ਅਮਰੀਕੀ ਚੋਣਾਂ ’ਚ ਵੀ ਹਿੰਦੂ ਕਾਰਡ ਦੀ ਧਮਕ

Sunday, Nov 03, 2024 - 02:55 PM (IST)

ਅਮਰੀਕੀ ਚੋਣਾਂ ’ਚ ਵੀ ਹਿੰਦੂ ਕਾਰਡ ਦੀ ਧਮਕ

ਜਿਸ ਦੇਸ਼ ਨੂੰ ਦੁਨੀਆ ਦਾ ਥਾਣੇਦਾਰ ਕਿਹਾ ਜਾਵੇ, ਜਿਸ ਦੀ ਜੀ. ਡੀ. ਪੀ. ਵੀ ਸਭ ਤੋਂ ਵੱਧ ਹੋਵੇ, ਫੌਜੀ ਸਾਧਨਾਂ ਵਿਚ ਕੋਈ ਮੇਲ ਨਾ ਹੋਵੇ, ਤਰੱਕੀ ਦੇ ਮਾਮਲੇ ਵਿਚ ਵੀ ਮੁਕਾਬਲਾ ਸੌਖਾ ਨਾ ਹੋਵੇ, ਜੇਕਰ ਉਸ ਦੇਸ਼ ਦੀਆਂ ਚੋਣਾਂ ਵਿਚ ਦੋ ਪਾਰਟੀਆਂ ਵਿਚੋਂ ਇਕ ਵਿਚ ਧਰਮ ਦਾ ਦਾਖਲਾ ਹੋ ਜਾਵੇ ਤਾਂ ਹੈਰਾਨ ਹੋਣਾ ਜਾਇਜ਼ ਹੈ। ਹੁਣ ਜਦੋਂ ਅਮਰੀਕੀ ਚੋਣਾਂ ਵਿਚ ਦਿਨ ਦੀ ਬਜਾਏ ਘੰਟੇ ਹੀ ਰਹਿ ਗਏ ਹਨ ਅਤੇ ਹਿੰਦੂਆਂ ਨੂੰ ਲੁਭਾਉਣ ਦੀਆਂ ਗੱਲਾਂ ਹੋਣ ਲੱਗ ਪੈਣ ਤਾਂ ਯਕੀਨਨ ਭਾਰਤੀਆਂ ਦੇ ਗਲੈਮਰ ਨੂੰ ਸਮਝਿਆ ਜਾ ਸਕਦਾ ਹੈ ਪਰ ਕਿਤੇ ਨਾ ਕਿਤੇ ਉਹ ਸ਼ੁੱਧ ਸਿਅਾਸਤ ਵੀ ਦਿਖਾਈ ਦਿੰਦੀ ਹੈ, ਜੋ ਹੁਣ ਤੱਕ ਭਾਰਤ ਵਿਚ ਹੁੰਦੀ ਸੀ।

ਚੋਣਾਂ ਤੋਂ ਪਹਿਲਾਂ ਦੇ ਸਾਰੇ ਸਰਵੇਖਣ ਦੱਸਦੇ ਹਨ ਕਿ ਮੁਕਾਬਲਾ ਬਹੁਤ ਸਖ਼ਤ ਹੈ। ਰਾਈਟਰਜ਼-ਇਪਸੋਸ ਵਲੋਂ ਕੀਤੇ ਗਏ ਇਕ ਤਾਜ਼ਾ ਸਰਵੇਖਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਡੈਮੋਕ੍ਰੇਟਿਕ ਕਮਲਾ ਹੈਰਿਸ ਰਿਪਬਲੀਕਨ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ 1 ਫੀਸਦੀ ਅੱਗੇ ਹਨ। ਇਹ ਕਹਿਣਾ ਮੁਸ਼ਕਲ ਹੈ ਕਿ ਹਰ ਪਲ ਬਦਲ ਰਹੇ ਰੁਝਾਨ ਕਿਸ ਦਿਸ਼ਾ ਵੱਲ ਜਾਣਗੇ। ਅਜਿਹੇ ’ਚ ਨਿਸ਼ਚਿਤ ਤੌਰ ’ਤੇ ਕਈ ਤਰ੍ਹਾਂ ਦੀਆਂ ਚੋਣ ਰਣਨੀਤੀਆਂ ਅਪਣਾਈਆਂ ਜਾਣਗੀਆਂ। ਘੱਟ ਜਾਂ ਵੱਧ, ਟਰੰਪ ਨੇ ਵੀ ਵੱਡਾ ਦਾਅ ਖੇਡ ਕੇ ਇਸ ਬੜ੍ਹਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਸੰਭਵ ਹੈ ਕਿ ਹਿੰਦੂ ਹਿੱਤਾਂ ਬਾਰੇ ਉਸ ਦਾ ਬਿਆਨ ਇਕ ਕਾਰਗਰ ਹਥਿਆਰ ਬਣ ਜਾਵੇ। ਬੰਗਲਾਦੇਸ਼ ਵਿਚ ਹਿੰਦੂਆਂ ਅਤੇ ਹੋਰ ਘੱਟਗਿਣਤੀਆਂ ’ਤੇ ਹੋ ਰਹੇ ਹਮਲਿਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰ ਕੇ ਅਤੇ ਉਨ੍ਹਾਂ ਨੂੰ ਹਿੰਦੂ ਪੱਖੀ ਦੱਸਦਿਆਂ ਦੀਵਾਲੀ ਦਾ ਸੁਨੇਹਾ ਹੈਰਿਸ ’ਤੇ ਕਿੰਨਾ ਭਾਰੂ ਹੋਵੇਗਾ, ਇਹ ਦੇਖਣ ਲਈ ਨਤੀਜੇ ਆਉਣ ਤੱਕ ਉਡੀਕ ਕਰਨੀ ਪਵੇਗੀ। ਹਾਂ, ਇਹ ਯਕੀਨੀ ਤੌਰ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਦਾਅ ਜ਼ਰੂਰ ਮੰਨਿਆ ਜਾ ਰਿਹਾ ਹੈ। ਪੂਰੀ ਦੁਨੀਆ ਦੀ ਇਸ ’ਤੇ ਨਜ਼ਰ ਹੈ।

ਅਜਿਹਾ ਨਹੀਂ ਹੈ ਕਿ ਕਮਲਾ ਹੈਰਿਸ ਨੇ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਲੁਭਾਉਣ ਵਿਚ ਕੋਈ ਕਸਰ ਬਾਕੀ ਛੱਡੀ ਹੋਵੇ। ਉਹ ਅਕਸਰ ਆਪਣੀ ਮਾਂ ਦੀਆਂ ਭਾਰਤੀ ਜੜ੍ਹਾਂ ਬਾਰੇ ਗੱਲਾਂ ਕਰਦੀ ਹੈ। ਉਹ ਪ੍ਰਵਾਸੀਆਂ ਲਈ ਸੌਖੀਆਂ ਨੀਤੀਆਂ ਬਣਾਉਣ, ਭਾਰਤੀ ਕਾਮਿਆਂ ਅਤੇ ਵਿਦਿਆਰਥੀਆਂ ਲਈ ਅਮਰੀਕੀ ਦਰਵਾਜ਼ੇ ਸੌਖਿਆਂ ਖੋਲ੍ਹਣ ਅਤੇ ਵੀਜ਼ਾ ਨਿਯਮਾਂ ਨੂੰ ਸਰਲ ਬਣਾਉਣ ਦੀਆਂ ਗੱਲਾਂ ਕਰਦੀ ਕਦੇ ਥੱਕਦੀ ਨਹੀਂ।

ਚੇਨਈ ਤੋਂ 300 ਕਿ. ਮੀ. ਦੂਰ ਥੁਲਾਸੇਂਦਰਪੁਰਮ ਵਰਗੇ ਇਕ ਛੋਟੇ ਜਿਹੇ ਪਿੰਡ ਵਿਚ, ਉਸ ਦੇ ਨਾਨਾ ਪੀ. ਵੀ. ਗੋਪਾਲਨ ਦਾ ਜਨਮ ਹੋਇਆ ਸੀ। ਉਸ ਦੀ ਜਿੱਤ ਲਈ ਸਥਾਨਕ ਦੇਵਤਾ, ਮੰਦਰ ਅਤੇ ਚਰਚਾਂ ਵਿਚ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਉਹ ਇੱਥੇ ਉਦੋਂ ਆਈ ਜਦੋਂ ਉਹ ਪੰਜ ਸਾਲ ਦੀ ਸੀ ਅਤੇ ਕਾਫੀ ਸਮਾਂ ਆਪਣੇ ਦਾਦਾ ਜੀ ਨਾਲ ਰਹੀ। ਉਹ ਆਖਰੀ ਵਾਰ 2009 ’ਚ ਚੇਨਈ ਬੀਚ ’ਤੇ ਆਪਣੀ ਮਾਂ ਦੀਆਂ ਅਸਥੀਆਂ ਨੂੰ ਵਿਸਰਜਨ ਕਰਨ ਲਈ ਆਈ ਸੀ। ਇਕ ਵੱਡੇ ਬੈਨਰ ਵਿਚ ਉਸ ਨੂੰ ਪਿੰਡ ਦੀ ਮਹਾਨ ਧੀ ਵੀ ਕਿਹਾ ਗਿਆ ਹੈ।

ਅਮਰੀਕਾ ਵਿਚ ਭਾਰਤੀ ਮੂਲ ਦੇ ਲਗਭਗ 52 ਲੱਖ ਲੋਕ ਹਨ। ਇਨ੍ਹਾਂ ’ਚ ਕਰੀਬ 23 ਲੱਖ ਵੋਟਰ ਹਨ। ਇੰਨੀ ਵੱਡੀ ਗਿਣਤੀ ਨੂੰ ਨਜ਼ਰਅੰਦਾਜ਼ ਕਰਨਾ ਅਸੰਭਵ ਹੈ। ਬਦਲਦੇ ਹੋਏ ਸਰਵੇਖਣ ਅਤੇ ਅੰਕੜੇ ਹਰ ਵਾਰ ਦਿਖਾਉਂਦੇ ਹਨ ਕਿ ਮੁਕਾਬਲਾ ਸਖਤ ਹੈ। ਇਕ ਪਾਸੇ ਸਾਬਕਾ ਰਾਸ਼ਟਰਪਤੀ ਅਤੇ ਦੂਜੇ ਪਾਸੇ ਮੌਜੂਦਾ ਉਪ-ਰਾਸ਼ਟਰਪਤੀ ਹਨ। ਅਜਿਹੇ ਵਿਚ ਇਸ ਦਿਲਚਸਪ ਚੋਣ ਵਿਚ ਜ਼ਬਰਦਸਤ ਰੱਸਾਕਸ਼ੀ ਹੋਵੇਗੀ। ਇਸ ਚੋਣ ਵਿਚ ਭਾਰਤੀਆਂ ਦੇ ਰੁਖ ਤੋਂ ਪਤਾ ਲੱਗਦਾ ਹੈ ਕਿ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਭਾਰਤੀਆਂ ਵਿਚ ਹਰਮਨਪਿਆਰੀ ਜ਼ਰੂਰ ਹੈ, ਪਰ ਅਮਰੀਕਾ ਦੇ ਵੱਡੇ ਭਾਈਚਾਰਿਆਂ ਵਿਚ ਉਸ ਦੀ ਮਜ਼ਬੂਤ ​​ਪਕੜ ਨਹੀਂ ਹੈ।

2024 ਇੰਡੀਅਨ-ਅਮਰੀਕਨ ਐਟੀਚਿਊਡਸ ਸਰਵੇਖਣ ਭਾਵ ਆਈ. ਏ. ਏ. ਐੱਸ. ਅੰਕੜੇ ਦੱਸਦੇ ਹਨ ਕਿ ਇਸ ਵੇਲੇ 61 ਫੀਸਦੀ ਭਾਰਤੀ ਹੈਰਿਸ ਦੇ ਹਮਾਇਤੀ ਹਨ ਜਦਕਿ ਚਾਰ ਸਾਲ ਪਹਿਲਾਂ ਇਹ ਅੰਕੜਾ 68 ਫੀਸਦੀ ਸੀ। ਜ਼ਾਹਿਰ ਹੈ ਕਿ ਇਸ ਗਿਰਾਵਟ ਦਾ ਫਾਇਦਾ ਸਿਰਫ਼ ਟਰੰਪ ਨੂੰ ਹੀ ਹੋਵੇਗਾ। ਇਹ ਹੈਰਿਸ ਲਈ ਵੀ ਚਿੰਤਾ ਦਾ ਕਾਰਨ ਹੋਵੇਗਾ ਕਿਉਂਕਿ ਭਾਰਤੀ ਮੂਲ ਦੇ ਲੋਕ ਡੈਮੋਕ੍ਰੇਟਸ ਲਈ ਰਵਾਇਤੀ ਵੋਟਰ ਰਹੇ ਹਨ। ਭਾਰਤੀ ਭਾਈਚਾਰੇ ਵਿਚ ਘਟਦੀ ਲੋਕਪ੍ਰਿਅਤਾ ਚੰਗੀ ਨਹੀਂ ਹੈ।

ਇਕ ਸਰਵੇਖਣ ਰਿਪੋਰਟ ਹੋਰ ਵੀ ਹੈਰਾਨ ਕਰਨ ਵਾਲੀ ਹੈ। ਅਮਰੀਕਾ ਵਿਚ ਪੈਦਾ ਹੋਏ ਭਾਰਤੀ ਮੂਲ ਦੇ ਨੌਜਵਾਨਾਂ ਦਾ ਝੁਕਾਅ ਰਿਪਬਲੀਕਨ ਪਾਰਟੀ ਵੱਲ ਜ਼ਿਆਦਾ ਹੈ, ਜਦੋਂ ਕਿ ਨਾਗਰਿਕਤਾ ਲੈਣ ਤੋਂ ਬਾਅਦ ਵੱਸਣ ਵਾਲੇ ਭਾਰਤੀਆਂ ਦਾ ਝੁਕਾਅ ਡੈਮੋਕ੍ਰੇਟਸ ਵੱਲ ਹੈ। ਨਿਸ਼ਚਿਤ ਤੌਰ ’ਤੇ, ਭਾਵੇਂ ਥੋੜ੍ਹਾ ਹੀ ਸਹੀ, ਭਾਰਤੀ ਭਾਈਚਾਰੇ ਦਾ ਵੰਡਿਅਾ ਜਾਣਾ ਵੀ ਅਮਰੀਕੀ ਚੋਣਾਂ ਵਿਚ ਅਹਿਮ ਭੂਮਿਕਾ ਨਿਭਾਏਗਾ।

ਜਾਰਜੀਆ, ਐਰੀਜ਼ੋਨਾ, ਉੱਤਰੀ ਕੈਰੋਲੀਨਾ, ਮਿਸ਼ੀਗਨ, ਪੈਨਸਿਲਵੇਨੀਆ, ਵਿਸਕਾਨਸਿਨ ਅਤੇ ਨੇਵਾਡਾ ਸੂਬੇ ਅਮਰੀਕੀ ਨਤੀਜਿਆਂ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ। ਇੱਥੇ, ਵੋਟਰਾਂ ਦੇ ਬਦਲਦੇ ਰਵੱਈਏ ਨੂੰ ਸਮਝਣ ਦੀ ਗਲਤੀ ਉਮੀਦਵਾਰ ’ਤੇ ਭਾਰੂ ਪੈਂਦੀ ਹੈ। ਇਸ ਕਾਰਨ ਦੋਵੇਂ ਇਨ੍ਹਾਂ ਸੂਬਿਆਂ ਵਿਚ ਆਪਣੀ ਜਿੱਤ ਪੱਕੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ।

ਸਿੱਧੇ ਤੌਰ ’ਤੇ ਦੋ ਪਾਰਟੀਆਂ ਵਿਚਕਾਰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਬੈਲਟ ਰਾਹੀਂ ਕਰਵਾਈਆਂ ਜਾਂਦੀਆਂ ਹਨ, ਜਿਸ ਦੇ ਨਤੀਜੇ ਆਉਣ ਵਿਚ ਲੰਬਾ ਸਮਾਂ ਲੱਗਦਾ ਹੈ। ਅਮਰੀਕਾ ਵਿਚ 50 ਸੂਬੇ ਹਨ, 7 ਦੇ ਨਤੀਜਿਆਂ ਦੀ ਭਵਿੱਖਬਾਣੀ ਕਰਨਾ ਲਗਭਗ ਮੁਸ਼ਕਲ ਹੁੰਦਾ ਹੈ। ਇੱਥੇ ਵੋਟਿੰਗ ਅਤੇ ਗਿਣਤੀ ਕਰਨ ਦੇ ਤਰੀਕੇ ਵੀ ਵੱਖਰੇ-ਵੱਖਰੇ ਹਨ। ਅੰਤਿਮ ਨਤੀਜਾ ਪ੍ਰਾਪਤ ਕਰਨ ਲਈ ਬਹੁਤ ਸਮਾਂ ਲੱਗਦਾ ਹੈ। ਵਿਦੇਸ਼ੀ ਅਮਰੀਕੀਆਂ ਅਤੇ ਫੌਜੀ ਕਰਮਚਾਰੀਆਂ ਦੇ ਪੋਸਟਲ ਬੈਲਟ ਅਤੇ ਡਾਕ ਦੁਆਰਾ ਪ੍ਰਾਪਤ ਬੈਲਟ ਦੀ ਗਿਣਤੀ ਕਰਨ ਵਿਚ ਵੀ ਸਮਾਂ ਲੱਗਦਾ ਹੈ। ਅਮਰੀਕੀ ਚੋਣ ਨਤੀਜਿਆਂ ਦੀ ਵਿਭਿੰਨਤਾ ਅਤੇ ਰੌਚਕਤਾ ਇਹ ਹੈ ਕਿ ਕਦੋਂ ਕੋਈ ਉਮੀਦਵਾਰ ਜਿੱਤਦਾ-ਜਿੱਤਦਾ ਹਾਰ ਜਾਵੇ ਅਤੇ ਕਦੋਂ ਹਾਰਦਾ ਹੋਇਅਾ ਜਿੱਤ ਜਾਵੇ।

ਹਾਲਾਂਕਿ, ਅਮਰੀਕਾ ਵਿਚ, ਭਾਰਤੀ ਪ੍ਰਵਾਸੀ, ਖਾਸ ਕਰ ਕੇ ਹਿੰਦੂ ਵੋਟਰ ਇਸ ਵਾਰ ਬਹੁਤ ਅਹਿਮ ਹਨ ਅਤੇ ਉੱਥੇ ਵੀ ‘ਬਟੇਂਗੇ, ਜੁਟੇਂਗੇ’ ਵਰਗੇ ਮਿਲਦੇ-ਜੁਲਦੇ ਵੱਖ-ਵੱਖ ਜੁਮਲੇ ਬਹੁਤ ਮਸ਼ਹੂਰ ਹਨ। ਇਹ ਦੇਖਣਾ ਬਾਕੀ ਹੈ ਕਿ ਕੀ ਟਰੰਪ ਦਾ ਹਿੰਦੂ ਕਾਰਡ ਕੰਮ ਕਰਦਾ ਹੈ ਜਾਂ ਕੀ ਭਾਰਤੀ ਮੂਲ ਦੀ ਹੈਰਿਸ ਉੱਥੋਂ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੇਗੀ। ਹਾਂ, ਇਕ ਗੱਲ ਪੱਕੀ ਹੈ ਕਿ ਭਾਵੇਂ ਚੋਣਾਂ ਅਮਰੀਕਾ ਵਰਗੇ ਤਾਕਤਵਰ ਦੇਸ਼ ਦੀਆਂ ਹੋਣ ਪਰ ਭਾਰਤ ਨੇ ਆਪਣੀ ਹੈਸੀਅਤ ਅਤੇ ਤਾਕਤ ਜ਼ਰੂਰ ਦਿਖਾਈ ਹੈ।

-ਰਿਤੂਪਰਣ ਦਵੇ


author

Tanu

Content Editor

Related News