‘ਭਾਰਤ ਦੀ ਜ਼ਿਆਦਾਤਰ ਨੌਜਵਾਨ ਪੀੜ੍ਹੀ’ ਤਣਾਅ ਅਤੇ ਚਿੰਤਾ ਦੇ ਉੱਚ ਪੱਧਰ ਦੀ ਸ਼ਿਕਾਰ!

Monday, Oct 06, 2025 - 05:39 AM (IST)

‘ਭਾਰਤ ਦੀ ਜ਼ਿਆਦਾਤਰ ਨੌਜਵਾਨ ਪੀੜ੍ਹੀ’ ਤਣਾਅ ਅਤੇ ਚਿੰਤਾ ਦੇ ਉੱਚ ਪੱਧਰ ਦੀ ਸ਼ਿਕਾਰ!

ਨੌਜਵਾਨਾਂ ਨੂੰ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਮੰਨਿਆ ਜਾਂਦਾ ਹੈ ਅਤੇ ਜਿਸ ਦੇਸ਼ ਦੀ ਨੌਜਵਾਨ ਸ਼ਕਤੀ ਜਿੰਨੀ ਮਜ਼ਬੂਤ ਹੋਵੇਗੀ, ਉਹ ਦੇਸ਼ ਓਨਾ ਹੀ ਮਜ਼ਬੂਤ ਮੰਨਿਆ ਜਾਂਦਾ ਹੈ। ਹਾਲ ਹੀ ਦਿਨਾਂ ’ਚ ਅਸੀਂ ਨੇਪਾਲ ’ਚ ਨੌਜਵਾਨਾਂ ਦੀ ਸ਼ਕਤੀ ਦਾ ਚਮਤਕਾਰ ਦੇਖ ਚੁੱਕੇ ਹਾਂ, ਜਿੱਥੇ ਨੌਜਵਾਨਾਂ ਨੇ ਸਰਕਾਰ ਨੂੰ ਹਿਲਾ ਦਿੱਤਾ।

ਪਰ ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਅੱਜ ਦੇ ਦੌਰ ’ਚ ਭਾਰਤ ਦੀ ਨੌਜਵਾਨ ਸ਼ਕਤੀ ਭਾਵ ਸਕੂਲਾਂ ਅਤੇ ਕਾਲਜਾਂ ’ਚ ਪੜ੍ਹਨ ਵਾਲੇ ਨੌਜਵਾਨ ਲੜਕੇ-ਲੜਕੀਆਂ ਪੜ੍ਹਾਈ ਦੇ ਦਬਾਅ ਅਤੇ ਇਕੱਲੇਪਣ ਤੋਂ ਗ੍ਰਸਤ ਹੋਣ ਕਾਰਨ ਚੁੱਪਚਾਪ ਵਧਦੇ ਮਾਨਸਿਕ ਸਿਹਤ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਹਾਲ ਹੀ ’ਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਕੀਤੀ ਗਈ ਖੋਜ ਤੋਂ ਪਤਾ ਲੱਗਾ ਹੈ ਕਿ ਨੌਜਵਾਨਾਂ ’ਚ ਚਿੰਤਾ, ਤਣਾਅ ਅਤੇ ਭਾਵਨਾਤਮਕ ਸੰਕਟ ਦਾ ਪੱਧਰ ਚਿੰਤਾਜਨਕ ਤੌਰ ’ਤੇ ਬਹੁਤ ਉੱਚਾ ਹੈ। ਖੋਜ ’ਚ ਇਹ ਹੈਰਾਨ ਕਰ ਦੇਣ ਵਾਲੀ ਗੱਲ ਵੀ ਸਾਹਮਣੇ ਆਈ ਕਿ ਰਾਜਧਾਨੀ ਦਿੱਲੀ ਦੇ ਵਿਦਿਆਰਥੀ ਹੋਰਨਾਂ ਸ਼ਹਿਰਾਂ ਦੇ ਵਿਦਿਆਰਥੀਆਂ ਦੀ ਤੁਲਨਾ ’ਚ ਜ਼ਿਆਦਾ ਤਣਾਅਗ੍ਰਸਤ ਹਨ।

ਇਸ ਖੋਜ ’ਚ 18-29 ਸਾਲ ਦੀ ਉਮਰ ਦੇ 1628 ਵਿਦਿਆਰਥੀ ਸ਼ਾਮਲ ਸਨ ਜਿਨ੍ਹਾਂ ’ਚ 47.1 ਫੀਸਦੀ ਮਰਦ ਅਤੇ 52.9 ਫੀਸਦੀ ਔਰਤਾਂ ਸਨ। ਖੋਜ ’ਚ ਸ਼ਾਮਲ ਲਗਭਗ 70 ਫੀਸਦੀ ਵਿਦਿਆਰਥੀ ਦਰਮਿਆਨੀ ਤੋਂ ਉੱਚ ਪੱਧਰ ਦੀ ਚਿੰਤਾ ਨਾਲ ਗ੍ਰਸਤ ਪਾਏ, ਜਦਕਿ ਲਗਭਗ 60 ਫੀਸਦੀ ਵਿਦਿਆਰਥੀ-ਵਿਦਿਆਰਥਣਾਂ ’ਚ ਤਣਾਅ ਦੇ ਲੱਛਣ ਦਿਖਾਈ ਦਿੱਤੇ ਅਤੇ 70 ਫੀਸਦੀ ਤੋਂ ਵੱਧ ਨੇ ਬਹੁਤ ਜ਼ਿਆਦਾ ਤਣਾਅ ਨੂੰ ਮਹਿਸੂਸ ਕੀਤਾ।

ਲਗਭਗ 1 ਤਿਹਾਈ ਨੇ ਕਮਜ਼ੋਰ ਭਾਵਨਾਤਮਕ ਸੰਬੰਧਾਂ ਦੀ ਸੂਚਨਾ ਦਿੱਤੀ। 14.6 ਫੀਸਦੀ ਵਿਦਿਆਰਥੀ-ਵਿਦਿਆਰਥਣਾਂ ’ਚ ਜੀਵਨ ਤੋਂ ਸੰਤੁਸ਼ਟੀ ਘੱਟ ਸੀ ਅਤੇ ਲਗਭਗ 8 ਫੀਸਦੀ ’ਚ ਖਰਾਬ ਸਮੁੱਚਾ ਮਾਨਸਿਕ ਸਿਹਤ ਸੂਚਕਅੰਕ ਦਰਜ ਕੀਤਾ।

ਜਿੱਥੇ ਲੜਕਿਆਂ ਨੇ ਕਾਫੀ ਜ਼ਿਆਦਾ ਤਣਾਅ ਅਤੇ ਸਿਹਤ ’ਚ ਖਰਾਬੀ ਬਾਰੇ ਦੱਸਿਆ, ਉੱਥੇ ਹੀ ਔਰਤਾਂ ਲਈ ਉਨ੍ਹਾਂ ਦੇ ਤੁਰੰਤ ਹੱਲ ਦੀ ਜ਼ਰੂਰਤ ਮਹਿਸੂਸ ਹੋਈ। ਦਿੱਲੀ ਦੇ ਵਿਦਿਆਰਥੀਆਂ ’ਚ ਕੁੱਲ ਮਿਲਾ ਕੇ ਤਣਾਅ ਦਾ ਉੱਚ ਪੱਧਰ ਦਰਜ ਕੀਤਾ ਿਗਆ, ਜੋ ਮਾਨਸਿਕ ਸਿਹਤ ਦੇ ਮਾਮਲੇ ’ਚ ਖੇਤਰੀ ਅਸਮਾਨਤਾਵਾਂ ਨੂੰ ਉਜਾਗਰ ਕਰਦਾ ਹੈ।

ਇਸੇ ਖੋਜ ਦੇ ਅਨੁਸਾਰ ਕੇਂਦਰੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ’ਚ ਤਣਾਅ ਜ਼ਿਆਦਾ ਪਾਇਆ ਗਿਆ ਅਤੇ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ’ਚ ਜੀਵਨ ਤੋਂ ਸੰਤੁਸ਼ਟੀ ਦਾ ਪੱਧਰ ਘੱਟ ਪਾਇਆ ਿਗਆ।

ਇਨ੍ਹਾਂ ਪ੍ਰੇਸ਼ਾਨ ਕਰਨ ਵਾਲੇ ਅੰਕੜਿਆਂ ਦੇ ਬਾਵਜੂਦ ਬਹੁਤ ਘੱਟ ਵਿਦਿਆਰਥੀਆਂ ਨੇ ਮਾਨਸਿਕ ਸਿਹਤ ਸੇਵਾਵਾਂ ਦੀ ਵਰਤੋਂ ਕੀਤੀ। ਖੋਜਕਰਤਾਵਾਂ ਨੇ ਪਾਇਆ ਕਿ ਲੋਕ ਲਾਜ, ਜਾਗਰੂਕਤਾ ਦੀ ਕਮੀ ਅਤੇ ਨਾਕਾਫੀ ਕੰਪਲੈਕਸ-ਆਧਾਰਿਤ ਸਹਾਇਤਾ ਇਸ ਸਮੱਸਿਆ ਦੇ ਹੱਲ ’ਚ ਪ੍ਰਮੁੱਖ ਅੜਿੱਕੇ ਬਣੇ ਹੋਏ ਹਨ। ਮਹਾਮਾਰੀ ਦੇ ਬਾਅਦ ਤਾਂ ਸਥਿਤੀ ਹੋਰ ਵੀ ਵਿਗੜ ਗਈ ਹੈ ਜਿਸ ਨਾਲ ਨੌਜਵਾਨਾਂ ’ਚ ਵਿੱਦਿਅਕ ਤਣਾਅ, ਇਕੱਲਾਪਣ ਅਤੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਵਧ ਗਈ ਹੈ।

ਕੁੱਲ ਮਿਲਾ ਕੇ ਇਸ ਖੋਜ ਦਾ ਸਿੱਟਾ ਇਹ ਹੈ ਕਿ ਨੌਜਵਾਨ ਬਾਲਗਾਂ ’ਚ ਚਿੰਤਾ, ਤਣਾਅ ਅਤੇ ਨਿਰਾਸ਼ਾ ਆਦਿ ਲੱਛਣ ਦਿਖਾਈ ਦਿੰਦੇ ਹੀ ਉਨ੍ਹਾਂ ਦੀ ਕੌਂਸਲਿੰਗ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਤਰਜੀਹ ਦੇਣ ਵਾਲੀਆਂ ਸਿਹਤ ਨੀਤੀਆਂ ਨੂੰ ਸਕੂਲਾਂ ਜਾਂ ਕਾਲਜਾਂ ’ਚ ਲਾਗੂ ਕਰਨ ਦੀ ਤੁਰੰਤ ਲੋੜ ਹੈ।

ਮਾਹਿਰਾਂ ਅਨੁਸਾਰ ਇਹ ਸਿੱਟਾ ਨੀਤੀ ਨਿਰਮਾਤਾਵਾਂ ਅਤੇ ਯੂਨੀਵਰਸਿਟੀਆਂ ਲਈ ਇਕ ਚਿਤਾਵਨੀ ਹੈ ਅਤੇ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਮਾਨਸਿਕ ਸਿਹਤ ਨੂੰ ਸਰੀਰਕ ਸਿਹਤ ਵਾਂਗ ਹੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।


author

Sandeep Kumar

Content Editor

Related News