‘ਤੇਜ਼ ਰਫਤਾਰ ਦਾ ਜਨੂੰਨ’ ਸੜਕਾਂ ’ਤੇ ਵਹਿ ਰਿਹਾ ਖੂਨ!

Friday, Sep 04, 2026 - 03:58 AM (IST)

‘ਤੇਜ਼ ਰਫਤਾਰ ਦਾ ਜਨੂੰਨ’ ਸੜਕਾਂ ’ਤੇ ਵਹਿ ਰਿਹਾ ਖੂਨ!

ਇਨ੍ਹੀਂ ਦਿਨੀਂ ਲੋਕਾਂ ’ਚ ਸਮਾਂ ਬਚਾਉਣ ਲਈ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦਾ ਜਨੂੰਨ ਬਹੁਤ ਵਧ ਗਿਆ ਹੈ ਜਿਸ ਨਾਲ ਹਾਦਸਿਆਂ ਦੇ ਨਤੀਜੇ ਵਜੋਂ ਹੋਣ ਵਾਲੀਆਂ ਮੌਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।

ਸਰਕਾਰੀ ਅੰਕੜਿਆਂ (2024) ਦੇ ਅਨੁਸਾਰ, ਭਾਰਤ ’ਚ ਹੋਣ ਵਾਲੇ ਕੁੱਲ ਸੜਕ ਹਾਦਸਿਆਂ ’ਚੋਂ 57 ਫੀਸਦੀ ਤੋਂ ਵੱਧ ਮੌਤਾਂ ਸਿਰਫ਼ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਕਾਰਨ ਹੁੰਦੀਆਂ ਹਨ, ਜਿਸ ਨਾਲ ਪ੍ਰਤੀ ਸਾਲ 1 ਲੱਖ ਤੋਂ ਵੱਧ ਲੋਕ ਆਪਣੀ ਜਾਨ ਗੁਆਉਂਦੇ ਹਨ। ਪਿਛਲੇ ਸਿਰਫ਼ 5 ਦਿਨਾਂ ਦੌਰਾਨ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦੇ ਨਤੀਜੇ ਵਜੋਂ ਹੋਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 30 ਅਗਸਤ ਨੂੰ ‘ਮੁੰਬਈ’ ਦੇ ‘ਬਾਂਦਰਾ’ ਵਿਚ ਇਕ ਤੇਜ਼ ਰਫ਼ਤਾਰ ਕਾਰ ਨੇ 8 ਸਾਲਾ ਬੱਚੇ ਨੂੰ ਦਰੜ ਦਿੱਤਾ ਜਿਸ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ।

* 31 ਅਗਸਤ ਨੂੰ ‘ਹਾਪੁੜ’ (ਉੱਤਰ ਪ੍ਰਦੇਸ਼) ’ਚ ਇਕ ਤੇਜ਼ ਰਫ਼ਤਾਰ ਕਾਰ ਦੇ ਪਲਟ ਜਾਣ ਨਾਲ ਉਸ ਵਿਚ ਸਵਾਰ ਚਾਰਾਂ ਦੋਸਤਾਂ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।

* 31 ਅਗਸਤ ਨੂੰ ਹੀ ‘ਅਲਵਰ’ (ਰਾਜਸਥਾਨ) ’ਚ ‘ਦਿੱਲੀ-ਮੁੰਬਈ ਐਕਸਪ੍ਰੈੱਸਵੇਅ’ ’ਤੇ ਇਕ ਤੇਜ਼ ਰਫ਼ਤਾਰ ‘ਮਰਸੀਡੀਜ਼ ਕਾਰ’ ਅੱਗੇ ਖੜ੍ਹੇ ਕੰਟੇਨਰ ’ਚ ਜਾ ਵੱਜੀ ਜਿਸ ਨਾਲ ਇੰਜੀਨੀਅਰਿੰਗ ਦੇ ਇਕ ਵਿਦਿਆਰਥੀ ‘ਪ੍ਰਿਆਂਸ਼ੂ’ (22) ਦੀ ਮੌਤ ਹੋ ਗਈ।

* 31 ਅਗਸਤ ਨੂੰ ਹੀ ‘ਕਪੂਰਥਲਾ’ (ਪੰਜਾਬ) ਦੇ ‘ਭਦਾਸ’ ਪਿੰਡ ’ਚ ਸਵੇਰੇ ਸੈਰ ਤੋਂ ਪਰਤ ਰਹੀਆਂ 3 ਔਰਤਾਂ ਨੂੰ ਇਕ ਤੇਜ਼ ਰਫ਼ਤਾਰ ਟੈਂਪੂ ਨੇ ਦਰੜ ਦਿੱਤਾ, ਜਿਨ੍ਹਾਂ ’ਚੋਂ ਇਕ ਔਰਤ ਦੀ ਮੌਤ ਹੋ ਗਈ।

* 31 ਅਗਸਤ ਨੂੰ ਹੀ ‘ਗ੍ਰੇਟਰ ਨੋਇਡਾ’ (ਉੱਤਰ ਪ੍ਰਦੇਸ਼) ’ਚ ‘ਯਮੁਨਾ ਐਕਸਪ੍ਰੈੱਸਵੇਅ’ ਉੱਤੇ ਇਕ ਬੇਕਾਬੂ ਤੇਜ਼ ਰਫ਼ਤਾਰ ਟਰੱਕ ਨੇ ਰੇਲਿੰਗ ਤੋੜ ਕੇ ਦੂਜੀ ਲੇਨ ਵਿਚ ਵੜ ਕੇ ਇਕ ਕਾਰ ਨੂੰ ਦਰੜ ਦਿੱਤਾ ਜਿਸ ਨਾਲ ਕਾਰ ਸਵਾਰ 4 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

* 1 ਸਤੰਬਰ ਨੂੰ ‘ਲੁਧਿਆਣਾ’ ਵਿਚ ਮੋਟਰਸਾਈਕਲ ਉੱਤੇ ਜਾ ਰਹੇ ਨੌਜਵਾਨ ‘ਤ੍ਰਿਭੁਵਨ ਰਾਜ’ ਨੂੰ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ।

* 1 ਸਤੰਬਰ ਨੂੰ ਹੀ ‘ਅਲੀਗੜ੍ਹ’ (ਉੱਤਰ ਪ੍ਰਦੇਸ਼) ਵਿਚ ਇਕ ਤੇਜ਼ ਰਫ਼ਤਾਰ ਕਾਰ ਅਤੇ ਟੈਂਕਰ ਦੀ ਟੱਕਰ ਵਿਚ 5 ਵਿਅਕਤੀਆਂ ਦੀ ਝੁਲਸ ਕੇ ਮੌਤ ਹੋ ਗਈ।

* 1 ਸਤੰਬਰ ਨੂੰ ਹੀ ‘ਗੁਰੂਗ੍ਰਾਮ’ (ਹਰਿਆਣਾ) ਵਿਚ ਸੈਕਟਰ-29 ਦੇ ਨੇੜੇ ਤੇਜ਼ ਰਫ਼ਤਾਰ ਕਾਰ ਨੇ ਇਕ ਸਾਈਕਲ ਸਵਾਰ ‘ਬਾਬੁਲ ਹੁਸੈਨ’ (35) ਨੂੰ ਦਰੜ ਦਿੱਤਾ।

* 1 ਸਤੰਬਰ ਨੂੰ ਹੀ ‘ਕਾਨਪੁਰ ਦਿਹਾਤ’ ਉੱਤਰ ਪ੍ਰਦੇਸ਼ ’ਚ ‘ਸੱਤੀ’ ਥਾਣੇ ਦੇ ਇਲਾਕੇ ’ਚ ਇਕ ਅਣਪਛਾਤੀ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਨੌਜਵਾਨ ‘ਆਸ਼ੀਸ਼ ਪਾਲ’ (19) ਦੀ ਹਵਾ ’ਚ ਉੱਪਰ ਉਛਲ ਕੇ ਸੜਕ ’ਤੇ ਡਿੱਗਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ।

* 1 ਸਤੰਬਰ ਨੂੰ ਹੀ ‘ਰਾਜਸਮੰਦ’ (ਰਾਜਸਥਾਨ) ’ਚ ਆਟਾ ਲੈ ਕੇ ਘਰ ਪਰਤ ਰਹੀ ਔਰਤ ‘ਜਮੀਲਾ ਬਾਨੋ’ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜ ਦਿੱਤਾ।

* 1 ਸਤੰਬਰ ਨੂੰ ਹੀ ‘ਰਈਆ’ (ਪੰਜਾਬ) ਦੇ ਨੇੜੇ ‘ਦਿਹਾਤੀ ਮਜ਼ਦੂਰ ਸਭਾ’ ਦੇ ਸਟੇਟ ਜਨਰਲ ਸੈਕਟਰੀ ‘ਕਾਮਰੇਡ ਗੁਰਨਾਮ ਸਿੰਘ ਦਾਊਦ’ ਦੇ ਮੋਟਰਸਾਈਕਲ ਨੂੰ ਇਕ ਤੇਜ਼ ਰਫ਼ਤਾਰ ਬੱਸ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।

* 1 ਸਤੰਬਰ ਨੂੰ ਹੀ ‘ਫ਼ਰੀਦਾਬਾਦ’ (ਹਰਿਆਣਾ) ’ਚ ਪਿੰਡ ‘ਯਾਦੂਪੁਰ’ ਦੇ ਨੇੜੇ ਰਾਜਸਥਾਨ ਦੇ ‘ਗੁੱਗਾਮਾੜੀ ਮੰਦਿਰ’ ਵਿਚ ਦਰਸ਼ਨ ਕਰਕੇ ਘਰ ਪਰਤ ਰਹੇ ਸ਼ਰਧਾਲੂਆਂ ਦੀ ਤੇਜ਼ ਰਫ਼ਤਾਰ ਪਿਕਅੱਪ ਵੈਨ ਦੇ ਸੜਕ ਕਿਨਾਰੇ ਖੜ੍ਹੇ ਕੈਂਟਰ ਨਾਲ ਟਕਰਾਉਣ ਦੇ ਕਾਰਨ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ।

* 1 ਸਤੰਬਰ ਨੂੰ ਹੀ ‘ਬਰਨਾਲਾ’ (ਪੰਜਾਬ) ਦੇ ਪਿੰਡ ‘ਸੰਘੇੜਾ’ ਦੇ ਨੇੜੇ ਇਕ ਤੇਜ਼ ਰਫ਼ਤਾਰ ਟਰੈਕਟਰ ਚਾਲਕ ਨੇ ਇਕ ਕਾਰ ਨੂੰ ਡਰਾਈਵਰ ਸਾਈਡ ਤੋਂ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਚਲਾ ਰਹੇ ‘ਅਰਸ਼ਦੀਪ ਸਿੰਘ’ ਦੀ ਮੌਤ ਹੋ ਗਈ।

* 1 ਸਤੰਬਰ ਨੂੰ ਹੀ ‘ਕਿਨਵਾਟ’ (ਮਹਾਰਾਸ਼ਟਰ) ’ਚ ਇਕ ਤੇਜ਼ ਰਫ਼ਤਾਰ ਜੀਪ ਦੇ ਇਕ ਰੁੱਖ ਨਾਲ ਟਕਰਾਅ ਜਾਣ ਕਾਰਨ ਜੀਪ ’ਚ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 7 ਹੋਰ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ।

* ਅਤੇ ਹੁਣ 2 ਸਤੰਬਰ ਨੂੰ ‘ਸੋਨੀਪਤ’ (ਹਰਿਆਣਾ) ’ਚ ਇਕ ਤੇਜ਼ ਰਫ਼ਤਾਰ ਕਾਰ ਨੇ ਬਜ਼ੁਰਗ ਔਰਤ ਨੂੰ ਦਰੜ ਦਿੱਤਾ।

ਇਸ ਤਰ੍ਹਾਂ ਦੇ ਹਾਦਸਿਆਂ ਦੇ ਮੱਦੇਨਜ਼ਰ ਸੜਕ ਟਰਾਂਸਪੋਰਟ ਵਿਭਾਗ ਵੱਲੋਂ ਲੋਕਾਂ ਨੂੰ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦੇ ਖ਼ਤਰਿਆਂ ਬਾਰੇ ਸੁਚੇਤ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣੀ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਵੀ ਜ਼ਰੂਰੀ ਹੈ ਕਿ ਰਫ਼ਤਾਰ ਰੋਮਾਂਚਿਤ ਤਾਂ ਕਰਦੀ ਹੈ ਪਰ ਜਾਨ ਵੀ ਲੈਂਦੀ ਹੈ, ਇਸ ਲਈ ਉਚਿਤ ਰਫਤਾਰ ਹੱਦ ’ਚ ਹੀ ਵਾਹਨ ਚਲਾਉਣ ’ਚ ਸਾਰਿਆਂ ਦੀ ਭਲਾਈ ਹੈ।

—ਵਿਜੇ ਕੁਮਾਰ


author

Sandeep Kumar

Content Editor

Related News