ਫ਼ਲੂ ਦੀ ਵਧਦੀ ਕਰੋਪੀ ਤੋਂ ਅਸੀਂ ਅਗਲੀ ਮਹਾਮਾਰੀ ਨੂੰ ਲੈ ਕੇ ਕੀ ਸਿੱਖ ਸਕਦੇ ਹਾਂ?
Thursday, Sep 10, 2026 - 06:01 PM (IST)
ਮਹਾਮਾਰੀਆਂ ਬਹੁਤ ਭਿਆਨਕ ਅਤੇ ਸਿੱਖਣ ਦਾ ਸਭ ਤੋਂ ਮਾੜਾ ਸਮਾਂ ਹੁੰਦੀਆਂ ਹਨ। ਸਬਕ ਸਭ ਤੋਂ ਚੰਗੇ ਤਰੀਕੇ ਨਾਲ ਮਹਾਮਾਰੀ ਦੇ ਵਿਚਕਾਰਲੇ ਸਮੇਂ ’ਚ ਸਿੱਖੇ ਜਾਂਦੇ ਹਨ, ਜਿਵੇਂ ਕਿ ਵਰਤਮਾਨ ’ਚ ਫ਼ਲੂ ਦਾ ਪ੍ਰਕੋਪ। ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਇਸ ਸਾਲ ਪਿਛਲੇ ਸਾਲ ਦੀ ਤੁਲਨਾ ’ਚ 2-10 ਗੁਣਾ ਵੱਧ ਮਾਮਲੇ ਸਾਹਮਣੇ ਆਏ ਹਨ। ਜਿੱਥੇ ਇਕ ਪਾਸੇ ਸੁਰਖੀਆਂ ਦਰਜ ਮਾਮਲਿਆਂ ਦੀ ਭਰਮਾਰ ਨਾਲ ਭਰੀਆਂ ਹਨ, ਉੱਥੇ ਹੀ ਮਾਹਿਰ ਅਤੇ ਸਰਕਾਰੀ ਅਧਿਕਾਰੀ ਇਹ ਭਰੋਸਾ ਦਿੰਦੇ ਰਹਿੰਦੇ ਹਨ ਕਿ ਫ਼ਲੂ ਦਾ ਸਟ੍ਰੇਨ ਨਹੀਂ ਬਦਲਿਆ ਹੈ। ਸਰਕਾਰੀ ਸਲਾਹ ’ਚ ਵੀ ਜਨਤਾ ਤੋਂ ਚੌਕਸ ਰਹਿਣ ਨੂੰ ਕਿਹਾ ਗਿਆ ਹੈ ਪਰ ਘਬਰਾਉਣ ਲਈ ਨਹੀਂ। ਮੈਨੂੰ ਸਮਝ ਨਹੀਂ ਆਉਂਦਾ ਕਿ ਇਸ ਦਾ ਕੀ ਮਤਲਬ ਹੈ।
ਇਕ ਚੰਗੀ ਤਰ੍ਹਾਂ ਸਥਾਪਤ ਵਾਇਰਸ ਗੰਭੀਰ ਚਿੰਤਾ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ। ਫਿਰ ਵੀ, ਰੋਗ ਨੂੰ ਰੋਕਣ ਲਈ ਸਲਾਹ ਜਾਰੀ ਕਰਨਾ ਜ਼ਰੂਰੀ ਹੈ, ਮੁੱਖ ਤੌਰ ’ਤੇ ਉੱਚ ਜੋਖਮ ਵਾਲੇ ਵਿਅਕਤੀਆਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਬਚਣ ਅਤੇ ਮਾਸਕ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ। ਇਸ ’ਚ ਉੱਚ ਜੋਖਮ ਵਾਲੇ ਵਿਅਕਤੀਆਂ ਅਤੇ ਸਿਹਤ ਕਰਮਚਾਰੀਆਂ ਦਾ ਟੀਕਾਕਰਨ ਵੀ ਸ਼ਾਮਲ ਹੋ ਸਕਦਾ ਹੈ। ਕੰਟਰੋਲ ਦਾ ਅਰਥ ਹੈ ਇਹ ਯਕੀਨੀ ਬਣਾਉਣਾ ਕਿ ਪੀੜਤ ਵਿਅਕਤੀਆਂ ਨੂੰ ਉਚਿਤ ਡਾਕਟਰੀ ਸੰਭਾਲ ਮਿਲੇ।
ਕੋਵਿਡ ਤੋਂ ਬਾਅਦ, ਭਾਰਤ ’ਚ ਵਾਇਰਲ ਬੀਮਾਰੀਆਂ ਦੀ ਨਿਗਰਾਨੀ ਦੀ ਇਕ ਸ਼ਾਨਦਾਰ ਪ੍ਰਣਾਲੀ ਹੈ। ਇਨਫਲੂਐਂਜ਼ਾ ਪਾਜ਼ੇਟਿਵਿਟੀ ਦਰ ’ਚ ਇਕ ਨਿਰਧਾਰਤ ਸੀਮਾ ਤੋਂ ਵੱਧ ਵਾਧਾ ਹੋਣ ’ਤੇ ਅਲਰਟ ਜਾਰੀ ਕੀਤਾ ਜਾਣਾ ਚਾਹੀਦਾ ਹੈ। ਚੁਣੇ ਗਏ ਹਸਪਤਾਲਾਂ ’ਚ ਕੀਤੇ ਗਏ ਸਾਡੇ ਅਧਿਐਨ ’ਚ ਪਾਇਆ ਗਿਆ ਕਿ ਗੰਭੀਰ ਤੀਬਰ ਸਾਹ ਦੀ ਇਨਫੈਕਸ਼ਨ ਨਾਲ ਭਰਤੀ ਮਰੀਜ਼ਾਂ ’ਚ ਪਾਜ਼ੇਟਿਵਿਟੀ ਦਰ ਇਸ ਸਾਲ 16 ਫੀਸਦੀ ਸੀ, ਜਦੋਂ ਕਿ ਪਿਛਲੇ ਸਾਲ ਇਹ 12 ਫੀਸਦੀ ਸੀ।
ਨਿਗਰਾਨੀ ਅਤੇ ਕਾਰਵਾਈ ਵਿਚਕਾਰ ਸਬੰਧ ਕਮਜ਼ੋਰ ਹੈ। ਇਹ ਅੰਤਰ ਆਈ. ਸੀ. ਐੱਮ. ਆਰ. (ਪ੍ਰਯੋਗਸ਼ਾਲਾ ਨਿਗਰਾਨੀ ਦਾ ਸੰਚਾਲਨ), ਐੱਨ. ਸੀ. ਡੀ. ਸੀ. (ਪ੍ਰਤੀਕਿਰਿਆ ਦਾ ਤਾਲਮੇਲ) ਅਤੇ ਰਾਜ ਸਿਹਤ ਪ੍ਰਣਾਲੀਆਂ (ਪ੍ਰਤੀਕਿਰਿਆ ਦਾ ਅਮਲ) ਵਿਚਕਾਰ ਹੈ। ਅੱਗੇ ਦਾ ਰਾਹ ਇਕ ਏਕੀਕ੍ਰਿਤ ਕਮਾਨ ਢਾਂਚਾ ਸਥਾਪਤ ਕਰਨਾ ਹੈ, ਜਿਸ ਨੂੰ ਬੀਮਾਰੀ ਦੀ ਕਰੋਪੀ ਅਤੇ ਮਹਾਮਾਰੀਆਂ ਦੌਰਾਨ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਦੇ ਤਾਲਮੇਲ ਅਤੇ ਅਮਲ ਲਈ ਸਪੱਸ਼ਟ ਅਧਿਕਾਰ ਪ੍ਰਾਪਤ ਹੋਣ। ਅਸੀਂ ਕੋਵਿਡ ਤੋਂ ਇਹ ਸਬਕ ਸਿੱਖਣ ’ਚ ਅਸਫਲ ਰਹੇ।
ਵਰਤਮਾਨ ’ਚ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ, ਪਹਿਲ ਅਣਚਾਹੀਆਂ ਮੌਤਾਂ ਨੂੰ ਰੋਕਣ ਦੀ ਹੋਣੀ ਚਾਹੀਦੀ ਹੈ। ਸਰਕਾਰੀ ਸਲਾਹ ’ਚ ਅਜਿਹੇ ਲੋਕਾਂ ਤੋਂ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਬਚਣ ਅਤੇ ਮਾਸਕ ਪਹਿਨਣ ਦੀ ਅਪੀਲ ਕੀਤੀ ਜਾਣੀ ਚਾਹੀਦੀ ਹੈ। ਸਰਕਾਰਾਂ ਅਕਸਰ ਇਸ ਗੱਲ ਤੋਂ ਡਰਦੀਆਂ ਹਨ ਕਿ ਅਜਿਹੀ ਸਲਾਹ ਨਾਲ ਦਹਿਸ਼ਤ ਫੈਲ ਸਕਦੀ ਹੈ। ਉਚਿਤ ਪ੍ਰਤੀਕਿਰਿਆ ਅਤੇ ਦਹਿਸ਼ਤ ਫੈਲਾਉਣ ਵਾਲੀ ਪ੍ਰਤੀਕਿਰਿਆ ਵਿਚਕਾਰ ਇਕ ਬਹੁਤ ਬਾਰੀਕ ਲਕੀਰ ਹੁੰਦੀ ਹੈ।
ਵਿਸ਼ਵ ਭਰ ਦੀਆਂ ਸਰਕਾਰਾਂ ਇਸ ਸੰਤੁਲਨ ਨੂੰ ਬਣਾਏ ਰੱਖਣ ਲਈ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ’ਤੇ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ’ਤੇ ਕਦੇ-ਕਦੇ ਅਤਿ-ਪ੍ਰਤੀਕਿਰਿਆ ਦਾ ਦੋਸ਼ ਲਾਇਆ ਜਾਂਦਾ ਹੈ। ਹਾਲਾਂਕਿ, ਜੇਕਰ ਸਾਡੀ ਪ੍ਰਾਇਮਰੀ ਚਿੰਤਾ ਜਾਨਾਂ ਬਚਾਉਣਾ ਹੈ, ਤਾਂ ਅਤਿ-ਪ੍ਰਤੀਕਿਰਿਆ ਘੱਟ-ਪ੍ਰਤੀਕਿਰਿਆ ਨਾਲੋਂ ਬਿਹਤਰ ਹੈ। ਹਾਲਾਂਕਿ ਆਮ ਹਾਲਾਤ ’ਚ ਟੀਕਾਕਰਨ ਦੀ ਲੋੜ ’ਤੇ ਬਹਿਸ ਕੀਤੀ ਜਾ ਸਕਦੀ ਹੈ ਪਰ ਮੁੱਖ ਮੌਸਮੀ ਕਰੋਪੀ ਦੌਰਾਨ ਉੱਚ ਜੋਖਮ ਵਾਲੇ ਸਮੂਹਾਂ ਦੇ ਟੀਕਾਕਰਨ ’ਤੇ ਵਿਚਾਰ ਨਾ ਕਰ ਕੇ, ਅਸੀਂ ਅਗਲੀ ਮਹਾਮਾਰੀ ਲਈ ਅਪ੍ਰਵਾਨਿਤ (ਅਣਤਿਆਰ) ਰਹਿਣ ਦਾ ਜੋਖਮ ਉਠਾਉਂਦੇ ਹਾਂ।
ਇਥੋਂ ਤੱਕ ਕਿ ਇਨਫਲੂਐਂਜ਼ਾ ਦੇ ਸਿਖਰਲੇ ਮੌਸਮ ’ਚ ਵੀ ਐਂਟੀਵਾਇਰਲ ਦਵਾਈਆਂ ਦੀ ਘੱਟ ਵਰਤੋਂ ਵੀ ਜਾਂਚ ਦਾ ਵਿਸ਼ਾ ਹੈ—ਇਨਫਲੂਐਂਜ਼ਾ ਪ੍ਰਬੰਧਨ ਦਿਸ਼ਾ-ਨਿਰਦੇਸ਼ਾਂ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਨਿੱਜੀ ਖੇਤਰ ਅਤੇ ਪੇਸ਼ੇਵਰ ਸੰਗਠਨਾਂ ਨੂੰ ਇਸ ’ਚ ਸ਼ਾਮਲ ਹੋਣਾ ਚਾਹੀਦਾ ਹੈ। ਕਰੋਪੀ , ਵੱਖ-ਵੱਖ ਪੱਧਰਾਂ ਦੀਆਂ ਮਹਾਮਾਰੀਆਂ ਅਤੇ ਸੰਸਾਰਕ ਮਹਾਮਾਰੀਆਂ ਇਕ ਲਗਾਤਾਰ ਪ੍ਰਕਿਰਿਆ ਦਾ ਹਿੱਸਾ ਹਨ। ਇਨ੍ਹਾਂ ਲਈ ਇਕ ਸੁਚੱਜੀ ਪ੍ਰਤੀਕਿਰਿਆ ਦੀ ਲੋੜ ਹੈ। ਲਘੂ-ਮਹਾਮਾਰੀ ਦੀਆਂ ਸਥਿਤੀਆਂ ਸਾਡੀ ਪ੍ਰਤੀਕਿਰਿਆ ਅਤੇ ਸੰਚਾਰ ਰਣਨੀਤੀਆਂ ਨੂੰ ਸੁਧਾਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ।
- ਆਨੰਦ ਕ੍ਰਿਸ਼ਨਨ
(‘ਆਈ.ਈ.’ ਤੋਂ ਧੰਨਵਾਦ ਸਹਿਤ)
