‘ਜਹਾਜ਼ਾਂ ’ਚ ਤਕਨੀਕੀ ਖਾਮੀਆਂ’ ਯਾਤਰੀਆਂ ਦੀ ਜਾਨ ਪੈ ਰਹੀ ਖਤਰੇ ’ਚ!

Friday, Jul 04, 2025 - 03:29 AM (IST)

‘ਜਹਾਜ਼ਾਂ ’ਚ ਤਕਨੀਕੀ ਖਾਮੀਆਂ’ ਯਾਤਰੀਆਂ ਦੀ ਜਾਨ ਪੈ ਰਹੀ ਖਤਰੇ ’ਚ!

ਆਮ ਤੌਰ ’ਤੇ ਜਹਾਜ਼ ਦੀ ਯਾਤਰਾ ਨੂੰ ਬੱਸਾਂ ਅਤੇ ਰੇਲ ਗੱਡੀਆਂ ਦੀ ਤੁਲਨਾ ’ਚ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਜਹਾਜ਼ਾਂ ’ਚ ਉਡਾਣ ਦੇ ਦੌਰਾਨ ਖਰਾਬੀਆਂ ਆਉਣ ਨਾਲ ਜਹਾਜ਼ ਯਾਤਰਾਵਾਂ ’ਚ ਸੁਰੱਖਿਆ ’ਤੇ ਸਵਾਲ ਉੱਠਣ ਲੱਗੇ ਹਨ। ਹਾਲਾਂਕਿ 12 ਜੂਨ ਦਾ ਏਅਰ ਇੰਡੀਆ ਜਹਾਜ਼ ਹਾਦਸਾ ਜਿਸ ’ਚ 260 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ, ਤੋਂ ਬਾਅਦ ਹਵਾਈ ਕੰਪਨੀਆਂ ਦੀ ਟਿਕਟ ਬੁਕਿੰਗ ’ਚ ਵੀ ਕੁਝ ਕਮੀ ਆਈ ਹੈ ਅਤੇ ਦੁਨੀਆ ’ਚ ਜਹਾਜ਼ ਯਾਤਰਾਵਾਂ ’ਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧੀ ਹੈ ਪਰ ਇਸ ਦੇ ਬਾਵਜੂਦ ਜਹਾਜ਼ਾਂ ’ਚ ਤਕਨੀਕੀ ਖਰਾਬੀ ਦੀਆਂ ਘਟਨਾਵਾਂ ਦਾ ਹੜ੍ਹ ਆਇਆ ਹੋਇਆ ਹੈ। ਜਿਨ੍ਹਾਂ ਦੀਆਂ ਲਗਭਗ ਦੋ ਹਫਤਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 15 ਜੂਨ ਨੂੰ ‘ਕੇਦਾਰਨਾਥ’ ਤੋਂ ਗੁਪਤ ਕਾਸ਼ੀ ਜਾ ਰਿਹਾ ਇਕ ਹੈਲੀਕਾਪਟਰ ‘ਗੌਰੀਕੁੰਡ’ ਦੇ ਨੇੜੇ ਹਾਦਸਤਾਗ੍ਰਸਤ ਹੋਣ ਨਾਲ ਪਾਇਲਟ ਸਮੇਤ 7 ਲੋਕ ਮਾਰੇ ਗਏ।

* 16 ਜੂਨ ਨੂੰ ‘ਹਾਂਗਕਾਂਗ’ ਤੋਂ ‘ਦਿੱਲੀ’ ਆ ਰਹੇ ‘ਏਅਰ ਇੰਡੀਆ’ ਦੇ ਜਹਾਜ਼ ’ਚ ਕਿਸੇ ਤਕਨੀਕੀ ਖਰਾਬੀ ਦਾ ਪਤਾ ਲੱਗਣ ’ਤੇ ਉਡਾਣ ਦੇ ਕੁਝ ਹੀ ਸਮੇਂ ਬਾਅਦ ਉਸ ਨੂੰ ਵਾਪਸ ‘ਹਾਂਗਕਾਂਗ’ ਹਵਾਈ ਅੱਡੇ ’ਤੇ ਉਤਰਨਾ ਪਿਆ।

* 17 ਜੂਨ ਨੂੰ ਅਮਰੀਕਾ ਦੇ ‘ਸੈਨ ਫ੍ਰਾਂਸਿਸਕੋ’ ਤੋਂ ‘ਮੁੰਬਈ’ ਆ ਰਹੇ ‘ਏਅਰ ਇੰਡੀਆ’ ਦੇ ਜਹਾਜ਼ ਦੇ ਇਕ ਇੰਜਣ ’ਚ ਤਕਨੀਕੀ ਖਰਾਬੀ ਆ ਜਾਣ ਦੇ ਕਾਰਨ ਉਸ ਨੂੰ ਮੁੰਬਈ ਜਾਣ ਦੀ ਬਜਾਏ ‘ਕੋਲਕਾਤਾ’ ’ਚ ਹੀ ਰੋਕ ਦਿੱਤਾ ਗਿਆ।

*19 ਜੂਨ ਨੂੰ ‘ਦਿੱਲੀ’ ਤੋਂ ‘ਲੇਹ’ ਜਾ ਰਹੇ ਇੰਡੀਗੋ ਦੇ ਜਹਾਜ਼ ’ਚ ਅਚਾਨਕ ਤਕਨੀਕੀ ਖਰਾਬੀ ਪੈਦਾ ਹੋ ਜਾਣ ਨਾਲ ਜਹਾਜ਼ ਨੂੰ ਵਾਪਸ ਦਿੱਲੀ ’ਚ ਉਤਾਰਿਆ ਗਿਆ।

* 23 ਜੂਨ ਨੂੰ ‘ਜੈਪੁਰ’ ਤੋਂ ਦੁਬਈ ਜਾਣ ਵਾਲੇ ਏਅਰ ਇੰਡੀਆ ਐਕਸਪ੍ਰੈੱਸ ਦੇ ਜਹਾਜ਼ ’ਚ ਉਡਾਣ ਭਰਨ ਤੋਂ ਕੁਝ ਹੀ ਪਹਿਲਾਂ ਗੜਬੜ ਮਹਿਸੂਸ ਕੀਤੀ ਗਈ ਅਤੇ ਜਦੋਂ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਸਫਲ ਨਾ ਹੋ ਸਕੀ ਤਾਂ ਉਡਾਣ ਰੱਦ ਕਰਨੀ ਪਈ।

* 25 ਜੂਨ ‘ਮੁੰਬਈ’ ਤੋਂ ‘ਬੈਂਕਾਕ’ ਜਾਣ ਵਾਲੇ ‘ਏਅਰ ਇੰਡੀਆ’ ਦੇ ਇਕ ਜਹਾਜ਼ ਦੇ ਖੱਬੇ ਪਾਸੇ ਵਾਲੇ ਇਕ ਪਰ (ਵਿੰਗ) ਦੇ ਹੇਠਾਂ ਘਾਹ ਫਸਿਆ ਹੋਇਆ ਦੇਖੇ ਜਾਣ ’ਤੇ ਜਹਾਜ਼ ਨੂੰ 5 ਘੰਟਿਆਂ ਤੋਂ ਵੱਧ ਸਮੇਂ ਤੱਕ ਰੋਕਣਾ ਪਿਆ।

* 27 ਜੂਨ ਨੂੰ ਮੁੰਬਈ ਤੋਂ ਚੇਨਈ ਜਾਣ ਵਾਲੇ ‘ਏਅਰ ਇੰਡੀਆ’ ਦੇ ਜਹਾਜ਼ ਦੇ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਉਸ ਦੇ ਕੈਬਿਨ ’ਚ ਕੁਝ ਸੜਨ ਦੀ ਮੁਸ਼ਕ ਆਉਣ ’ਤੇ ਪਾਇਲਟ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ ਅਤੇ ਜਹਾਜ਼ ਨੂੰ ਵਾਪਸ ‘ਮੁੰਬਈ’ ਲਿਆ ਕੇ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ‘ਚੇਨਈ’ ਭੇਜਿਆ।

* 29 ਜੂਨ ਨੂੰ ‘ਚੇਨਈ’ ਤੋਂ ‘ਹੈਦਰਾਬਾਦ’ ਜਾ ਰਹੇ ਇਕ ਜਹਾਜ਼ ਨੂੰ ਉਡਾਣ ਦੇ ਦੌਰਾਨ ਤਕਨੀਕੀ ਖਰਾਬੀ ਦੇ ਕਾਰਨ ਵਾਪਸ ਚੇਨਈ ਹਵਾਈ ਅੱਡੇ ’ਤੇ ਉਤਾਰਨਾ ਪਿਆ।

* 29 ਜੂਨ ਨੂੰ ਹੀ ‘ਹਨੇਡਾ’ (ਟੋਕੀਓ) ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਏ ਏਅਰ ਇੰਡੀਆ ਦੇ ਇਕ ਜਹਾਜ਼ ਦੇ ‘ਕਾਕਪਿਟ’ ’ਚ ਤਾਪਮਾਨ ਵਧ ਜਾਣ ਦੇ ਕਾਰਨ ਉਸ ਦੀ ‘ਕੋਲਕਾਤਾ’ ’ਚ ਹੰਗਾਮੀ ਲੈਂਡਿੰਗ ਕਰਵਾਉਣੀ ਪਈ।

* 2 ਜੁਲਾਈ ਨੂੰ ‘ਗੋਆ’ ਤੋਂ ‘ਪੁਣੇ’ ਜਾ ਰਹੇ ‘ਸਪਾਈਸਜੈੱਟ’ ਦੇ ਜਹਾਜ਼ ਦੀ ਖਿੜਕੀ ਦਾ ਫਰੇਮ ਢਿੱਲਾ ਹੋਣ ਦੇ ਕਾਰਨ ਉਹ ਆਕਾਸ਼ ’ਚ ਹੀ ਉਖੜ ਗਿਆ।

* 2 ਜੁਲਾਈ ਨੂੰ ਹੀ ‘ਸ਼ੰਘਾਈ’ (ਚੀਨ) ਤੋਂ ‘ਟੋਕੀਓ’ (ਜਾਪਾਨ) ਜਾ ਰਿਹਾ ‘ਜਾਪਾਨ ਏਅਰਲਾਈਨਜ਼’ ਦਾ ਬੋਇੰਗ-737 ਜਹਾਜ਼ ਇਕ ਭਿਆਨਕ ‘ਟਰਬੂਲੈਂਸ’ ’ਚ ਫਸ ਕੇ ਅਚਾਨਕ 2600 ਫੁੱਟ ਹੇਠਾਂ ਆ ਜਾਣ ਨਾਲ ਯਾਤਰੀਆਂ ’ਚ ਘਬਰਾਹਟ ਫੈਲ ਗਈ।

* 2 ਜੁਲਾਈ ਨੂੰ ਹੀ ‘ਸੋਮਾਲੀਆ’ ਦੀ ਰਾਜਧਾਨੀ ‘ਮੋਗਾਦਿਸ਼ੂ’ ਦੇ ਹਵਾਈ ਅੱਡੇ ’ਤੇ ‘ਯੁਗਾਂਡਾ’ ਦੀ ਹਵਾਈ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਜਾਣ ਨਾਲ ਉਸ ’ਚ ਸਵਾਰ 8 ’ਚੋਂ 3 ਲੋਕਾਂ ਦੀ ਮੌਤ ਹੋ ਗਈ।

* 2 ਜੁਲਾਈ ਨੂੰ ਹੀ ਨਵੀਂ ਦਿੱਲੀ ਤੋਂ ‘ਵਾਸ਼ਿੰਗਟਨ’ ਜਾ ਰਿਹਾ ‘ਏਅਰ ਇੰਡੀਆ’ ਦਾ ਜਹਾਜ਼ ਜਦੋਂ ਈਂਧਨ ਭਰਨ ਲਈ ‘ਵਿਯਨਾ’ ’ਚ ਉਤਰਿਆ ਤਾਂ ਉਸ ’ਚ ਅਚਾਨਕ ਤਕਨੀਕੀ ਖਰਾਬੀ ਆ ਗਈ ਅਤੇ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਵਾਸ਼ਿੰਗਟਨ ਭੇਜਿਆ ਗਿਆ।

* 2 ਜੁਲਾਈ ਨੂੰ ਹੀ ‘ਨਿਊ ਜਰਸੀ’ (ਅਮਰੀਕਾ) ’ਚ ਇਕ ਸਕਾਈ ਡਾਈਵਿੰਗ ਜਹਾਜ਼ ਰਨ-ਵੇ ਤੋਂ ਅੱਗੇ ਨਿਕਲ ਕੇ ਜੰਗਲ ’ਚ ਜਾ ਡਿੱਗਿਆ, ਜਿਸ ਨਾਲ 15 ਲੋਕ ਜ਼ਖਮੀ ਹੋ ਗਏ।

ਜਹਾਜ਼ਾਂ ’ਚ ਤਕਨੀਕੀ ਖਾਮੀਆਂ ਪੈਦਾ ਹੋਣ ਦੀਆਂ ਉਕਤ ਘਟਨਾਵਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਜਿਵੇਂ-ਜਿਵੇਂ ਵਿਸ਼ਵ ’ਚ ਜਹਾਜ਼ ਯਾਤਰੀਆਂ ਅਤੇ ਹਵਾਈ ਕੰਪਨੀਆਂ ਵਲੋਂ ਉਡਾਣਾਂ ਵਧਾਈਆਂ ਜਾ ਰਹੀਆਂ ਹਨ, ਉਸੇ ਅਨੁਪਾਤ ’ਚ ਜਹਾਜ਼ਾਂ ’ਚ ਤਕਨੀਕੀ ਖਾਮੀਆਂ ਦੇ ਕਾਰਨ ਚਾਲਕ ਦਲ ਦੇ ਮੈਂਬਰਾਂ ਅਤੇ ਇਨ੍ਹਾਂ ’ਚ ਯਾਤਰਾ ਕਰ ਰਹੇ ਯਾਤਰੀਆਂ ਦੀਆਂ ਜਾਨਾਂ ਨੂੰ ਖਤਰਾ ਪੈਦਾ ਹੋਣ ਲੱਗਾ ਹੈ।
ਇਸ ਲਈ ਹਵਾਈ ਕੰਪਨੀਆਂ ਵਲੋਂ ਉਡਾਣ ਤੋਂ ਪਹਿਲਾਂ ਜਹਾਜ਼ਾਂ ਦੀ ਮੁਕੰਮਲ ਤਕਨੀਕੀ ਜਾਂਚ ਪੱਕੇ ਤੌਰ ’ਤੇ ਯਕੀਨੀ ਕਰਨ ਦੀ ਲੋੜ ਹੈ ਤਾਂ ਕਿ ਜਹਾਜ਼ ਯਾਤਰਾ ਬਿਨਾਂ ਕਿਸੇ ਜੋਖਮ ਦੇ ਸੁਰੱਖਿਅਤ ਬਣੀ ਰਹੇ।

–ਵਿਜੇ ਕੁਮਾਰ


author

Inder Prajapati

Content Editor

Related News