ਤਾਮਿਲਨਾਡੂ ਦਾ ਬਦਲਦਾ ਦ੍ਰਿਸ਼
Tuesday, May 19, 2026 - 04:34 PM (IST)
ਹਾਲ ਹੀ ’ਚ ਮਸ਼ਹੂਰ ਅਦਾਕਾਰ ਵਿਜੇ ਥਲਪਤੀ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਤਾਂ ਉੱਥੇ ਵੰਦੇ ਮਾਤਰਮ ਗਾਇਆ ਗਿਆ। ਉਨ੍ਹਾਂ ਦੀ ਇਕ ਵਿਧਾਇਕ ਅਤੇ ਹੁਣ ਤੱਕ ਵਿਜੇ ਦੀ ਕੈਬਨਿਟ ਦੀ ਇਕਲੌਤੀ ਔਰਤ ਮੰਤਰੀ ਐੱਸ. ਕੀਰਤਨਾ ਨੇ ਕਿਹਾ ਕਿ ਮੈਂ ਹਿੰਦੀ ’ਚ ਗੱਲ ਕਰ ਰਹੀ ਹਾਂ। ਮੈਂ ਆਪਣੀ ਪਾਰਟੀ ਦੀ ਪ੍ਰਤੀਨਿਧਤਾ ਹਰ ਜਗ੍ਹਾ, ਪੂਰੇ ਭਾਰਤ ’ਚ, ਇੱਥੋਂ ਤੱਕ ਕਿ ਦੂਜੇ ਦੇਸ਼ਾਂ ’ਚ ਫੈਲਾਉਣਾ ਚਾਹੁੰਦੀ ਹਾਂ, ਇਸੇ ਲਈ ਹਿੰਦੀ ’ਚ ਗੱਲ ਕਰ ਰਹੀ ਹਾਂ। ਤਾਮਿਲਨਾਡੂ ’ਚ ਹੁਣ ਤੱਕ ਡੀ. ਐੱਮ. ਕੇ. ਸੱਤਾ ’ਚ ਸੀ। ਉਸ ਦਾ ਹਿੰਦੀ ਵਿਰੋਧ ਮਸ਼ਹੂਰ ਹੈ। ਹਿੰਦੀ ਦਾ ਵਿਰੋਧ ਕਰਦੇ-ਕਰਦੇ ਉਹ ਹਿੰਦੀ ਭਾਸ਼ੀਆਂ ਨੂੰ ਜਦੋਂ ਚਾਹੁਣ ਉਦੋਂ ਕੁੱਟ ਦਿੰਦੇ ਸਨ। ਇਕ ਵਾਰ ਉਨ੍ਹਾਂ ਨੇ ਹਿੰਦੀ ਵਾਲਿਆਂ ਨੂੰ ਗੋਲਗੱਪੇ ਵੇਚਣ ਵਾਲਾ ਕਿਹਾ ਸੀ। ਜਿਵੇਂ ਕਿ ਗੋਲਗੱਪੇ ਵੇਚ ਕੇ ਰੋਜ਼ੀ-ਰੋਟੀ ਕਮਾਉਣਾ ਕਿੰਨੀ ਗਲਤ ਗੱਲ ਹੈ ਅਤੇ ਉਹ ਇਨਸਾਨ ਹੀ ਨਹੀਂ ਹੁੰਦੇ।
ਬਹੁਤ ਪਹਿਲਾਂ ਚੇਨਈ ਗਈ ਸੀ। ਉਦੋਂ ਇਸ ਨੂੰ ਮਦਰਾਸ ਨਾਂ ਨਾਲ ਜਾਣਿਆ ਜਾਂਦਾ ਸੀ। ਉੱਥੇ ਲੋਕ ਹਿੰਦੀ ’ਚ ਗੱਲ ਕਰਦੇ ਹੀ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਦੇ ਸਨ। ਜਿਵੇਂ ਹਿੰਦੀ ਬੋਲਣਾ ਕਿੰਨਾ ਵੱਡਾ ਅਪਰਾਧ ਹੋਵੇ। ਇਹੀ ਨਹੀਂ, ਆਟੋ, ਟੈਕਸੀ ਵਾਲੇ ਹਿੰਦੀ ’ਚ ਬੋਲਣ ’ਤੇ ਉਤਾਰਨ ਦੀ ਧਮਕੀ ਦਿੰਦੇ ਸਨ।
ਹੋਟਲਾਂ ਤੱਕ ’ਚ ਤੁਸੀਂ ਹਿੰਦੀ ਬੋਲ ਕੇ ਖਾਣਾ ਨਹੀਂ ਮੰਗਵਾ ਸਕਦੇ ਸੀ। ਮੁਸ਼ਕਿਲ ਇਹ ਸੀ ਕਿ ਤਾਮਿਲ ਆਉਂਦੀ ਨਹੀਂ ਸੀ ਅਤੇ ਅੰਗਰੇਜ਼ੀ ਬਹੁਤ ਸਾਰੇ ਲੋਕ ਸਮਝਦੇ ਨਹੀਂ ਸਨ। ਇਸ ਲਈ ਤੈਅ ਕੀਤਾ ਕਿ ਹੁਣ ਉੱਥੇ ਕਦੇ ਨਹੀਂ ਜਾਣਾ ਹੈ। ਜਿੱਥੇ ਇਕ ਭਾਸ਼ਾ ਬੋਲਣ ’ਤੇ ਤੁਹਾਡੇ ਨਾਲ ਕਿਸੇ ਦੁਸ਼ਮਣ ਦੇਸ਼ ਤੋਂ ਆਏ ਵਿਅਕਤੀ ਵਾਂਗ ਵਿਵਹਾਰ ਕੀਤਾ ਜਾਵੇ, ਤਾਂ ਕੀ ਫਾਇਦਾ।
ਸਿਆਸੀ ਪਾਰਟੀਆਂ ਆਪਣੇ-ਆਪਣੇ ਸਵਾਰਥ ਲਈ ਆਮ ਲੋਕਾਂ ’ਚ ਕਿੰਨੇ ਨਫਰਤ ਦੇ ਬੀਜ ਬੀਜ ਦਿੰਦੀਆਂ ਹਨ, ਇਹ ਇਸ ਗੱਲ ਦੀ ਉਦਾਹਰਣ ਹੈ।
ਪਰ ਸਿਆਸੀ ਪਾਰਟੀਆਂ ਤੋਂ ਵੱਖ ਆਮ ਲੋਕਾਂ ਦੇ ਜੀਵਨ ’ਚ ਕੁਝ ਹੋਰ ਹੀ ਦਿਖਾਈ ਦਿੰਦਾ ਹੈ। ਬਹੁਤ ਸਾਰੀਆਂ ਦੱਖਣ ਭਾਰਤੀ ਹੀਰੋਇਨਾਂ, ਜਦੋਂ ਹਿੰਦੀ ਫ਼ਿਲਮਾਂ ’ਚ ਆਈਆਂ, ਉਦੋਂ ਹੀ ਉਨ੍ਹਾਂ ਨੂੰ ਅਖਿਲ ਭਾਰਤੀ ਪ੍ਰਸਿੱਧੀ ਵੀ ਮਿਲੀ। ਇਸ ਨੂੰ ਸਮੇਂ-ਸਮੇਂ ’ਤੇ ਦਿੱਤੇ ਗਏ ਆਪਣੇ ਇੰਟਰਵਿਊਜ਼ ’ਚ ਉਨ੍ਹਾਂ ਨੇ ਸਵੀਕਾਰ ਵੀ ਕੀਤਾ। ਕਮਲ ਹਾਸਨ ਨੇ ‘ਏਕ ਦੂਜੇ ਕੇ ਲੀਏ’ ਫ਼ਿਲਮ ’ਚ ਕੰਮ ਕੀਤਾ ਸੀ, ਜੋ ਸੁਪਰਹਿੱਟ ਰਹੀ ਸੀ। ਉਹ ਹਿੰਦੀ ਖੇਤਰ ’ਚ ਘਰ-ਘਰ ਦਾ ਨਾਂ ਬਣ ਗਏ ਸਨ ਪਰ ਇਨ੍ਹਾਂ ਦਿਨਾਂ ’ਚ ਉਹ ਆਪਣੇ ਤਿੱਖੇ ਹਿੰਦੀ ਵਿਰੋਧ ਲਈ ਜਾਣੇ ਜਾਂਦੇ ਹਨ। ਸਾਬਕਾ ਮੁੱਖ ਮੰਤਰੀ ਅਤੇ ਆਪਣੇ ਸਮੇਂ ਦੀ ਮਸ਼ਹੂਰ ਹੀਰੋਇਨ ਜੈਲਲਿਤਾ ਨੇ ਤਾਂ ਇਕ ਹਿੰਦੀ ਗਾਣਾ ਵੀ ਗਾਇਆ ਸੀ। ਉਨ੍ਹਾਂ ਦੀ ਆਵਾਜ਼ ਵੀ ਬਹੁਤ ਮਿੱਠੀ ਸੀ। ਬਹੁਤ ਸਾਰੇ ਦੱਖਣ ਭਾਰਤੀ ਲੇਖਕ ਨਿੱਜੀ ਗੱਲਬਾਤ ’ਚ ਇਸ ਲੇਖਿਕਾ ਨੂੰ ਕਹਿ ਚੁੱਕੇ ਹਨ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਰਚਨਾਵਾਂ ਦਾ ਅਨੁਵਾਦ ਹਿੰਦੀ ’ਚ ਹੋਵੇ।
ਐੱਸ. ਕੀਰਤਨਾ ਦੇ ਬਿਆਨ ਤੋਂ ਜ਼ਾਹਿਰ ਹੈ ਕਿ ਉਹ ਵਿਜੇ ਥਲਪਤੀ ਦੇ ਵਿਚਾਰਾਂ ਨੂੰ ਹੀ ਪ੍ਰਗਟ ਕਰ ਰਹੀ ਹੈ। ਭਾਵ ਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਭਾਰਤ ਭਰ ’ਚ ਉਨ੍ਹਾਂ ਦੀ ਪਾਰਟੀ ਨੇ ਜਗ੍ਹਾ ਬਣਾਉਣੀ ਹੈ, ਤਾਂ ਉਨ੍ਹਾਂ ਨੂੰ ਪ੍ਰਵਾਨਗੀ ਚਾਹੀਦੀ ਹੈ। ਉਹ ਹਿੰਦੀ ਖੇਤਰ ਨੂੰ ਨਾਕਾਰ ਕੇ ਸਫ਼ਲ ਨਹੀਂ ਹੋ ਸਕਦੇ। ਨਾਲ ਹੀ, ਉਹ ਡੀ. ਐੱਮ. ਕੇ. ਦੇ ਹਿੰਦੀ ਵਿਰੋਧ ਤੋਂ ਖੁਦ ਨੂੰ ਵੱਖਰਾ ਦਿਖਾਉਣਾ ਵੀ ਚਾਹੁੰਦੇ ਹਨ। ਵੰਦੇ ਮਾਤਰਮ ਨੂੰ ਜਗ੍ਹਾ ਦੇ ਕੇ ਇਹ ਵੀ ਦੱਸਿਆ ਗਿਆ ਕਿ ਉਹ ਭਾਜਪਾ ਦੀ ਜ਼ਮੀਨ ’ਤੇ ਵੀ ਸੰਨ੍ਹ ਲਗਾਉਣਾ ਚਾਹੁੰਦੇ ਹਨ। ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।
ਇਕ ਵਾਰ ਬੰਗਾਲ ਦੀ ਪ੍ਰਸਿੱਧ ਲੇਖਿਕਾ ਮਹਾਸ਼ਵੇਤਾ ਦੇਵੀ ਨੇ ਕਿਹਾ ਸੀ ਕਿ ਜਦੋਂ ਉਨ੍ਹਾਂ ਦੀਆਂ ਰਚਨਾਵਾਂ ਦਾ ਹਿੰਦੀ ’ਚ ਅਨੁਵਾਦ ਹੋਇਆ, ਉਦੋਂ ਹੀ ਉਨ੍ਹਾਂ ਨੂੰ ਵੱਡਾ ਪਾਠਕ ਵਰਗ ਮਿਲਿਆ।
ਇਕ ਨਿੱਜੀ ਤਜਰਬਾ ਵੀ ਸਾਂਝਾ ਕਰ ਰਹੀ ਹਾਂ। ਮੇਰੀ ਘਰੇਲੂ ਸਹਾਇਕਾ ਤਾਮਿਲ ਹੈ। ਉਸ ਦੀ ਧੀ ਨੇ ਦਿੱਲੀ ਤੋਂ 12ਵੀਂ ਪਾਸ ਕੀਤੀ। ਫਿਰ ਉਸ ਦਾ ਵਿਆਹ ਤਾਮਿਲਨਾਡੂ ਦੇ ਇਕ ਪਿੰਡ ’ਚ ਹੋ ਗਿਆ। ਉੱਥੇ ਜਾਂਦੇ ਹੀ ਉਸ ਨੂੰ ਇਕ ਸਕੂਲ ’ਚ 10 ਹਜ਼ਾਰ ਰੁਪਏ ਦੀ ਨੌਕਰੀ ਮਿਲ ਗਈ। ਉਸ ਨੂੰ ਹਿੰਦੀ ਪੜ੍ਹਾਉਣ ਦਾ ਕੰਮ ਮਿਲਿਆ। ਇਸ ਪਾਸੇ (ਉਤਰ ਭਾਰਤ ਵਿਚ) ਮਾਤਰ 12ਵੀਂ ਪਾਸ ਨੂੰ ਸ਼ਾਇਦ ਹੀ 10 ਹਜ਼ਾਰ ਰੁਪਏ ਦੀ ਨੌਕਰੀ ਕਿਸੇ ਸਕੂਲ ’ਚ ਮਿਲਦੀ ਪਰ ਉੱਥੇ ਇਹ ਹੋਇਆ। ਭਾਵ ਕਿ ਉੱਥੇ ਆਮ ਲੋਕ ਆਪਣੇ ਬੱਚਿਆਂ ਨੂੰ ਹਿੰਦੀ ਪੜ੍ਹਾਉਣਾ ਚਾਹੁੰਦੇ ਹਨ। ਕਾਰਨ ਇਹ ਕਿ ਉਹ ਇਸ ਪਾਸੇ ਆ ਕੇ ਕੋਈ ਰੋਜ਼ਗਾਰ ਹਾਸਲ ਕਰ ਸਕਣ। ਉਨ੍ਹਾਂ ਨੂੰ ਭਾਸ਼ਾਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਗੋਂ ਕੁਝ ਸਾਲ ਪਹਿਲਾਂ ਡੀ. ਐੱਮ. ਕੇ. ਨੇ ਵੀ ਆਪਣਾ ਇਕ ਚੋਣ ਪੈਂਫਲੇਟ ਹਿੰਦੀ ’ਚ ਛਪਵਾਇਆ ਸੀ। ਉਨ੍ਹਾਂ ਦੇ ਇਕ ਨੇਤਾ ਨੂੰ ਇਕ ਵਾਰ ਟੀ. ਵੀ. ’ਤੇ ਹਿੰਦੀ ਬੋਲਦੇ ਵੀ ਦੇਖਿਆ ਗਿਆ ਸੀ।
ਹਿੰਦੀ ਖੇਤਰ ’ਚ ਸ਼ਾਇਦ ਹੀ ਤੁਸੀਂ ਅਜਿਹਾ ਸੁਣਿਆ ਹੋਵੇਗਾ ਕਿ ਕਿਸੇ ਨੂੰ ਭਾਸ਼ਾ ਦੇ ਨਾਂ ’ਤੇ ਸਤਾਇਆ ਗਿਆ ਹੋਵੇ, ਭਜਾਇਆ ਗਿਆ ਹੋਵੇ ਜਾਂ ਕੰਮ ਨਾ ਦਿੱਤਾ ਗਿਆ ਹੋਵੇ। ਅੱਜ ਵੀ ਬਹੁਤ ਸਾਰੇ ਕਰਮਚਾਰੀ ਦੱਖਣ ਭਾਰਤੀ ਹਨ ਪਰ ਸ਼ਾਇਦ ਹੀ ਉਨ੍ਹਾਂ ਨੂੰ ਕੋਈ ਸਤਾਉਂਦਾ ਹੈ। ਨਾ ਉਨ੍ਹਾਂ ਦੇ ਖਾਣ-ਪੀਣ ਬਾਰੇ ਕੋਈ ਨਕਾਰਾਤਮਕ ਗੱਲ ਹੁੰਦੀ ਹੈ। ਸਗੋਂ ਦੱਖਣ ਦਾ ਇਡਲੀ, ਡੋਸਾ, ਸਾਂਭਰ, ਰਸਮ, ਬੀਸੇ ਬੇਲੇ ਭਾਤ ਆਦਿ ਉੱਤਰ ਭਾਰਤੀਆਂ ’ਚ ਬਹੁਤ ਹਰਮਨ-ਪਿਆਰੇ ਹਨ।
ਇਕ ਗੱਲ ਹੋਰ, ਨਾ ਜਾਣੇ ਕਿਉਂ ਦੱਖਣ ਭਾਰਤ ’ਚ ਲੋਕ ਸਮਝਦੇ ਹਨ ਕਿ ਇਕ ਹੀਰੋ ਫ਼ਿਲਮਾਂ ’ਚ ਜੋ ਕ੍ਰਾਂਤੀ ਕਰਦਾ ਹੈ, ਉਹ ਜੀਵਨ ਅਤੇ ਸਿਆਸਤ ’ਚ ਵੀ ਕਰ ਸਕਦਾ ਹੈ। ਇਸੇ ਲਈ ਉਹ ਉਨ੍ਹਾਂ ਨੂੰ ਚੋਣ ਜਿਤਾ ਦਿੰਦੇ ਹਨ। ਉਨ੍ਹਾਂ ਦੇ ਜ਼ਬਰਦਸਤ ਫੈਨ ਹੁੰਦੇ ਹਨ। ਵਾਰ-ਵਾਰ ਉਨ੍ਹਾਂ ਨੂੰ ਗੱਦੀ ਸੌਂਪਦੇ ਹਨ। ਕਿਸੇ ਦੀ ਲੰਬੀ ਉਮਰ ਲਈ ਅੰਗਾਰਿਆਂ ’ਤੇ ਚੱਲਦੇ ਹਨ। ਉਨ੍ਹਾਂ ਲਈ ਮੰਦਰ ਬਣਾਉਂਦੇ ਹਨ। ਜੇਕਰ ਕਿਸੇ ਦੀ ਮੌਤ ਹੋ ਜਾਵੇ, ਤਾਂ ਜਾਨ ਤੱਕ ਦੇ ਦਿੰਦੇ ਹਨ। ਜਦਕਿ ਹਿੰਦੀ ਖੇਤਰ ’ਚ ਅਜਿਹਾ ਦਿਖਾਈ ਨਹੀਂ ਦਿੰਦਾ। ਵੱਡੇ ਤੋਂ ਵੱਡੇ ਅਦਾਕਾਰ, ਭਾਵੇਂ ਉਹ ਅਮਿਤਾਭ ਬੱਚਨ ਹੋਣ, ਰਾਜੇਸ਼ ਖੰਨਾ, ਵਿਨੋਦ ਖੰਨਾ, ਧਰਮਿੰਦਰ, ਹੇਮਾ ਮਾਲਿਨੀ, ਉਨ੍ਹਾਂ ਨੂੰ ਸਿਰ ’ਤੇ ਨਹੀਂ ਬਿਠਾਉਂਦੇ। ਉਨ੍ਹਾਂ ਲਈ ਜਾਨ ਨਿਛਾਵਰ ਨਹੀਂ ਕਰਦੇ। ਇਸ ਇਲਾਕੇ ’ਚ ਸ਼ਾਇਦ ਹੀ ਕੋਈ ਅਦਾਕਾਰ ਕਦੇ ਮੁੱਖ ਮੰਤਰੀ ਬਣਿਆ ਹੋਵੇ। ਇਸੇ ਲਈ ਇਨ੍ਹਾਂ ’ਚੋਂ ਜ਼ਿਆਦਾਤਰ ਹੀਰੋ ਸਿਆਸਤ ’ਚ ਸਫ਼ਲ ਨਹੀਂ ਰਹੇ ਹਨ।
ਕਸ਼ਮਾ ਸ਼ਰਮਾ
