ਭਿਆਨਕ ਗਰਮੀ : ਰਵਾਇਤੀ ਉਪਾਅ ਹੀ ਕਾਰਗਰ

Monday, May 25, 2026 - 04:35 PM (IST)

ਭਿਆਨਕ ਗਰਮੀ : ਰਵਾਇਤੀ ਉਪਾਅ ਹੀ ਕਾਰਗਰ

ਪਿਛਲੇ ਕੁਝ ਸਮੇਂ ਤੋਂ ਮੌਸਮ ਵਿਗਿਆਨੀਆਂ ਦੇ ਹਵਾਲੇ ਨਾਲ ਇਹ ਖ਼ਬਰ ਆ ਰਹੀ ਹੈ ਕਿ ਇਸ ਸਾਲ ਭਿਆਨਕ ਗਰਮੀ ਪੈਣ ਵਾਲੀ ਹੈ। ਇਸ ਖ਼ਬਰ ਨਾਲ ਸਭ ਤੋਂ ਵੱਧ ਚਿੰਤਾ ਖੇਤੀ ਵਿਗਿਆਨੀਆਂ ਅਤੇ ਕਿਸਾਨਾਂ ਨੂੰ ਹੈ। ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ ਕਿ ਇਸ ਸਾਲ ਵੀ ਗਰਮੀ (ਭਿਆਨਕ) ਰੂਪ ਧਾਰਨ ਕਰ ਲਵੇਗੀ, ਜਿਸ ਨਾਲ ਸੋਕੇ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਖ਼ਰੀਫ਼ ਦੀ ਫ਼ਸਲ ’ਤੇ ਤਾਂ ਇਸ ਦਾ ਬੁਰਾ ਅਸਰ ਪਵੇਗਾ ਹੀ, ਹਾੜ੍ਹੀ ਦੀ ਉਪਜ ’ਤੇ ਵੀ ਉਲਟਾ ਪ੍ਰਭਾਵ ਪੈ ਸਕਦਾ ਹੈ। ਅਮਰੀਕਾ ਅਤੇ ਇਰਾਨ ਯੁੱਧ ਦੇ ਕਾਰਨ ਪਹਿਲਾਂ ਹੀ ਊਰਜਾ ਸਾਧਨਾਂ ’ਤੇ ਮਹਿੰਗਾਈ ਦਾ ਅਸਰ ਦਿਖਣ ਲੱਗਾ ਹੈ ਅਤੇ ਜੇਕਰ ਗਰਮੀ ਨੇ ਵੀ ਆਪਣਾ ਅਸਰ ਦਿਖਾਇਆ ਤਾਂ ਹਾਲਾਤ ਬੇਕਾਬੂ ਹੋ ਸਕਦੇ ਹਨ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਵਧਦੀ ਗਰਮੀ ਕਾਰਨ ਕਣਕ ਦੀ ਪੈਦਾਵਾਰ ਕਾਫ਼ੀ ਘੱਟ ਰਹੇਗੀ। ਇਸ ਦੇ ਨਾਲ ਹੀ ਫਲਾਂ ਅਤੇ ਸਬਜ਼ੀਆਂ ਦੇ ਉਤਪਾਦਨ ’ਤੇ ਵੀ ਉਲਟਾ ਪ੍ਰਭਾਵ ਪਵੇਗਾ। ਨਤੀਜੇ ਵਜੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਕਾਫ਼ੀ ਵਾਧਾ ਹੋਣ ਦੀ ਸੰਭਾਵਨਾ ਹੈ। ਕਿੰਨਾ ਅਸਰ ਹੋਵੇਗਾ, ਇਹ ਤਾਂ ਆਉਣ ਵਾਲੇ ਸਮੇਂ ’ਚ ਹੀ ਪਤਾ ਲੱਗ ਸਕੇਗਾ।

ਦਰਅਸਲ ਗਰਮੀ ਵਧਣ ਦਾ ਇਕ ਮੁੱਖ ਕਾਰਨ ਸਰਦੀਆਂ ’ਚ ਹੋਣ ਵਾਲੀ ਬਾਰਸ਼ ਦਾ ਲਗਾਤਾਰ ਘਟਦੇ ਜਾਣਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਦਸੰਬਰ, ਜਨਵਰੀ ਅਤੇ ਫਰਵਰੀ ’ਚ ਔਸਤ ਤਾਪਮਾਨ ਇਕ ਜਾਂ ਦੋ ਡਿਗਰੀ ਵੱਧ ਦਰਜ ਕੀਤਾ ਗਿਆ ਹੈ। ਇੰਨਾ ਕੁ ਤਾਪਮਾਨ ਵਧਣ ਨਾਲ ਬਾਰਸ਼ ਦੀ ਮਾਤਰਾ ਘਟ ਗਈ ਹੈ।

ਇਹ ਤਾਂ ਰਹੀ ਖੇਤੀ ਉਤਪਾਦਾਂ ਦੀ ਗੱਲ, ਪਰ ਜੇਕਰ ਸ਼ਹਿਰੀ ਜੀਵਨ ਨੂੰ ਦੇਖੀਏ ਤਾਂ ਇਹ ਸਮੱਸਿਆ ਹੋਰ ਵੀ ਵੱਡਾ ਭਿਆਨਕ ਰੂਪ ਧਾਰਨ ਕਰਨ ਜਾ ਰਹੀ ਹੈ। ਸਾਡਾ ਤਜਰਬਾ ਹੈ ਕਿ ਗਰਮੀਆਂ ’ਚ ਜਦੋਂ ਤਾਲਾਬ-ਟੋਭੇ ਸੁੱਕ ਜਾਂਦੇ ਹਨ ਅਤੇ ਨਦੀਆਂ ’ਚ ਵੀ ਪਾਣੀ ਦੀ ਆਮਦ ਘਟ ਜਾਂਦੀ ਹੈ, ਤਾਂ ਸਿੰਚਾਈ ਤੋਂ ਇਲਾਵਾ ਆਮ ਜਨ-ਜੀਵਨ ’ਚ ਵੀ ਪਾਣੀ ਦਾ ਸੰਕਟ ਡੂੰਘਾ ਹੋ ਜਾਂਦਾ ਹੈ। ਨਗਰ ਪਾਲਿਕਾਵਾਂ ਲੋੜ ਮੁਤਾਬਕ ਪਾਣੀ ਦੀ ਸਪਲਾਈ ਨਹੀਂ ਕਰ ਪਾਉਂਦੀਆਂ। ਇਸ ਲਈ ਗਰੀਬ ਅਤੇ ਕਮਜ਼ੋਰ ਵਰਗ ਦੀਆਂ ਬਸਤੀਆਂ ’ਚ ਅਕਸਰ ਜਨਤਕ ਟੂਟੀਆਂ ’ਤੇ ਝਗੜੇ ਹੁੰਦੇ ਦੇਖੇ ਜਾਂਦੇ ਹਨ। ਨਲਾਂ ’ਚ ਪਾਣੀ ਬਹੁਤ ਘੱਟ ਸਮੇਂ ਲਈ ਆਉਂਦਾ ਹੈ।

ਮੱਧ ਵਰਗੀ ਪਰਿਵਾਰਾਂ ਨੂੰ ਵੀ ਆਪਣੀਆਂ ਲੋੜਾਂ ਮੁਤਾਬਕ ਪਾਣੀ ਇਕੱਠਾ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪੈਂਦੀ ਹੈ।

ਰਾਜਨੇਤਾਵਾਂ, ਅਧਿਕਾਰੀਆਂ ਅਤੇ ਅਮੀਰ ਲੋਕਾਂ ਨੂੰ ਇਨ੍ਹਾਂ ਉਲਟ ਹਾਲਾਤਾਂ ’ਚ ਵੀ ਪਾਣੀ ਦੇ ਸੰਕਟ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਕਿਉਂਕਿ ਇਹ ਲੋਕ ਲੋੜ ਨਾਲੋਂ ਕਈ ਗੁਣਾ ਵੱਧ ਪਾਣੀ ਜਮ੍ਹਾਂ ਕਰ ਲੈਂਦੇ ਹਨ। ਅਸਲੀ ਮਾਰ ਤਾਂ ਆਮ ਲੋਕਾਂ ’ਤੇ ਪੈਂਦੀ ਹੈ।

ਭਿਆਨਕ ਗਰਮੀ ਪੈਣ ਦੇ ਨਾਲ ਹੀ ਲੋਕ ਕੂਲਰ ਜਾਂ ਏਅਰ ਕੰਡੀਸ਼ਨਰ (ਏ.ਸੀ.) ਵੱਲ ਭੱਜਦੇ ਹਨ। ਇਸ ਨਾਲ ਪਾਣੀ ਅਤੇ ਬਿਜਲੀ ਦੋਵਾਂ ਦਾ ਸੰਕਟ ਵਧ ਜਾਂਦਾ ਹੈ। ਹਾਈਡਰੋ ਪਾਵਰ ਪਲਾਂਟਾਂ ’ਚ ਪਾਣੀ ਦੀ ਸਪਲਾਈ ਦੀ ਮਾਤਰਾ ਘਟਣ ਨਾਲ ਬਿਜਲੀ ਦਾ ਉਤਪਾਦਨ ਡਿੱਗਣ ਲੱਗਦਾ ਹੈ। ਜਿਵੇਂ-ਜਿਵੇਂ ਸਮਾਜ ਰਵਾਇਤੀ ਤਰੀਕਿਆਂ ਨੂੰ ਛੱਡ ਕੇ ਬਿਜਲੀ ਨਾਲ ਚੱਲਣ ਵਾਲੇ ਉਪਕਰਨਾਂ ਵੱਲ ਵਧ ਰਿਹਾ ਹੈ, ਤਿਵੇਂ-ਤਿਵੇਂ ਵਾਤਾਵਰਨ ਹੋਰ ਵੀ ਗਰਮ ਹੁੰਦਾ ਜਾ ਰਿਹਾ ਹੈ।

ਏਅਰ ਕੰਡੀਸ਼ਨਰਾਂ ’ਚੋਂ ਨਿਕਲਣ ਵਾਲੀ ਗਰਮ ਹਵਾ ਵੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਅਤੇ ਗਰਮੀ ਵਧਾਉਣ ਦਾ ਕੰਮ ਕਰ ਰਹੀ ਹੈ। 1974-76 ਦੇ ਦਰਮਿਆਨ ਮੈਂ ਇਕ ਵਾਲੰਟੀਅਰ ਵਜੋਂ ਮੁਰਾਦਾਬਾਦ ਦੇ ਨੇੜੇ ਅਮਰਪੁਰ ਕਾਸ਼ੀ ਪਿੰਡ ’ਚ ਸਮਾਜ ਸੇਵਾ ਦੀ ਭਾਵਨਾ ਨਾਲ ਕਾਫ਼ੀ ਸਮਾਂ ਰਿਹਾ। ਇਸ ਦੌਰਾਨ ਹਰ ਮੌਸਮ ’ਚ ਪਿੰਡ ਦੇ ਜੀਵਨ ਨੂੰ ਜੀਵਿਆ। ਮੈਨੂੰ ਯਾਦ ਹੈ ਕਿ ਮਈ-ਜੂਨ ਦੀ ਤਪਦੀ ਗਰਮੀ ਅਤੇ ਲੂ ਦੇ ਬਾਵਜੂਦ ਅਸੀਂ ਸਾਰੇ ਵਾਲੰਟੀਅਰ ਦੁਪਹਿਰ ਵੇਲੇ ਖੁੱਲ੍ਹੇ ਦਾਲਾਨ ’ਚ ਨਿੰਮ ਦੇ ਰੁੱਖ ਦੀ ਛਾਂ ਹੇਠ ਸੌਂਦੇ ਸੀ। ਉਦੋਂ ਉਹ ਛਾਂ ਹੀ ਕਾਫ਼ੀ ਠੰਢੀ ਲੱਗਦੀ ਸੀ। ਗਰਮ ਲੂ ਜਦੋਂ ਪਸੀਨਾ ਸੁਕਾਉਂਦੀ ਸੀ, ਤਾਂ ਸਰੀਰ ’ਚ ਠੰਢਕ ਮਹਿਸੂਸ ਹੁੰਦੀ ਸੀ। ਇਸੇ ਤਰ੍ਹਾਂ ਰਾਤ ਨੂੰ ਛੱਤ ’ਤੇ ਪਾਣੀ ਛਿੜਕ ਕੇ ਸਾਰੇ ਸੌਂ ਜਾਂਦੇ ਸਨ। ਰਾਤ ਦੇ ਗਿਆਰਾਂ-ਬਾਰਾਂ ਵਜੇ ਤੱਕ ਤਾਂ ਗਰਮ ਹਵਾ ਚੱਲਦੀ ਸੀ, ਫਿਰ ਧਰਤੀ ਦੀ ਤਪਸ਼ ਖ਼ਤਮ ਹੋਣ ਤੋਂ ਬਾਅਦ ਠੰਢੀ ਹਵਾ ਚੱਲਣ ਲੱਗਦੀ ਸੀ।

ਸੂਰਜ ਚੜ੍ਹਨ ਵੇਲੇ ਦੀ ਹਵਾ ਤਾਂ ਇੰਨੀ ਫੁਰਤੀ ਦੇਣ ਵਾਲੀ ਹੁੰਦੀ ਸੀ ਕਿ ਪੂਰਾ ਸਰੀਰ ਨਵੀਂ ਊਰਜਾ ਨਾਲ ਭਰ ਜਾਂਦਾ ਸੀ। ਉੱਥੇ ਨਾ ਤਾਂ ਫਰਿੱਜ ਦਾ ਠੰਢਾ ਪਾਣੀ ਸੀ, ਨਾ ਕੋਈ ਹੋਰ ਇੰਤਜ਼ਾਮ, ਪਰ ਹੈਂਡਪੰਪ ਦਾ ਪਾਣੀ ਜਾਂ ਮਿੱਟੀ ਦੇ ਘੜੇ ਦਾ ਪਾਣੀ ਸੀਤਲਤਾ ਦੇ ਨਾਲ-ਨਾਲ ਇੱਕ ਖ਼ਾਸ ਸੁਗੰਧ ਵਾਲਾ ਹੁੰਦਾ ਸੀ ਜੋ ਸਰੀਰ ਲਈ ਵੀ ਗੁਣਕਾਰੀ ਹੁੰਦਾ ਸੀ, ਜਦਕਿ ਅੱਜ ਆਰ.ਓ. (RO) ਦੇ ਪਾਣੀ ਨੇ ਸਾਨੂੰ ਸਭ ਨੂੰ ਬਿਮਾਰ ਬਣਾ ਦਿੱਤਾ ਹੈ। ਆਰ.ਓ. ਦੀ ਮਸ਼ੀਨ ਪਾਣੀ ਦੇ ਸਾਰੇ ਕੁਦਰਤੀ ਗੁਣਾਂ ਨੂੰ ਨਸ਼ਟ ਕਰ ਦਿੰਦੀ ਹੈ। ਖੂਹ ’ਚੋਂ ਇੱਕ ਡੋਲ ਪਾਣੀ ਖਿੱਚ ਕੇ ਸਿਰ ’ਤੇ ਪਾਉਂਦੇ ਹੀ ਸਾਰੇ ਪਿੰਡੇ ’ਚ ਕੰਬਣੀ ਛਿੜ ਜਾਂਦੀ ਸੀ, ਜਿਸ ਨਾਲ ਦਿਨ ਭਰ ਦੇ ਕੰਮ ਦੀ ਸਾਰੀ ਥਕਾਵਟ ਪਲਾਂ ’ਚ ਦੂਰ ਹੋ ਜਾਂਦੀ ਸੀ।

ਅੱਜਕੱਲ੍ਹ ਹਰ ਵਿਅਕਤੀ, ਚਾਹੇ ਉਸ ਦੀ ਹੈਸੀਅਤ ਹੋਵੇ ਜਾਂ ਨਾ, ਸਰੀਰ ਨੂੰ ਨਕਲੀ ਤਰੀਕੇ ਨਾਲ ਠੰਢਾ ਰੱਖਣ ਵਾਲੇ ਉਪਕਰਨਾਂ ਨੂੰ ਖਰੀਦਣ ਦੀ ਇੱਛਾ ਰੱਖਦਾ ਹੈ। ਅਸੀਂ ਸਾਰੇ ਇਸ ਦੇ ਸ਼ਿਕਾਰ ਬਣ ਚੁੱਕੇ ਹਾਂ ਅਤੇ ਇਸ ਦਾ ਖ਼ਾਮਿਆਜ਼ਾ ਮੌਸਮ ਦੇ ਬਦਲੇ ਮਿਜ਼ਾਜ ਅਤੇ ਵਧਦੀ ਗਰਮੀ ਨੂੰ ਝੱਲ ਕੇ ਭੁਗਤ ਰਹੇ ਹਾਂ। ਇਸ ਆਧੁਨਿਕ ਦਿਨਚਰਿਆ ਦਾ ਬਹੁਤ ਬੁਰਾ ਪ੍ਰਭਾਵ ਸਾਡੇ ਸਰੀਰ ’ਤੇ ਪੈ ਰਿਹਾ ਹੈ। ਹਰ ਸ਼ਹਿਰ ’ਚ ਲਗਾਤਾਰ ਵਧ ਰਹੇ ਹਸਪਤਾਲ ਅਤੇ ਦਵਾਈਆਂ ਦੀਆਂ ਦੁਕਾਨਾਂ ਇਸ ਗੱਲ ਦਾ ਸਬੂਤ ਹਨ ਕਿ ਅਸੀਂ ਸਾਰੇ ਨਾਗਰਿਕ ਬਿਮਾਰੀਆਂ ਨਾਲ ਘਿਰਦੇ ਜਾ ਰਹੇ ਹਾਂ। ਨਾ ਤਾਂ ਸਾਨੂੰ ਆਪਣੇ ਭਵਿੱਖ ਦੀ ਚਿੰਤਾ ਹੈ ਅਤੇ ਨਾ ਹੀ ਸਰਕਾਰਾਂ ਨੂੰ। ਸਮੱਸਿਆਵਾਂ ਦਿਨੋ-ਦਿਨ ਸੁਲਝਣ ਦੀ ਬਜਾਏ ਉਲਝਦੀਆਂ ਜਾ ਰਹੀਆਂ ਹਨ।

ਦੂਜੇ ਪਾਸੇ ਹਰ ਵਾਤਾਵਰਨ ਪ੍ਰੇਮੀ ਮੰਨਦਾ ਹੈ ਕਿ ਰਵਾਇਤੀ ਜਲ ਸਰੋਤਾਂ ਨੂੰ ਸੁਧਾਰ ਕੇ, ਉਨ੍ਹਾਂ ਦੀ ਪਾਣੀ ਸੰਭਾਲਣ ਦੀ ਸਮਰੱਥਾ ਨੂੰ ਵਧਾ ਕੇ ਅਤੇ ਸੰਘਣੀ ਰੁੱਖਾਂ ਦੀ ਲੜੀ (ਜੰਗਲਾਤ) ਤਿਆਰ ਕਰਕੇ ਮੌਸਮ ਦੇ ਮਿਜ਼ਾਜ ਨੂੰ ਕੁਝ ਹੱਦ ਤੱਕ ਬਦਲਿਆ ਵੀ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ‘ਜਲ ਸ਼ਕਤੀ ਮੁਹਿੰਮ’ ਅਤੇ ਵਰ੍ਹਿਆਂ ਤੋਂ ਚਲੀ ਆ ਰਹੀ ਰੁੱਖ ਲਗਾਉਣ ਦੇ ਸਰਕਾਰੀ ਮੁਹਿੰਮ ਜੇਕਰ ਇਮਾਨਦਾਰੀ ਨਾਲ ਚਲਾਈ ਜਾਂਦੀ, ਤਾਂ ਦੇਸ਼ ਦੇ ਵਾਤਾਵਰਨ ਦੀ ਹਾਲਤ ਅੱਜ ਇੰਨੀ ਤਰਸਯੋਗ ਨਾ ਹੁੰਦੀ।

ਸਾਰੇ ਜਾਣਦੇ ਹਨ ਕਿ ਸਰਕਾਰ ਵੱਲੋਂ ਜਿੱਥੇ ਇੱਕ ਪਾਸੇ ਰੁੱਖ ਲਗਾਉਣ ਅਤੇ ਤਾਲਾਬ ਪੁੱਟਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਜ਼ਮੀਨੀ ਪੱਧਰ ’ਤੇ ਕਹਿਣੀ ਅਤੇ ਕਰਨੀ ’ਚ ਕਾਫ਼ੀ ਫ਼ਰਕ ਹੈ।

ਉਦਾਹਰਨ ਦੇ ਤੌਰ ’ਤੇ ਜਾਲੌਨ ਖੇਤਰ ’ਚ 400 ਛੋਟੇ ਬੰਨ੍ਹ ਬਣਾਏ ਗਏ ਸਨ। ਇਹਨਾਂ ’ਚੋਂ ਅੱਧੇ ਤੋਂ ਵੱਧ ਤਬਾਹ ਹੋ ਚੁੱਕੇ ਹਨ। ਲਲਿਤਪੁਰ ਜ਼ਿਲ੍ਹੇ ’ਚ ਪਾਣੀ ਦੀ ਸੰਭਾਲ ਲਈ ਤਿੰਨ ਕਰੋੜ ਰੁਪਏ ਨਾਲ ਚੱਲ ਰਿਹਾ ਕੰਮ ਬੇਕਾਰ ਹੋ ਚੁੱਕਾ ਹੈ। ਇਸੇ ਇਲਾਕੇ ’ਚ ਬਾਦਹਾ ਅਤੇ ਰਸਿਨ ਬੰਨ੍ਹ ਦੇ ਨਾਂ ’ਤੇ ਕਰੋੜਾਂ ਰੁਪਏ ਖ਼ਰਚ ਹੋਏ, ਪਰ ਇਹਨਾਂ ਦਾ ਵੀ ਨਤੀਜਾ ਜ਼ੀਰੋ ਹੀ ਰਿਹਾ। ਇਸ ਲਈ ਜੇਕਰ ਅਸੀਂ ਰਵਾਇਤੀ ਤਰੀਕਿਆਂ ਵਲ ਧਿਆਨ ਨਹੀਂ ਦੇਵਾਂਗੇ, ਤਾਂ ਅਜਿਹੇ ਸੰਕਟ ਆਉਂਦੇ ਹੀ ਰਹਿਣਗੇ

ਵਿਨੀਤ ਨਾਰਾਇਣ


author

Rakesh

Content Editor

Related News