‘ਕੈਨੇਡਾ ਦੀ ਨਵੀਂ ਸਰਕਾਰ ਨਾਲ’ ਭਾਰਤ ਦੇ ਸੁਧਰਦੇ ਸੰਬੰਧ!
Wednesday, Oct 01, 2025 - 05:59 AM (IST)

ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਪਿਛਲੇ ਕੁਝ ਸਮੇਂ ਤੋਂ ਤਣਾਅ ਦੇ ਦੌਰ ’ਚੋਂ ਲੰਘ ਰਹੇ ਸਨ। ਇਸ ਦੀ ਸ਼ੁਰੂਆਤ 2023 ’ਚ ਉਸ ਸਮੇਂ ਹੋਈ ਜਦੋਂ ਕੈਨੇਡਾ ਦੇ ਤਤਕਾਲੀਨ ਪ੍ਰਧਾਨ ਮੰਤਰੀ ‘ਜਸਟਿਨ ਟਰੂਡੋ’ ਨੇ ਜਨਤਕ ਤੌਰ ’ਤੇ ਭਾਰਤ ਸਰਕਾਰ ’ਤੇ ਖਾਲਿਸਤਾਨੀ ‘ਹਰਦੀਪ ਸਿੰਘ ਨਿੱਝਰ’ ਦੀ ਹੱਤਿਆ ’ਚ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ।
ਇਸ ਤੋਂ ਬਾਅਦ ਅਕਤੂਬਰ, 2024 ’ਚ ਉਸ ਸਮੇਂ ਕੈਨੇਡਾ-ਭਾਰਤ ਸੰਬੰਧ ਵਿਗੜ ਕੇ ਹੇਠਲੇ ਪੱਧਰ ’ਤੇ ਪਹੁੰਚ ਗਏ, ਜਦੋਂ ਕੈਨੇਡਾ ਪੁਲਸ ਨੇ ਭਾਰਤ ਦੇ ਸਰਕਾਰੀ ਏਜੰਟਾਂ ’ਤੇ ਕੈਨੇਡਾ ’ਚ ਹੱਤਿਆ, ਜਬਰੀ ਵਸੂਲੀ ਅਤੇ ਅਪਰਾਧਿਕ ਸਰਗਰਮੀਆਂ ਨਾਲ ਜੁੜੇ ਹੋਣ ਦੇ ਦੋਸ਼ ਲਗਾਏ ਅਤੇ ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ ਅਤੇ 5 ਹੋਰਨਾਂ ਡਿਪਲੋਮੈਟਾਂ ਨੂੰ ਕੈਨੇਡਾ ’ਚੋਂ ਕੱਢ ਦਿੱਤਾ।
ਇਸ ਦੇ ਜਵਾਬ ’ਚ ਭਾਰਤ ਨੇ ਵੀ ਕੈਨੇਡਾ ਪ੍ਰਤੀ ਅਜਿਹਾ ਹੀ ਸਖਤ ਰੁਖ਼ ਦਿਖਾਇਆ। ਭਾਰਤ ਅਤੇ ਕੈਨੇਡਾ ਵਿਚਾਲੇ ਸੰਬੰਧਾਂ ’ਚ ਆਈ ਗਿਰਾਵਟ ਦਾ ਵੱਡਾ ਕਾਰਨ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਹਨ ਜਿਨ੍ਹਾਂ ’ਤੇ ਭਾਰਤ ਦੀਆਂ ਚਿੰਤਾਵਾਂ ਨੂੰ ਕੈਨੇਡਾ ਦੀ ਟਰੂਡੋ ਸਰਕਾਰ ਨੇ ਵਾਰ-ਵਾਰ ਬੇਧਿਆਨ ਕੀਤਾ।
‘ਮਾਰਕ ਕਾਰਨੀ’ ਨੇ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਪਿੱਛੋਂ ਭਾਰਤ ਦੀਆਂ ਚਿੰਤਾਵਾਂ ’ਤੇ ਧਿਆਨ ਦੇਣ ਦੇ ਸੰਕੇਤ ਦਿੱਤੇ ਹਨ। ਇਸੇ ਕੜੀ ’ਚ ਬੀਤੇ ਮਹੀਨੇ ਦੋਹਾਂ ਦੇਸ਼ਾਂ ਨੇ ਇਕ-ਦੂਜੇ ਦੀਆਂ ਰਾਜਧਾਨੀਆਂ ’ਚ ਸੇਵਾ ਦੇਣ ਲਈ ਨਵੇਂ ਰਾਜਦੂਤ ਵੀ ਨਿਯੁਕਤ ਕਰ ਦਿੱਤੇ ਹਨ। ਜਿੱਥੇ ਕੈਨੇਡਾ ਨੇ ਭਾਰਤ ’ਚ ‘ਕ੍ਰਿਸਟੋਫਰ ਕੂਪਰ’ ਨਿਯੁਕਤ ਕੀਤਾ ਹੈ, ਉੱਥੇ ਭਾਰਤ ਨੇ ‘ਦਿਨੇਸ਼ ਪਟਨਾਇਕ’ ਨੂੰ ਕੈਨੇਡਾ ਭੇਜਿਆ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ‘ਨਰਿੰਦਰ ਮੋਦੀ’ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ‘ਮਾਰਕ ਕਾਰਨੀ’ ਨੇ 17 ਜੂਨ ਨੂੰ ਕੈਨੇਡਾ ’ਚ ਜੀ-7 ਸਿਖਰ ਸੰਮੇਲਨ ਦੌਰਾਨ ਵੱਖਰੇ ਤੌਰ ’ਤੇ ਹੋਈ ਮੁਲਾਕਾਤ ’ਚ ਦੋਪਾਸੜ ਸੰਬੰਧਾਂ ਨੂੰ ਸੁਧਾਰਨ ’ਤੇ ਧਿਆਨ ਕੇਂਦ੍ਰਿਤ ਕੀਤਾ ਸੀ।
ਇਸ ਮੁਲਾਕਾਤ ਤੋਂ ਬਾਅਦ ਹੀ ਸਿਆਸੀ ਅਤੇ ਡਿਪਲੋਮੈਟਿਕ ਪੱਧਰ ’ਤੇ ਦੋਹਾਂ ਦੇਸ਼ਾਂ ਦਰਮਿਆਨ ਗੱਲਬਾਤ ’ਚ ਤੇਜ਼ੀ ਆਈ ਹੈ ਅਤੇ ਕੈਨੇਡਾ ਨੇ ਭਾਰਤ ਦੀਆਂ ਚਿੰਤਾਵਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ।
ਪਿਛਲੇ 10 ਦਿਨਾਂ ਅੰਦਰ ਹੀ ਖਾਲਿਸਤਾਨੀ ਅਤੇ ਅੱਤਵਾਦੀ ‘ਗੁਰਪਤਵੰਤ ਸਿੰਘ ਪੰਨੂ’ ਦੇ ਨੇੜਲੇ ਸਹਿਯੋਗੀ ‘ਇੰਦਰਜੀਤ ਿਸੰਘ ਗੋਸਲ’ ਦੀ ਗ੍ਰਿਫਤਾਰੀ ਅਤੇ ਹੁਣ ‘ਲਾਰੈਂਸ ਬਿਸ਼ਨੋਈ ਗੈਂਗ’ ਨੂੰ ਅੱਤਵਾਦੀਆਂ ਦੀ ਸੂਚੀ ’ਚ ਪਾਉਣਾ ਕੈਨੇਡਾ ਸਰਕਾਰ ਦੇ ਰਵੱਈਏ ’ਚ ਆਈ ਤਬਦੀਲੀ ਦੇ ਸਪੱਸ਼ਟ ਸੰਕੇਤ ਦੇ ਰਿਹਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ‘ਮਾਰਕ ਕਾਰਨੀ’ ਅਤੇ ਭਾਰਤ ਦੇ ਪ੍ਰਧਾਨ ਮੰਤਰੀ ‘ਨਰਿੰਦਰ ਮੋਦੀ’ ਦੀ 17 ਜੂਨ ਨੂੰ ਹੋਈ ਮੁਲਾਕਾਤ ਤੋਂ ਬਾਅਦ ਦੋਵੇਂ ਦੇਸ਼ ਆਪਸੀ ਸੰਬੰਧਾਂ ’ਚ ਸੁਧਾਰ ਦੇ ਯਤਨ ਲਗਾਤਾਰ ਤੇਜ਼ ਕਰ ਰਹੇ ਹਨ। ਇਸੇ ਸਿਲਸਿਲੇ ’ਚ 20 ਸਤੰਬਰ ਨੂੰ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ‘ਨਥਾਲੀ ਡ੍ਰੋਇਨ’ ਭਾਰਤ ਆਈ ਅਤੇ ਉਨ੍ਹਾਂ ਨੇ ਭਾਰਤ ਦੇ ਰਾਸ਼ਟਰੀ ਸਲਾਹਕਾਰ ‘ਅਜੀਤ ਡੋਭਾਲ’ ਨਾਲ ਮੁਲਾਕਾਤ ਕੀਤੀ। ਕੈਨੇਡਾ ਵਲੋਂ ਖਾਲਿਸਤਾਨੀਆਂ ਵਿਰੁੱਧ ਕਾਰਵਾਈ ਇਸ ਮੁਲਾਕਾਤ ਤੋਂ ਬਾਅਦ ਹੀ ਤੇਜ਼ ਹੋਈ ਹੈ।
ਹੁਣ ਜੇ ਕੋਈ ਵਿਅਕਤੀ ਸਿੱਧੇ ਜਾਂ ਅਸਿੱਧੇ ਢੰਗ ਨਾਲ ‘ਲਾਰੈਂਸ ਗੈਂਗ’ ਨੂੰ ਜਾਇਦਾਦ ਦੇਵੇਗਾ ਤਾਂ ਇਸ ਨੂੰ ਵੀ ਅਪਰਾਧ ਮੰਨਿਆ ਜਾਵੇਗਾ। ਗੈਂਗ ਨਾਲ ਕੁਨੈਕਸ਼ਨ ਰੱਖਣ ਵਾਲਿਆਂ ਦੀ ਕੈਨੇਡਾ ’ਚ ਐਂਟਰੀ ਵੀ ਔਖੀ ਹੋਵੇਗੀ।
ਹੁਣ 29 ਸਤੰਬਰ ਨੂੰ ਨਿਊਯਾਰਕ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਕੈਨੇਡਾ ਦੀ ਵਿਦੇਸ਼ ਮੰਤਰੀ ‘ਅਨੀਤਾ ਆਨੰਦ’ ਨਾਲ ਮੁਲਾਕਾਤ ਰਿਸ਼ਤਿਆਂ ’ਚ ਸੁਧਾਰ ਵੱਲ ਉਸਾਰੂ ਕਦਮ ਹੈ।
ਉਂਝ ਵੀ ‘ਅਨੀਤਾ ਆਨੰਦ’ ਕਹਿ ਚੁੱਕੀ ਹੈ ਕਿ ‘‘ਨਵੇਂ ਹਾਈ ਕਮਿਸ਼ਨ ਦੀ ਨਿਯੁਕਤੀ ਭਾਰਤ ਨਾਲ ਡਿਪਲੋਮੈਟ ਸੰਬੰਧਾਂ ਨੂੰ ਡੂੰਘਾ ਕਰਨ ਅਤੇ ਦੁਵੱਲੇ ਸਹਿਯੋਗ ਨੂੰ ਰਫਤਾਰ ਦੇਣ ਲਈ ਕਦਮ-ਦਰ-ਕਦਮ ਅੱਗੇ ਵਧਣ ਦੇ ਕੈਨੇਡਾ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।’’
ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਹੁਣ ਕੈਨੇਡਾ ਆਪਣੀ ਧਰਤੀ ਤੋਂ ਭਾਰਤ ਵਿਰੁੱਧ ਚਲਾਈ ਜਾ ਰਹੀ ਖਾਲਿਸਤਾਨੀਆਂ ਦੀ ਮੁਹਿੰਮ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਨੂੰ ਵਧੇਰੇ ਗੰਭੀਰਤਾ ਨਾਲ ਲਵੇਗਾ ਅਤੇ ਭਾਰਤ ਵਲੋਂ ਕੈਨੇਡਾ ਨੂੰ ਦਿੱਤੀ ਗਈ ਅਪਰਾਧੀਆਂ ਦੀ ਸੂਚੀ ’ਤੇ ਵੀ ਵਿਚਾਰ ਕਰੇਗਾ ਅਤੇ ਉਨ੍ਹਾਂ ਅਪਰਾਧੀਆਂ ਦੀ ਭਾਰਤ ਹਵਾਲਗੀ ਦਾ ਰਸਤਾ ਸਾਫ ਹੋਵੇਗਾ ਜੋ ਕੈਨੇਡਾ ’ਚ ਭਾਰਤ ’ਚ ਅਪਰਾਧਿਕ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਹਨ।
ਕੈਨੇਡਾ ਦੇ ਇਨ੍ਹਾਂ ਕਦਮਾਂ ਨਾਲ ਭਾਰਤ ਅਤੇ ਕੈਨੇਡਾ ਵਿਚਾਲੇ ਸੰਬੰਧ ਬਿਹਤਰ ਤੋਂ ਬਿਹਤਰ ਹੁੰਦੇ ਜਾਣਗੇ। ਇਸ ਨਾਲ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਲੋਕਾਂ ਨੂੰ, ਜਿਨ੍ਹਾਂ ’ਚ ਭਾਰਤੀ ਵਧੇਰੇ ਗਿਣਤੀ ’ਚ ਹਨ, ਲਾਭ ਹੋਵੇਗਾ।
–ਵਿਜੇ ਕੁਮਾਰ