ਰਾਜਨੀਤੀ ’ਚ ਸਾਰੇ ਖੰਜਰ ਚੁੱਕ ਕੇ ਘੁੰਮ ਰਹੇ ਹਨ
Tuesday, Mar 11, 2025 - 06:33 PM (IST)

2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਦੇਸ਼ ਦੀ ਰਾਜਨੀਤੀ ਵਿਚ ਵੱਡੇ ਬਦਲਾਅ ਆਏ ਹਨ। ਇਕ ਸਮਾਂ ਸੀ ਜਦੋਂ ਦੇਸ਼ ਦੀ ਰਾਜਨੀਤੀ ਵਿਚ ਕਾਂਗਰਸ ਦਾ ਪੂਰਨ ਰਾਜ ਸੀ। ਸਮਾਂ ਬਦਲਿਆ ਅਤੇ 2014 ਤੋਂ ਬਾਅਦ ਕਾਂਗਰਸ ਦੇ ਇਕ ਤੋਂ ਬਾਅਦ ਇਕ ਚੋਣਾਂ ’ਚ ਪੈਰ ਉਖੜਦੇ ਗਏ। ਕਦੀ ਕਿਹਾ ਜਾਂਦਾ ਸੀ ਕਿ ਦੇਸ਼ ਦੀ ਰਾਜਨੀਤੀ ’ਤੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਤੋਂ ਬਾਅਦ ਸ਼੍ਰੀਮਤੀ ਇੰਦਰਾ ਗਾਂਧੀ ਦਾ ਦਬਦਬਾ ਸੀ।
ਸਮੇਂ ਦਾ ਚਮਤਕਾਰ ਦੇਖੋ, ਇਕ ਸਮੇਂ ਭਾਰਤੀ ਰਾਜਨੀਤੀ ਵਿਚ ਕਮਿਊਨਿਸਟ, ਸਮਾਜਵਾਦੀ ਅਤੇ ਧਰਮ ਨਿਰਪੱਖ ਤਾਕਤਾਂ ਦਾ ਦਬਦਬਾ ਸੀ। ਕਾਮਰੇਡ ਏ.ਕੇ. ਡਾਂਗੇ, ਜੋਤੀ ਬਾਸੂ, ਕਾਮਰੇਡ ਹਰੀ ਕ੍ਰਿਸ਼ਨ, ਸੁਰਜੀਤ ਅਤੇ ਕਾਮਰੇਡ ਪ੍ਰਕਾਸ਼ ਕਾਰਤ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਵਿਚ ਪ੍ਰਭਾਵ ਸੀ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਖੱਬੇ-ਪੱਖੀ ਕਿਤੇ ਵੀ ਦਿਖਾਈ ਨਹੀਂ ਆ ਰਹੇ। ਇਕ ਸਮਾਂ ਸੀ ਜਦੋਂ ਕੇਰਲ, ਪੱਛਮੀ ਬੰਗਾਲ, ਮਣੀਪੁਰ, ਤ੍ਰਿਪੁਰਾ ਵਰਗੇ ਰਾਜ ਖੱਬੇ-ਪੱਖੀਆਂ ਦੇ ਹੱਥਾਂ ਵਿਚ ਸਨ। ਅੱਜ ਮਮਤਾ ਬੈਨਰਜੀ ਅਤੇ ਭਾਜਪਾ ਇਨ੍ਹਾਂ ਰਾਜਾਂ ’ਚ ਰਾਜ ਕਰ ਰਹੀਆਂ ਹਨ।
ਦੇਸ਼ ਦੀ ਰਾਜਨੀਤੀ ਲਾਲੂ ਪ੍ਰਸਾਦ ਯਾਦਵ, ਸ਼ਰਦ ਯਾਦਵ ਅਤੇ ਮੁਲਾਇਮ ਸਿੰਘ ਦੇ ਆਲੇ-ਦੁਆਲੇ ਘੁੰਮਦੀ ਸੀ। ਅੱਜ ਯਾਦਵ ਕਬੀਲਾ ਜਾਂ ਤਾਂ ਖਿਲਰ ਗਿਆ ਹੈ ਜਾਂ ਕੋਈ ਪ੍ਰਭੂ ਨੂੰ ਪਿਆਰਾ ਹੋ ਗਿਆ ਹੈ। ਦੱਖਣੀ ਭਾਰਤ ਦੀ ਰਾਜਨੀਤੀ ਕਦੇ ਅੰਨਾਦੁਰਈ, ਕਦੇ ਸੀ. ਰਾਮਚੰਦਰਨ, ਕਦੇ ਕਰੂਣਾਨਿਧੀ ਅਤੇ ਕਦੇ ਜੈਲਲਿਤਾ ਦੇ ਨਾਵਾਂ ਨਾਲ ਗੂੰਜਦੀ ਸੀ। ਅੱਜ ਸਟਾਲਿਨ ਦੱਖਣ ਦੀ ਰਾਜਨੀਤੀ ਨੂੰ ਸੰਭਾਲ ਰਹੇ ਹਨ। ਕਦੇ ਆਂਧਰਾ ਪ੍ਰਦੇਸ਼ ਦੇ ਫਿਲਮੀ ਕਲਾਕਾਰ ਭਾਰਤ ਦੀ ਰਾਜਨੀਤੀ ਨੂੰ ਆਕਰਸ਼ਿਤ ਕਰਦੇ ਸਨ ਅਤੇ ਅੱਜ ਉਨ੍ਹਾਂ ਦੇ ਜਵਾਈ ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੀ ਰਾਜਨੀਤੀ ਦੇ ਨੇਤਾ ਬਣ ਗਏ ਹਨ।
ਕੱਲ ਆਗੂ ਉਨ੍ਹਾਂ ਨੂੰ ਆਪਣਾ ਰਾਜਨੀਤਿਕ ਗੁਰੂ ਕਹਿੰਦੇ ਸਨ, ਅੱਜ ਉਹੀ ਆਗੂ ਆਪਣੇ ਗੁਰੂਆਂ ਦੀ ਪਿੱਠ ਵਿਚ ਛੁਰਾ ਮਾਰ ਕੇ ਨਵੇਂ ਆਗੂ ਬਣ ਗਏ ਹਨ। ਭਾਰਤੀ ਰਾਜਨੀਤੀ ਵਿਚ ਕੋਈ ਵੀ ਕਿਸੇ ਦਾ ਸਕਾ ਨਹੀਂ ਸਾਰੇ ਸਿਆਸਤਦਾਨ ਆਪਣੀਆਂ ਇੱਛਾਵਾਂ ਪੂਰੀਆਂ ਕਰ ਰਹੇ ਹਨ। ਲੋਕ ਸੇਵਾ ਕਿਸੇ ਦੇ ਦਿਲ ਵਿਚ ਨਹੀਂ ਹੁੰਦੀ ਹੈ। ਮੈਂ, ਬਸ ਮੈਂ। ਜੋ ਵੀ ਹੋਰ ਸੱਚ ਅਤੇ ਧਰਮ ਦੀ ਰਾਜਨੀਤੀ ਬਾਰੇ ਗੱਲ ਕਰੇਗਾ, ਉਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਰਾਜਨੀਤੀ ਵਿਚ ਹਰ ਕੋਈ ਖੰਜਰ ਲੈ ਕੇ ਘੁੰਮ ਰਿਹਾ ਹੈ।
ਇਸ ਅਭਿਲਾਸ਼ੀ ਰਾਜਨੀਤੀ ਕਾਰਨ ਮੈਂ ਖੁਦ ਸੋਲ੍ਹਾ ਸਾਲਾਂ ਤੋਂ ਹਾਸ਼ੀਏ ’ਤੇ ਹਾਂ। ਮੇਰੇ ਸਾਹਮਣੇ ਰਾਜਨੀਤੀ ਦੇ ਦਿੱਗਜ, ਜਨ ਸੰਘ ਦੇ ਸੰਸਥਾਪਕ, ਜਿਨ੍ਹਾਂ ਨੇ ਜੰਮੂ-ਕਸ਼ਮੀਰ ਦਾ ਭਾਰਤ ਵਿਚ ਰਲੇਵਾਂ ਕਰਵਾਇਆ, 1961 ਵਿਚ ਲੋਕ ਸਭਾ ਮੈਂਬਰ ਬਣੇ ਪ੍ਰੋ. ਬਲਰਾਜ ਮਧੋਕ ਨੂੰ 94 ਸਾਲ ਦੀ ਉਮਰ ਵਿਚ ਆਪਣੀਆਂ ਅੱਖਾਂ ਦੇ ਸਾਹਮਣੇ ਗੁੰਮਨਾਮੀ ਵਿਚ ਤਿਲ-ਤਿਲ ਕਰ ਕੇ ਮਰਦੇ ਦੇਖਿਆ।
‘ਜਨ ਸੰਘ’ ਦੀ ਸਥਾਪਨਾ ਕਰਨ ਵਾਲੇ ਪ੍ਰੋ. ਬਲਰਾਜ ਮਧੋਕ ਨੂੰ ਪਾਰਟੀ ਦੇ ਆਗੂਆਂ ਨੇ ਪਾਰਟੀ ਵਿਚੋਂ ਕੱਢ ਦਿੱਤਾ। ਚੇਲੇ ਆਪਣੇ ਗੁਰੂ ਅਤੇ ਸਿਆਸਤਦਾਨ ਨੂੰ ਆਪਣੀਆਂ ਅਖੌਤੀ ਬਦਕਿਸਮਤੀਆਂ ਵਿਚ ਪਿੱਛੇ ਛੱਡ ਜਾਂਦੇ ਹਨ। ਮੌਜੂਦਾ ਰਾਜਨੀਤੀ ‘ਆਇਆ ਰਾਮ, ਗਿਆ ਰਾਮ’ ਤੋਂ ਪ੍ਰਭਾਵਿਤ ਹੋ ਗਈ ਹੈ। ਇਹੀ ਮੈਂ 60 ਸਾਲਾਂ ਦੀ ਰਾਜਨੀਤੀ ਵਿਚ ਦੇਖਿਆ ਹੈ। ਮੈਨੂੰ ਨਹੀਂ ਪਤਾ ਕਿ ਤੁਹਾਡਾ ਕੀ ਬਣਿਆ। ਆਓ ਥੋੜ੍ਹਾ ਅੱਗੇ ਵਧੀਏ ਅਤੇ ਰਾਜਨੀਤੀ ਦੇ ਬਦਲਦੇ ਸੁਭਾਅ ’ਤੇ ਨਜ਼ਰ ਮਾਰੀਏ।
ਇਕ ਪਾਰਟੀ ਅਤੇ ਉਸ ਦੇ ਮੁਕੰਮਲ ਰਾਜ ਦਾ ਅੰਤ : 50 ਸਾਲਾਂ ਤੱਕ ਕਾਂਗਰਸ ਨੇ ਇਸ ਦੇਸ਼ ਦੀ ਰਾਜਨੀਤੀ ਨੂੰ ਆਪਣੀ ਇੱਛਾ ਅਨੁਸਾਰ ਚਲਾਇਆ। ਅੱਜ ਉਹੀ ਕਾਂਗਰਸ ਇਕ ਤੋਂ ਬਾਅਦ ਇਕ ਚੋਣਾਂ ਹਾਰ ਰਹੀ ਹੈ। ਨੇਤਾ ਬਗੈਰ ਕਾਂਗਰਸ ਪਾਰਟੀ।1989, 1991, 1996, 1999, 2004, 2009, 2014, 2019 ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਲਗਾਤਾਰ ਹਾਰ ਰਹੀ ਹੈ। 2014 ਤੋਂ ਬਾਅਦ ਕਾਂਗਰਸ ਦੀ ਥਾਂ ਭਾਰਤੀ ਜਨਤਾ ਪਾਰਟੀ ਨੇ ਲੈ ਲਈ ਹੈ। ਅਜਿਹਾ ਨਹੀਂ ਲੱਗਦਾ ਕਿ ਕਾਂਗਰਸ ਦੁਬਾਰਾ ਜਾਗੇਗੀ।
ਕਾਂਗਰਸ ਹੁਣ ਸਿਰਫ਼ ਬੀਤੇ ਦੀ ਗੱਲ ਬਣ ਕੇ ਰਹਿ ਗਈ ਹੈ। ਕਈ ਪਾਰਟੀਆਂ ਤਾਂ ਸੁੰਨ ਅਵਸਥਾ ’ਚ ਪੁੱਜ ਗਈਆਂ ਹਨ। ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ’ ਪੰਜਾਬ ਵਿਚ ਹੀ ਹਾਸੇ ਦਾ ਪਾਤਰ ਬਣ ਗਈ ਹੈ। ਮਹਾਰਾਸ਼ਟਰ ਵਿਚ ਬਾਲਾ ਸਾਹਿਬ ਠਾਕਰੇ ਦੀ ‘ਸ਼ਿਵ ਸੈਨਾ’ ਨੂੰ ਉਨ੍ਹਾਂ ਦੇ ਪੁੱਤਰ ਊਧਵ ਠਾਕਰੇ ਸੰਭਾਲ ਹੀ ਨਹੀਂ ਸਕੇ। ਬਿਹਾਰ ਵਿਚ ਆਰ. ਜੇ. ਡੀ. ਪਹਿਲੀ ਗੱਲ ਤਾਂ ਇਹ ਹੈ ਕਿ ਮੁਖੀ ਬੁੱਢਾ ਹੋ ਗਿਆ ਹੈ ਅਤੇ ਦੂਜੀ ਗੱਲ ਇਹ ਹੈ ਕਿ ਮੋਦੀ ਸਰਕਾਰ ਉਸ ਨੂੰ ਜੇਲ ਤੋਂ ਹੀ ਬਾਹਰ ਨਹੀਂ ਆਉਣ ਦਿੰਦੀ।
ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਅਤੇ ਇਸ ਦੇ ਨੇਤਾ ਅਖਿਲੇਸ਼ ਯਾਦਵ ਯੋਗੀ ਆਦਿੱਤਿਆਨਾਥ ਦਾ ਮੁਕਾਬਲਾ ਨਹੀਂ ਕਰ ਸਕਦੇ। ਕੇਜਰੀਵਾਲ ਨੂੰ ਦਿੱਲੀ ਵਿਚ ਭਾਜਪਾ ਵਾਲਿਆਂ ਨੇ ਲੁੱਟ ਲਿਆ। ਅੱਜ ਤੁਹਾਡੇ ਵਿਧਾਇਕ ਵਿਧਾਨ ਸਭਾ ਦੇ ਵਿਹੜੇ ’ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਭਾਰਤੀ ਰਾਜਨੀਤੀ ਵਿਚ ਖੇਤਰੀ ਪਾਰਟੀਆਂ ਦਾ ਵਧਦਾ ਪ੍ਰਭਾਵ : 24 ਜੂਨ, 2008 ਨੂੰ, ਚੋਣ ਕਮਿਸ਼ਨ ਨੇ 748 ਖੇਤਰੀ ਪਾਰਟੀਆਂ ਦੇ ਨਾਮ ਰਜਿਸਟਰ ਕੀਤੇ। ਇਨ੍ਹਾਂ ਵਿਚੋਂ ਸਿਰਫ਼ 7 ਰਾਸ਼ਟਰੀ ਪਾਰਟੀਆਂ ਅਤੇ 44 ਖੇਤਰੀ ਪਾਰਟੀਆਂ ਸਨ। ਜਦੋਂ ਵੀ ਸਿਆਸਤਦਾਨਾਂ ਨੂੰ ਕਿਸੇ ਖੇਤਰੀ ਪਾਰਟੀ ਵਿਚ ਕੋਈ ਮਹੱਤਵਪੂਰਨ ਅਹੁਦਾ ਨਹੀਂ ਮਿਲਦਾ, ਉਹ ਇਕ ਨਵੀਂ ਪਾਰਟੀ ਬਣਾਉਂਦੇ ਹਨ। ਖੇਤਰੀ ਪਾਰਟੀਆਂ ਵਿਚ ਧੜੇਬੰਦੀ ਭਾਰਤੀ ਰਾਜਨੀਤੀ ਦੇ ਵਿਕਾਸ ਵਿਚ ਰੁਕਾਵਟ ਪਾ ਰਹੀ ਹੈ।
ਕਾਂਗਰਸ ਨੇ 1998, 1999, 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ਖੇਤਰੀ ਪਾਰਟੀਆਂ ਨਾਲ ਗੱਠਜੋੜ ਕਰ ਕੇ ਲੜੀਆਂ। ਭਾਰਤੀ ਜਨਤਾ ਪਾਰਟੀ ਨੇ 1998 ਦੀਆਂ ਲੋਕ ਸਭਾ ਚੋਣਾਂ ਵਿਚ 15 ਖੇਤਰੀ ਪਾਰਟੀਆਂ ਨਾਲ ਗੱਠਜੋੜ ਕੀਤਾ। 1999 ਵਿਚ 25 ਖੇਤਰੀ ਪਾਰਟੀਆਂ ਨਾਲ ਗੱਠਜੋੜ ਬਣਾਇਆ। 19 ਮਾਰਚ, 1998 ਨੂੰ ਅਟਲ ਬਿਹਾਰੀ ਨੇ ਦੋ ਰਾਸ਼ਟਰੀ ਅਤੇ 15 ਖੇਤਰੀ ਪਾਰਟੀਆਂ ਨਾਲ ਸਰਕਾਰ ਬਣਾਈ। ਜੂਨ 1996 ਵਿਚ ਦੇਵੇਗੌੜਾ, 21 ਅਪ੍ਰੈਲ 1997 ਨੂੰ ਸ਼੍ਰੀ ਇੰਦਰ ਕੁਮਾਰ ਗੁਜਰਾਲ ਅਤੇ 21 ਅਪ੍ਰੈਲ 1997 ਨੂੰ ਚੰਦਰਸ਼ੇਖਰ ਖੇਤਰੀ ਪਾਰਟੀਆਂ ਨਾਲ ਹੱਥ ਮਿਲਾ ਕੇ ਪ੍ਰਧਾਨ ਮੰਤਰੀ ਬਣੇ। 13 ਅਕਤੂਬਰ, 1999 ਨੂੰ ਅਟਲ ਬਿਹਾਰੀ ਵਾਜਪਾਈ ਨੇ ਦੁਬਾਰਾ 23 ਖੇਤਰੀ ਪਾਰਟੀਆਂ ਨਾਲ ਮਿਲ ਕੇ ‘ਜਨਤੰਤਰਿਕ ਗੱਠਜੋੜ’ ਬਣਾਇਆ। 22 ਮਈ 2004 ’ਚ ਅਤੇ ਮਈ 2009 ’ਚ ਸ. ਮਨਮੋਹਨ ਿਸੰਘ ਨੇ 12 ਖੇਤਰੀ ਪਾਰਟੀਆਂ ਦੇ ਸਹਿਯੋਗ ਨਾਲ ਸਰਕਾਰਾਂ ਬਣਾਈਆਂ। ਮੋਦੀ ਨੇ ਵੀ 2014 ਤੋਂ 2024 ਤੱਕ ਆਪਣੇ ਸਹਿਯੋਗੀਆਂ ਨੂੰ ਛੱਡਿਆ ਨਹੀਂ।
ਅੱਜ ਰਾਜਨੀਤੀ ਦਾ ਵਪਾਰੀਕਰਨ ਹੋ ਗਿਆ ਹੈ : ਵੱਡੇ-ਵੱਡੇ ਸ਼ਾਹੂਕਾਰਾਂ ਨੂੰ ਰਾਜਨੀਤੀ ਦੀ ਚੇਟਕ ਲੱਗ ਗਈ ਹੈ। ਬਹੁਤ ਸਾਰੇ ਅਮੀਰ ਲੋਕ ਬੈਂਕਾਂ ਦਾ ਪੈਸਾ ਲੁੱਟ ਕੇ ਵਿਦੇਸ਼ ਭੱਜ ਗਏ ਹਨ। ਅੰਬਾਨੀ ਅਤੇ ਅਡਾਣੀ ਦੀ ਪ੍ਰਸ਼ੰਸਾ ਹੋ ਰਹੀ ਹੈ। ਗ਼ਰੀਬ ਆਦਮੀ ਦੇ ਹੱਥੋਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਖਿਸਕ ਰਹੀਆਂ ਹਨ। ਮੱਧ ਵਰਗ ਡਰਿਆ ਹੋਇਆ ਹੈ। ਆਮ ਆਦਮੀ ਦੀ ਤਾਂ ਸਿਆਸਤਦਾਨਾਂ ਤੱਕ ਪਹੁੰਚ ਹੀ ਨਹੀਂ। ਰਾਜਨੀਤੀ ਮੰਦੀ ਜ਼ੁਬਾਨ, ਬੇਬੁਨਿਆਦ ਦੋਸ਼ਾਂ ਅਤੇ ਗਾਲ੍ਹਾਂ ਕੱਢਣ ਵਾਲੀ ਬਣ ਗਈ ਹੈ। ਹਾਂ, 2014 ਤੋਂ ਬਾਅਦ ਦੇਸ਼ ਵਿਚ ਅਸਥਿਰਤਾ ਖਤਮ ਹੋ ਗਈ ਹੈ।
ਮਾ.ਮੋਹਨ ਲਾਲ (ਸਾਬਕਾ ਟਰਾਸਪੋਰਟ ਮੰਤਰੀ, ਪੰਜਾਬ)