ਸ਼ਰਮਨਾਕ ‘ਵੀ. ਆਈ. ਪੀ. ਕਲਚਰ’ ਖਤਮ ਹੋਣਾ ਚਾਹੀਦਾ
Thursday, Jul 03, 2025 - 05:17 PM (IST)

ਕੁਝ ਦਿਨ ਪਹਿਲਾਂ ਪੁਰੀ ਦੇ ਮਸ਼ਹੂਰ ਜਗਨਨਾਥ ਮੰਦਰ ਦੀ ਸਾਲਾਨਾ ਰੱਥ ਯਾਤਰਾ ਦੌਰਾਨ ਭਾਜੜ ’ਚ ਘੱਟੋ-ਘੱਟ 3 ਸ਼ਰਧਾਲੂ ਮਾਰੇ ਗਏ ਸਨ ਅਤੇ 50 ਤੋਂ ਵੱਧ ਜ਼ਖਮੀ ਹੋ ਗਏ ਸਨ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਇਹ ਭਾਜੜ ਵੀ.ਆਈ.ਪੀਜ਼. ਲਈ ਇਕ ਵਿਸ਼ੇਸ਼ ਪ੍ਰਵੇਸ਼ ਦੁਆਰ ਦੀ ਸਹੂਲਤ ਲਈ ਦੂਜੇ ਪ੍ਰਵੇਸ਼ ਦੁਆਰ ਨੂੰ ਰੋਕਣ ਕਾਰਨ ਹੋਈ ਸੀ।
ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਪ੍ਰਵੇਸ਼ ਦੁਆਰ ਦੇ ਬੰਦ ਹੋਣ ਨਾਲ ਸ਼ਰਧਾਲੂਆਂ ਲਈ ਸਿਰਫ਼ ਇਕ ਪ੍ਰਵੇਸ਼ ਅਤੇ ਨਿਕਾਸ ਦਾ ਰਸਤਾ ਬਚਿਆ ਸੀ। ਇਹ ਇਕ ਖ਼ਤਰਨਾਕ ਸਥਿਤੀ ਸੀ ਕਿਉਂਕਿ ਹਜ਼ਾਰਾਂ ਸ਼ਰਧਾਲੂ ਇਸ ਪ੍ਰਸਿੱਧ ਯਾਤਰਾ ’ਚ ਹਿੱਸਾ ਲੈਣ ਲਈ ਉਤਸੁਕਤਾ ਨਾਲ ਇਸ ਸਥਾਨ ’ਤੇ ਇਕੱਠੇ ਹੋਏ ਸਨ।
ਇਸ ਘਟਨਾ ਨੇ ਦੇਸ਼ ’ਚ ਬਦਕਿਸਮਤੀ ਨਾਲ ‘ਵੀ.ਆਈ.ਪੀ. ਸੰਸਕ੍ਰਿਤੀ’ ਨੂੰ ਸਾਹਮਣੇ ਲਿਆ ਦਿੱਤਾ ਹੈ, ਜਿਥੇ ਸਿਆਸੀ ਨੇਤਾਵਾਂ ਅਤੇ ਸਰਕਾਰੀ ਅਧਿਕਾਰੀਆਂ ਵਰਗੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ‘ਵੀ.ਆਈ.ਪੀ. ਸਹੂਲਤ’ ਹਾਸਲ ਕਰਨ ’ਚ ਕੋਈ ਝਿਜਕ ਨਹੀਂ ਹੁੰਦੀ, ਬੇਸ਼ਕ ਇਸ ਨਾਲ ਆਮ ਆਦਮੀ ਨੂੰ ਪ੍ਰੇਸ਼ਾਨੀ ਅਤੇ ਦਿੱਕਤ ਕਿਉਂ ਨਾ ਹੋਵੇ।
ਇਹ ਪਹਿਲੀ ਵਾਰ ਨਹੀਂ ਹੈ ਕਿ ਕਥਿਤ ਵੀ.ਆਈ.ਪੀ. ਦੇ ਲਈ ਵਿਸ਼ੇਸ਼ ਵਿਵਸਥਾ ਨੇ ਇਸ ਤਰ੍ਹਾਂ ਦੀ ਤ੍ਰਾਸਦੀ ਨੂੰ ਜਨਮ ਦਿੱਤਾ ਹੋਵੇ ਜਾਂ ਆਮ ਜਨਤਾ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੋਵੇ। ਹਾਲ ਹੀ ’ਚ ਕੁੰਭ ਮੇਲੇ ਦੌਰਾਨ ਲੱਖਾਂ ਸ਼ਰਧਾਲੂਆਂ ਨੂੰ ਇਕੱਠਿਆਂ ਮੀਲਾਂ ਤੱਕ ਪੈਦਲ ਚੱਲਣਾ ਪਿਆ ਜਦਕਿ ਪ੍ਰਭਾਵਸ਼ਾਲੀ ਲੋਕਾਂ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ ਜੋ ਵਾਹਨਾਂ ਰਾਹੀਂ ਘਾਟ ਤੱਕ ਜਾ ਸਕਦੇ ਸਨ।
ਭਾਰਤ ’ਚ ਉੱਚ ਨੇਤਾਵਾਂ ਲਈ ਜਿਸ ਤਰ੍ਹਾਂ ਦਾ ਬੰਦੋਬਸਤ ਹੁੰਦਾ ਹੈ ਉਹ ਕਿਸੇ ਹੋਰ ਦੇਸ਼ ’ਚ ਦੇਖਣ ਨੂੰ ਨਹੀਂ ਮਿਲਦਾ। ਰਾਜਪਾਲਾਂ ਅਤੇ ਮੰਤਰੀਆਂ ਦੇ ਕਾਫਲੇ ’ਚ ਦਰਜਨਾਂ ਗੱਡੀਆਂ ਚਲਦੇ ਦੇਖਣਾ ਆਮ ਗੱਲ ਹੈ ਜੋ ਹਮੇਸ਼ਾ ਬਹੁਤ ਕਾਹਲੀ ’ਚ ਦਿੱਸਦੇ ਹਨ। ਕਈ ਵਾਰ ਕਾਫਲੇ ’ਚ ਐਂਬੂਲੈਂਸ ਅਤੇ ਫਾਇਰ ਟੈਂਡਰ ਵੀ ਸ਼ਾਮਲ ਹੁੰਦੇ ਹਨ। ਆਮ ਨਾਗਰਿਕਾਂ ਲਈ ਲੰਬੇ ਸਮੇਂ ਤੱਕ ਆਵਾਜਾਈ ਰੁਕੀ ਰਹਿੰਦੀ ਹੈ ਜਿਸ ਨਾਲ ਲੰਬਾ ਟ੍ਰੈਫਿਕ ਜਾਮ ਲੱਗ ਜਾਂਦਾ ਹੈ।
ਟ੍ਰੈਫਿਕ ਪੁਲਸ ਦਾ ਕੰਮ ਜਿਵੇਂ ਸਿਰਫ ਵੀ.ਆਈ.ਪੀ. ਕਾਫਲੇ ਲਈ ਆਸਾਨ ਰਾਹ ਨੂੰ ਯਕੀਨੀ ਕਰਨਾ ਹੈ, ਨਾ ਕਿ ਟ੍ਰੈਫਿਕ ਨੂੰ ਕੰਟਰੋਲ ਕਰਨਾ ਅਤੇ ਆਮ ਨਾਗਰਿਕਾਂ ਲਈ ਜਿਵੇਂ ਸਿਰਫ ਪ੍ਰੇਸ਼ਾਨੀ ਪੈਦਾ ਕਰਨਾ ਹੈ। ਅਜਿਹੇ ਟ੍ਰੈਫਿਕ ਜਾਮ ’ਚ ਐਂਬੂਲੈਂਸ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਫੱਸਦੇ ਦੇਖਣਾ ਵੀ ਆਮ ਗੱਲ ਹੈ।
ਇਹ ਬੀਮਾਰੀ ਸਿਆਸੀ ਨੇਤਾਵਾਂ ਤੋਂ ਲੈ ਕੇ ਸੀਨੀਅਰ ਨੌਕਰਸ਼ਾਹਾਂ ਤੱਕ ਫੈਲ ਗਈ ਹੈ ਜੋ ਸਾਇਰਨ ਵਜਾਉਂਦੇ ਐਸਕਾਰਟ ਵਾਹਨਾਂ ’ਚ ਸਵਾਰ ਹੋਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਸੜਕ ’ਤੇ ਹੋਰਨਾਂ ਲੋਕਾਂ ਨੂੰ ਰਸਤਾ ਸਾਫ ਕਰਨ ਲਈ ਕਹਿੰਦੇ ਹਨ। ਜ਼ਾਹਿਰ ਹੈ ਕਿ ਇਸ ਤਰ੍ਹਾਂ ਦੇ ਵਤੀਰੇ ਨਾਲ ਵੀ.ਆਈ.ਪੀ. ਨੂੰ ਆਪਣੇ ਹੰਕਾਰ ਦੀ ਸੰਤੁਸ਼ਟੀ ਮਿਲਦੀ ਹੋਵੇਗੀ।
ਫਿਰ ਕਿਸੇ ਹੋਰ ਦੇਸ਼ ’ਚ ਤੁਹਾਨੂੰ ਟੋਲ ਪਲਾਜ਼ਾ ਤੋਂ ਮੁਫਤ ਯਾਤਰਾ ਦੇ ਹੱਕਦਾਰ ‘ਛੋਟ ਪ੍ਰਾਪਤ’ ਵਿਅਕਤੀਆਂ ਦੀ ਸੂਚੀ ਦੇਣ ਵਾਲੇ ਵੱਡੇ-ਵੱਡੇ ਬਿਲਬੋਰਡ ਨਹੀਂ ਮਿਲਣਗੇ। ਇਸ ਲੰਬੀ ਸੂਚੀ ’ਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਕਰਮਚਾਰੀ ਤੱਕ ਸ਼ਾਮਲ ਹਨ। ਉਨ੍ਹਾਂ ਨੂੰ ਸਹੂਲਤ ਦੀ ਵਰਤੋਂ ਕਰਨ ਲਈ ਭੁਗਤਾਨ ਕਿਉਂ ਨਹੀਂ ਕਰਨਾ ਚਾਹੀਦਾ? ਅਤੇ ਬੇਸ਼ੱਕ ਉਨ੍ਹਾਂ ਨੂੰ ਆਪਣੀ ਜੇਬ ’ਚੋਂ ਭੁਗਤਾਨ ਕਰਨ ਦੀ ਜ਼ਰੂਰਤ ਨਾ ਹੋਵੇ, ਉਨ੍ਹਾਂ ਨੂੰ ਸਰਕਾਰ ਤੋਂ ਭੁਗਤਾਨ ਦੀ ਰਾਸ਼ੀ ਮਿਲਣੀ ਚਾਹੀਦੀ ਹੈ। ਵਿਦੇਸ਼ ’ਚ ਆਪਣੇ ਪ੍ਰਵਾਸ ਦੌਰਾਨ ਮੈਂ ਟੋਲ ਪਲਾਜ਼ਾ ’ਤੇ ਅਜਿਹੀ ਛੋਟ ਸੂਚੀ ਕਦੇ ਨਹੀਂ ਦੇਖੀ। ਹਰ ਕੋਈ ਭੁਗਤਾਨ ਕਰਦਾ ਹੈ ਅਤੇ ਕੁਝ ਨੂੰ ਬਾਅਦ ’ਚ ਸਰਕਾਰ ਜਾਂ ਮਾਲਕ ਵਲੋਂ ਰਾਸ਼ੀ ਮਿਲ ਸਕਦੀ ਹੈ।
ਇਸ ਮਾਮਲੇ ’ਚ ਪੱਛਮ ’ਚ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੇ ਵਾਹਨ ਦੇ ਨਾਲ ਕਦੇ ਵੀ ਵਿਸ਼ਾਲ ਕਾਫਲੇ ਨਹੀਂ ਦੇਖੇ ਜਾਂਦੇ। ਕੁਝ ਮੋਟਰਸਾਈਕਲ ਸਵਾਰ ਪਤਵੰਤੇ ਵਿਅਕਤੀਆਂ ਦੇ ਵਾਹਨ ਅਤੇ ਕੁਝ ਹੋਰ ਕਾਰਾਂ ਨੂੰ ਐਸਕਾਰਟ ਕਰ ਸਕਦੇ ਹਨ ਅਤੇ ਉਹ ਸਿਰਫ ਉਦੋਂ ਹੀ ਸਾਇਰਨ ਦੀ ਵਰਤੋਂ ਕਰਦੇ ਹਨ, ਜਦੋਂ ਬਹੁਤ ਜ਼ਰੂਰੀ ਹੋਵੇ। ਸਰਕਾਰ ਦੇ ਮੁਖੀਆਂ ਜਾਂ ਮੰਤਰੀਆਂ ਨੂੰ ਬਿਨਾਂ ਸੁਰੱਖਿਆ ਜਾਂ ਐਸਕਾਰਟ ਦੇ ਜਨਤਕ ਖੇਤਰ ’ਚ ਘੁੰਮਦੇ ਦੇਖਣਾ ਵੀ ਅਸਾਧਾਰਨ ਨਹੀਂ ਹੈ।
ਸੋਸ਼ਲ ਮੀਡੀਆ ’ਚ ਹਾਲ ਹੀ ’ਚ ਇਕ ਵੀਡੀਓ ’ਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਟਰੇਨ ’ਚੋਂ ਉਤਰਦੇ ਹੋਏ ਦਿਖਾਇਆ ਅਤੇ ਉਨ੍ਹਾਂ ਨੇ ਆਪਣਾ ਬੈਗ ਖੁਦ ਲਿਜਾਣ ’ਤੇ ਜ਼ੋਰ ਦਿੱਤਾ। ਇਹ ਮੰਦਭਾਗਾ ਹੈ ਕਿ 75 ਸਾਲ ਪਹਿਲਾਂ ਗੋਰੇ ਸਾਹਬਾਂ ਦੇ ਚਲੇ ਜਾਣ ਅਤੇ ਇਕ ਅਜਿਹੇ ਦੇਸ਼ ਦੇ ਵਾਅਦੇ ਦੇ ਬਾਵਜੂਦ, ਜਿਥੇ ਸਭ ਦੇ ਨਾਲ ਬਰਾਬਰ ਵਿਵਹਾਰ ਕੀਤਾ ਜਾਂਦਾ ਹੈ, ਭੂਰੇ ਸਾਹਬਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰ ਅਤੇ ਭੱਤੇ ਵੀ ਵਧ ਰਹੇ ਹਨ ਜਦਕਿ ਸੰਵੇਦਨਸ਼ੀਲ ਅਹੁਦਿਆਂ ’ਤੇ ਬੈਠੇ ਲੋਕ ਜਾਂ ਜਿਹੜੇ ਲੋਕਾਂ ਦੀ ਜਾਨ ਨੂੰ ਖਤਰਾ ਹੈ, ਉਨ੍ਹਾਂ ਨੂੰ ਉਚਿਤ ਸੁਰੱਖਿਆ ਪ੍ਰਦਾਨ ਕਰਨਾ ਮਹੱਤਵਪੂਰਨ ਹੈ ਪਰ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਆਮ ਨਾਗਰਿਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ।
ਜਨਤਕ ਸੇਵਾਵਾਂ ’ਚ ਵੀ. ਆਈ. ਪੀ. ਨੂੰ ਵਿਸ਼ੇਸ਼ ਮਾਰਗ ਪ੍ਰਦਾਨ ਕਰਨਾ, ਜਿਵੇਂ ਕਿ ਪੁਰੀ ਰੱਥ ਯਾਤਰਾ ’ਚ ਕੀਤਾ ਗਿਆ ਸੀ, ਦੀ ਕਦੇ ਵੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਹੁਣ ਸਮਾਂ ਆ ਗਿਆ ਹੈ ਕਿ ਸ਼ਰਮਨਾਕ ‘ਵੀ. ਆਈ. ਪੀ. ਸੰਸਕ੍ਰਿਤੀ’ ਨੂੰ ਖਤਮ ਕੀਤਾ ਜਾਏ ਅਤੇ ਅਜਿਹਾ ਹੋਣ ਲਈ ਪਹਿਲ ਖੁਦ ਸੀਨੀਅਰ ਨੇਤਾਵਾਂ ਨੂੰ ਕਰਨੀ ਹੋਵੇਗੀ ਜੋ ਅਜਿਹੇ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਮਾਣ ਰਹੇ ਹਨ।
ਵਿਪਿਨ ਪੱਬੀ