‘ਅਪਰਾਧੀਆਂ ਦੇ ਵਧਦੇ ਹੌਸਲੇ’ ਹੋਣ ਲੱਗੀ ਹਥਿਆਰਾਂ ਦੀ ਹੋਮ ਡਲਿਵਰੀ!

Thursday, Aug 27, 2026 - 03:08 AM (IST)

‘ਅਪਰਾਧੀਆਂ ਦੇ ਵਧਦੇ ਹੌਸਲੇ’ ਹੋਣ ਲੱਗੀ ਹਥਿਆਰਾਂ ਦੀ ਹੋਮ ਡਲਿਵਰੀ!

ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਅਪਰਾਧਾਂ ’ਤੇ ਰੋਕ ਲਾਉਣ ਦੇ ਯਤਨਾਂ ਦੇ ਬਾਵਜੂਦ ਦੇਸ਼ ’ਚ ਅਪਰਾਧੀ ਅਨਸਰਾਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਹੁਣ ਤਾਂ ਇਨ੍ਹਾਂ ਨੇ ਹਥਿਆਰਾਂ ਦੀਆਂ ਹੋਰ ਵਸਤਾਂ ਵਾਂਗ ਹੋਮ ਡਲਿਵਰੀ ਵੀ ਸ਼ੁਰੂ ਕਰ ਦਿੱਤੀ ਹੈ ਜਿਸ ਦੀਆਂ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ:

* 26 ਮਾਰਚ, 2025 ਨੂੰ ਹਰਿਆਣਾ ਪੁਲਸ ਦੀ ਸੀ. ਆਈ. ਏ.-2 ਯੂਨਿਟ ਨੇ ਨਾਜਾਇਜ਼ ਹਥਿਆਰਾਂ ਦੇ ਸੌਦਾਗਰਾਂ ਦੇ ਵਿਰੁੱਧ ਇਕ ਵੱਡੀ ਕਾਰਵਾਈ ’ਚ ‘ਅੰਬਾਲਾ ਨਿਵਾਸੀ ਸਚਿਨ, ਜਿਸ ਦੀ ਕਾਫੀ ਸਮੇਂ ਤੋਂ ਪੁਲਸ ਨੂੰ ਭਾਲ ਸੀ, ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ, ਜਦੋਂ ਉਹ ਯਮੁਨਾਨਗਰ ’ਚ ਕਿਸੇ ਗਾਹਕ ਨੂੰ 4 ਪਿਸਤੌਲਾਂ, 1 ਰਿਵਾਲਵਰ, 2 ਮੈਗਜ਼ੀਨ ਅਤੇ 51 ਜ਼ਿੰਦਾ ਕਾਰਤੂਸਾਂ ਦੀ ਡਲਿਵਰੀ ਦੇਣ ਆਇਆ ਸੀ।

* 7 ਜੂਨ, 2025 ਨੂੰ ‘ਮੁਜੱਫਰਨਗਰ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ‘ਮੇਰਠ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ‘ਸੁਧਾਂਸ਼ੂ’ ਨਾਂ ਦੇ ਇਕ ਨੌਜਵਾਨ ਨੂੰ ਦਰਜਨਾਂ ਗੋਲੀਅਾਂ ਅਤੇ 10 ਤਮੰਚਿਅਾਂ ਦੇ ਨਾਲ ਗ੍ਰਿਫਤਾਰ ਕੀਤਾ। ਉਹ ਇਕ ਪ੍ਰਸਿੱਧ ਅਾਨਲਾਈਨ ਫੂਡ ਡਲਿਵਰੀ ਪਲੇਟਫਾਰਮ ਦੇ ਨਾਲ ਕੰਮ ਕਰਨ ਦੀ ਅਾੜ ’ਚ ਫੂਡ ਬਾਕਸ ’ਚ ਖਾਣਾ ਨਹੀਂ ਸਗੋਂ ਹਥਿਆਰ ਰੱਖ ਕੇ ਉਨ੍ਹਾਂ ਦੀ ਸਪਲਾਈ ਕਰਦਾ ਸੀ।

ਇਸ ਗਿਰੋਹ ’ਚ ਸ਼ਾਮਲ 6 ਸਮੱਗਲਰ ਅਜੇ ਫਰਾਰ ਹਨ। ਇਹ ਗਿਰੋਹ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ’ਚ ਅਪਰਾਧੀਆਂ ਨੂੰ ਵਾਰਦਾਤਾਂ ਲਈ ਨਾਜਾਇਜ਼ ਹਥਿਆਰ ਮਹੱਈਆ ਕਰਵਾਉਂਦਾ ਸੀ।

* 18 ਫਰਵਰੀ, 2026 ਨੂੰ ਦਿੱਲੀ ਪੁਲਸ ਨੂੰ ਆਨਲਾਈਨ ਗ੍ਰੋਸਰੀ ਸੇਵਾ ਦੇਣ ਵਾਲੀ ਇਕ ਕੰਪਨੀ ਦੇ ਵਿਰੁੱਧ ਬਟਨ ਦਬਾਉਂਦੇ ਹੀ ਖੁੱਲ੍ਹਣ ਵਾਲੇ ਪਾਬੰਦੀ ਲੱਗੇ ਚਾਕੂ (ਸਵਿਚਬਲੇਡ) ਵੇਚਣ ਦੇ ਦੋਸ਼ ’ਚ ਕੇਸ ਦਰਜ ਕੀਤਾ। ਦੋਸ਼ ਹੈ ਕਿ ਇਨ੍ਹਾਂ ’ਚੋਂ ਕੁਝ ਚਾਕੂਅਾਂ ਦੀ ਵਰਤੋਂ ਕੁਝ ਹੱਤਿਆਵਾਂ ’ਚ ਕੀਤੀ ਗਈ ਸੀ।

ਅਜਿਹੇ ਹਥਿਆਰਾਂ ਦੀ ਖੁੱਲ੍ਹੀ ਵਿਕਰੀ ਅਾਰਮਸ ਐਕਟ ਦੀ ਵਿਵਸਥਾ ਦੀ ਉਲੰਘਣਾ ਮੰਨੀ ਜਾਂਦੀ ਹੈ। ਦੋਸ਼ ਹੈ ਕਿ ਉਕਤ ਫਰਮ ਵਲੋਂ ਇਨ੍ਹਾਂ ਚਾਕੂਅਾਂ ਨੂੰ ਅਾਮ ਕਿਚਨ ਟੂਲਸ ਦੀ ਤਰ੍ਹਾਂ ਸੂਚੀਬੱਧ (ਨੋਟੀਫਾਈ) ਕਰ ਕੇ ਡਲਿਵਰ ਕੀਤਾ ਜਾ ਰਿਹਾ ਸੀ।

ਕਾਨੂੰਨੀ ਮਾਹਿਰਾਂ ਦੇ ਅਨੁਸਾਰ ਈ-ਕਾਮਰਸ ਪਲੇਟਫਾਰਮਸ ’ਤੇ ਕੋਈ ਵੀ ਉਤਪਾਦ ਵਿਕਰੀ ਦੇ ਲਈ ਨੋਟੀਫਾਈ ਕਰਦੇ ਸਮੇਂ ਉਸ ਦੀ ਸਖਤ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਅਤੇ ਬਿਨਾਂ ਉਚਿਤ ਵੈਰੀਫਿਕੇਸ਼ਨ ਦੇ ਪਾਬੰਦੀ ਲੱਗੀਅਾਂ ਵਸਤਾਂ ਦੀ ਵਿਕਰੀ ਗੰਭੀਰ ਲਾਪਰਵਾਹੀ ਮੰਨੀ ਜਾ ਸਕਦੀ ਹੈ।

* 6 ਮਈ, 2026 ਨੂੰ ‘ਪੁਣੇ’ ਵਿਚ ਪੁਲਸ ਨੇ ‘ਅਜ਼ਹਰੂਦੀਨ ਸੁਤਾਰ’, ‘ਵੈਭਵ ਅਸ਼ੋਕ ਸ਼ੇਟੇ’, ‘ਸੌਰਵ ਧਨੰਜਯ ਜਾਧਵ’ ਅਤੇ ‘ਅਕਸ਼ੇ ਅਸ਼ੋਕ ਕਾਂਬਲੇ’ ਨਾਂ ਦੇ 4 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਲੱਗਭਗ 8 ਲੱਖ ਰੁਪਏ ਕੀਮਤ ਦੇ 9 ਪਿਸਤੌਲ, 46 ਕਾਰਤੂਸ ਅਤੇ 5 ਮੈਗਜ਼ੀਨ ਸਮੇਤ ਭਾਰੀ ਮਾਤਰਾ ’ਚ ਨਾਜਾਇਜ਼ ਹਥਿਆਰ ਬਰਾਮਦ ਕੀਤੇ।

ਕਿਉਂਕਿ ਇਹ ਸਾਰੇ ਮੁਲਜ਼ਮ ਅਾਮ ਤੌਰ ’ਤੇ ਕੋਰੀਅਰ ਬੁਆਏ, ਡਲਿਵਰੀ ਬੁਆਏ ਅਤੇ ਡਰਾਈਵਰ ਦੇ ਤੌਰ ’ਤੇ ਕੰਮ ਕਰਨ ਦੇ ਨਾਲ-ਨਾਲ ਹਥਿਆਰਾਂ ਦੀ ਡਲਿਵਰੀ ਵੀ ਕਰਦੇ ਸਨ, ਇਸ ਲਈ ਇਨ੍ਹਾਂ ’ਤੇ ਕਿਸੇ ਨੂੰ ਅਾਸਾਨੀ ਨਾਲ ਸ਼ੱਕ ਨਹੀਂ ਹੁੰਦਾ।

* 19 ਜੂਨ, 2026 ਨੂੰ ‘ਮੇਹਮ’ (ਹਰਿਆਣਾ) ਦੀ ਸੀ. ਆਈ. ਏ. ਪੁਲਸ ਨੇ ਜਨਤਾ ਕਾਲੋਨੀ ਨਿਵਾਸੀ ਬੀ.ਕਾਮ ਪਹਿਲੇ ਸਾਲ ਦੇ ‘ਕ੍ਰਿਤ’ ਨਾਂ ਦੇ 20 ਸਾਲਾ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ। ‘ਕ੍ਰਿਤ’ ਵਿਦੇਸ਼ ’ਚ ਬੈਠੇ ਹੈਂਡਲਰ ਦੇ ਇਸ਼ਾਰੇ ’ਤੇ ਹਥਿਆਰ ਇਧਰ ਤੋਂ ਓਧਰ ਕਰਨ ਦਾ ਕੰਮ ਕਰਦਾ ਸੀ ਅਤੇ 20 ਤੋਂ ਵੱਧ ਹਥਿਆਰ ਡਲਿਵਰ ਕਰ ਚੁੱਕਾ ਸੀ। ਪੁਲਸ ਨੇ ਦੋਸ਼ੀ ਦੇ ਕੋਲੋਂ ‘ਮੇਡ ਇਨ ਚਾਈਨਾ’ ਰਿਵਾਲਵਰ ਸਮੇਤ 2 ਹਥਿਆਰ ਅਤੇ 8 ਕਾਰਤੂਸ ਬਰਾਮਦ ਕੀਤੇ।

* 13 ਜੁਲਾਈ, 2026 ਨੂੰ ‘ਪਟਿਆਲਾ’ (ਪੰਜਾਬ) ਵਿਚ ਪੁਲਸ ਨੇ ਵੱਖ-ਵੱਖ ਅਾਨਲਾਈਨ ਸਾਮਾਨ ਸਪਲਾਈ ਕਰਨ ਵਾਲੀਅਾਂ ਕੰਪਨੀਅਾਂ ਦੀ ਵਰਦੀ ਪਹਿਨ ਕੇ ਅਤੇ ਈ-ਕਾਮਰਸ ਡਲਿਵਰੀ ਬੁਆਏ ਬਣ ਕੇ ਹਥਿਆਰ ਸਪਲਾਈ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਮੱਧ ਪ੍ਰਦੇਸ਼ ਤੋਂ ਲਿਅਾਂਦੇ ਗਏ 15 ਨਾਜਾਇਜ਼ ਪਿਸਤੌਲ ਅਤੇ 30 ਤੋਂ ਵੱਧ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਗਿਰੋਹ ਦੇ ਮੈਂਬਰ ਹਥਿਆਰਾਂ ਨੂੰ ਪੁਰਾਣੇ ਕਾਰਟਨਾਂ ਅਤੇ ਬਕਸਿਅਾਂ ’ਚ ਪੈਕ ਕਰ ਕੇ ਉਨ੍ਹਾਂ ਦੇ ਠਿਕਾਨੇ ’ਤੇ ਪਹੁੰਚਾਉਂਦੇ ਸਨ ਤਾਂ ਕਿ ਉਹ ਅਸਲੀ ਪਾਰਸਲ ਲੱਗਣ। ਇਸੇ ਕਾਰਨ ਪੁਲਸ ਜਾਂ ਹੋਰ ਲੋਕਾਂ ਨੂੰ ਉਨ੍ਹਾਂ ’ਤੇ ਸ਼ੱਕ ਨਹੀਂ ਹੁੰਦਾ ਸੀ।

ਉਕਤ ਘਟਨਾਵਾਂ ਨਾਲ ਇਕ ਵਾਰ ਫਿਰ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਕਿ ਭੋਲੇ-ਭਾਲੇ ਦਿਸਣ ਵਾਲੇ ਲੋਕ ਵੀ ਖਤਰਨਾਕ ਹੋ ਸਕਦੇ ਹਨ। ਸਪੱਸ਼ਟ ਹੈ ਕਿ ਸਮਾਜ ਵਿਰੋਧੀ ਅਨਸਰ ਨਵੇਂ-ਨਵੇਂ ਤਰੀਕਿਅਾਂ ਨਾਲ ਦੇਸ਼ ’ਚ ਤਬਾਹੀ ਮਚਾਉਣ ’ਤੇ ਉਤਾਰੂ ਹਨ। ਇਸ ਲਈ ਅਜਿਹੇ ਦੇਸ਼ਦ੍ਰੋਹੀਅਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਨਾਲ-ਨਾਲ ਪੁਲਸ ਨੂੰ ਚੌਕਸੀ ਹੋਰ ਵਧਾਉਣ ਦੀ ਲੋੜ ਹੈ ਤਾਂ ਕਿ ਇਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਜਾ ਸਕੇ।

–ਵਿਜੇ ਕੁਮਾਰ


author

Sandeep Kumar

Content Editor

Related News