ਮਾਇਆਵਤੀ ਦੀ ਬਸਪਾ ਦੀ ਤ੍ਰਾਸਦੀ, ਰਾਹ ਆਸਾਨ ਨਹੀਂ
Saturday, Sep 19, 2026 - 03:16 PM (IST)
ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਦੀ ਅਸਥਿਰ ਸਿਆਸਤ ਦੀ ਹੀ ਬੰਧਕ ਬਣੀ ਨਜ਼ਰ ਆ ਰਹੀ ਹੈ। ਲੱਗਭਗ ਸਵਾ ਦੋ ਸਾਲ ’ਚ ਤਿੰਨ ਵਾਰ ਭਤੀਜੇ ਆਕਾਸ਼ ਆਨੰਦ ਨੂੰ ਉੱਤਰਾਧਿਕਾਰੀ ਬਣਾਉਣ ਦਾ ਸੰਕੇਤ ਦੇ ਕੇ ਪਲਟ ਜਾਣ ਤੋਂ ਬਾਅਦ ਹੁਣ ਮਾਇਆਵਤੀ ਨੇ ਉਨ੍ਹਾਂ ਨੂੰ ਬਸਪਾ ਤੋਂ ਪੂਰੀ ਤਰ੍ਹਾਂ ‘ਫ੍ਰੀ’ ਕਰ ਦਿੱਤਾ ਹੈ। ਦੂਜੇ ਭਤੀਜੇ ਈਸ਼ਾਨ ਆਨੰਦ ਤੋਂ ਤਾਂ ਭੂਆ ਦਾ ਵਿਸ਼ਵਾਸ ਹੋਰ ਵੀ ਜਲਦੀ ਡਗਮਗਾ ਗਿਆ। ਪਹਿਲਾਂ ‘ਅਪਰਿਪੱਕ’ ਅਤੇ ਫਿਰ ਸਹੁਰੇ ਅਸ਼ੋਕ ਸਿਧਾਰਥ ਦੇ ਪ੍ਰਭਾਵ ’ਚ ਦੱਸ ਕੇ ਆਕਾਸ਼ ਨੂੰ ‘ਫ੍ਰੀ’ ਕਰਦਿਆਂ ਚੰਦ ਦਿਨ ਪਹਿਲਾਂ ਹੀ ਈਸ਼ਾਨ ’ਤੇ ਭਰੋਸਾ ਜਤਾਇਆ ਗਿਆ ਸੀ ਪਰ ਹੁਣ ਮਾਇਆਵਤੀ ਦੀਆਂ ਉਮੀਦਾਂ ਭਤੀਜੀ ਦੀਪਿਕਾ ਆਨੰਦ ’ਤੇ ਟਿਕ ਗਈਆਂ ਹਨ। ਆਕਾਸ਼ ਅਤੇ ਈਸ਼ਾਨ ਦੀ ਰਾਹ ’ਤੇ ਚੱਲਦਿਆਂ ਦੀਪਿਕਾ ਵੀ ਲੰਡਨ ’ਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ।
ਆਪਣੀ ਸਿਹਤ ਸਬੰਧੀ ਅਫ਼ਵਾਹਾਂ ਦਾ ਖੰਡਨ ਕਰਦਿਆਂ 70 ਸਾਲਾ ਮਾਇਆਵਤੀ ਨੇ ਜੋ ਕੁਝ ਕਿਹਾ, ਉਸ ਦਾ ਅਰਥ ਇਹੋ ਹੈ ਕਿ ਭਰਾ ਆਨੰਦ ਦੀ ਮਦਦ ਨਾਲ ਉਹ ਖੁਦ ਬਸਪਾ ਦੀ ਕਮਾਨ ਸੰਭਾਲੇਗੀ। ਦੀਪਿਕਾ ਦੇ ਵਿਦੇਸ਼ ਤੋਂ ਵਾਪਸ ਆਉਣ ’ਤੇ ਉਨ੍ਹਾਂ ਨੂੰ ਪਾਰਟੀ ’ਚ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਮਾਇਆਵਤੀ ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਕਮਾਨ ਆਪਣੇ ਕੋਲ ਰੱਖਦਿਆਂ ਬਾਕੀ ਰਾਜਾਂ ਨੂੰ ਦੋ ਸੈਕਟਰਾਂ ’ਚ ਵੰਡ ਕੇ ਉਪ-ਪ੍ਰਧਾਨ ਭਰਾ ਆਨੰਦ ਨੂੰ ਸੌਂਪ ਦਿੱਤਾ ਹੈ, ਜੋ ਹਰ ਡੇਢ ਮਹੀਨੇ ’ਚ ਇਨ੍ਹਾਂ ਦੀ ਸਮੀਖਿਆ ਕਰ ਕੇ ਉਨ੍ਹਾਂ ਨੂੰ ਰਿਪੋਰਟ ਦੇਣਗੇ।
ਲੱਗਭਗ ਤਿੰਨ ਦਹਾਕਿਆਂ ਤੱਕ ਉੱਤਰ ਪ੍ਰਦੇਸ਼ ਦੀ ਸਿਆਸਤ ਨੂੰ ਡੂੰਘਾਈ ਤਕ ਪ੍ਰਭਾਵਿਤ ਕਰਨ ਵਾਲੀ ਬਸਪਾ ’ਚ ਇਹ ਸਿਆਸੀ ਅਸਥਿਰਤਾ ਹੈਰਾਨ ਕਰਨ ਵਾਲੀ ਹੈ। ਬੇਸ਼ੱਕ ਜਿਸ ਸਮਾਜਿਕ-ਸਿਆਸੀ ਸੁਪਨੇ ਦੇ ਨਾਲ ਕਾਂਸ਼ੀਰਾਮ ਨੇ ਬਸਪਾ ਬਣਾਈ, ਉਸ ਨੂੰ ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ’ਚ ਸੱਤਾ ਦੇ ਸਿਖਰ ਤੱਕ ਉਨ੍ਹਾਂ ਦੀ ਉੱਤਰਾਧਿਕਾਰੀ ਮਾਇਆਵਤੀ ਨੇ ਹੀ ਪਹੁੰਚਾਇਆ।
ਮਾਇਆਵਤੀ ਚਾਰ ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ। ਬੇਸ਼ੱਕ ਤਿੰਨ ਵਾਰ ਉਹ ਹੋਰਨਾਂ ਦਲਾਂ ਦੇ ਸਮਰਥਨ ਨਾਲ ਮੁੱਖ ਮੰਤਰੀ ਬਣੀ ਪਰ 2007 ’ਚ ਬਸਪਾ ਨੂੰ ਇਕੱਲੇ ਦਮ ’ਤੇ ਮਿਲੇ ਬਹੁਮਤ ਨੇ ਸਿਆਸੀ ਪੰਡਿਤਾਂ ਨੂੰ ਹੈਰਾਨ ਕਰ ਦਿੱਤਾ। ਜਿਸ ਬਸਪਾ ਦੀ ਛਵੀ ਦਲਿਤ ਪਾਰਟੀ ਤੋਂ ਵੀ ਜ਼ਿਆਦਾ ਸਵਰਨ-ਵਿਰੋਧੀ ਬਣ ਗਈ ਸੀ, ਉਸੇ ਨੇ ਮਾਇਆਵਤੀ ਦੀ ਸੋਸ਼ਲ ਇੰਜੀਨੀਅਰਿੰਗ ਦੀ ਬਦੌਲਤ ਉੱਤਰ ਪ੍ਰਦੇਸ਼ ਦੇ ਸਾਰੇ ਰਵਾਇਤੀ ਸਮਾਜਿਕ-ਸਿਆਸੀ ਸਮੀਕਰਨ ਢਹਿ-ਢੇਰੀ ਕਰ ਦਿੱਤੇ ਪਰ ਅੱਜ ਮਾਇਆਵਤੀ ਦੀ ਬਸਪਾ ਵਜੂਦ ਦੇ ਸੰਕਟ ਨਾਲ ਜੂਝ ਰਹੀ ਹੈ। ਕਦੇ ਜਿਸ ਬਸਪਾ ਦੇ 21 ਲੋਕ ਸਭਾ ਮੈਂਬਰ ਹੁੰਦੇ ਸਨ, ਉਸ ਦਾ 2024 ਦੀਆਂ ਚੋਣਾਂ ’ਚ ਖਾਤਾ ਤੱਕ ਨਹੀਂ ਖੁੱਲ੍ਹ ਸਕਿਆ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਮਸਾਂ ਇਕ ਸੀਟ ਜਿੱਤ ਸਕੀ ਅਤੇ ਉਸ ਦਾ ਵੋਟ ਪ੍ਰਤੀਸ਼ਤ ਡਿੱਗ ਕੇ 10 ਤੋਂ ਵੀ ਹੇਠਾਂ ਚਲਾ ਗਿਆ। ਜੋ ਬਸਪਾ ਕਦੇ ਆਪਣੀ ਹੋਂਦ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੱਕ ਦਰਜ ਕਰਵਾਉਣ ’ਚ ਸਫਲ ਰਹੀ, ਉਸ ਦੀ ਅਜਿਹੀ ਵਿਡੰਬਨਾ ਹੈਰਾਨ ਕਰਨ ਵਾਲੀ ਤਾਂ ਹੈ ਹੀ, ਕਈ ਵੱਡੇ ਸਵਾਲ ਵੀ ਖੜ੍ਹੇ ਕਰਦੀ ਹੈ।
ਕਾਂਸ਼ੀਰਾਮ ਨੇ 15 ਦਸੰਬਰ, 2001 ਨੂੰ ਮਾਇਆਵਤੀ ਨੂੰ ਆਪਣਾ ਸਿਆਸੀ ਉੱਤਰਾਧਿਕਾਰੀ ਬਣਾਇਆ ਸੀ। ਕਾਂਸ਼ੀਰਾਮ ਦੇ ਜੀਵਨ ਕਾਲ ’ਚ ਹੀ 18 ਸਤੰਬਰ, 2003 ਨੂੰ ਮਾਇਆਵਤੀ ਨੇ ਬਸਪਾ ਦੀ ਕਮਾਨ ਪੂਰੀ ਤਰ੍ਹਾਂ ਸੰਭਾਲ ਵੀ ਲਈ ਸੀ। ਬੇਸ਼ੱਕ ਉੱਤਰ ਪ੍ਰਦੇਸ਼ ਦੀ ਸੱਤਾ ’ਚ ਬਸਪਾ ਨੂੰ ਪਹਿਲੀ ਹਿੱਸੇਦਾਰੀ 1993 ’ਚ ਹੀ ਸਮਾਜਵਾਦੀ ਪਾਰਟੀ ਦੇ ਨਾਲ ਮਿਲ ਗਈ ਸੀ, ਜਿਸ ਦਾ ਕੌੜਾ ਅੰਤ ਚਰਚਿਤ ਸਟੇਟ ਗੈਸਟ ਹਾਊਸ ਕਾਂਡ ਦੇ ਨਾਲ ਹੋਇਆ।
ਦੋਹਾਂ ਹੀ ਪਾਸਿਆਂ ਤੋਂ ਦੋਸ਼-ਪ੍ਰਤੀਦੋਸ਼ ਦਾ ਲੰਮਾ ਦੌਰ ਚੱਲਿਆ ਪਰ ਇਹ ਵੀ ਸੱਚ ਹੈ ਕਿ ਆਪਣੇ ਬਲਬੂਤੇ ਉੱਤਰ ਪ੍ਰਦੇਸ਼ ਦੀ ਸੱਤਾ ਤੱਕ ਬਸਪਾ ਮਾਇਆਵਤੀ ਦੇ ਨੇਤਾਜੀ-ਕਾਲ ’ਚ ਹੀ ਪਹੁੰਚੀ। ਜੇਕਰ 2007 ਦੀ ਇਤਿਹਾਸਕ ਸਫਲਤਾ ਦਾ ਸਿਹਰਾ ਮਾਇਆਵਤੀ ਨੂੰ ਜਾਂਦਾ ਹੈ, ਤਾਂ 2014 ਤੋਂ ਬਾਅਦ ਸ਼ੁਰੂ ਹੋਏ ਉਸ ਦੇ ਪਤਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਬਣਦੀ ਹੈ। ਪਰ ਬਸਪਾ ਦਾ ਸਿਫ਼ਰ ’ਤੇ ਸਿਮਟ ਜਾਣਾ ਹੈਰਾਨ ਕਰਨ ਵਾਲਾ ਸੀ।
ਮੁਲਾਇਮ ਸਿੰਘ ਯਾਦਵ ਨੇ ਆਪਣੇ ਜੀਵਨਕਾਲ ’ਚ ਹੀ, 2012 ’ਚ ਸਪਾ ਨੂੰ ਬਹੁਮਤ ਮਿਲਣ ’ਤੇ, ਬੇਟੇ ਅਖਿਲੇਸ਼ ਯਾਦਵ ਦੀ ਮੁੱਖ ਮੰਤਰੀ ਅਹੁਦੇ ’ਤੇ ਤਾਜਪੋਸ਼ੀ ਕਰਵਾ ਦਿੱਤੀ ਸੀ। ਜ਼ਾਹਿਰ ਹੈ, 2014 ਤੋਂ ਸ਼ੁਰੂ ਹੋਈ ਭਾਜਪਾ ਦੀ ਲਹਿਰ ’ਚ ਅਖਿਲੇਸ਼ ਸਰਕਾਰ ਵੀ 2017 ’ਚ ਚਲੀ ਗਈ ਅਤੇ ਯੋਗੀ ਆਦਿੱਤਿਆਨਾਥ ਦੀ ਅਗਵਾਈ ’ਚ ਭਾਜਪਾ ਸਰਕਾਰ ਸੱਤਾਧਾਰੀ ਹੋ ਗਈ। ਸ਼ਾਇਦ ਭਾਜਪਾ ਦੇ ਇਸ ਅਣਕਿਆਸੇ ਉਭਾਰ ਨੇ ਹੀ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਬਾਅਦ ਸਪਾ-ਬਸਪਾ ਵਰਗੇ ਕੱਟੜ ਵਿਰੋਧੀਆਂ ਨੂੰ 2019 ਦੀਆਂ ਲੋਕ ਸਭਾ ਚੋਣਾਂ ’ਚ ਗੱਠਜੋੜ ਲਈ ਮਜਬੂਰ ਕਰ ਦਿੱਤਾ।
ਬੇਸ਼ੱਕ ਗੱਠਜੋੜ ਵੱਡਾ ਉਲਟਫੇਰ ਨਹੀਂ ਕਰ ਸਕਿਆ ਪਰ ਬਦਲੇ ਹੋਏ ਸਿਆਸੀ ਦ੍ਰਿਸ਼ ’ਚ 15 ਸੀਟਾਂ ਜਿੱਤ ਜਾਣਾ ਬੁਰਾ ਪ੍ਰਦਰਸ਼ਨ ਹਰਗਿਜ਼ ਨਹੀਂ ਸੀ।
ਪਿਛਲੀਆਂ ਚੋਣਾਂ ’ਚ ਖਾਤਾ ਵੀ ਨਾ ਖੋਲ੍ਹ ਸਕਣ ਵਾਲੀ ਬਸਪਾ ਨੂੰ ਤਾਂ 10 ਸੀਟਾਂ ਜਿੱਤਣ ’ਤੇ ਖੁਸ਼ ਹੋਣਾ ਚਾਹੀਦਾ ਸੀ ਪਰ ਮਾਇਆਵਤੀ ਨੇ ਸਪਾ ਦਾ ਵੋਟ ਆਪਣੇ ਉਮੀਦਵਾਰਾਂ ਨੂੰ ਟ੍ਰਾਂਸਫਰ ਨਾ ਹੋਣ ਦਾ ਦੋਸ਼ ਲਾਉਂਦਿਆਂ ਚੋਣ ਨਤੀਜੇ ਆਉਂਦੇ ਹੀ ਗੱਠਜੋੜ ਤੋੜ ਦਿੱਤਾ। ਉਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਮਾਇਆਵਤੀ ਦੀ ਚੋਣ ਰਣਨੀਤੀ ਅਤੇ ਉਮੀਦਵਾਰਾਂ ਦੀ ਚੋਣ ਨਾਲ ਬਸਪਾ ’ਤੇ ਭਾਜਪਾ ਦੀ ‘ਬੀ’ ਟੀਮ ਵਾਂਗ ਿਸਆਸਤ ਕਰਨ ਦੇ ਦੋਸ਼ ਹੋਰ ਵੀ ਮਜ਼ਬੂਤੀ ਨਾਲ ਚਿਪਕਾ ਦਿੱਤੇ ਗਏ । ਕੁਝ ਦਿਨਾਂ ਤੋਂ ਮਾਇਆਵਤੀ 2007 ਦੀ ਤਰਜ਼ ’ਚ ਫਿਰ ਤੋਂ ਸੋਸ਼ਲ ਇੰਜੀਨੀਅਰਿੰਗ ਦੀ ਚੋਣ ਿਸਆਸਤ ਦੇ ਸੰਕੇਤ ਦੇ ਰਹੀ ਸੀ ਪਰ ਬਸਪਾ ’ਚ ਹਾਲ ਹੀ ਦੇ ਘਟਨਾਕ੍ਰਮ ਨਾਲ ਤਾਂ ਦਿਸ਼ਾਹੀਣਤਾ ਦੀ ਤਸਵੀਰ ਹੀ ਉੱਭਰਦੀ ਹੈ।
ਸਿਹਤ ਸਬੰਧੀ ਕੋਈ ਸਮੱਸਿਆ ਨਾ ਹੋਵੇ ਤਾਂ ਵੀ 70 ਦੀ ਉਮਰ ’ਚ ਮਾਇਆਵਤੀ ਲਈ ਪੂਰੇ ਉੱਤਰ ਪ੍ਰਦੇਸ਼ ’ਚ ਹੀ ਸੰਘਣੀ ਚੋਣ ਪ੍ਰਚਾਰ ਮੁਹਿੰਮ ਆਸਾਨ ਨਹੀਂ ਹੋਵੇਗੀ। ਅਜਿਹਾ ਨਹੀਂ ਕਿ ਬਸਪਾ ’ਚ ਕਦੇ ਦੂਜੀ ਲਾਈਨ ਦੇ ਨੇਤਾ ਉੱਭਰੇ ਨਹੀਂ। ਸਵਾਮੀ ਪ੍ਰਸਾਦ ਮੌਰਿਆ, ਨਸੀਮੁੱਦੀਨ ਸਿੱਦੀਕੀ ਅਤੇ ਬਾਬੂ ਸਿੰਘ ਕੁਸ਼ਵਾਹਾ ਵਰਗੇ ਨੇਤਾ ਉੱਭਰੇ ਤਾਂ ਸਹੀ ਪਰ ਮਾਇਆਵਤੀ ਦੀ ਅਸਥਿਰ ਸਿਆਸਤ ਦੇ ਕਾਰਨ ਟਿਕ ਨਹੀਂ ਸਕੇ। ਕੁਝ ਸਮੇਂ ਤੋਂ ਆਕਾਸ਼ ਆਨੰਦ ਨੂੰ ਮਾਇਆਵਤੀ ਦੇ ਉੱਤਰਾਧਿਕਾਰੀ ਦੇ ਰੂਪ ’ਚ ਦੇਖਿਆ ਜਾ ਰਿਹਾ ਸੀ ਪਰ ਅੰਤ ਵਿਚ ਉਨ੍ਹਾਂ ਨੂੰ ਬਸਪਾ ਤੋਂ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਮਾਇਆਵਤੀ ਦੀ ਦਲਿਤ ਸਿਆਸਤ ਨੂੰ ਚੁਣੌਤੀ ਦੇਣ ਵਾਲੇ ਨਗੀਨਾ ਦੇ ਆਜ਼ਾਦ ਸੰਸਦ ਮੈਂਬਰ ਚੰਦਰਸ਼ੇਖਰ ਦੀ ਆਜ਼ਾਦ ਸਮਾਜ ਪਾਰਟੀ ਤੋਂ ਲੈ ਕੇ ਸਪਾ ਅਤੇ ਕਾਂਗਰਸ ਵੀ ਆਕਾਸ਼ ਆਨੰਦ ’ਤੇ ਡੋਰੇ ਪਾ ਰਹੀਆਂ ਹਨ ਪਰ ਪਾਰਟੀ ਅਤੇ ਪਰਿਵਾਰ ਦੇ ਉਲਝੇ ਰਿਸ਼ਤਿਆਂ ਦੇ ਮੱਦੇਨਜ਼ਰ ਉਨ੍ਹਾਂ ਲਈ ਅਜਿਹਾ ਫੈਸਲਾ ਆਸਾਨ ਨਹੀਂ ਹੋਵੇਗਾ। ਉਸ ਦੇ ਬਾਵਜੂਦ ਬਸਪਾ ਦਾ ਰਾਜਨੀਤਕ ਰਾਹ ਬੇਹੱਦ ਚੁਣੌਤੀਪੂਰਨ ਹੀ ਨਜ਼ਰ ਆਉਂਦਾ ਹੈ ਅਤੇ ਉਸ ਦੇ ਲਈ ਉਸ ਦੀ ਸੁਪਰੀਮੋ ਮਾਇਆਵਤੀ ਹੀ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਹਨ।
—ਰਾਜ ਕੁਮਾਰ ਸਿੰਘ
