‘ਧਨ ਲੁੱਟਣ ਵਾਲੇ ਕਰਮਚਾਰੀ’ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੇ ਅਧਿਕਾਰੀ!
Thursday, Sep 25, 2025 - 05:30 AM (IST)

ਇਕ ਪਾਸੇ ਸਮਾਜ ਵਿਰੋਧੀ ਤੱਤਾਂ ਵੱਲੋਂ ਦੇਸ਼ ਵਿਚ ਲੁੱਟ ਮਚਾਈ ਜਾ ਰਹੀ ਹੈ ਤਾਂ ਦੂਜੇ ਪਾਸੇ ਕੁਝ ਸਰਕਾਰੀ/ਗੈਰ-ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਵੀ ‘ਅਮਾਨਤ ਵਿਚ ਖਿਆਨਤ’ ਕਰ ਕੇ ਜਨਤਕ ਸੰਪਤੀ ਨੂੰ ਲੁੱਟਣ ਵਿਚ ਲੱਗੇ ਹੋਏ ਹਨ, ਜਿਸ ਦੀਆਂ ਪਿਛਲੇ ਲੱਗਭਗ 4 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 29 ਮਈ ਨੂੰ ਗੁਰੂਗ੍ਰਾਮ ਸਥਿਤ ‘ਇੰਡਸਇੰਡ ਬੈਂਕ’ ਦੀ ਸਹਾਇਕ ‘ਸਮਾਲ ਫਾਈਨਾਂਸ ਕੰਪਨੀ’ ਦੇ ਕਰਮਚਾਰੀ ਵੱਲੋਂ 1.25 ਲੱਖ ਰੁਪਇਆਂ ਦਾ ਗਬਨ ਕਰ ਕੇ ਫਰਾਰ ਹੋ ਜਾਣ ਦੇ ਸਿਲਸਿਲੇ ਵਿਚ ਬੈਂਕ ਦੇ ਮੈਨੇਜਰ ਨੇ ਪੁਲਸ ਵਿਚ ਰਿਪੋਰਟ ਦਰਜ ਕਰਵਾਈ।
* 13 ਜੂਨ ਨੂੰ ‘ਬੁਲੰਦਸ਼ਹਿਰ’ (ਉੱਤਰ ਪ੍ਰਦੇਸ਼) ਵਿਚ ‘ਡਿਬਾਈ ਦਿਹਾਤ’ ਦੇ ਅਧਿਕਾਰੀ ‘ਇਸ਼ਤਯਾਕ ਹੁਸੈਨ’ ਨੂੰ ਨਾਲੀ ਨਿਰਮਾਣ ਅਤੇ ਵਿਕਾਸ ਦੇ ਹੋਰ ਕੰਮ ਪੰਚਾਇਤ ਤੋਂ ਪ੍ਰਸਤਾਵ ਪਾਸ ਕਰਵਾਏ ਬਿਨਾਂ ਘਟੀਆ ਸਮੱਗਰੀ ਨਾਲ ਕਰਵਾਉਣ ਅਤੇ ਸਰਕਾਰੀ ਧਨ ਦੇ ਗਬਨ ਦੇ ਦੋਸ਼ ਵਿਚ ਮੁਅੱਤਲ ਕੀਤਾ ਗਿਆ। ਪਿੰਡ ਵਾਸੀਆਂ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਸੀ ਕਿ ‘ਇਸ਼ਤਯਾਕ ਹੁਸੈਨ’ ਨੇ ਇਹ ਗਬਨ ਗ੍ਰਾਮ ਪ੍ਰਧਾਨ ‘ਪ੍ਰੇਮਵਤੀ ਦੇਵੀ’ ਅਤੇ ਪੰਚਾਇਤ ਅਧਿਕਾਰੀ ਦੀ ਮਿਲੀਭੁਗਤ ਨਾਲ ਕੀਤਾ ਹੈ।
* 24 ਜੂਨ ਨੂੰ ‘ਜਾਲੌਨ’ (ਉੱਤਰ ਪ੍ਰਦੇਸ਼) ਵਿਚ ‘ਦਮਰਾਸ’ ਦੀ ਗ੍ਰਾਮ ਪ੍ਰਧਾਨ ‘ਰਾਜ ਕੁਮਾਰੀ ਦੇਵੀ’ ਵਿਰੁੱਧ ‘ਮਨਰੇਗਾ ਯੋਜਨਾ’ ਵਿਚ ਫਰਜ਼ੀ ‘ਮਾਸਟਰ ਰੋਲ’ (ਹਾਜ਼ਰੀ) ਬਣਾ ਕੇ ਲੱਖਾਂ ਰੁਪਏ ਦੇ ਗਬਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ। ਵਰਣਨਯੋਗ ਹੈ ਕਿ ਪਹਿਲਾਂ ਵੀ ‘ਰਾਜ ਕੁਮਾਰੀ ਦੇਵੀ’ ’ਤੇ ਵੱਖ-ਵੱਖ ਨਿਰਮਾਣ ਕਾਰਜਾਂ ਦੇ ਨਾਂ ’ਤੇ 18 ਲੱਖ ਰੁਪਿਆਂ ਦੀ ਹੇਰਾਫੇਰੀ ਕਰਨ ਦੇ ਦੋਸ਼ ਲੱਗ ਚੁੱਕੇ ਹਨ।
* 7 ਜੁਲਾਈ ਨੂੰ ‘ਮਊ’ (ਮੱਧ ਪ੍ਰਦੇਸ਼) ਵਿਚ ਜ਼ਿਲਾ ਅਧਿਕਾਰੀ ‘ਪ੍ਰਵੀਨ ਮਿਸ਼ਰ’ ਨੇ ‘ਲਘੁਆਈ’ ਗ੍ਰਾਮ ਪੰਚਾਇਤ ਦੇ ਪ੍ਰਧਾਨ ‘ਰਾਮ ਨਗੀਨਾ ਯਾਦਵ’ ਵੱਲੋਂ ਸਰਕਾਰੀ ਧਨ ਦੀ ਦੁਰਵਰਤੋਂ ਅਤੇ 12 ਲੱਖ ਰੁਪਏ ਦੀ ਹੇਰਾਫੇਰੀ ਦੇ ਦੋਸ਼ ਵਿਚ ਉਸ ਦੇ ਸਾਰੇ ਅਧਿਕਾਰ ਖੋਹ ਲਏ।
* 20 ਜੁਲਾਈ ਨੂੰ ‘ਬਲੀਆ’ (ਉੱਤਰ ਪ੍ਰਦੇਸ਼) ਵਿਚ ਆਰਥਿਕ ਅਪਰਾਧ ਸ਼ਾਖਾ ਨੇ ਵਿਕਾਸ ਅਤੇ ਖੁਰਾਕ ਘਪਲੇ ਦੇ ਮੁਲਜ਼ਮ ਸਾਬਕਾ ਗ੍ਰਾਮ ਪੰਚਾਇਤ ਅਧਿਕਾਰੀ ‘ਰਾਜਿੰਦਰ ਪ੍ਰਸ਼ਾਦ ਵਰਮਾ’ ਨੂੰ ਆਪਣੇ 11 ਹੋਰ ਸਾਥੀਆਂ ਦੇ ਨਾਲ ਮਿਲ ਕੇ 67 ਲੱਖ 13 ਹਜ਼ਾਰ 281 ਰੁਪਿਆਂ ਦਾ ਗਬਨ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ।
* 4 ਅਗਸਤ ਨੂੰ ‘ਰਾਇਬਰੇਲੀ’ (ਉੱਤਰ ਪ੍ਰਦੇਸ਼) ਵਿਚ ‘ਹਰਦੋਈ’ ਸਥਿਤ ‘ਸਬ ਪੋਸਟ ਆਫਿਸ’ ਦੇ ਸਬ-ਪੋਸਟ ਮਾਸਟਰ ‘ਜਤਿੰਦਰ ਕੁਮਾਰ ਤਿਵਾੜੀ’ ਨੂੰ ਖਾਤਾਧਾਰਕਾਂ ਦੇ 50 ਲੱਖ ਰੁਪਏ ਡਕਾਰ ਜਾਣ ਦੇ ਦੋਸ਼ ਵਿਚ ਮੁਅੱਤਲ ਕੀਤਾ ਗਿਆ।
* 25 ਅਗਸਤ ਨੂੰ ਪੁਲਸ ਨੇ ‘ਪਰਿਹਾਰ’ (ਬਿਹਾਰ) ਦੇ ਪਰਖੰਡ (ਬਲਾਕ) ਦਫਤਰ ਵਿਚ ‘ਬੀ. ਪੀ. ਆਰ. ਓ.’ ਦੇ ਰੂਪ ਵਿਚ ਕੰਮ ਕਰ ਰਹੇ ‘ਗਿਆਨੇਂਦਰ ਕੁਮਾਰ ਝਾਅ’ ਨੂੰ ਵੱਖ-ਵੱਖ ਅਧਿਕਾਰੀਆਂ ਨਾਲ ਮਿਲ ਕੇ 16 ਲੱਖ ਰੁਪਏ ਦਾ ਗਬਨ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ।
* 28 ਅਗਸਤ ਨੂੰ ‘ਗਯਾਜੀ’ (ਬਿਹਾਰ) ਵਿਚ ‘ਗੁਰੂਆ’ ਸਥਿਤ ‘ਪੰਜਾਬ ਨੈਸ਼ਨਲ ਬੈਂਕ’ ਦੇ ਬ੍ਰਾਂਚ ਮੈਨੇਜਰ ‘ਮਿਥੀਲੇਸ਼ ਚੌਧਰੀ’ ਨੂੰ 1.75 ਕਰੋੜ ਰੁਪਏ ਦੀ ਫਰਜ਼ੀ ਨਿਕਾਸੀ ਦੇ ਦੋਸ਼ ਵਿਚ ਉੱਤਰ ਪ੍ਰਦੇਸ਼ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ।
‘ਮਿਥੀਲੇਸ਼ ਚੌਧਰੀ’ ’ਤੇ ਉੱਤਰ ਪ੍ਰਦੇਸ਼ ਦੇ ‘ਸਾਂਵਲੀ’ ਸਥਿਤ ‘ਪੰਜਾਬ ਨੈਸ਼ਨਲ ਬੈਂਕ’ ਦੀ ਸ਼ਾਖਾ ਦੇ ਮੈਨੇਜਰ ਦੇ ਅਹੁਦੇ ’ਤੇ ਕੰਮ ਕਰਨ ਦੌਰਾਨ ਉਕਤ ਰਾਸ਼ੀ ਦੀ ਨਾਜਾਇਜ਼ ਤਰੀਕੇ ਨਾਲ ਨਿਕਾਸੀ ਕਰਨ ਦਾ ਦੋਸ਼ ਹੈ।
* ਅਤੇ ਹੁਣ 20 ਸਤੰਬਰ ਨੂੰ ‘ਤਰਨਤਾਰਨ’ ਜ਼ਿਲੇ ਦੇ ਪਿੰਡ ‘ਚੂਸਲੇਵੜ’ ਸਥਿਤ ਇਕ ਕੰਪਨੀ ਦੇ ਗੋਦਾਮ ਤੋਂ 11 ਕਰੋੜ 26 ਲੱਖ ਰੁਪਏ ਮੁੱਲ ਦੀਆਂ ਕਣਕ ਦੀਆਂ 72,000 ਬੋਰੀਆਂ ਦੇ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਮਾਮਲੇ ਵਿਚ ਇਕ ਰਿਟਾਇਰਡ ਵਿਜੀਲੈਂਸ ਅਧਿਕਾਰੀ ਦੇ ਬਿਆਨਾਂ ਦੇ ਆਧਾਰ ’ਤੇ ਕੰਪਨੀ ਦੇ 11 ਕਰਮਚਾਰੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਤਰ੍ਹਾਂ ਦੀਆਂ ਘਟਨਾਵਾਂ ਅਤਿਅੰਤ ਚਿੰਤਾਜਨਕ ਹਨ। ਇਸ ਨਾਲ ਵਿਭਾਗਾਂ ਦੀ ਸਾਖ ’ਚ ਗਿਰਾਵਟ ਆਉਂਦੀ ਹੈ। ਜੇਕਰ ਸਰਕਾਰੀ ਕਰਮਚਾਰੀ ਹੀ ਇਸ ਤਰ੍ਹਾਂ ਦੀ ਧੋਖਾਦੇਹੀ ਵਿਚ ਸ਼ਾਮਲ ਹੋਣਗੇ ਤਾਂ ਲੋਕਾਂ ਦਾ ਵਿਸ਼ਵਾਸ ਕਿਵੇਂ ਕਾਇਮ ਰਹਿ ਸਕੇਗਾ। ਇਸ ਲਈ ਇਸ ਤਰ੍ਹਾਂ ਦੇ ਕਾਰਿਆਂ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
-ਵਿਜੇ ਕੁਮਾਰ