ਅਦਾਕਾਰ ਦੇਵ ਆਨੰਦ ਦੇ ਜਨਮ ਦਿਨ ’ਤੇ ਵਿਸ਼ੇਸ਼: ''ਹਰ ਫਿਕਰ ਕੋ ਧੁਏਂ ਮੇਂ ਉੜਾਤਾ ਚਲਾ ਗਯਾ''
Friday, Sep 26, 2025 - 04:31 PM (IST)

ਜੋ ਹਮੇਸ਼ਾ ਇਹੀ ਕਹਿੰਦੇ ਹਨ ਕਿ ‘ਮੈਂ ਗਰੀਬ ਹਾਂ, ਜ਼ਿੰਦਗੀ ’ਚ ਮੇਰੇ ਤੋਂ ਕੁਝ ਨਹੀਂ ਹੋਵੇਗਾ’, ਅਜਿਹੇ ਲੋਕ ਮੁੰਬਈ ਸਿਨੇ ਉਦਯੋਗ ਦੇ ਮਹਾਨ ਅਦਾਕਾਰ ਦੇਵ ਆਨੰਦ ਦੀ ਜੀਵਨੀ ‘ਰੋਮਾਂਸਿੰਗ ਵਿਦ ਲਾਈਫ’ ਜ਼ਰੂਰ ਪੜ੍ਹਨ। ਇਕ ਅਜਿਹਾ ਅਭਿਨੇਤਾ, ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਜਿਸ ਨੇ ਪਠਾਨਕੋਟ ਜਿਲੇ ਦੇ ਇਕ ਛੋਟੇ ਜਿਹੇ ‘ਘਰੋਟਾ’ ਪਿੰਡ ’ਚ ਜਨਮ ਲੈ ਕੇ ਸਿਰਫ 30 ਰੁਪਇਆਂ ਨਾਲ ਦੁਨੀਆ ’ਚ ਆਪਣਾ ਨਾਂ ਸਾਰਥਕ ਬਣਾਇਆ।
ਸਾਡੇ ਸਮੇਂ ਦੇ ਐਕਟਰ ਅਤੇ ਅਦਾਕਾਰ ਮੰਨੋ ਅਦਾਕਾਰੀ ਦੇ ਸਮੁੰਦਰ ’ਚ ਡੁੱਬ ਕੇ ਆਏ ਸਨ। ਉਨ੍ਹਾਂ ਨੇ ਅਭਿਨੈ ਕਲਾ ਨਾ ਕਿਸੇ ਤੋਂ ਸਿੱਖੀ, ਨਾ ਕਿਸੇ ਅਭਿਨੈ ਸੰਸਥਾਵਾਂ ’ਚ ਅਭਿਨੈ ਸਿੱਖਣ ਗਏ। ਸਾਡੇ ਸਮੇਂ ਦੇ ਅਭਿਨੇਤਾ-ਅਭਿਨੇਤਰੀਆਂ ਖੁਦ ’ਚ ਹੀ ਅਭਿਨੈ ਦੀ ਸੱਚੀ ਤਸਵੀਰ ਸਨ।
ਦਾਦਾ ਮੁਨੀ ਅਸ਼ੋਕ ਕੁਮਾਰ ਅਤੇ ਅਦਾਕਾਰੀ ਦੀ ਤ੍ਰਿਮੂਰਤੀ ਦਿਲੀਪ ਕੁਮਾਰ, ਰਾਜ ਕਪੂਰ ਅਤੇ ਦੇਵ ਆਨੰਦ ਸਿਨੇ ਜਗਤ ’ਚ ਅਭਿਨੈ ਦੇ ਨਵੇਂ ਰੂਪ ਅਤੇ ਸ਼ੈਲੀ ਨੂੰ ਲੈ ਕੇ ਆਏ। ਇਨ੍ਹਾਂ ਨੇ ਅਭਿਨੈ ਨੂੰ ‘ਪਾਰਸੀ ਥੀਏਟਰ’ ਸ਼ੈਲੀ ਤੋਂ ਬਾਹਰ ਕੱਢਿਆ ਅਤੇ ਸਿਰਫ ਅੱਖਾਂ ਦੇ ਹਾਵ-ਭਾਵ ਨਾਲ ਅਦਾਕਾਰੀ ਨੂੰ ਨਵੇਂ ਆਯਾਮ ਦਿੱਤੇ। ਹੱਸਣ, ਰੋਣ, ਗਾਉਣ ਅਤੇ ਨ੍ਰਿਤ ਦੀ ਆਪਣੀ ਅਦਾਕਾਰੀ ਸ਼ੈਲੀ ਨੂੰ ਸਿਨੇ ਦਰਸ਼ਕਾਂ ਦੇ ਦਿਲਾਂ ’ਚ ਉਤਾਰ ਦਿੱਤਾ।
ਦੇਵ ਆਨੰਦ ਨੂੰ ਸਫੈਦ ਕਮੀਜ਼ ਅਤੇ ‘ਕਾਲੇ ਕੋਟ’ ’ਚ ਦੇਖ ਕੇ ਲੜਕੀਆਂ ਨੱਚਣ ਲੱਗਦੀਆਂ ਸਨ। ਦੀਵਾਨੀਆਂ ਹੋ ਜਾਂਦੀਆਂ ਸਨ। ਨਤੀਜਾ ਇਹ ਹੋਇਆ ਕਿ ਮਾਣਯੋਗ ਬਾਂਬੇ ਹਾਈ ਕੋਰਟ ਨੇ ਦੇਵ ਆਨੰਦ ਦੇ ਕਾਲਾ ਕੋਟ ਪਹਿਨਣ ’ਤੇ ਰੋਕ ਲਗਾ ਦਿੱਤੀ।
ਖੂਬਸੂਰਤੀ ’ਚ ਦੇਵ ਆਨੰਦ ਹੂ-ਬ-ਹੂ ਕਾਮਦੇਵ ਦੀ ਮੂਰਤ ਲੱਗਦੇ ਸਨ। ਇਨ੍ਹਾਂ ਸਭ ਦੇ ਹੁੰਦੇ ਹੋਏ ਵੀ ਉਨ੍ਹਾਂ ’ਚ ਰੱਤੀ ਭਰ ਹੰਕਾਰ ਨਹੀਂ ਸੀ। ਕਿੱਥੇ ਦੇਵ ਆਨੰਦ ਵਰਗੇ ਮਹਾਨ ਐਕਟਰ ਅਤੇ ਿਕੱਥੇ ਮੇਰੇ ਵਰਗਾ ਇਕ ਸਾਧਾਰਾਨ ਰਾਜਨੇਤਾ? ਪਰ ਜਦੋਂ ਬੰਬਈ ’ਚ ਉਨ੍ਹਾਂ ਨੂੰ ਮਿਲਿਆ ਤਾਂ ਲੱਗਾ ਸਾਡਾ ਕੋਈ ਪੁਰਾਣਾ ਰਿਸ਼ਤਾ ਸੀ ਦੇਵ ਸਾਹਿਬ ਨਾਲ। ਪੂਰਾ ਸਨਮਾਨ ਦਿੱਤਾ। ਅਸਲੀਅਤ ਇਹ ਸੀ ਕਿ ਦੇਵ ਆਨੰਦ ਗੁਰਦਾਸਪੁਰ ਜ਼ਿਲੇ ਤੋਂ ਸਨ ਅਤੇ ਉਦੋਂ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਤੇ ਕੈਬਨਿਟ ਮਨਿਸਟਰ ਪ੍ਰਮੋਦ ਮਹਾਜਨ ਉਨ੍ਹਾਂ ਨੂੰ ਗੁਰਦਾਸਪੁਰ ਸੰਸਦੀ ਖੇਤਰ ਤੋਂ ਲੋਕ ਸਭਾ ਦੀ ਚੋਣ ਲੜਾਉਣਾ ਚਾਹੁੰਦੇ ਸਨ।
ਉਨ੍ਹਾਂ ਨੇ 2 ਵਾਰ ਮੈਨੂੰ ਦੇਵ ਆਨੰਦ ਨੂੰ ਮਨਾਉਣ ਲਈ ਬੰਬਈ ਜਾਣ ਨੂੰ ਕਿਹਾ। ਮੇਰੀ ਅਤੇ ਦੇਵ ਆਨੰਦ ਦੀ ਘੰਟਿਆਂਬੱਧੀ ਗੱਲ ਚੱਲੀ ਪਰ ਦੇਵ ਆਨੰਦ ਚੋਣ ਨਾ ਲੜਨ ਦੀ ਜ਼ਿੱਦ ’ਤੇ ਅੜੇ ਰਹੇ। ਨਤੀਜਾ ਇਹ ਹੋਇਆ ਕਿ ਪਾਰਟੀ ਨੇ ਅਭਿਨੇਤਾ ਵਿਨੋਦ ਖੰਨਾ ਨੂੰ ਗੁਰਦਾਸਪੁਰ ਪਾਰਲੀਮੈਂਟ ਹਲਕੇ ਤੋਂ ਚੋਣ ਲੜਵਾਈ। ਵਿਨੋਦ ਖੰਨਾ ਲਗਾਤਾਰ 4 ਵਾਰ ਗੁਰਦਾਸਪੁਰ ਤੋਂ ਜਿੱਤਦੇ ਰਹੇ। ਇਕ ਵਾਰ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਹਾਰ ਵੀ ਗਏ। ਮੈਨੂੰ ਅੱਜ ਤੱਕ ਅਫਸੋਸ ਹੈ ਕਿ ਦੇਵ ਆਨੰਦ ਕਿਉਂ ਨਹੀਂ ਉਹ ਚੋਣ ਲੜੇ?
ਕੀ ਆਸ਼ਾ ਪਾਰਿਖ, ਵਹੀਦਾ ਰਹਿਮਾਨ, ਸਿੰਮੀ, ਸ਼ਿਆਮਾ ਅਤੇ ਮਾਲਾ ਸਿਨਹਾ ਨੂੰ ਮੇਰੀ ਪੀੜ੍ਹੀ ਭੁਲਾ ਸਕੇਗੀ? ਮਧੂਬਾਲਾ ਹੱਸਦੀ ਸੀ ਤਾਂ ਅਜਿਹਾ ਲੱਗਦਾ ਸੀ ਕਿ ਮੰਨੋ ਫੁੱਲ ਖਿੜ ਰਹੇ ਹੋਣ? 1969 ਤੋਂ 1974 ’ਚ ਇਕ ਹਨੇਰੀ ਰਾਜੇਸ਼ ਖੰਨਾ ਦੀ ਆਈ। ‘ਹੀ ਮੈਨ’ ਧਰਮਿੰਦਰ ਆਪਣੇ ਸਰੀਰ ਅਤੇ ਅਦਾਕਾਰੀ ਪ੍ਰਤਿਭਾ ਨਾਲ ਆਪਣਾ ਲੋਹਾ ਮੰਨਵਾ ਗਏ ਪਰ ਦਿਲੀਪ, ਰਾਜ ਕੁਮਾਰ ਅਤੇ ਦੇਵ ਆਨੰਦ ਲੜਖੜਾਏ ਨਹੀਂ।
ਜੇਕਰ ਮੈਂ ਦੇਵ ਆਨੰਦ ਦੀਆਂ ਫਿਲਮਾਂ ’ਤੇ ਨਜ਼ਰ ਮਾਰਾ ਤਾਂ ਕਹਾਂਗਾ ਕਿ ਉਨ੍ਹਾਂ ਨੇ 19 ਫਿਲਮਾਂ ਦਾ ਨਿਰਦੇਸ਼ਨ ਅਤੇ 35 ਫਿਲਮਾਂ ਦਾ ਨਿਰਮਾਣ ਕੀਤਾ। ਉਨ੍ਹਾਂ ਦੀ ‘ਨਵਕੇਤਨ ਕੰਪਨੀ’ ਸਿਨੇ ਉਦਯੋਗ ’ਚ ਫਿਲਮਾਂ ’ਚ ਨਵੇਂ-ਨਵੇਂ ਪ੍ਰਯੋਗ ਕਰਨ ਲਈ ਜਾਣੀ ਜਾਂਦੀ ਸੀ, ਉਨ੍ਹਾਂ ਦੇ ਵੱਡੇ ਭਰਾ ਚੇਤਨ ਆਨੰਦ ਅਤੇ ਵਿਜੇ ਆਨੰਦ ਸਿੱਧ ਹਸਤ ਨਿਰਮਾਤਾ-ਨਿਰਦੇਸ਼ਕ ਸਨ।
ਦੇਵ ਆਨੰਦ ਨੂੰ ਫਿਲਮਾਂ ਬਣਾਉਣ ਦਾ ਜਨੂੰਨ ਸੀ। ਫਿਲਮ ਫੇਲ ਹੋਵੇਗੀ ਜਾਂ ਪਾਸ, ਇਸ ਦਾ ਉਨ੍ਹਾਂ ਨੂੰ ਕੋਈ ਅਫਸੋਸ ਨਹੀਂ ਸੀ। ਬਸ ਫਿਲਮਾਂ ਰਾਹੀਂ ਨਵੇਂ-ਨਵੇਂ ਪ੍ਰਯੋਗ ਕਰਨਾ, ਨਵੇਂ-ਨਵੇਂ ਕਲਾਕਾਰਾਂ ਨੂੰ ‘ਵੱਡੇ ਪਰਦੇ ’ਤੇ ਲਿਆਉਣਾ ਉਨ੍ਹਾਂ ਦੀ ‘ਹੌਬੀ’ ਸੀ। ਬਸ ਇਹੀ ਉਦੇਸ਼ ਦੇਵ ਆਨੰਦ ਨੇ ਸਾਹਮਣੇ ਰੱਖਿਆ-‘ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ, ਹਰ ਫਿਕਰ ਕੋ ਧੁਏਂ ਮੇਂ ਉੜਾਤਾ ਚਲਾ ਗਯਾ’।
ਦੇਵ ਆਨੰਦ ਦੀ ਜ਼ਿੰਦਗੀ ਦੇ ਰੋਮ-ਰੋਮ ’ਚ ਪਿਆਰ ਹੀ ਪਿਆਰ ਸੀ। ਸੁਰੱਈਆ ਜੋ ਆਪਣੇ ਸਮੇਂ ਦੀ ਮਹਾਨ ਨਾਇਕਾ ਅਤੇ ਗਾਇਕਾ ਸੀ ਅਤੇ ਦੇਵ ਆਨੰਦ ਆਪਣੇ ਕਰੀਅਰ ਬਣਾਉਣ ’ਚ ਲੱਗੇ ਸਨ। ਉਨ੍ਹਾਂ ਨੂੰ ਸੁਰੱਈਆ ਨਾਲ ਪਿਆਰ ਹੋ ਗਿਆ। ਪਿਆਰ ਨੇ ਪੂਰਾ ਰੰਗ ਦਿਖਾਇਆ। ਦੋਵੇਂ ਪ੍ਰੇਮੀ ਲੁਕ-ਲੁਕ ਕੇ ਮਿਲਣ ਲੱਗੇ।
ਆਪਸ ’ਚ ਵਿਆਹ ਲਈ ਅੰਗੂਠੀਆਂ ਦਾ ਵੀ ਆਦਾਨ-ਪ੍ਰਦਾਨ ਹੋਇਆ ਪਰ ਦੋਵਾਂ ਦਾ ਵਿਆਹ ਨਾ ਹੋ ਸਕਿਆ ਕਿਉਂਕਿ ਸੁਰੱਈਆ ਦੀ ਨਾਨੀ ਕੱਟੜ ਸੁੰਨੀ ਮੁਸਲਮਾਨ ਸੀ। ਉਸ ਨੇ ਦੇਵ ਆਨੰਦ ਨੂੰ ਇਸਲਾਮ ਕਬੂਲ ਕਰਨ ਦੀ ਸ਼ਰਤ ਰੱਖੀ ਸੀ। ਧਰਮ ਤਬਦੀਲ ਕਰਨ ਤੋਂ ਦੇਵ ਆਨੰਦ ਨੇ ਨਾਂਹ ਕਰ ਦਿੱਤੀ। ਇਸ ਲਈ ਦੇਵ ਆਨੰਦ ਅਤੇ ਸੁਰੱਈਆ ਦੀ ਜੋੜੀ ਟੁੱਟ ਗਈ, ਜਿਸ ’ਤੇ ਦੇਵ ਆਨੰਦ ਆਪਣੇ ਭਰਾ ਚੇਤਨ ਆਨੰਦ ਦੇ ਮੋਢੇ ’ਤੇ ਸਿਰ ਰੱਖ ਕੇ ਖੂਬ ਰੋਏ। ਸੁਰੱਈਆ ਨੇ ਦੇਵ ਆਨੰਦ ਦੇ ਪਿਆਰ ’ਚ ਫਿਲਮੀ ਜੀਵਨ ਛੱਡ ਦਿੱਤਾ। ਸੁਰੱਈਆ ਸਾਰੀ ਜ਼ਿੰਦਗੀ ਕੁਆਰੀ ਰਹੀ ਅਤੇ ਬਹੁਤ ਭਿਆਨਕ ਅਤੇ ਤਨਹਾਈ ਦੇ ਆਲਮ ’ਚ ਉਸ ਦੀ ਮੌਤ ਹੋ ਗਈ।
ਦੇਵ ਆਨੰਦ ਨੇ 60 ਸਾਲ ਦੇ ਆਪਣੇ ਫਿਲਮੀ ਕਰੀਅਰ ’ਚ 110 ਜਾਂ 112 ਫਿਲਮਾਂ ਕੀਤੀਆਂ। ਦੇਵ ਆਨੰਦ ਇਕ ਮਹਾਨ ਕਲਾਕਾਰ, ਪ੍ਰਸਿੱਧ ਨਿਰਮਾਤਾ, ਨਿਰਦੇਸ਼ਕ ਅਤੇ ਸਫਲ ਲੇਖਕ ਸਨ। ਉਨ੍ਹਾਂ ਨੂੰ ਚਾਰ ਵਾਰ ‘ਫਿਲਮ ਫੇਅਰ’ ਐਵਾਰਡ ਮਿਲਿਆ। 2001 ’ਚ ਤੀਜਾ ਸਰਵਉੱਚ ਨਾਗਰਿਕ ਸਨਮਾਨ ‘ਪਦਮ ਭੂਸ਼ਣ’ ਭਾਰਤ ਸਰਕਾਰ ਤੋਂ ਮਿਲਿਆ। 2002 ’ਚ ਦੇਵ ਆਨੰਦ ਨੂੰ ‘ਦਾਦਾ ਸਾਹਿਬ ਫਾਲਕੇ’ ਅੈਵਾਰਡ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਭਾਰਤੀ ਸਿਨੇਮਾ ਦਾ ‘ਗ੍ਰੇਗਰੀ ਪੈਕ’ ਵੀ ਕਿਹਾ ਜਾਂਦਾ ਹੈ।
ਦੇਵ ਆਨੰਦ ਨੇ ਫਿਲਮਾਂ ਨਾਲ ਦਰਸ਼ਕਾਂ ਦਾ ਮੰਨੋਰਜਨ ਹੀ ਨਹੀਂ ਕੀਤਾ ਸਗੋਂ ਫਿਲਮਾਂ ਰਾਹੀਂ ਆਪਣੀ ਸਮਾਜਿਕ ਜ਼ਿੰਮੇਵਾਰੀ ਵੀ ਨਿਭਾਈ। ਇਸ ਮਹਾਨ ਕਲਾਕਾਰ ਦਾ 3 ਦਸੰਬਰ, 2011 ਨੂੰ ਿਦਲ ਦੇ ਦੌਰੇ ਨਾਲ ਲੰਡਨ ’ਚ ਇੰਤਕਾਲ ਹੋ ਗਿਆ।
–ਮਾਸਟਰ ਮੋਹਨ ਲਾਲ