ਸਵਰਗੀ ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ ’ਚ

Monday, Jul 07, 2025 - 04:56 PM (IST)

ਸਵਰਗੀ ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ ’ਚ

8ਵੇਂ ਦਹਾਕੇ ਤੋਂ ਹੀ ਮੈਨੂੰ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨਾਲ ਮਿਲਣ ਅਤੇ ਗੱਲਬਾਤ ਕਰਨ ਦਾ ਮੌਕਾ ਮਿਲਦਾ ਰਿਹਾ ਹੈ। ਆਪਣੀ ਪਤਨੀ ਨਾਲ ਮੈਂ ਕਈ ਵਾਰ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਇਆ। ਇਸ ਚੋਪੜਾ ਪਰਿਵਾਰ ’ਚ ਲੋਕਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਨ ਦੀ ਪਰੰਪਰਾ ਰਹੀ ਹੈ ਅਤੇ ਸ਼੍ਰੀਮਤੀ ਸਵਦੇਸ਼ ਚੋਪੜਾ ਹਮੇਸ਼ਾ ਇਕ ਚੰਗੀ ਮੇਜ਼ਬਾਨ ਸਿੱਧ ਹੋਈ।

ਆਪਣੇ ਨਾਂ ਨੂੰ ਲੈ ਕੇ ਉਹ ਅਤਿਅੰਤ ਚੌਕਸ ਰਹਿੰਦੇ ਸਨ। ਜਦੋਂ ਵੀ ਕੋਈ ਉਨ੍ਹਾਂ ਨੂੰ ‘ਸੁਦੇਸ਼’ ਕਹਿ ਕੇ ਸੰਬੋਧਨ ਕਰਦਾ ਸੀ ਤਾਂ ਉਹ ਤੁਰੰਤ ਉਸ ਨੂੰ ਸੁਧਾਰ ਕੇ ਕਹਿੰਦੇ ਕਿ ਮੇਰਾ ਨਾਂ ‘ਸੁਦੇਸ਼’ ਨਹੀਂ ‘ਸਵਦੇਸ਼’ ਹੈ। ਇਸ ਦੇ ਨਾਲ ਹੀ ਉਹ ਇਹ ਵੀ ਸਪੱਸ਼ਟ ਕਰਦੇ ਸਨ ਕਿ ‘ਸੁਦੇਸ਼’ ਦਾ ਅਰਥ ‘ਚੰਗਾ ਦੇਸ਼’ ਅਤੇ ‘ਸਵਦੇਸ਼’ ਦਾ ਅਰਥ ‘ਆਪਣਾ ਦੇਸ਼’ ਹੁੰਦਾ ਹੈ ਅਤੇ ਆਪਣਾ ਦੇਸ਼ ਹਮੇਸ਼ਾ ਚੰਗਾ ਹੁੰਦਾ ਹੈ।

ਇਕ ਵਾਰ ਅਸੀਂ ਸ਼ਾਮ ਦੇ ਸਮੇਂ ਉਨ੍ਹਾਂ ਦੇ ਦਰਸ਼ਨਾਂ ਲਈ ਆਏ। ਉਸ ਸਮੇਂ ਉਹ ਧੋਤੇ ਹੋਏ ਕੱਪੜੇ ਸਹੇਜ ਰਹੇ ਸਨ। ਉਹ ਪਰਿਵਾਰ ਦੇ ਇਕ-ਇਕ ਮੈਂਬਰ ਦੇ ਕੱਪੜਿਆਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਪਰਿਵਾਰ ਦੇ ਹਰ ਮੈਂਬਰ ਦੇ ਹਿਸਾਬ ਨਾਲ ਸਲੀਕੇ ਨਾਲ ਰੱਖ ਰਹੇ ਸਨ। ਅਸੀਂ ਹੈਰਾਨ ਸੀ ਕਿ ਉਹ ਇਹ ਸਭ ਕਿਵੇਂ ਕਰ ਲੈਂਦੇ ਹਨ। ਦੇਸ਼ ਦੇ ਇਕ ਚੋਟੀ ਦੇ ਅਖਬਾਰ ਸਮੂਹ ਦੀ ਡਾਇਰੈਕਟਰ ਹੋਣ ਦੇ ਨਾਲ-ਨਾਲ ਉਹ ਇਕ ਸੁੱਘੜ ਗ੍ਰਹਿਣੀ ਵੀ ਸਨ ਅਤੇ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਓਨੀ ਹੀ ਜ਼ਿੰਮੇਵਾਰੀ ਵਾਲੀ ਭਾਵਨਾ ਨਾਲ ਨਿਭਾਉਂਦੇ ਸਨ। ਮੇਰੀ ਪਤਨੀ ਨੂੰ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਸ ਨੂੰ ਮੇਰੀ ਪਤਨੀ ਨੇ ਆਪਣੇ ਪਰਿਵਾਰ ’ਚ ਵੀ ਲਾਗੂ ਕੀਤਾ।

ਮੈਂ ਸ਼ੁਰੂ ਤੋਂ ਹੀ ਪਹਿਲਾਂ ‘ਹਿੰਦ ਸਮਾਚਾਰ’ ਅਤੇ ਫਿਰ ‘ਪੰਜਾਬ ਕੇਸਰੀ’ ਪੜ੍ਹਦਾ ਆਇਆ ਹਾਂ। ਮੈਂ ਹਮੇਸ਼ਾ ਇਕ ਪਾਠਕ ਤੋਂ ਵੀ ਵੱਧ ਕੇ ਇਕ ਆਲੋਚਕ ਦੀ ਭੂਮਿਕਾ ਨਿਭਾਈ। ਵਿਸ਼ੇਸ਼ ਤੌਰ ’ਤੇ ਮੈਂ ‘ਪੰਜਾਬ ਕੇਸਰੀ’ ਦੇ ਸੰਪਾਦਕੀ ਬਹੁਤ ਧਿਆਨ ਨਾਲ ਪੜ੍ਹਿਆ ਕਰਦਾ ਅਤੇ ਜਿੱਥੇ ਕਿਤੇ ਮੈਂ ਸੰਪਾਦਕੀ ’ਚ ਲਿਖੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦਾ ਸੀ ਤਾਂ ਉਸ ਬਾਰੇ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨਾਲ ਚਰਚਾ ਜ਼ਰੂਰ ਕਰਦਾ ਸੀ।

ਉਹ ਮੇਰੀਆਂ ਗੱਲਾਂ ਨੂੰ ਬਹੁਤ ਧਿਆਨ ਨਾਲ ਅਤੇ ਸੰਜਮ ਨਾਲ ਸੁਣਦੇ ਸਨ ਅਤੇ ਪੂਰਾ ਸਮਾਂ ਦਿੰਦੇ ਸਨ। ਇਕ ਵਾਰ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਲਈ ਆਇਆ ਤਾਂ ਉਹ ਬੀਮਾਰ ਸਨ। ਉਨ੍ਹਾਂ ਦੀ ਗਰਦਨ ’ਤੇ ਕਾਲਰ ਲੱਗਾ ਹੋਇਆ ਸੀ। ਮੈਨੂੰ ਬਹੁਤ ਸ਼ਰਮਿੰਦਗੀ ਹੋਈ ਕਿ ਮੈਂ ਉਨ੍ਹਾਂ ਨੂੰ ਬੀਮਾਰੀ ਦੀ ਹਾਲਤ ’ਚ ਪ੍ਰੇਸ਼ਾਨ ਕੀਤਾ। ਜਦੋਂ ਮੈਂ ਉਨ੍ਹਾਂ ਕੋਲੋਂ ਇਸ ਲਈ ਮੁਆਫੀ ਮੰਗੀ ਤਾਂ ਵੀ ਉਹ ਮੇਰੇ ਕੋਲੋਂ ਮੇਰੇ ਆਉਣ ਦਾ ਕਾਰਨ ਪੁੱਛਦੇ ਰਹੇ ਕਿ ਉਹ ਕਿਸ ਤਰ੍ਹਾਂ ਮੇਰੀ ਮਦਦ ਕਰ ਸਕਦੇ ਹਨ।

ਉਨ੍ਹਾਂ ਦੇ ਲੰਬੇ ਸਮੇਂ ਤੱਕ ਕੋਮਾ ’ਚ ਰਹਿਣ ਦੌਰਾਨ ਅਸੀਂ ਸਮੇਂ-ਸਮੇਂ ’ਤੇ ਪਰਿਵਾਰ ਦੇ ਮੈਂਬਰਾਂ ਕੋਲੋਂ ਉਨ੍ਹਾਂ ਸੰਬੰਧੀ ਪੁੱਛਦੇ ਰਹੇ। ਜਿਵੇਂ ਕਿ ਵਿਧੀ ਦਾ ਵਿਧਾਨ ਹੈ, ਪ੍ਰਮਾਤਮਾ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲਿਆ ਕਿਉਂਕਿ ਉਨ੍ਹਾਂ ਨੂੰ ਚੰਗੇ ਲੋਕਾਂ ਦੀ ਧਰਤੀ ਨਾਲੋਂ ਵਧੇਰੇ ਸਵਰਗ ਲੋਕ ’ਚ ਲੋੜ ਹੁੰਦੀ ਹੈ।

ਅਜਿਹੇ ਨੇਕ ਇਨਸਾਨ ਦੇ ਚੰਗੇ ਕਰਮ ਹਮੇਸ਼ਾ ਯਾਦ ਰੱਖੇ ਜਾਣਗੇ। ਅਸੀਂ ਉਨ੍ਹਾਂ ਨੂੰ ਆਪਣੇ ਵਲੋਂ ਸ਼ਰਧਾਂਜਲੀ ਅਰਪਿਤ ਕਰਦੇ ਹਾਂ।

ਐੱਸ. ਕੇ. ਮਿੱਤਲ


author

Rakesh

Content Editor

Related News