ਪਾਨ ਦੇ ਪੱਤੇ ਦਾ ਭਾਰਤੀ ਰੂਪਾਂਤਰਣ
Wednesday, Sep 02, 2026 - 05:02 PM (IST)
ਬੇਲੂਰ ’ਚ ਸਥਿਤ ਚੇਨਾਕੇਸ਼ਵ ਮੰਦਰ ਦੀਆਂ ਬਾਹਰੀ ਕੰਧਾਂ ’ਤੇ, ਜਿਸ ਦਾ ਨਿਰਮਾਣ 12ਵੀਂ ਸ਼ਤਾਬਦੀ ’ਚ ਹੋਇਸਲਾ ਰਾਜਿਆਂ ਦੁਆਰਾ ਕੀਤਾ ਗਿਆ ਸੀ, ਇਕ ਮਹਿਲਾ ਪਾਨ ਦੇ ਪੱਤੇ ਫੜੀ ਖੜ੍ਹੀ ਹੈ ਪਰ ਵੈਦਿਕ ਸੰਹਿਤਾ, ਰਾਮਾਇਣ ਜਾਂ ਮਹਾਭਾਰਤ ’ਚ ਕਿਤੇ ਵੀ ਪਾਨ ਦਾ ਵਰਣਨ ਨਹੀਂ ਹੈ। ਇਹ ਉਸ ਜਗਤ ਦਾ ਹਿੱਸਾ ਨਹੀਂ ਸੀ। ਇਹ ਬਹੁਤ ਬਾਅਦ ’ਚ, ਇੰਡੋਨੇਸ਼ੀਆਈ ਦੀਪ ਸਮੂਹ ਅਤੇ ਮਲਯ ਪ੍ਰਾਇਦੀਪ ਤੋਂ ਵਪਾਰਕ ਜਹਾਜ਼ਾਂ ਦੁਆਰਾ ਲਿਆਂਦਾ ਗਿਆ ਅਤੇ ਗੁਪਤ ਕਾਲ (ਲਗਭਗ ਚੌਥੀ ਸ਼ਤਾਬਦੀ ਈਸਵੀ) ਦੇ ਦੌਰਾਨ ਪੂਰਬੀ ਤੱਟ ਦੇ ਰਸਤੇ ਭਾਰਤ ’ਚ ਦਾਖ਼ਲ ਹੋਇਆ। ਹਾਲਾਂਕਿ, ਕਰਨਾਟਕ ਦੇ ਇਕ ਮੰਦਰ ਦੀ ਕੰਧ ’ਤੇ ਪੱਥਰ ’ਚ ਉੱਕਰੀ ਹੋਈ ਇਸ ਦੀ ਮੌਜੂਦਗੀ ਇਹ ਦਰਸਾਉਂਦੀ ਹੈ ਕਿ ਕਿੰਨੀ ਜਲਦੀ ਇਹ ਪੱਤਾ ਵਿਦੇਸ਼ੀ ਦਰਾਦਮ ਨਹੀਂ ਰਹਿ ਗਿਆ ਸੀ। ਇਸ ਤੋਂ ਬਿਨਾਂ ਕੋਈ ਵੀ ਹਿੰਦੂ ਸਮਾਰੋਹ ਪੂਰਨ ਨਹੀਂ ਮੰਨਿਆ ਜਾਂਦਾ ਸੀ।
ਸੰਸਕ੍ਰਿਤ ’ਚ ਲਿਖੇ ਜਾਣ ਤੋਂ ਪਹਿਲਾਂ ਵੀ ਪੂਰਬੀ ਅਤੇ ਦੱਖਣੀ ਭਾਰਤ ’ਚ ਪਾਨ ਅਤੇ ਸੁਪਾਰੀ ਦਾ ਪ੍ਰਚਲਨ ਸੀ। ਤਮਿਲ ਸੰਗਮ ਕਵਿਤਾ 2,000 ਵਰ੍ਹੇ ਪਹਿਲਾਂ ਦੇ ਉਸ ਸੰਸਾਰ ਨੂੰ ਦਰਸਾਉਂਦੀ ਹੈ, ਜੋ ਇਨ੍ਹਾਂ ਤੋਂ ਜਾਣੂ ਸੀ। ਪੱਟਿਨੱਪਲਾਈ ਜਿਹੀਆਂ ਕਵਿਤਾਵਾਂ ਪੁਹਾਰ ਦੇ ਬਿਜ਼ੀ ਬਾਜ਼ਾਰਾਂ ਦਾ ਵਰਣਨ ਕਰਦੀਆਂ ਹਨ, ਜਿੱਥੇ ਪਾਨ ਵੇਚਿਆ ਜਾਂਦਾ ਸੀ, ਮਦੁਰੈਕੰਚੀ ਪਾਨ ਦੀ ਖੇਤੀ ਅਤੇ ਵਿਕਰੀ ’ਤੇ ਰੌਸ਼ਨੀ ਪਾਉਂਦੀ ਹੈ, ਜਦਕਿ ਕੁਰੁੰਤੋਗਈ ਇਹ ਦੱਸਦੀ ਹੈ ਕਿ ਸੁਪਾਰੀ ਦੇ ਨਾਲ ਪਾਨ ਅਰਪਿਤ ਕਰਨਾ ਮਹਿਮਾਨਨਿਵਾਜ਼ੀ ਅਤੇ ਸਨੇਹ ਦਾ ਪ੍ਰਤੀਕ ਸੀ।
ਭੋਜਨ ਦੇ ਬਾਅਦ, ਸੁਪਾਰੀ ਅਤੇ ਚੂਨੇ ਦੇ ਨਾਲ ਪਾਨ ਦੇ ਪੱਤੇ ਦਾ ਇਕ ਟੁਕੜਾ ਲਪੇਟ ਕੇ, ਉਸ ’ਚ ਇਲਾਇਚੀ, ਲੌਂਗ, ਜਾਇਫਲ, ਜਾਵਿਤਰੀ ਅਤੇ ਕਪੂਰ (ਪੰਜ ਸੁਗੰਧਿਤ ਪਦਾਰਥ, ਜਿਨ੍ਹਾਂ ਨੂੰ ਸਮੂਹਿਕ ਰੂਪ ’ਚ ਪੰਚ-ਸੁਗੰਧ ਕਿਹਾ ਜਾਂਦਾ ਹੈ) ਮਿਲਾ ਕਰ, ਪਾਚਨ ’ਚ ਸਹਾਇਤਾ ਅਤੇ ਸਾਹ ਨੂੰ ਸੁਗੰਧਿਤ ਕਰਨ ਲਈ ਖਾਧਾ ਜਾਂਦਾ ਸੀ। ਆਯੁਰਵੈਦਿਕ ਡਾਕਟਰਾਂ ਨੇ ਇਸ ਦੀ ਵਾਧੂ ਵਰਤੋਂ ਦੀ ਖੋਜ ਕੀਤੀ-ਪਾਨ ਨੂੰ ਫਾਈਲੇਰੀਆ ਸੰਕਰਮਣ, ਮੋਟਾਪਾ, ਚਮੜੀ ਰੋਗ ਅਤੇ ਸਿਰਦਰਦ ਦੇ ਉਪਚਾਰ ਦੇ ਰੂਪ ’ਚ ਆਯੁਰਵੈਦਿਕ ਦਵਾਈਆਂ ’ਚ ਸ਼ਾਮਲ ਕੀਤਾ ਗਿਆ। ਗਾਇਕਾਂ ਨੂੰ ਨਿਯਮਿਤ ਤੌਰ ’ਤੇ ਇਸ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਸੀ, ਇਹ ਮੰਨਿਆ ਜਾਂਦਾ ਸੀ ਕਿ ਇਸ ਨਾਲ ਆਵਾਜ਼ ’ਚ ਨਿਖਾਰ ਆਉਂਦਾ ਹੈ। ਰਸਮੀ ਇਲਾਜ ’ਚ ਪੌਦੇ ਦੇ ਉਨ੍ਹਾਂ ਹਿੱਸਿਆਂ ਦੀ ਵੀ ਵਰਤੋਂ ਪਾਈ ਗਈ, ਜਿਨ੍ਹਾਂ ਨੂੰ ਧਰਮ ਵਰਜਿਤ ਮੰਨਦਾ ਸੀ। ਪਾਨ ਦੇ ਪੱਤੇ ਦੀ ਡੰਠਲ ’ਤੇ ਤੇਲ ਲਗਾ ਕੇ ਬੱਚਿਆਂ ’ਚ ਕਬਜ਼ ਅਤੇ ਪੇਟ ਫੁੱਲਣ ਦੇ ਇਲਾਜ ’ਚ ਇਸ ਦੀ ਵਰਤੋਂ ਕੀਤੀ ਜਾਂਦੀ ਸੀ।
ਧਰਮ ਨੇ ਤਾਂਬੁਲ (ਪਾਨ ਦਾ ਪੱਤਾ ਜਾਂ ਬੀੜਾ) ਨੂੰ ਸਮਾਨ ਰੂਪ ’ਚ ਅਪਣਾ ਲਿਆ। ਇਸ ਦੀ ਵਰਤੋਂ ਪਵਿੱਤਰ ਜਲ ਛਿੜਕਣ, ਦੇਵਤਿਆਂ ਨੂੰ ਅਰਪਿਤ ਕਰਨ ਅਤੇ ਪੁਜਾਰੀਆਂ ਨੂੰ ਦਿੱਤੇ ਜਾਣ ਵਾਲੀ ਦਕਸ਼ਿਣਾ ’ਚ ਸ਼ਾਮਲ ਕਰਨ ਲਈ ਕੀਤੀ ਜਾਂਦੀ ਸੀ। ਮੱਧਕਾਲੀਨ ਦੱਖਣੀ ਭਾਰਤੀ ਮੰਦਿਰਾਂ ’ਚ ਇਸ ਨੂੰ ਰੋਜ਼ਾਨਾ ਪੂਜਾ-ਪਾਠ ’ਚ ਸ਼ਾਮਲ ਕੀਤਾ ਗਿਆ। ਧਰਮਸ਼ਾਸਤਰੀਆਂ ਨੇ ਪਾਨ ਦੇ ਪੱਤੇ ’ਚ ਹਿੰਦੂ ਤ੍ਰਿਮੂਰਤੀ ਦਾ ਪ੍ਰਤੀਕ ਪਾਇਆ-ਸੁਪਾਰੀ ਬ੍ਰਹਮਾ (ਸ੍ਰਿਸ਼ਟੀਕਰਤਾ), ਪੱਤਾ ਵਿਸ਼ਨੂੰ (ਰੱਖਿਅਕ) ਅਤੇ ਚੂਨਾ ਸ਼ਿਵ (ਸੰਹਾਰਕ) ਦਾ ਪ੍ਰਤੀਨਿਧਤਾ ਕਰਦਾ ਹੈ। ਪੱਤੇ ਦੀ ਰਚਨਾ ਨੂੰ ਹੀ ਦਿਵਯ ਸਵਰੂਪ ਨਾਲ ਜੋੜਿਆ ਗਿਆ ਹੈ। ਖੱਬੇ ਪਾਸੇ ਦੇਵੀ ਲਕਸ਼ਮੀ ਅਤੇ ਸੱਜੇ ਪਾਸੇ ਸਰਸਵਤੀ ਬਿਰਾਜਮਾਨ ਹਨ। ਮੌਤ ਦੇ ਦੇਵਤਾ ਯਮ ਡੰਠਲ ਅਤੇ ਉੱਪਰੀ ਸਿਰੇ ’ਚ ਨਿਵਾਸ ਕਰਦੇ ਹਨ, ਇਸ ਲਈ ਪੱਤੇ ਨੂੰ ਤਿਆਰ ਕਰਨ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੂੰ ਹਟਾ ਦਿੱਤਾ ਜਾਂਦਾ ਹੈ। ਜੋ ਬਚਦਾ ਹੈ ਉਹ ਸ਼ੁੱਭ ਹੁੰਦਾ ਹੈ, ਜਿਸ ਨੂੰ ਪਤੀ-ਪਤਨੀ, ਦੇਵੀ-ਦੇਵਤਾ, ਮੇਜ਼ਬਾਨ ਅਤੇ ਮਹਿਮਾਨ ਦੇ ਵਿਚਾਲੇ ਸਾਂਝਾ ਕੀਤਾ ਜਾਂਦਾ ਹੈ।
ਆਸਾਮ ’ਚ, ਕਿਸੇ ਵੀ ਆਉਣ ਵਾਲੇ ਦੇ ਸਾਹਮਣੇ ਸਭ ਤੋਂ ਪਹਿਲਾਂ ਸੁਪਾਰੀ ਰੱਖੀ ਜਾਂਦੀ ਸੀ। ਭੂਟਾਨ ’ਚ, ਜਦੋਂ ਵੀ ਦੋ ਲੋਕ ਮਿਲਦੇ ਸਨ, ਤਾਂ ‘ਡੋਮਾ ਜੇਸ’ ਭਾਵ ‘ਕ੍ਰਿਪਾ ਕਰਕੇ ਸੁਪਾਰੀ ਗ੍ਰਹਿਣ ਕਰੋ’ ਕਿਹਾ ਜਾਂਦਾ ਸੀ। ਰਸਮੀ ਸਮਾਰੋਹਾਂ ’ਚ, ਮੇਜ਼ਬਾਨ ਦੋਵਾਂ ਹੱਥਾਂ ਨਾਲ ਸੁਪਾਰੀ ਭੇਟ ਕਰਦਾ ਸੀ। ਦੂਜਿਆਂ ਦੇ ਸਾਹਮਣੇ ਸੁਪਾਰੀ ਚਬਾਉਣਾ ਅਤੇ ਭੇਂਟ ਨਾ ਕਰਨਾ ਸ਼ਿਸ਼ਟਾਚਾਰ ਦਾ ਉਲੰਘਣ ਮੰਨਿਆ ਜਾਂਦਾ ਸੀ। ਜਾਤੀ ਆਧਾਰਿਤ ਭਾਰਤੀ ਸਮਾਜ ’ਚ, ਜਿੱਥੇ ਲੋਕ ਭੋਜਨ ਸਾਂਝਾ ਨਹੀਂ ਕਰਦੇ ਸਨ, ਪਾਨ ਸਾਂਝਾ ਕਰਨਾ ਆਸਾਨ ਸੀ। ਇਹ ਮੱਧਯੁਗੀ ਦਰਬਾਰੀ ਰੀਤੀ-ਰਿਵਾਜਾਂ ਦਾ ਹਿੱਸਾ ਬਣ ਗਿਆ, ਜਿਸ ਨੂੰ ਸੁਲਤਾਨਾਂ ਅਤੇ ਨਵਾਬਾਂ ਨੇ ਵੀ ਅਪਣਾਇਆ।
ਸਵਾਗਤ ਅਤੇ ਵਿਦਾਈ ਦੇ ਵਿਚਾਲੇ, ਪਾਨ ਅਹੁਦੇ ਅਤੇ ਵੱਕਾਰ ਦਾ ਪ੍ਰਤੀਕ ਸੀ। ਰਾਜੇ ਨੂੰ 32 ਪੱਤੇ, ਰਾਜਕੁਮਾਰ ਨੂੰ 24, ਵਿਦਵਾਨ ਨੂੰ 12 ਅਤੇ ਆਮ ਆਦਮੀ ਨੂੰ 4 ਪੱਤੇ ਮਿਲਦੇ ਸਨ। ਰਾਜ ਦਰਬਾਰਾਂ ’ਚ ਪਾਨ ਦੀ ਥੈਲੀ ਢੋਣ ਵਾਲੇ (ਹਡਪਵਾਲਾ) ਨੂੰ ਉੱਚ ਅਹੁਦੇ ’ਤੇ ਬਿਰਾਜਮਾਨ ਮਰਦਾਂ ਨੂੰ ਦਿੱਤਾ ਜਾਣ ਵਾਲਾ ਇਕ ਵੱਕਾਰੀ ਅਹੁਦਾ ਮੰਨਿਆ ਜਾਂਦਾ ਸੀ। ਰਾਜੇ ਦੇ ਹੱਥੋਂ ਪਾਨ ਗ੍ਰਹਿਣ ਕਰਨਾ ਵਫ਼ਾਦਾਰੀ ਦੀ ਜਨਤਕ ਮਨਜ਼ੂਰੀ ਸੀ। ਕੁਝ ਦਰਬਾਰੀ ਸਥਿਤੀਆਂ ’ਚ, ਵਿਰੋਧੀ ਤੋਂ ਪਾਨ ਗ੍ਰਹਿਣ ਕਰਨਾ ਅਪਮਾਨ ਦੇ ਸਮਾਨ ਮੰਨਿਆ ਜਾਂਦਾ ਸੀ।
ਜਾਤੀ ਵਿਵਸਥਾ ਨੇ ਇਸ ਦਲੀਲ ਨੂੰ ਅੱਗੇ ਵਧਾਇਆ-ਅਸ਼ੁੱਧ ਜਾਤੀ ਦੇ ਵਿਅਕਤੀ ਦੁਆਰਾ ਤਿਆਰ ਕੀਤਾ ਗਿਆ ਭੋਜਨ ਉੱਚ ਜਾਤੀ ਦੇ ਵਿਅਕਤੀ ਲਈ ਅਪਵਿੱਤਰ ਮੰਨਿਆ ਜਾਂਦਾ ਸੀ। ਕਿਸੇ ਪੁਰਸ਼ ਨੂੰ ਪਾਨ ਦੇਣ ਵਾਲੀ ਇਸਤਰੀ ਨੂੰ ਵਿਭਚਾਰ ਦੇ ਰੂਪ ’ਚ ਦੇਖਿਆ ਜਾਂਦਾ ਸੀ। ਕਾਮਸੂਤਰ ’ਚ ਪ੍ਰੇਮ ਜੀਵਨ ਦੇ ਜ਼ਰੂਰੀ ਤੱਤਾਂ ’ਚ ਪਾਨ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਵਪਾਰਕ ਫਿਰਕਿਆਂ ’ਚ, ਕਿਸੇ ਦੂਜੇ ਪੱਖ ਤੋਂ ਤਾਂਬੁਲ ਪ੍ਰਾਪਤ ਕਰਨਾ ਦੋਵਾਂ ਪੱਖਾਂ ਨੂੰ ਕਿਸੇ ਲਿਖਤੀ ਸਮਝੌਤੇ ਦੀ ਤਰ੍ਹਾਂ ਹੀ ਇਕ ਸਮਝੌਤੇ ਨਾਲ ਬੰਨ੍ਹ ਦਿੰਦਾ ਸੀ।
ਇਕ ਪੌਦਾ ਜੋ ਦੂਰ-ਦਰਾਜ ਦੇ ਦੀਪਾਂ ਤੋਂ ਸਮੁੰਦਰ ਦੇ ਰਸਤੇ ਆਇਆ, ਵੇਦਾਂ ’ਚ ਜਿਸ ਦਾ ਵਰਣਨ ਨਹੀਂ ਹੈ, ਹੋਇਸਲਾ ਮੰਦਰਾਂ ਦੀਆਂ ਕੰਧਾਂ ’ਤੇ ਮੌਜੂਦ ਹੈ, ਤ੍ਰਿਮੂਰਤੀ ਦਾ ਪ੍ਰਤੀਕ ਬਣ ਗਿਆ, ਲਕਸ਼ਮੀ ਅਤੇ ਯਮ ਦੋਵਾਂ ਦਾ ਵਾਹਨ ਅਤੇ ਮਨੁੱਖੀ ਸੰਬੰਧਾਂ ਦਾ ਵਿਆਕਰਨ ਬਣ ਗਿਆ।
-ਦੇਵਦੱਤ ਪੱਟਾਨਾਇਕ
