਗੇ। ਇਸ ਪਵਿੱਤਰ ਆਸਥਾ ਦੀ ਰਾਖੀ ਕਰਨਾ ਹਰੇਕ ਅਧਿਆਪਕ ਦਾ ਧਰਮ ਹੈ।
ਵਿਦਿਆਰਥੀ ਨੂੰ ਚੰਗਾ ਇਨਸਾਨ ਬਣਾਉਣਾ ਅਧਿਆਪਕ ਦਾ ਪਵਿੱਤਰ ਫ਼ਰਜ਼ ਹੈ। ਨੈਤਿਕਤਾ ਦੇ ਰਾਹ ’ਤੇ ਚੱਲਦਿਆਂ ਸਫ਼ਲਤਾ ਅਤੇ ਨਾਂ ਕਮਾਉਣ ਵਾਲੇ ਵਿਦਿਆਰਥੀ ਹੀ ਅਧਿਆਪਕ ਦੀ ਸਫ਼ਲਤਾ ਦਾ ਜਿਉਂਦਾ-ਜਾਗਦਾ ਰੂਪ ਹੁੰਦੇ ਹਨ।
ਸਾਡਾ ਦੇਸ਼ ਸਮਾਜਿਕ ਸਮਾਵੇਸ਼ ਨਾਲ ਵਿਕਸਤ ਰਾਸ਼ਟਰ ਬਣਨ ਦੇ ਟੀਚੇ ਵੱਲ ਵਧ ਰਿਹਾ ਹੈ। ਮੈਂ ਚਾਹਾਂਗੀ ਕਿ ਵਿਕਾਸ ਯਾਤਰਾ ਦੀ ਇਸ ਕੜੀ ’ਚ ਸਾਡੇ ਅਧਿਆਪਕ ਅਜਿਹੀਆਂ ਪੀੜ੍ਹੀਆਂ ਦਾ ਨਿਰਮਾਣ ਕਰਨ ਜੋ ਸਾਡੀ ਸੰਸਕ੍ਰਿਤੀ ਦੀ ਗੌਰਵਸ਼ਾਲੀ ਪ੍ਰੰਪਰਾ ਦੇ ਮਹੱਤਵ ਨੂੰ ਸਮਝਣ, ਵਿਗਿਆਨਕ ਦ੍ਰਿਸ਼ਟੀਕੋਣ ਨਾਲ ਮਾਨਵਤਾ ਦੇ ਭਲੇ ਲਈ ਕੰਮ ਕਰਨ, ਅੰਤਿਓਦਿਆ ਦੇ ਆਦਰਸ਼ਾਂ ਨੂੰ ਧਾਰਨ ਕਰਨ, ਵਾਤਾਵਰਣ ਅਤੇ ਪਸ਼ੂ-ਪੰਛੀਆਂ ਦੀ ਸੰਭਾਲ ’ਚ ਸਰਗਰਮ ਰਹਿਣ, ਨਿੱਜੀ ਅਤੇ ਸਾਂਝੀਆਂ ਗਤੀਵਿਧੀਆਂ ’ਚ ਸ੍ਰੇਸ਼ਠਤਾ ਪ੍ਰਾਪਤ ਕਰਨ ਅਤੇ ‘ਰਾਸ਼ਟਰ ਸਭ ਤੋਂ ਉੱਪਰ’ ਦੀ ਭਾਵਨਾ ਨਾਲ ਅੱਗੇ ਵਧੇ।
ਮੇਰੀ ਸਾਰੇ ਦੇਸ਼ ਵਾਸੀਆਂ ਅੱਗੇ ਬੇਨਤੀ ਹੈ ਕਿ ਉਹ ਨਿਸ਼ਠਾਵਾਨ ਅਧਿਆਪਕਾਂ ਪ੍ਰਤੀ ਸਦਾ ਸਤਿਕਾਰ ਦੀ ਭਾਵਨਾ ਰੱਖਣ। ਮੇਰੀ ਕਾਮਨਾ ਹੈ ਕਿ ਸਮਰਪਿਤ ਅਧਿਆਪਕਾਂ ਦੇ ਯੋਗਦਾਨ ਨਾਲ ਭਾਰਤ ਪੜ੍ਹੇ ਅਤੇ ਬਹੁਤ ਅੱਗੇ ਵਧੇ।
-ਦ੍ਰੌਪਦੀ ਮੁਰਮੂ
