457 ਸਾਲ ਬਾਅਦ ਦੁਨੀਆ ਦਾ ਨਕਸ਼ਾ ਬਦਲਣ ਦੀ ਤਿਆਰੀ

Wednesday, Sep 09, 2026 - 08:14 PM (IST)

457 ਸਾਲ ਬਾਅਦ ਦੁਨੀਆ ਦਾ ਨਕਸ਼ਾ ਬਦਲਣ ਦੀ ਤਿਆਰੀ

ਦੁਨੀਆ ਦਾ ਨਕਸ਼ਾ ਬਦਲ ਰਿਹਾ ਹੈ, ਉਹ ਨਕਸ਼ਾ ਜੋ 457 ਸਾਲਾਂ ਤੋਂ ਵਰਤਿਆ ਜਾ ਰਿਹਾ ਹੈ। ਨਿਸ਼ਚਿਤ ਤੌਰ ’ਤੇ ਜਿਸ ਤੇਜ਼ੀ ਨਾਲ ਦੁਨੀਆ ਬਦਲੀ, ਵਿਗਿਆਨ ਬਹੁਤ ਅੱਗੇ ਵਧਿਆ, ਹਰ ਰੋਜ਼ ਨਵੀਂ ਤਕਨਾਲੋਜੀ ਆ ਰਹੀ ਹੈ, ਹੁਣ ਆਸਮਾਨ ਤੋਂ ਧਰਤੀ ਦਾ ਕੋਨਾ-ਕੋਨਾ ਨਿਹਾਰਨਾ ਅਸੰਭਵ ਨਹੀਂ। ਅਜਿਹੇ ’ਚ ਭਲਾ ਇੰਨੇ ਪੁਰਾਣੇ ਨਕਸ਼ੇ ਨੂੰ ਲੈ ਕੇ ਕਿਉਂ ਨਾ ਆਵਾਜ਼ ਉੱਠੇ? ਨਕਸ਼ਾ ਬਦਲਣ ਨਾਲ ਸੰਸਾਰਕ ਭੂ-ਭਾਗ ਨਹੀਂ ਬਦਲੇਗਾ, ਪਰ ਜੋ ਕੁਝ ਖਾਮੀਆਂ ਸਨ, ਉਨ੍ਹਾਂ ਨੂੰ ਸੁਧਾਰਿਆ ਜਾਵੇਗਾ। ਇਹ ਇਕ ਤਰ੍ਹਾਂ ਨਾਲ ਗਲਤ ਤਰੀਕੇ ਨਾਲ ਦਿਖਾਏ ਗਏ ਨਕਸ਼ੇ ਨੂੰ ਸਹੀ ਕਰਨਾ ਅਤੇ ਸੱਚ ਸਾਹਮਣੇ ਲਿਆਉਣ ਵਰਗਾ ਹੈ।

ਵਿਸ਼ਵ ’ਚ ਸਭ ਤੋਂ ਵਧ ਵਰਤਿਆ ਜਾਣ ਵਾਲਾ ਨਕਸ਼ਾ 1569 ’ਚ ਬਣਾਇਆ ਗਿਆ ‘ਮਰਕੇਟਰ ਮਾਨਚਿੱਤਰ’ ਹੈ। ਇਸ ਨੂੰ ਯੂਰਪ ਦੇ ਨਕਸ਼ਾ ਬਣਾਉਣ ਵਾਲੇ ਜੇਰਾਰਡਸ ਮਰਕੇਟਰ ਨੇ ਇਸ ਲਈ ਬਣਾਇਆ ਸੀ, ਤਾਂ ਜੋ ਯੂਰਪੀ ਖੋਜਕਰਤਾਵਾਂ ਨੂੰ ਸੰਸਾਰਕ ਯਾਤਰਾ ਦੌਰਾਨ ਮਦਦ ਮਿਲ ਸਕੇ ਪਰ ਉਦੋਂ ਤੋਂ ਹੁਣ ਤੱਕ ਨਕਸ਼ੇ ਤੋਂ ਇਲਾਵਾ ਬਹੁਤ ਕੁਝ ਬਦਲ ਚੁੱਕਾ ਹੈ। ਮਰਕੇਟਰ ਮਾਨਚਿੱਤਰ ਵਿਸ਼ੇਸ਼ ਤੌਰ ’ਤੇ ਜਹਾਜ਼ਰਾਨੀ, ਸਮੁੰਦਰੀ ਨੇਵੀਗੇਸ਼ਨ (ਦਿਸ਼ਾ ਅਤੇ ਕੋਣ ਸਿੱਧੇ ਰੱਖਣ) ਦੇ ਉਦੇਸ਼ ਨਾਲ ਬਣਾਇਆ ਗਿਆ ਸੀ, ਜਿਸ ’ਚ ਇਕ ਖਾਮੀ ਸੀ। ਨਕਸ਼ੇ ’ਚ ਭੂ-ਮੱਧ ਰੇਖਾ ਤੋਂ ਦੂਰ ਉੱਤਰ ਅਤੇ ਦੱਖਣ ’ਚ ਮੌਜੂਦ ਦੇਸ਼ ਆਕਾਰ ’ਚ ਬਹੁਤ ਵੱਡੇ ਦਿਸਦੇ ਹਨ, ਜਦੋਂ ਕਿ ਭੂ-ਮੱਧ ਰੇਖਾ ਕੋਲ ਸਥਿਤ ਦੇਸ਼ ਕਾਫ਼ੀ ਛੋਟੇ ਦਿਸਦੇ ਹਨ। ਮਰਕੇਟਰ ਨਕਸ਼ੇ ’ਚ ਗ੍ਰੀਨਲੈਂਡ ਅਤੇ ਅਫ਼ਰੀਕਾ ਇਕੋ ਆਕਾਰ ਦੇ ਦਿਸਦੇ ਹਨ, ਜਦੋਂ ਕਿ ਅਸਲੀਅਤ ’ਚ ਅਫ਼ਰੀਕਾ 3.04 ਕਰੋੜ ਵਰਗ ਕਿਲੋਮੀਟਰ ਦਾ ਹੈ ਅਤੇ ਗ੍ਰੀਨਲੈਂਡ 22 ਲੱਖ ਵਰਗ ਕਿਲੋਮੀਟਰ ਦਾ, ਭਾਵ ਅਫ਼ਰੀਕਾ 14 ਗੁਣਾ ਵੱਡਾ ਹੈ। ਅਫ਼ਰੀਕਾ ਮਹਾਦੀਪ ਇੰਨਾ ਵੱਡਾ ਹੈ ਕਿ ਇਸ ਦੇ ਅੰਦਰ ਸੰਯੁਕਤ ਰਾਜ ਅਮਰੀਕਾ, ਚੀਨ, ਭਾਰਤ, ਜਾਪਾਨ, ਮੈਕਸੀਕੋ ਅਤੇ ਪੂਰੇ ਪੱਛਮੀ ਯੂਰਪ ਨੂੰ ਸਮਾਇਆ ਜਾ ਸਕਦਾ ਹੈ।

ਯਕੀਨਨ ਨਕਸ਼ੇ ਨੂੰ ਹੋਰ ਵੀ ਸ਼ੁੱਧ ਜਾਂ ਅਪਡੇਟ ਕੀਤਾ ਜਾਣਾ ਜ਼ਰੂਰੀ ਹੈ, ਜਿਸ ਦੇ ਲਈ ਬਾਕਾਇਦਾ ਸੰਯੁਕਤ ਰਾਸ਼ਟਰ ਮਹਾਸਭਾ ਭਾਵ ਯੂ. ਐੱਨ. ਜੀ. ਏ. ਨੇ ਵੋਟਿੰਗ ਕਰਵਾਈ। ਵੱਖ-ਵੱਖ ਦੇਸ਼ਾਂ ਨੇ ਇਕ ਅਜਿਹੇ ਨਵੇਂ ਨਕਸ਼ੇ ਨੂੰ ਅਪਨਾਉਣ ਦੇ ਪੱਖ ’ਚ ਵੋਟ ਪਾਈ, ਜੋ ਧਰਤੀ ਦੇ ਮਹਾਦੀਪਾਂ ਦਾ ਬਿਲਕੁਲ ਸਹੀ ਆਕਾਰ ਦਿਖਾਏ। ਇਸ ਵੋਟਿੰਗ ’ਚ ਅਮਰੀਕਾ ਤੋਂ ਇਲਾਵਾ ਕਿਸੇ ਨੇ ਵੀ ਖ਼ਿਲਾਫ਼ ਵੋਟ ਨਹੀਂ ਪਾਈਆਂ, ਜਦੋਂ ਕਿ 6 ਦੇਸ਼ਾਂ ਨੇ ਹਿੱਸਾ ਨਹੀਂ ਲਿਆ। ਅਮਰੀਕਾ ਨੇ ਇਸ ਨੂੰ ਇਕ ਵਿਚਾਰਕ ਏਜੰਡਾ ਅਤੇ ਜ਼ਰੂਰੀ ਅਸਲ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਵਾਲਾ ਕਦਮ ਦੱਸਦੇ ਹੋਏ ਤਰਕ ਦਿੱਤਾ ਕਿ ਇਹ ਪ੍ਰਸਤਾਵ ਇਸ ਸੰਸਥਾ ਦੇ ਕਾਰਜ ਅਤੇ ਉਦੇਸ਼ ਦਾ ਮਜ਼ਾਕ ਉਡਾਉਂਦਾ ਹੈ। ਇਸ ਯਤਨ ਨੂੰ ਬੇਸ਼ੱਕ ਹੀ ਨਕਸ਼ੇ ਸੰਬੰਧੀ ਮਾਪਦੰਡਾਂ ਨੂੰ ਅਪਡੇਟ ਕਰਨ ਦੀ ਆਮ ਕੋਸ਼ਿਸ਼ ਦੱਸਿਆ ਜਾ ਰਿਹਾ ਹੋਵੇ, ਪਰ ਅਮਰੀਕਾ ਇਸ ਨੂੰ ਇਕ ਵਿਆਪਕ ਅਤੇ ਹੋਰ ਕੱਟੜਪੰਥੀ ਵਿਚਾਰਕ ਪ੍ਰਾਜੈਕਟ ਦਾ ਹਿੱਸਾ ਮੰਨਦਾ ਹੈ।

ਦੁਨੀਆ ਨੂੰ ਸਾਲਾਂ ਤੋਂ ਇਕ ਨਕਸ਼ੇ ਰਾਹੀਂ ਦੇਖਣ ਦਾ ਨਜ਼ਰੀਆ ਬਦਲਣ ਅਤੇ ਸਟੀਕ ਕਰਨ ਦੀ ਕੋਸ਼ਿਸ਼ ਆਖਿਰਕਾਰ 4 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਵੋਟਿੰਗ ’ਚ ਕਾਮਯਾਬ ਹੋਈ। ਭਾਰਤ ਸਮੇਤ 164 ਦੇਸ਼ਾਂ ਨੇ ਨਵੇਂ ਨਕਸ਼ੇ ਦੇ ਪੱਖ ’ਚ ਵੋਟ ਦਿੱਤੀਆਂ, ਇਕੱਲੇ ਅਮਰੀਕਾ ਨੇ ਵਿਰੋਧ ਕੀਤਾ। ਇਸ ਨਕਸ਼ੇ ਨੂੰ ‘ਇਕੁਅਲ ਅਰਥ ਕਾਰਟੋਗ੍ਰਾਫਿਕ ਪ੍ਰੋਜੈਕਸ਼ਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਪ੍ਰਸਤਾਵ ਦੀ ਅਗਵਾਈ ਕਈ ਅਫ਼ਰੀਕੀ ਦੇਸ਼ਾਂ ਨੇ ਕੀਤੀ ਸੀ। ਟੋਗੋ ਨੇ ਅਫ਼ਰੀਕੀ ਸੰਘ ਦੇ ਸਮਰਥਨ ਨਾਲ ਲਿਆਂਦੇ ਗਏ ਇਸ ਪ੍ਰਸਤਾਵ ’ਚ ਕਿਹਾ ਕਿ ਮਰਕੇਟਰ ਨਕਸ਼ੇ ਦੀਆਂ ਖਾਮੀਆਂ ਨੇ ਸਦੀਆਂ ਤੋਂ ਇਤਿਹਾਸਕ ਅਤੇ ਸੱਭਿਆਚਾਰਕ ਪੱਖਪਾਤ ਪੈਦਾ ਕੀਤੇ ਹਨ। ਇਸ ਨੂੰ ਗਿਆਨਾਤਮਕ ਨਿਆਂ ਅਤੇ ਇਤਿਹਾਸਕ ਸੁਧਾਰ ਦਾ ਮਾਮਲਾ ਦੱਸਿਆ। ‘ਇਕੁਅਲ ਅਰਥ ਪ੍ਰੋਜੈਕਸ਼ਨ’ ਨੂੰ 2018 ’ਚ ਵਿਕਸਿਤ ਕੀਤਾ ਗਿਆ। ਇਸ ਨਾਲ ਹੋਰ ‘ਇਕੁਅਲ ਏਰੀਆ’ ਨਕਸ਼ੇ ਮਹਾਦੀਪਾਂ ਦੇ ਸਾਪੇਖਿਕ ਆਕਾਰ ਨੂੰ ਬਿਲਕੁਲ ਸਟੀਕ ਅਨੁਪਾਤ ’ਚ ਦਿਖਾਉਂਦੇ ਹਨ। ਭਾਰਤ ਨੇ ਪ੍ਰਸਤਾਵ ਦੇ ਪੱਖ ’ਚ ਵੋਟ ਦਿੱਤੀ ਪਰ ਸਾਫ਼ ਕੀਤਾ ਕਿ ਜੇਕਰ ਕੋਈ ਨਵਾਂ ਨਕਸ਼ਾ ਬਣੇਗਾ ਤਾਂ ਉਸ ’ਚ ਭਾਰਤ ਦਾ ਪੂਰਾ ਭੂ-ਭਾਗ ਸਹੀ ਤਰੀਕੇ ਨਾਲ ਹੋਵੇ, ਖਾਸ ਕਰਕੇ ਜੰਮੂ-ਕਸ਼ਮੀਰ ਅਤੇ ਲੱਦਾਖ ਵਰਗੇ ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤੀ ਅਧਿਕਾਰਤ ਨਕਸ਼ੇ ਮੁਤਾਬਕ ਹੋਣ। ਇਨ੍ਹਾਂ ਨੂੰ ਗਲਤ ਜਾਂ ਭਰਮਾਊ ਦਿਖਾਉਣਾ ਮਨਜ਼ੂਰ ਨਹੀਂ ਹੋਵੇਗਾ। ਮਰਕੇਟਰ ਪ੍ਰੋਜੈਕਸ਼ਨ ਅਜੇ ਵੀ ਸਿੱਖਿਆ, ਮੀਡੀਆ, ਡਿਜੀਟਲ ਅਤੇ ਸਰਕਾਰੀ ਸਮੱਗਰੀ ’ਚ ਕਾਫ਼ੀ ਵਰਤਿਆ ਜਾਂਦਾ ਹੈ। ਗੋਲ ਧਰਤੀ ਨੂੰ ਪੱਧਰੀ ਸਤਹ ’ਤੇ ਦਿਖਾਉਣ ਦੀ ਕੀਮਤ ਖੇਤਰਫਲ ’ਚ ਖਾਮੀ ਦੇ ਰੂਪ ’ਚ ਚੁਕਾਉਣੀ ਪੈਂਦੀ ਹੈ। ਇਹ ਭੂ-ਮੱਧ ਰੇਖਾ ਤੋਂ ਦੂਰ ਉੱਤਰ ਅਤੇ ਦੱਖਣ ਦੇ ਇਲਾਕਿਆਂ ਦੇ ਆਕਾਰ ਵਿਗਾੜ ਦਿੰਦਾ ਹੈ। ਇਸ ਨਾਲ ਅਫ਼ਰੀਕਾ, ਲੈਟਿਨ ਅਮਰੀਕਾ ਅਤੇ ਦੱਖਣੀ ਏਸ਼ੀਆ ਦੇ ਆਕਾਰ ਛੋਟੇ ਲੱਗਦੇ ਹਨ ਅਤੇ ਦੁਨੀਆ ਦਾ ਨਕਸ਼ਾ ਅਸੰਤੁਲਿਤ ਨਜ਼ਰ ਆਉਂਦਾ ਹੈ।

ਭਾਰਤ ਨੇ ਪੱਖ ’ਚ ਵੋਟ ਦੇ ਨਾਲ ਵਿਆਖਿਆ ਵੀ ਦਿੱਤੀ, ਜਿਸ ’ਚ ਕਿਹਾ ਕਿ ਪ੍ਰਸਤਾਵ ਬਰਾਬਰ ਖੇਤਰਫਲ ਵਾਲੇ ਮਾਨਚਿੱਤਰਣ ਪ੍ਰਤੀਨਿਧਤਾ ਸਿਧਾਂਤ ਨੂੰ ਉਤਸ਼ਾਹਿਤ ਕਰਦਾ ਹੈ ਪਰ ਕਿਸੇ ਖਾਸ ਨਕਸ਼ੇ ਜਾਂ ਸਰਹੱਦਾਂ ਦਾ ਸਮਰਥਨ ਨਹੀਂ ਕਰਦਾ। ਪ੍ਰਸਤਾਵ ਦੇ ਪੱਖ ਜਾਂ ਵਿਰੋਧ ’ਚ ਐਸਟੋਨੀਆ, ਜਾਰਜੀਆ, ਲਿਥੁਆਨੀਆ, ਮੋਲਦੋਵਾ, ਸਰਬੀਆ ਅਤੇ ਯੂਕ੍ਰੇਨ ਨੇ ਵੋਟਿੰਗ ਤੋਂ ਗੁਰੇਜ਼ ਕੀਤਾ। ਭਾਰਤ ਨੇ ਸਪੱਸ਼ਟ ਕੀਤਾ ਕਿ ਪ੍ਰਸਤਾਵ ਦਾ ਜੰਮੂ-ਕਸ਼ਮੀਰ, ਲੱਦਾਖ ਜਾਂ ਕਿਸੇ ਅੰਤਰਰਾਸ਼ਟਰੀ ਸਰਹੱਦ ਦੇ ਸਿਆਸੀ ਦਰਜੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਭਾਰਤ ਨੇ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਲੈ ਕੇ ਰੁਖ਼ ਨੂੰ ਸਪੱਸ਼ਟ, ਲਗਾਤਾਰ ਇਕੋ ਜਿਹਾ ਅਤੇ ਅਟੁੱਟ ਦੱਸਿਆ, ਜੋ ਨਕਸ਼ੇ ’ਚ ਵੀ ਹੋਵੇ। ਅਗਲੇ ਹੀ ਦਿਨ ਪਾਕਿਸਤਾਨ ਨੇ ਆਪਣੀ ਆਦਤ ਮੁਤਾਬਕ ਭਾਰਤ ਦੇ ਰੁਖ਼ ਨੂੰ ਨਿਸ਼ਾਨਾ ਬਣਾਇਆ ਅਤੇ ਜੰਮੂ-ਕਸ਼ਮੀਰ ’ਤੇ ਆਪਣੇ ਪੁਰਾਣੇ ਦਾਅਵੇ ਦੁਹਰਾਅ ਦਿੱਤੇ, ਜੋ ਨਾ ਕਦੇ ਪ੍ਰਵਾਨਯੋਗ ਸਨ, ਨਾ ਹੋਣਗੇ। ਨਿਸ਼ਚਿਤ ਤੌਰ ’ਤੇ ਨਵੇਂ ਯੁੱਗ ਅਤੇ ਨਵੇਂ ਸਮੇਂ ਮੁਤਾਬਕ ਗੋਲ ਧਰਤੀ ਦਾ ਨਵਾਂ ਅਤੇ ਸਹੀ ਨਕਸ਼ਾ ਜ਼ਰੂਰੀ ਹੈ।

- ਰਿਤੂਪਰਣ ਦਵੇ


author

Anmol Tagra

Content Editor

Related News