ਗਾਜ਼ਾ ਡੀਲ : ਟਰੰਪ ਨੇ ਤੱਥਾਂ ਦੀ ਬਜਾਏ ਕਹਾਣੀ ਨੂੰ ਤਰਜੀਹ ਦਿੱਤੀ
Saturday, Nov 01, 2025 - 03:29 PM (IST)
ਮਿਸਰ ਦੇ ਸ਼ਰਮ ਅਲ ਸ਼ੇਖ ’ਚ ਟਰੰਪ ਦੀ ਸ਼ਾਂਤੀ ਯੋਜਨਾ ਦਾ ਸਮਰਥਨ ਕਰਨ ਲਈ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਪਾਕਿਸਤਾਨ ਵਰਗੇ ਮੁਸਲਿਮ ਦੇਸ਼ ਇਕੱਠੇ ਹੋਏ ਸਨ। ਇਨ੍ਹਾਂ ’ਚੋਂ ਕਿਸੇ ਨੇ ਵੀ ਦੋ ਸਾਲ ਤੱਕ ਚੱਲੀ ਇਜ਼ਰਾਈਲ-ਗਾਜ਼ਾ ਜੰਗ ’ਚ ਹਿੱਸਾ ਨਹੀਂ ਲਿਆ ਸੀ।
ਇਸ ਖੇਤਰ ਦੇ ਉਹ ਮੁਸਲਿਮ ਦੇਸ਼ ਜੋ ਫਿਲਸਤੀਨੀਆਂ ਲਈ ਲੜੇ ਸਨ, ਉਹ ਮੌਜੂਦ ਨਹੀਂ ਸਨ। ਇਹ ਦੇਸ਼ ਸਨ, ਈਰਾਨ, ਲਿਬਲਾਨ, ਇਰਾਕ, ਸੀਰੀਆ, ਯਮਨ। ਦੋ ਹੋਰ ਦੇਸ਼ ਬਹਿਰੀਨ, ਜਿੱਥੇ ਸ਼ੀਆ ਆਬਾਦੀ ਵੱਧ ਹੈ ਅਤੇ ਕੁਵੈਤ, ਜਿੱਥੇ ਸ਼ੀਆ ਆਬਾਦੀ ਬੜੀ ਜ਼ਿਆਦਾ ਹੈ, ਸ਼ਾਮਲ ਨਹੀਂ ਸਨ। ਇਨ੍ਹਾਂ ਸ਼ੇਖੀ ਇਲਾਕਿਆਂ ’ਚ ਸ਼ੀਆ ’ਤੇ ਲਗਾਮ ਕੱਸੀ ਗਈ ਹੈ।
ਸੰਖੇਪ ’ਚ, ਜਿਹੜੇ ਦੇਸ਼ਾਂ ਨੇ ਹਮਾਸ ਅਤੇ ਇਸ ਲਈ ਫਿਲਸਤੀਨੀ ਅੰਦੋਲਨ ਨੂੰ ਫੌਜੀ ਅਤੇ ਸਿਆਸੀ ਸਮਰਥਨ ਦਿੱਤਾ, ਉਹ ਸਾਰੇ ਸ਼ੀਆ ਸਨ ਅਤੇ ਸ਼ਰਮ ਅਲ ਸ਼ੇਖ ’ਚ ਮੌਜੂਦ ਨਹੀਂ ਸਨ। ਕੀ ਹਮਾਸ ਜਾਂ ਫਿਲਸਤੀਨੀ ਅਜਿਹੀ ਯੋਜਨਾ ’ਤੇ ਖੁਸ਼ੀ ਨਾਲ ਉਛਲ ਪੈਣਗੇ ਜਿਸ ’ਚ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਸਮਰਥਕਾਂ ਨੂੰ ਕੋਈ ਜਗ੍ਹਾ ਮਿਲੇ?
ਸ਼ੀਆ-ਸੁੰਨੀ ਦੇ ਦਰਮਿਆਨ ਦੇ ਪਾੜੇ ਨੂੰ ਚੌੜਾ ਕਰਨਾ ਦਹਾਕਿਆਂ ਤੋਂ ਪੱਛਮੀ ਦੇਸ਼ਾਂ ਦੀ ਕੋਸ਼ਿਸ਼ ਰਹੀ ਹੈ। ਮੈਨੂੰ ਯਾਦ ਹੈ ਕਿ ਸਵਰਗੀ ਹੈਨਰੀ ਕਿਸਿੰਜਰ ਨੇ ਫਿਰਕੂ ਵੰਡ ਨੂੰ ਪੱਛਮੀ ਏਸ਼ੀਆਈ ਸਿਆਸਤ ਦਾ ਪ੍ਰਮੁੱਖ ਵਿਸ਼ਾ ਦੱਸਿਆ ਸੀ ਜਿਸ ’ਚ ਫਿਲਸਤੀਨੀ ਮੁੱਦਾ ਵੀ ਸ਼ਾਮਲ ਸੀ। ਟਰੰਪ ਦੀ ਯੋਜਨਾ ਦੀ ਪਟਕਥਾ ਲਿਖਣ ਵਾਲੇ ਦਾ ਇਹੀ ਲੰਬੇ ਸਮੇਂ ਦਾ ਨਜ਼ਰੀਆ ਸੀ।
ਜਦੋਂ ਸਾਊਦੀ ਅਰਬ ਦੇ ਸਵਰਗੀ ਸ਼ਾਹ ਅਬਦੁੱਲਾ ਫਰਵਰੀ 2011 ’ਚ ਜਰਮਨੀ ਤੋਂ ਤੰਦਰੁਸਤ ਹੋ ਕੇ ਪਰਤੇ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪੱਛਮ ਦੇ 2 ਥੰਮ੍ਹਾਂ-ਮਿਸਰ ਦੇ ਹੋਸਨੀ ਮੁਬਾਰਕ ਅਤੇ ਟਿਊਨੀਸ਼ੀਆ ਦੇ ਜੀਨ-ਅਲ-ਅਬਿਦੀਨ ਬੇਨ ਅਲੀ, ਅਰਬ ਸਪ੍ਰਿੰਗ ਦੀ ਭੇਟ ਚੜ੍ਹ ਗਏ ਸਨ। ਸ਼ਾਹ ਅਬਦੁੱਲਾ ਨੇ ਆਪਣੀ ਜਨਤਾ ’ਤੇ 136 ਅਰਬ ਡਾਲਰ ਦੀ ਵਰਖਾ ਕਰ ਦਿੱਤੀ। ਉਨ੍ਹਾਂ ਨੇ 2011 ’ਚ ਸੀਰੀਆਈ ਖਾਨਾਜੰਗੀ ਨੂੰ ਭੜਕਾਉਣ ਲਈ ਪਰਦੇ ਦੇ ਪਿੱਛੋਂ ਕੰਮ ਕੀਤਾ ਜੋ ਸ਼ੀਆ ਖੇਤਰ-ਸੀਰੀਆ, ਹਿਜਬੁੱਲਾ, ਹਮਾਸ ਅਤੇ ਅਖੀਰ ਈਰਾਨ ਨੂੰ ਰੋਕਣ ਦਾ ਪਹਿਲਾ ਪੜਾਅ ਸੀ।
ਜੇਕਰ ਸਾਊਦੀ ਅਰਬ ਦੀ ਜਨਤਾ ਅਰਬ ਸਪ੍ਰਿੰਗ ਤੋਂ ਇੰਨੀ ਉਤੇਜਿਤ ਸੀ ਕਿ ਉਸ ਨੂੰ ਸ਼ਾਂਤ ਕਰਨ ਲਈ ਅਰਬਾਂ ਡਾਲਰਾਂ ਦੀ ਵਰਖਾ ਜ਼ਰੂਰੀ ਸੀ ਤਾਂ ਯਕੀਨੀ ਤੌਰ ’ਤੇ ਗੁਆਂਢ ’ਚ ਮੁਸਲਮਾਨਾਂ ਦੇ 2 ਸਾਲ ਲੰਬੇ ਕਤਲੇਆਮ ਨੇ ਸਾਊਦੀ ਜਨਤਾ ’ਚ ਹੋਰ ਵੀ ਜ਼ਿਆਦਾ ਉਤੇਜਨਾ ਪੈਦਾ ਕਰ ਦਿੱਤੀ ਹੁੰਦੀ। ਕੀ ਅਬ੍ਰਾਹਮ ਸਮਝੌਤੇ ਦੇ ਤਹਿਤ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵਲੋਂ ਇਜ਼ਰਾਈਲ ਨਾਲ ਰਿਸ਼ਤੇ ਬਣਾਉਣ ਦੀ ਕਾਹਲੀ ਬਾਰੇ ਲਗਾਈਆਂ ਜਾ ਰਹੀਆਂ ਸਾਰੀਆਂ ਕਿਆਸਅਰਾਈਆਂ ਖਾਹਿਸ਼ਾਂ ਨਾਲ ਭਰੀਆਂ ਨਹੀਂ ਸਨ?
ਹਾਲਾਂਕਿ ਹਮਾਸ ਵਿਚਾਰਕ ਤੌਰ ’ਤੇ ਮੁਸਲਿਮ ਬ੍ਰਦਰਹੁੱਡ ਦੇ ਸੰਸਥਾਪਕ ਹਸਨ ਅਲ ਬੰਨਾ ਦਾ ਪ੍ਰਤੱਖ ਵੰਸ਼ਜ਼ ਸੀ, ਫਿਰ ਵੀ ਉਸ ਦੇ ਸੁੰਨੀ ਵੱਡੇ-ਵਡੇਰਿਆਂ ਨੂੰ ਜ਼ੋਰ ਦੇਣ ਲਈ ਸ਼ਾਇਦ ਹੀ ਕਦੀ ਦਰਸਾਇਆ ਗਿਆ, ਕਿਉਂਕਿ ਇਸ ਨਾਲ ਸ਼ੀਆ ਧੜੇ ਦੇ ਸਿਧਾਂਤ ਨੂੰ ਭਰਮਾਇਆ ਜਾ ਸਕਦਾ ਸੀ।
‘ਦਿ ਟਾਈਮਜ਼ ਆਫ ਇਜ਼ਰਾਈਲ’ ਨੇ ਯਹੂਦੀ ਰਾਜ ਦੀ ਇਕ ਬੜੀ ਹੀ ਦੁਖਦੀ ਨਸ ਨੂੰ ਛੇੜਿਆ ਹੈ। ‘ਹਮਾਸ ਇਕ ਹਾਰੀ ਸ਼ਕਤੀ ਵਾਂਗ ਵਿਵਹਾਰ ਨਹੀਂ ਕਰ ਰਿਹਾ ਹੈ, ਜਿਸ ਨਾਲ ਪੂਰੀ ਗਾਜ਼ਾ ਜੰਗਬੰਦੀ ਨੂੰ ਖਤਰਾ ਹੈ।’ ਕਿਉਂ? ਕਿਉਂਕਿ ਇਜ਼ਰਾਈਲੀ ਜਾਣਦੇ ਹਨ ਕਿ ਟਰੰਪ ਦੀ ਯੋਜਨਾ ਨੇ ਉਨ੍ਹਾਂ ਨੂੰ ਜਿੱਤ ਫੜਾ ਦਿੱਤੀ ਹੈ।
ਇਸ ਦਾ ਭਾਵ ਹੈ ਕਿ 13 ਅਕਤੂਬਰ ਨੂੰ ਇਜ਼ਰਾਈਲੀ ਸੰਸਦ ’ਚ ਆਯੋਜਿਤ ਤਮਾਸ਼ੇ ਨੂੰ ਇਜ਼ਰਾਈਲੀ ਜਿੱਤ ਦਾ ਮੌਕਾ ਬਣਾਉਣ ਲਈ ਕਾਫੀ ਸਾਵਧਾਨੀ ਵਰਤੀ ਗਈ। ਤਿੰਨ ਵੱਖ-ਵੱਖ ਤਾਕਤਾਂ ਨੂੰ ਇਕੱਠਿਆਂ ਲਿਆਂਦਾ ਗਿਆ ਸੀ। ਇਨ੍ਹਾਂ ਤਿੰਨਾਂ ਨੇ ਮਿਲ ਕੇ 2 ਸਾਲ ਤੱਕ ਇਤਿਹਾਸ ਦੇ ਸਭ ਤੋਂ ਵੱਡੇ ਟੈਲੀਵਿਜ਼ਨ ਕਤਲੇਆਮ ਨੂੰ ਸੰਭਵ ਬਣਾਉਣ ਲਈ ਕਾਰਵਾਈ ਕੀਤੀ।
ਕਤਲੇਆਮ ਲਈ ਜ਼ਿੰਮੇਵਾਰ ਤਿੰਨੇ ਤਾਕਤਾਂ ਉਸ ਦਿਨ ਨੈਸੇਟ ’ਚ ਬੜੀ ਸਾਵਧਾਨੀ ਨਾਲ ਇਕੱਠੀਆਂ ਹੋਈਆਂ ਸਨ। ਬੈਂਜਾਮਿਨ ਨੇਤਨਯਾਹੂ, ਡੋਨਾਲਡ ਟਰੰਪ ਅਤੇ ਮਿਰੀਅਮ ਅਡੇਲਸਨ, ਜਿਨ੍ਹਾਂ ਨੂੰ ਟਰੰਪ ਨੇ ‘ਮਿਰੀਅਮ’ ਬੈਂਕ ’ਚ 60 ਅਰਬ ਡਾਲਰ ਦੇ ਨਾਲ, ਕਹਿ ਕੇ ਪੇਸ਼ ਕੀਤਾ ਸੀ, ਜ਼ਾਹਿਰ ਤੌਰ ’ਤੇ ਅਮਰੀਕਾ ’ਚ ਵੱਕਾਰੀ ਇਜ਼ਰਾਈਲ ਲਾਬੀ ਦਾ ਇਕ ਥੰਮ੍ਹ ਹੈ।
ਜਦੋਂ ਇਹ ਸਭ ਤੋਂ ਸ਼ਕਤੀਸ਼ਾਲੀ ਤਿੱਕੜੀ ਟਰੰਪ ਦੀ ਸ਼ਾਂਤੀ ਯੋਜਨਾ ਅਤੇ ਇਸ ਤੱਥ ਦਾ ਜਸ਼ਨ ਮਨਾ ਰਹੀ ਸੀ ਕਿ ‘ਨੇਤਨਯਾਹੂ ਦੇ ਸਾਰੇ ਜੰਗੀ ਟੀਚੇ ਪੂਰੇ ਹੋ ਗਏ ਹਨ’, ਤਾਂ ਹਮਾਸ ਲਈ ਇਹ ਜ਼ਰੂਰੀ ਸੀ ਕਿ ਉਹ ਫਿਲਸੀਤੀਨੀ ਕੈਦੀਆਂ ਦੀ ਵਾਪਸੀ ਦਾ ਜਸ਼ਨ ਨਾ ਮਨਾਏ। ਇਜ਼ਰਾਈਲੀ ਜਿੱਤ ਦੇ ਵਿਖਿਆਨ ਨੂੰ ਇੰਨਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਣਾ ਸੀ ਕਿ ਤੱਥ ਦੱਬ ਜਾਣ।
ਨੇਤਨਯਾਹੂ ਹਮਾਸ ਦਾ ਸਫਾਇਆ ਕਰਨ ’ਚ ਅਸਫਲ ਰਹੇ। ਹਮਾਸ ਪ੍ਰਤੀ ਇਜ਼ਰਾਈਲ ਦੇ ਵਤੀਰੇ ’ਚ ਇਕ ਸਪੱਸ਼ਟ ਸਿਜ਼ੋਫਰੇਨੀਆ ਪੈਦਾ ਹੋਇਆ ਹੈ। ਇਸ ਸਮੂਹ ਦੇ ਨਾਲ ਜੰਗਬੰਦੀ ’ਤੇ ਗੱਲਬਾਤ ਕਰਨੀ ਹੋਵੇਗੀ ਪਰ ਇਕ ਵਾਰ ਸ਼ਾਂਤੀ ਸਥਾਪਿਤ ਹੋ ਜਾਣ ਦੇ ਬਾਅਦ, ਹਮਾਸ ਨੂੰ ਜਾਦੂਈ ਤੌਰ ’ਤੇ ਗਾਇਬ ਹੋ ਜਾਣਾ ਚਾਹੀਦਾ ਹੈ। ਜੋ ਸੱਚਾਈ ਲੁਕਾਈ ਜਾ ਰਹੀ ਹੈ ਉਹ ਇਹ ਹੈ ਕਿ ਇਜ਼ਰਾਈਲ ਫਿਲਸਤੀਨੀਆ ’ਤੇ ਉਸ ਪੈਮਾਨੇ ’ਤੇ ਜ਼ੁਲਮ ਕਦੇ ਨਹੀਂ ਕਰ ਸਕੇਗਾ, ਜਿਵੇਂ ਕਿ ਦੁਨੀਆ ਨੇ ਪਿਛਲੇ ਸਾਲਾਂ ’ਚ ਆਪਣੇ ਟੀ. ਵੀ. ਸਕਰੀਨ ’ਤੇ ਦੇਖਿਆ ਹੈ। ਹੁਣ ਕੋਈ ਕਤਲੇਆਮ ਨਹੀਂ ਹੋਵੇਗਾ।
ਅਮਰੀਕਾ ਤੇਜ਼ੀ ਨਾਲ ਵਿਸ਼ਵ ਪੱਧਰੀ ਸਰਦਾਰੀ ਵਜੋਂ ਆਪਣੀ ਸਥਿਤੀ ਨੂੰ ਗੁਆ ਰਿਹਾ ਹੈ। ਉਹ ਸਾਮਰਾਜਵਾਦੀ ਸਰਦਾਰੀ, ਜਿਸ ਨੇ ਨੀਤੀਗਤ ਤੌਰ ’ਤੇ ਸਭ ਇਜ਼ਰਾਈਲੀ ਦੰਡਮੁਕਤੀ ਦਾ ਸਮਰਥਨ ਕੀਤਾ ਸੀ, ਹੁਣ ਵਿਸ਼ਵ ਰਾਏਸ਼ੁਮਾਰੀ ਦੀ ਅਣਦੇਖੀ ਕਰਨ ਲਈ ਲੋੜੀਂਦੀ ਸ਼ਕਤੀਸ਼ਾਲੀ ਨਹੀਂ ਹੈ। 1991 ’ਚ ਸੋਵੀਅਤ ਸੰਘ ਦੇ ਪਤਨ ਅਤੇ 9/11 ਦੇ ਦਰਮਿਆਨ ਦੇ ਦਹਾਕੇ ’ਚ ਅਮਰੀਕਾ ਅਤੇ ਇਜ਼ਰਾਈਲ ਦੀ ਦੰਡਮੁਕਤੀ ਆਪਣੇ ਸਿਖਰ ’ਤੇ ਸੀ।
ਇਹ ਉਹੀ ਦੌਰ ਸੀ ਜਦੋਂ ਅਮਰੀਕੀ ਸਦੀ ਦੇ ਸੁਪਨਿਆਂ ਨੂੰ ਬਲ ਮਿਲਿਆ। ਹੁਣ ਸਾਡੇ ਕੋਲ ਪੁਖਤਾ ਸੂਤਰਾਂ ਤੋਂ ਇਹ ਜਾਣਕਾਰੀ ਹੈ ਕਿ ਨਵੰਬਰ 2001 ’ਚ, ਬੈਂਜਾਮਿਨ ਨੇਤਨਯਾਹੂ ਨੇ ਪੱਛਮੀ ਏਸ਼ੀਆ ਦੇ 7 ਦੇਸ਼ਾਂ ਦੀ ਇਕ ਸੂਚੀ ਸੌਂਪੀ ਸੀ ਜਿੱਥੇ ਸ਼ਾਸਨ ਪਰਿਵਰਤਨ ਦਾ ਅਸਰ ਪਵੇਗਾ।
ਇਜ਼ਰਾਈਲ ਲਾਬੀ, ਨਵ-ਰੂੜੀਵਾਦੀ ਨੇਤਨਯਾਹੂ ਨੇ ਇਕੋ-ਇਕ ਮਹਾਸ਼ਕਤੀ ਪਲ ’ਚ ਪੱਛਮੀ ਏਸ਼ੀਆ ਦੇ ਭਵਿੱਖ ਲਈ ਆਪਣੀ ਰੂਪਰੇਖਾ ਤਿਆਰ ਕੀਤੀ ਸੀ। ਯੂਕ੍ਰੇਨ ਦੇ ਬਾਅਦ ‘ਕਮਜ਼ੋਰ’ ਰੂਸ ਦੇ ਯੂਰਪ ਦੇ ਭਰਮਾਊ ਸੁਪਨੇ ਵੀ ਇਕੋ-ਇਕ ਮਹਾਸ਼ਕਤੀ ਦੇ ਪਲ ’ਚ ਹੀ ਟਿਕੇ ਹੋਏ ਹਨ ਜੋ ਅਫਸੋਸ ਦੀ ਗੱਲ ਹੈ ਕਿ ਬੀਤ ਚੁੱਕਾ ਹੈ। ਯੂਕ੍ਰੇਨ ਅਤੇ ਗਾਜ਼ਾ ’ਚ ਅੰਦੋਲਨ ਨੂੰ ਰੋਕਦੇ ਹੋਏ ਅੜਿੱਕਾ ਸਮਾਂ ਅਤੇ ਲੱਖਾਂ ਲੋਕਾਂ ਦੀ ਜਾਨ ਦੀ ਭਾਰੀ ਬਰਬਾਦੀ ਹੈ। ਨਵੀਂ ਵਿਸ਼ਵ ਿਵਵਸਥਾ ਬੇਸ਼ੱਕ ਹੀ ਅਜੇ ਦੂਰ ਹੋਵੇ ਪਰ ਖਿੱਤੇ ’ਤੇ ਧਿਆਨ ਨਾਲ ਦੇਖੋ, ਇਸ ਦੀ ਧੁੰਦਲੀ ਰੂਪਰੇਖਾ ਸਿਲਹਟ ’ਚ ਪਹਿਲਾਂ ਹੀ ਉੱਭਰ ਰਹੀ ਹੈ।
ਸਈਦ ਨਕਵੀ
