ਵਧਦੀ ਅਸਹਿਣਸ਼ੀਲਤਾ ਦੇ ਹੋ ਸਕਦੇ ਹਨ ਗੰਭੀਰ ਨਤੀਜੇ
Thursday, Oct 09, 2025 - 05:19 PM (IST)

ਇਹ ਸੱਚਮੁੱਚ ਬਹੁਤ ਦੁਖਦਾਈ ਹੈ ਕਿ ਸਾਡੇ ਸਮਾਜ ਵਿਚ ਅਸਹਿਣਸ਼ੀਲਤਾ ਦੀ ਪ੍ਰਵਿਰਤੀ ਵਧ ਰਹੀ ਹੈ, ਖਾਸ ਕਰ ਕੇ ਜਦੋਂ ਧਾਰਮਿਕ ਮੁੱਦਿਆਂ ਦੀ ਗੱਲ ਆਉਂਦੀ ਹੈ। ਜਦੋਂ ਕਿ ਅਜਿਹੀਆਂ ਭਾਵਨਾਵਾਂ ਪਿਛਲੇ ਕੁਝ ਦਹਾਕਿਆਂ ਤੋਂ ਪੈਦਾ ਹੋ ਰਹੀਆਂ ਸਨ, ਉਹ ਪਿਛਲੇ ਕੁਝ ਸਾਲਾਂ ਵਿਚ ਤੇਜ਼ ਹੋਈਆਂ ਹਨ, ਜਿਸਦੇ ਨਤੀਜੇ ਗੰਭੀਰ ਹੋ ਸਕਦੇ ਹਨ।
ਸੁਪਰੀਮ ਕੋਰਟ ਦੇ ਇਕ ਸੀਨੀਅਰ ਵਕੀਲ ਦੁਆਰਾ ਭਾਰਤ ਦੇ ਚੀਫ ਜਸਟਿਸ ਬੀ.ਆਰ. ਗਵਈ ’ਤੇ ਹਮਲਾ ਇਸ ਵਧਦੀ ਅਸਹਿਣਸ਼ੀਲਤਾ ਦੀ ਤਾਜ਼ਾ ਉਦਾਹਰਣ ਹੈ ਅਤੇ ਫਿਰਕਾਪ੍ਰਸਤੀ ਨੂੰ ਭੜਕਾਉਣ ਦੇ ਰਾਜਨੀਤਿਕ ਯਤਨਾਂ ਦਾ ਸਿੱਧਾ ਨਤੀਜਾ ਹੈ। ਟ੍ਰੋਲ ਆਰਮੀ ਨੇ ਇਕ ਪਟੀਸ਼ਨ ’ਤੇ ਸੁਣਵਾਈ ਦੌਰਾਨ ਚੀਫ ਜਸਟਿਸ ਵੱਲੋਂ ਕੀਤੀ ਗਈ ਟਿੱਪਣੀ ’ਤੇ ਉਨ੍ਹਾਂ ਵਿਰੁੱਧ ਮੁਹਿੰਮ ਛੇੜ ਦਿੱਤੀ ਸੀ । ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੇ ਹਨ, ਫਿਰ ਵੀ ਸੋਸ਼ਲ ਮੀਡੀਆ ’ਤੇ ਭਾਰਤ ਦੇ ਚੀਫ ਜਸਟਿਸ, ਜੋ ਕਿ ਇਕ ਦਲਿਤ ਹਨ, ਦੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਦਾ ਹੜ੍ਹ ਆ ਗਿਆ ।
ਇਸ ਮੁਹਿੰਮ ਨਾਲ ਨੌਜਵਾਨਾਂ ਦੇ ਇਕ ਸੰਵੇਦਨਸ਼ੀਲ ਵਰਗ ਨੂੰ ਪ੍ਰਭਾਵਿਤ ਕਰਨ ਦੀ ਉਮੀਦ ਕੀਤੀ ਜਾ ਸਕਦੀ ਸੀ ਪਰ ਇਹ ਨਿੰਦਣਯੋਗ ਕਾਰਵਾਈ ਇਕ 70 ਸਾਲਾ ਸੀਨੀਅਰ ਵਕੀਲ ਵੱਲੋਂ ਕੀਤੀ ਗਈ ਜਿਨ੍ਹਾਂ ਨੂੰ ਆਪਣੀ ਕਾਰਵਾਈ ’ਤੇ ਕੋਈ ਪਛਤਾਵਾ ਨਹੀਂ ਸੀ, ਜਦ ਕਿ ਸੁਪਰੀਮ ਕੋਰਟ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਇੱਛਾ ਨਹੀਂ ਰੱਖਦੀ ਸੀ।
ਪਰ ਅਸਹਿਣਸ਼ੀਲਤਾ ਦਾ ਇਹ ਵਾਇਰਸ ਸਾਡੇ ਸਮਾਜ ਵਿਚ ਇਸ ਹੱਦ ਤੱਕ ਪ੍ਰਵੇਸ਼ ਕਰ ਗਿਆ ਹੈ ਕਿ ਅਖੌਤੀ ਪੜ੍ਹੇ-ਲਿਖੇ ਲੋਕ ਅਤੇ ਇੱਥੋਂ ਤੱਕ ਕਿ ਉਹ ਲੋਕ ਵੀ ਆਪਣੀ ਜਵਾਨੀ ਤੋਂ ਕਾਫੀ ਅੱਗੇ ਲੰਘ ਚੁੱਕੇ ਹਨ, ਜੋ ਛੋਟੀਆਂ-ਛੋਟੀਆਂ ਟਿੱਪਣੀਆਂ ’ਤੇ ਭੜਕ ਜਾਂਦੇ ਹਨ ਅਤੇ ਅਜਿਹੀਆਂ ਕਾਰਵਾਈਆਂ ਰਾਹੀਂ ਆਪਣੀ ਅਸੁਰੱਖਿਆ ਦਾ ਪ੍ਰਗਟਾਵਾ ਕਰਦੇ ਹਨ।
ਪ੍ਰਧਾਨ ਮੰਤਰੀ ਦਾ ਚੀਫ਼ ਜਸਟਿਸ ਨਾਲ ਗੱਲ ਕਰਨਾ ਅਤੇ ਹਮਲੇ ਦੀ ਨਿੰਦਾ ਕਰਨਾ ਚੰਗਾ ਸੀ। ਉਨ੍ਹਾਂ ਨੇ ਕਿਹਾ ਕਿ ਚੀਫ਼ ਜਸਟਿਸ ’ਤੇ ਹਮਲੇ ਨੇ ‘‘ਹਰ ਭਾਰਤੀ ਨੂੰ ਗੁੱਸਾ ਦਿਵਾਇਆ ਹੈ’’ ਅਤੇ ਸਾਡੇ ਸਮਾਜ ’ਚ ਇਸ ਤਰ੍ਹਾਂ ਦੀ ਨਿੰਦਣਯੋਗ ਕਾਰਵਾਈ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ, ‘‘ਇਹ ਬੇਹੱਦ ਨਿੰਦਣਯੋਗ ਹੈ। ਮੈਂ ਅਜਿਹੀ ਸਥਿਤੀ ’ਚ ਜਸਟਿਸ ਗਵਈ ਵੱਲੋਂ ਦਿਖਾਏ ਗਏ ਸਬਰ ਦੀ ਸ਼ਲਾਘਾ ਕਰਦਾ ਹਾਂ।’’ ਇਹ ਨਿਆਂ ਦੀਆਂ ਕਦਰਾਂ-ਕੀਮਤਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਸਾਡੇ ਸੰਵਿਧਾਨ ਦੀ ਭਾਵਨਾ ਨੂੰ ਮਜ਼ਬੂਤ ਕਰਨ ਨੂੰ ਦਰਸਾਉਂਦਾ ਹੈ।’’
ਬਿਹਤਰ ਹੁੰਦਾ ਜੇਕਰ ਉਨ੍ਹਾਂ ਦੀ ਪਾਰਟੀ ਦਾ ਬੁਲਾਰਾ ਟ੍ਰੋਲ ਆਰਮੀ ਨੂੰ ਜੋ ਉਨ੍ਹਾਂ ਤੋਂ ਪ੍ਰੇਰਣਾ ਲੈਂਦੀ ਹੈ ਸੰਕੇਤ ਦਿੰਦਾ ਕਿ ਉਹ ਭਾਰਤ ਦੇ ਚੀਫ਼ ਜਸਟਿਸ ’ਤੇ ਹਮਲਾ ਨਾ ਕਰਨ। ਹਾਲਾਂਕਿ ਇਹ ਬੁਲਾਰਾ ਆਪਣੀਆਂ ਟਿੱਪਣੀਆਂ ਵਿਚ ਆਪਣੇ ਫਿਰਕੂ ਵਿਚਾਰਾਂ ਨੂੰ ਲੁਕਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰਦਾ। ਉਹ ਜ਼ਹਿਰੀਲੀਆਂ ਟਿੱਪਣੀਆਂ ਕਰਕੇ ਅੱਗ ਵਿਚ ਘਿਓ ਪਾਉਣ ਦਾ ਕੰਮ ਕਰਦਾ ਹੈ ਜੋ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲਰਾਂ ਨੂੰ ਸੰਕੇਤ ਦਿੰਦੀਆਂ ਹਨ।
ਪ੍ਰਧਾਨ ਮੰਤਰੀ ਨੇ ਦਖਲ ਦੇਣ ਤਕ, ਸੋਸ਼ਲ ਮੀਡੀਆ ਦੇ ਇਕ ਹਿੱਸੇ ’ਚ ਹਿੰਦੂਤਵ ਸਮਰਥਕਾਂ ਦੀ ਭੀੜ ਵੱਲੋਂ ਪਰੇਸ਼ਾਨ ਕਰਨ ਵਾਲਾ ਜਸ਼ਨ ਮਨਾਇਆ ਗਿਆ, ਜਿਨ੍ਹਾਂ ਨੇ ਚੀਫ ਜਸਟਿਸ ’ਤੇ ਹਮਲੇ ਨੂੰ ਕਥਿਤ ‘ਹਿੰਦੂ ਵਿਰੋਧੀ’ ਟਿੱਪਣੀਆਂ ਦੇ ਜਵਾਬ ’ਚ ਇਕ ਜਾਇਜ਼ ਪ੍ਰਤੀਕਿਰਿਆ ਦੇ ਰੂਪ ’ਚ ਉਚਿਤ ਠਹਿਰਾਇਆ। ਸਰੀਰਕ ਹਮਲਿਆਂ ਖਾਸ ਕਰਕੇ ਧਾਰਮਿਕ ਮੁੱਦਿਆਂ ਨਾਲ ਜੁੜੇ ਮੁੱਦਿਆਂ ਨੂੰ ਆਮ ਬਣਾਉਣ ਦਾ ਇਹ ਰੁਝਾਨ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਗਊ ਮਾਸ ਨੂੰ ਲਿਜਾਣ ਦੇ ਦੋਸ਼ ਵਿਚ ਸ਼ੱਕੀਆਂ ਦੀ ਭੀੜ ਵੱਲੋਂ ਕੁੱਟ-ਕੁੱਟ ਕੇ ਹੱਤਿਆ (ਹਾਲਾਂਕਿ ਇਹ ਬਾਅਦ ਵਿਚ ਪਤਾ ਲੱਗਾ ਕਿ ਉਹ ਮਟਨ ਸੀ), ਜਨਤਕ ਤੌਰ ’ਤੇ ਆਪਣੇ ਧਰਮ ਦੀ ਪਾਲਣਾ ਕਰਨ ’ਤੇ ਲੋਕਾਂ ਨੂੰ ਧਮਕਾਉਣ ਅਤੇ ਕੁੱਟਣ ਅਤੇ ਉਨ੍ਹਾਂ ਨੂੰ ਨਾਅਰੇ ਲਗਾਉਣ ਲਈ ਮਜਬੂਰ ਕਰਨ ਦੀਆਂ ਕਈ ਉਦਾਹਰਣਾਂ ਸਾਹਮਣੇ ਆਈਆਂ ਹਨ।
ਅਜਿਹੀ ਹੀ ਅਸਹਿਣਸ਼ੀਲਤਾ ਦੀ ਇਕ ਤਾਜ਼ਾ ਉਦਾਹਰਣ ਬਰੇਲੀ ਵਿਚ ਵਾਪਰੀ, ਜਦੋਂ ਅਧਿਕਾਰੀਆਂ ਨੂੰ ‘‘ਮੈਂ ਮੁਹੰਮਦ ਨੂੰ ਪਿਆਰ ਕਰਦਾ ਹਾਂ’’ ਲਿਖਿਆ ਬੈਨਰ ਹਟਾਉਣ ਲਈ ਮਜਬੂਰ ਕੀਤਾ ਗਿਆ, ਜਿਸ ਨਾਲ ਨੌਜਵਾਨਾਂ ਦੇ ਇਕ ਹਿੱਸੇ ਨੇ ਗੁੱਸੇ ਵਿਚ ਆ ਕੇ ਵਿਰੋਧ ਪ੍ਰਦਰਸ਼ਨ ਕੀਤਾ। ‘‘ਯੋਗੀ ਜੀ, ਲਾਠੀ ਚੁੱਕੋ, ਅਸੀਂ ਤੁਹਾਡੇ ਨਾਲ ਹਾਂ’’ ਦੇ ਨਾਅਰੇ ਲਗਾਉਦੇ ਹੋਏ ਉਹ ਸੜਕਾਂ ’ਤੇ ਉਤਰ ਆਏ।
ਇਹ ਵਧਦਾ ਧਰੁਵੀਕਰਨ ਰਾਜਨੀਤਿਕ ਲਾਭ ਲਈ ਸਮਾਜਿਕ ਸਦਭਾਵਨਾ ਨੂੰ ਵਿਗਾੜਨ ਦੇ ਲਗਾਤਾਰ ਯਤਨਾਂ ਦਾ ਨਤੀਜਾ ਹੈ। ਇਕ ਪ੍ਰਸਿੱਧ ਹਿੰਦੀ ਕਹਾਵਤ ਹੈ, ‘‘ਬੋਇਆ ਪੇੜ ਬਬੂਲ ਕਾ ਤੋਂ ਆਮ ਕਹਾਂ ਸੇ ਖਾਏਂ’’ ਹੁਣ ਸਮਾਂ ਆ ਗਿਆ ਹੈ ਕਿ ਰਾਜਨੇਤਾ ਸਮਾਜ ਨੂੰ ਫਿਰਕਾਪ੍ਰਸਤ ਬਣਾਉਣ ਅਤੇ ਵੰਡਣ ਤੋਂ ਬਚਣ। ਇਸ ਤਰ੍ਹਾਂ ਦੀ ਸਿੱਖਿਆ ਅਤੇ ਵਧਦੀ ਬੇਰੋਜ਼ਗਾਰੀ ਗੰਭੀਰ ਸੰਕਟ ਦਾ ਇਕ ਬੇਹੱਦ ਭਖਦਾ ਨੁਸਖਾ ਹੈ।
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਜਾਤ, ਸੰਪਰਦਾ ਅਤੇ ਧਰਮ ਦੇ ਆਧਾਰ ’ਤੇ ਸਮਾਜ ਵਿਚ ‘‘ਵੰਡ’’ ਦੇ ਪ੍ਰਤੀ ਉਨ੍ਹਾਂ ਦੀ ਹਾਲੀਆ ਚਿਤਾਵਨੀ ਲਈ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।
ਵਿਜੇਦਸ਼ਮੀ ਦਿਵਸ ’ਤੇ ਆਪਣੇ ਭਾਸ਼ਣ ਵਿਚ ਸਮਾਜਿਕ ਏਕਤਾ ਨੂੰ ਰਾਸ਼ਟਰੀ ਸ਼ਕਤੀ ਦਾ ਆਧਾਰ ਦੱਸਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੀ ਭਾਸ਼ਾ ਆਸਥਾ, ਜਾਤੀ ਅਤੇ ਜੀਵਨਸ਼ੈਲੀ ਦੀ ਵਿਭਿੰਨਤਾ ਨੂੰ ਵੰਡ ਦਾ ਕਾਰਨ ਨਹੀਂ ਬਣਨਾ ਚਾਹੀਦਾ। ਉਨ੍ਹਾਂ ਨੇ ਕਿਹਾ, ‘‘ਆਪਣੀ ਅਲੱਗ-ਅਲੱਗ ਪਛਾਣ ਦੇ ਬਾਵਜੂਦ ਅਸੀਂ ਇਕ ਰਾਸ਼ਟਰ ਹਾਂ।’’ ਸੰਜਮ ਅਤੇ ਸਦਭਾਵਨਾ ਦੀ ਅਪੀਲ ਕਰਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, ‘‘ ਕਾਨੂੰਨ ਨੂੰ ਆਪਣੇ ਹੱਥ ’ਚ ਲੈਣਾ ਜਾਂ ਭਾਈਚਾਰਿਆਂ ਨੂੰ ਭੜਕਾਉਣਾ ਸਹੀ ਨਹੀਂ ਹੈ। ਸਰਕਾਰ ਨੂੰ ਕਾਨੂੰਨ ਦੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ ਪਰ ਸਮਾਜ ਨੂੰ ਵੀ ਚੌਕਸ ਅਤੇ ਜ਼ਿੰਮੇਵਾਰ ਰਹਿਣਾ ਚਾਹੀਦਾ ਹੈ।
ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਸਾਥੀ ਅਤੇ ਪੈਰੋਕਾਰ ਉਨ੍ਹਾਂ ਦੀ ਸਲਾਹ ਨੂੰ ਪੂਰੀ ਗੰਭੀਰਤਾ ਨਾਲ ਲੈਣ।
ਵਿਪਿਨ ਪੱਬੀ