ਸਮਾਜ ਦੇ ਸਹਿਯੋਗ ਨਾਲ ਸੁਖਾਲੀ ਬਣੀ ਸੰਘ ਸ਼ਤਾਬਦੀ ਯਾਤਰਾ

Wednesday, Oct 01, 2025 - 05:12 PM (IST)

ਸਮਾਜ ਦੇ ਸਹਿਯੋਗ ਨਾਲ ਸੁਖਾਲੀ ਬਣੀ ਸੰਘ ਸ਼ਤਾਬਦੀ ਯਾਤਰਾ

ਰਾਸ਼ਟਰੀ ਸਵੈਮਸੇਵਕ ਸੰਘ ਦੇ ਕੰਮ ਨੂੰ 100 ਸਾਲ ਪੂਰੇ ਹੋ ਰਹੇ ਹਨ। ਇਸ 100 ਸਾਲ ਦੀ ਯਾਤਰਾ ਵਿਚ ਕਈ ਲੋਕ ਸਹਿਯੋਗੀ ਤੇ ਸਹਿਭਾਗੀ ਰਹੇ ਹਨ। ਇਹ ਯਾਤਰਾ ਮਿਹਨਤ ਵਾਲੀ ਅਤੇ ਕੁਝ ਸੰਕਟਾਂ ਨਾਲ ਜ਼ਰੂਰ ਘਿਰੀ ਰਹੀ ਪਰ ਆਮ ਲੋਕਾਂ ਦਾ ਸਮਰਥਨ ਇਸਦਾ ਸੁਖਦ ਪੱਖ ਰਿਹਾ। ਅੱਜ ਜਦੋਂ ਸ਼ਤਾਬਦੀ ਵਰ੍ਹੇ ਬਾਰੇ ਸੋਚਦੇ ਹਾਂ ਤਾਂ ਇਹੋ-ਜਿਹੇ ਕਈ ਪ੍ਰਸੰਗ ਅਤੇ ਲੋਕ ਚੇਤੇ ਆਉਂਦੇ ਹਨ, ਜਿਨ੍ਹਾਂ ਨੇ ਇਸ ਯਾਤਰਾ ਦੀ ਸਫਲਤਾ ਲਈ ਆਪਣਾ ਸਭ ਕੁਝ ਸਮਰਪਿਤ ਕਰ ਦਿੱਤਾ।

ਮੁੱਢਲੇ ਸਮਿਆਂ ਦੇ ਨੌਜਵਾਨ ਵਰਕਰ ਇਕ ਯੋਧਾ ਵਾਂਗ ਦੇਸ਼ ਪ੍ਰੇਮ ਨਾਲ ਪ੍ਰੇਰਿਤ ਹੋ ਕੇ ਸੰਘ ਦੇ ਕੰਮਾਂ ਲਈ ਦੇਸ਼ ਭਰ ਵਿਚ ਨਿਕਲ ਪਏ। ਅੱਪਾਜੀ ਜੋਸ਼ੀ ਜਿਹੇ ਗ੍ਰਹਿਸਥ ਵਰਕਰ ਹੋਣ ਜਾਂ ਪ੍ਰਚਾਰਕ ਸਰੂਪ ਦਾਦਾਰਾਉ ਪਰਮਾਰਥ, ਬਾਲਾਸਾਹਿਬ ਅਤੇ ਭਾਊਰਾਵ ਦੇਵਰਸ ਬੰਧੂ, ਯਾਦਵਰਾਵ ਜੋਸ਼ੀ, ਏਕਨਾਥ ਰਾਣਡੇ ਆਦਿ ਲੋਕ ਡਾਕਟਰ ਹੈਡਗੇਵਾਰ ਜੀ ਦੀ ਸ਼ਰਨ ਵਿਚ ਆ ਕੇ ਸੰਘ ਕਾਰਜ ਨੂੰ ਰਾਸ਼ਟਰ ਸੇਵਾ ਦਾ ਜੀਵਨ-ਵ੍ਰਤ ਮੰਨ ਕੇ ਸਾਰਾ ਜੀਵਨ ਨਾਲ-ਨਾਲ ਚੱਲਦੇ ਰਹੇ। ਸੰਘ ਦਾ ਕਾਰਜ ਲਗਾਤਾਰ ਸਮਾਜ ਦੇ ਸਮਰਥਨ ਨਾਲ ਹੀ ਅੱਗੇ ਵਧਦਾ ਗਿਆ। ਸੰਘ ਕਾਰਜ ਆਮ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਸਾਰ ਹੋਣ ਦੇ ਕਾਰਨ ਹੌਲੀ-ਹੌਲੀ ਇਨ੍ਹਾਂ ਕੰਮਾਂ ਦੀ ਸਮਾਜ ਅੰਦਰ ਸਵੀਕਾਰਤਾ ਵਧਦੀ ਚਲੀ ਗਈ। ਸਵਾਮੀ ਵਿਵੇਕਾਨੰਦ ਤੋਂ ਇਕ ਵਾਰੀ ਵਿਦੇਸ਼ ਪ੍ਰਵਾਸ ਦੌਰਾਨ ਪੁੱਛਿਆ ਗਿਆ ਕਿ ਤੁਹਾਡੇ ਦੇਸ਼ ’ਚ ਜ਼ਿਆਦਾ ਲੋਕ ਅਨਪੜ੍ਹ ਹਨ, ਅੰਗਰੇਜ਼ੀ ਤਾਂ ਉਹ ਜਾਣਦੇ ਹੀ ਨਹੀਂ, ਤਾਂ ਤੁਹਾਡੀਆਂ ਵੱਡੀਆਂ-ਵੱਡੀਆਂ ਗੱਲਾਂ ਭਾਰਤ ਦੇ ਲੋਕਾਂ ਤੱਕ ਕਿਸ ਤਰ੍ਹਾਂ ਪਹੁੰਚਣਗੀਆਂ? ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਕੀੜੀਆਂ ਨੂੰ ਖੰਡ ਦਾ ਪਤਾ ਲਗਾਉਣ ਲਈ ਅੰਗਰੇਜ਼ੀ ਸਿੱਖਣ ਦੀ ਲੋੜ ਨਹੀਂ ਹੈ, ਉਸੇ ਤਰ੍ਹਾਂ ਮੇਰੇ ਭਾਰਤ ਦੇ ਲੋਕ ਆਪਣੇ ਅਧਿਆਤਮਕ ਗਿਆਨ ਕਾਰਨ ਕਿਸੇ ਵੀ ਕੋਨੇ ਵਿਚ ਚੱਲ ਰਹੇ ਸਾਤਵਿਕ ਕੰਮ ਨੂੰ ਤੁਰੰਤ ਸਮਝ ਜਾਂਦੇ ਹਨ ਅਤੇ ਚੁੱਪ-ਚੁਪੀਤੇ ਉੱਥੇ ਪਹੁੰਚ ਜਾਂਦੇ ਹਨ। ਇਸ ਲਈ ਉਹ ਮੇਰੀ ਗੱਲ ਸਮਝ ਜਾਣਗੇ। ਇਹ ਗੱਲ ਸਹੀ ਸਾਬਿਤ ਹੋਈ। ਉਸੇ ਤਰ੍ਹਾਂ ਹੀ ਸੰਘ ਦੇ ਇਸ ਸਾਤਵਿਕ ਕੰਮ ਨੂੰ ਆਮ ਲੋਕਾਂ ਤੋਂ ਸਵੀਕਾਰਤਾ ਅਤੇ ਸਮਰਥਨ ਲਗਾਤਾਰ ਮਿਲ ਰਿਹਾ ਹੈ।

ਸੰਘ ਦੇ ਮੁੱਢਲੇ ਕੰਮਾਂ ਨਾਲ ਹੀ ਸੰਪਰਕ ਵਿਚ ਆਏ ਨਵੇਂ-ਨਵੇਂ ਆਮ ਪਰਿਵਾਰਾਂ ਵੱਲੋਂ ਸੰਘ ਵਰਕਰਾਂ ਨੂੰ ਆਸ਼ੀਰਵਾਦ ਅਤੇ ਆਸਰਾ ਮਿਲਦਾ ਰਿਹਾ ਹੈ। ਸਵੈਮਸੇਵਕਾਂ ਦੇ ਪਰਿਵਾਰ ਹੀ ਸੰਘ ਕਾਰਜ ਸੰਚਾਲਨ ਦੇ ਕੇਂਦਰ ਰਹੇ। ਸਾਰੀਆਂ ਮਾਤਾਵਾਂ-ਭੈਣਾਂ ਦੇ ਸਹਿਯੋਗ ਨਾਲ ਹੀ ਸੰਘ ਕਾਰਜ ਨੂੰ ਪੂਰਨਤਾ ਪ੍ਰਾਪਤ ਹੋਈ। ਦੱਤੋਪੰਤ ਠੇਂਗੜੀ ਜਾਂ ਯਸ਼ਵੰਤਰਾਵ ਕੇਲਕਰ, ਬਾਬਾਸਾਹਿਬ ਦੇਸ਼ਪਾਂਡੇ ਤੇ ਏਕਨਾਥ ਰਾਣਡੇ, ਦੀਨਦਿਆਲ ਉਪਾਧਿਆਏ ਜਾਂ ਦਾਦਾ ਸਾਹਿਬ ਆਪਟੇ ਜਿਹੇ ਲੋਕਾਂ ਨੇ ਸੰਘ ਪ੍ਰੇਰਣਾ ਨਾਲ ਜੀਵਨ ਦੇ ਵੱਖ-ਵੱਖ ਖੇਤਰਾਂ ਵਿਚ ਸੰਗਠਨ ਨੂੰ ਖੜ੍ਹਾ ਕਰਨ ’ਚ ਅਹਿਮ ਭੂਮਿਕਾ ਨਿਭਾਈ। ਇਹ ਸਾਰੇ ਸੰਗਠਨ ਮੌਜੂਦਾ ਸਮੇਂ ਵਿਚ ਵਿਆਪਕ ਵਿਸਥਾਰ ਦੇ ਨਾਲ-ਨਾਲ ਆਪਣੇ ਖੇਤਰਾਂ ਵਿਚ ਸਕਾਰਾਤਮਕ ਬਦਲਾਅ ਲਿਆਉਣ ਦੀ ਭੂਮਿਕਾ ਨਿਭਾਅ ਰਹੇ ਹਨ। ਸਮਾਜ ਦੀਆਂ ਭੈਣਾਂ ਰਾਹੀਂ ਇਸ ਰਾਸ਼ਟਰੀ ਕੰਮ ਲਈ ਰਾਸ਼ਟਰ ਸੇਵਿਕਾ ਸਮਿਤੀ ਦੇ ਮਾਧਿਅਮ ਰਾਹੀਂ ਮੌਸੀਜੀ ਕੇਲਕਰ ਤੋਂ ਲੈ ਕੇ ਪ੍ਰਮਿਲਾਤਾਈ ਮੇਢੇ ਜਿਹੀਆਂ ਮਾਂ ਸਮਾਨ ਹਸਤੀਆਂ ਦੀ ਭੂਮਿਕਾ ਇਸ ਯਾਤਰਾ ਵਿਚ ਅਤਿਅੰਤ ਮਹੱਤਵਪੂਰਨ ਹੈ। ਸੰਘ ਵੱਲੋਂ ਸਮੇਂ-ਸਮੇਂ ’ਤੇ ਰਾਸ਼ਟਰੀ ਹਿੱਤ ਦੇ ਕਈ ਵਿਸ਼ਿਆਂ ਨੂੰ ਉਠਾਇਆ ਗਿਆ। ਉਨ੍ਹਾਂ ਸਾਰਿਆਂ ਨੂੰ ਸਮਾਜ ਦੇ ਵੱਖ-ਵੱਖ ਲੋਕਾਂ ਦਾ ਸਮਰਥਨ ਮਿਲਿਆ, ਜਿਸ ਵਿਚ ਕਈ ਵਾਰੀ ਜਨਤਕ ਰੂਪ ’ਚ ਵਿਰੋਧੀ ਦਿਸਣ ਵਾਲੇ ਲੋਕ ਵੀ ਸ਼ਾਮਲ ਰਹੇ। ਸੰਘ ਦੀ ਇਹ ਕੋਸ਼ਿਸ਼ ਰਹੀ ਕਿ ਵਿਆਪਕ ਹਿੰਦੂ ਹਿੱਤ ਦੇ ਮੁੱਦਿਆਂ ’ਤੇ ਸਾਰਿਆਂ ਦਾ ਸਹਿਯੋਗ ਪ੍ਰਾਪਤ ਕੀਤਾ ਜਾਵੇ। ਰਾਸ਼ਟਰ ਦੀ ਏਕਾਤਮਤਾ, ਸੁਰੱਖਿਆ, ਸਮਾਜਿਕ ਸੌਹਾਰਦ, ਲੋਕਤੰਤਰ ਤੇ ਧਰਮ-ਸੰਸਕ੍ਰਿਤੀ ਦੀ ਰੱਖਿਆ ਵਿਚ ਅਣਗਿਣਤ ਸਵੈਮਸੇਵਕਾਂ ਨੇ ਵਰਨਣ ਨਾ ਕੀਤੇ ਜਾ ਸਕਣ ਵਾਲੇ ਕਸ਼ਟਾਂ ਦਾ ਸਾਹਮਣਾ ਕੀਤਾ ਤੇ ਸੈਂਕੜਿਆਂ ਦਾ ਬਲੀਦਾਨ ਵੀ ਹੋਇਆ। ਇਨ੍ਹਾਂ ਸਾਰਿਆਂ ਵਿਚ ਸਮਾਜ ਦੀ ਸ਼ਕਤੀ ਦਾ ਹੱਥ ਹਮੇਸ਼ਾ ਰਿਹਾ।

1981 ’ਚ ਤਾਮਿਲਨਾਡੂ ਦੇ ਮੀਨਾਕਸ਼ੀਪੁਰਮ ਵਿਖੇ ਕੁਝ ਹਿੰਦੂਆਂ ਨੂੰ ਭ੍ਰਮਿਤ ਕਰ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਵਾਇਆ ਗਿਆ। ਇਸ ਮਹੱਤਵਪੂਰਨ ਵਿਸ਼ੇ ਉੱਤੇ ਹਿੰਦੂ ਜਾਗਰਣ ਦੀ ਲੜੀ ’ਚ ਕੀਤੇ ਗਏ ਕਾਰਜਕ੍ਰਮ ਵਿਚ 5 ਲੱਖ ਲੋਕਾਂ ਦੀ ਮੌਜੂਦਗੀ ਵਾਲੇ ਸੰਮੇਲਨ ਵਿਚ ਕਾਂਗਰਸ ਦੇ ਸੀਨੀਅਰ ਆਗੂ ਡਾ. ਕਰਨ ਸਿੰਘ ਮੌਜੂਦ ਰਹੇ। 1964 ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਸਥਾਪਨਾ ਵਿਚ ਪ੍ਰਸਿੱਧ ਸੰਨਿਆਸੀ ਸਵਾਮੀ ਚਿਨਮਯਾਨੰਦ ਜੀ, ਮਾਸਟਰ ਤਾਰਾ ਸਿੰਘ ਅਤੇ ਜੈਨ ਮੁਨੀ ਸੁਸ਼ੀਲ ਕੁਮਾਰ ਜੀ, ਬੌਧ ਭਿਕਸ਼ੂ ਕੁਸ਼ੋਕ ਬਕੁਲਾ ਅਤੇ ਨਾਮਧਾਰੀ ਸਿੱਖ ਸਦਗੁਰੂ ਜਗਜੀਤ ਸਿੰਘ ਜੀ ਦੀ ਪ੍ਰਮੁੱਖ ਭਾਗੀਦਾਰੀ ਰਹੀ। ਹਿੰਦੂ ਸ਼ਾਸਤਰਾਂ ਵਿਚ ਛੂਤਛਾਤ ਲਈ ਕੋਈ ਸਥਾਨ ਨਹੀਂ ਹੈ, ਇਸ ਸੱਚਾਈ ਦੀ ਮੁੜ ਸਥਾਪਨਾ ਕਰਨ ਦੇ ਉਦੇਸ਼ ਨਾਲ ਸ਼੍ਰੀ ਗੁਰੂਜੀ ਗੋਲਵਲਕਰ ਦੀ ਪਹਿਲ ਉੱਤੇ ਉੜੂਪੀ ਵਿਚ ਆਯੋਜਿਤ ਵਿਸ਼ਵ ਹਿੰਦੂ ਸੰਮੇਲਨ ਵਿਚ ਪੂਜਨੀਕ ਧਰਮ ਅਚਾਰੀਆਂ ਸਮੇਤ ਸਾਰੇ ਸੰਤਾਂ-ਮਹੰਤਾਂ ਦਾ ਆਸ਼ੀਰਵਾਦ ਅਤੇ ਉਨ੍ਹਾਂ ਦੀ ਮੌਜੂਦਗੀ ਰਹੀ। ਜਿਵੇਂ ਪ੍ਰਯਾਗ ਸੰਮੇਲਨ ਵਿਚ ‘ਨਾ ਹਿੰਦੂ ਪਤਿਤੋ ਭਵੇਤ’ (ਕੋਈ ਹਿੰਦੂ ਪਤਿਤ ਨਹੀਂ ਹੋ ਸਕਦਾ) ਦਾ ਮਤਾ ਪ੍ਰਵਾਨਿਤ ਹੋਇਆ, ਉਂਝ ਹੀ ਇਸ ਸੰਮੇਲਨ ਦਾ ਨਾਅਰਾ ਸੀ- ‘ਹਿੰਦਵਹ ਸੋਦਰਾਹ ਸਰਵੇ’ ਅਰਥਾਤ ਸਾਰੇ ਹਿੰਦੂ ਭਾਰਤ ਮਾਤਾ ਦੇ ਪੁੱਤਰ ਹਨ। ਇਨ੍ਹਾਂ ਸਾਰਿਆਂ ਵਿਚ ਗਊ ਹੱਤਿਆ ਬੰਦੀ ਦਾ ਵਿਸ਼ਾ ਹੋਵੇ ਜਾਂ ਰਾਮ ਜਨਮਭੂਮੀ ਅਭਿਆਨ, ਸੰਤਾਂ ਦਾ ਆਸ਼ੀਰਵਾਦ ਸੰਘ ਦੇ ਸਵੈਮਸੇਵਕਾਂ ਨੂੰ ਹਮੇਸ਼ਾ ਮਿਲਦਾ ਰਹਿੰਦਾ ਹੈ।

ਸਵਾਧੀਨਤਾ ਦੇ ਤੁਰੰਤ ਬਾਅਦ ਰਾਜਨੀਤਿਕ ਕਾਰਨਾਂ ਨਾਲ ਸੰਘ ਕੰਮਾਂ ਉੱਤੇ ਉਸ ਵੇਲੇ ਦੀ ਸਰਕਾਰ ਵੱਲੋਂ ਰੋਕ ਲਗਾਈ ਗਈ, ਉਦੋਂ ਸਮਾਜ ਦੇ ਆਮ ਲੋਕਾਂ ਦੇ ਨਾਲ ਅਤਿਅੰਤ ਸਨਮਾਨਿਤ ਵਿਅਕਤੀਆਂ ਨੇ ਵਿਰੋਧੀ ਹਾਲਾਤ ’ਚ ਵੀ ਸੰਘ ਦੇ ਨਾਲ ਖੜ੍ਹੇ ਹੋ ਕੇ ਇਸ ਕੰਮ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਇਹੀ ਗੱਲ ਐਮਰਜੈਂਸੀ ਦੇ ਸੰਕਟ ਵੇਲੇ ਵੀ ਦੇਖਣ ਨੂੰ ਮਿਲੀ। ਇਹੀ ਕਾਰਨ ਹੈ ਕਿ ਇੰਨੀਆਂ ਰੁਕਾਵਟਾਂ ਦੇ ਬਾਅਦ ਵੀ ਸੰਘ ਦਾ ਕੰਮ ਬਿਨਾਂ ਰੁਕੇ ਅੱਗੇ ਵਧ ਰਿਹਾ ਹੈ। ਇਨ੍ਹਾਂ ਸਾਰੇ ਹਾਲਾਤ ਵਿਚ ਸੰਘ ਦੇ ਕੰਮ ਅਤੇ ਸਵੈਮਸੇਵਕਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨੂੰ ਸਾਡੀਆਂ ਮਾਤਾਵਾਂ-ਭੈਣਾਂ ਨੇ ਬੜੀ ਕੁਸ਼ਲਤਾ ਨਾਲ ਨਿਭਾਇਆ। ਇਹ ਸਾਰੀਆਂ ਗੱਲਾਂ ਸੰਘ ਕਾਰਜ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣ ਗਈਆਂ ਹਨ।

ਭਵਿੱਖ ਵਿਚ ਰਾਸ਼ਟਰ ਦੀ ਸੇਵਾ ਵਿਚ ਸਮਾਜ ਦੇ ਸਾਰੇ ਲੋਕਾਂ ਦਾ ਸਹਿਯੋਗ ਤੇ ਸਹਿਭਾਗਤਾ ਲਈ ਸੰਘ ਦੇ ਸਵੈਮਸੇਵਕ ਸ਼ਤਾਬਦੀ ਵਰ੍ਹੇ ਦੌਰਾਨ ਘਰ-ਘਰ ਸੰਪਰਕ ਦੀ ਵਿਸ਼ੇਸ਼ ਕੋਸ਼ਿਸ਼ ਕਰਨਗੇ। ਦੇਸ਼ ਭਰ ਦੇ ਵੱਡੇ ਸ਼ਹਿਰਾਂ ਤੋਂ ਲੈ ਕੇ ਦੂਰ-ਦੁਰੇਡੇ ਦੇ ਪਿੰਡਾਂ ਦੀਆਂ ਸਾਰੀਆਂ ਥਾਵਾਂ ਅਤੇ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਣ ਦਾ ਟੀਚਾ ਰਹੇਗਾ। ਸਮੁੱਚੀ ਸੱਜਣ ਸ਼ਕਤੀ ਦੀਆਂ ਸਾਂਝੀਆਂ ਕੋਸ਼ਿਸ਼ਾਂ ਰਾਹੀਂ ਰਾਸ਼ਟਰ ਦੇ ਸਰਵਪੱਖੀ ਵਿਕਾਸ ਦੀ ਅਗਲੀ ਯਾਤਰਾ ਸੌਖੀ ਅਤੇ ਸਫਲ ਹੋਵੇਗੀ।

ਦੱਤਾਤ੍ਰੇਅ ਹੋਸਬੋਲੇ (ਸਰਕਾਰਯਵਾਹ ਰਾਸ਼ਟਰੀ ਸਵੈਮਸੇਵਕ ਸੰਘ)


author

Rakesh

Content Editor

Related News