‘ਮੁਸਲਿਮ ਦੇਸ਼ਾਂ ਦਾ ਮੱਕਾ ਪੈਕਟ’ ਭਾਰਤ ਨੂੰ ਆਪਣੀ ਸੁਰੱਖਿਆ ਤਿਆਰੀ ਦੀ ਸਮੀਖਿਆ ਦੀ ਲੋੜ!

Monday, Sep 07, 2026 - 05:04 AM (IST)

‘ਮੁਸਲਿਮ ਦੇਸ਼ਾਂ ਦਾ ਮੱਕਾ ਪੈਕਟ’ ਭਾਰਤ ਨੂੰ ਆਪਣੀ ਸੁਰੱਖਿਆ ਤਿਆਰੀ ਦੀ ਸਮੀਖਿਆ ਦੀ ਲੋੜ!

7 ਅਗਸਤ, 2026 ਨੂੰ ਪਾਕਿਸਤਾਨ, ਤੁਰਕੀ ਅਤੇ ਸਾਊਦੀ ਅਰਬ ਵਿਚਾਲੇ ਦਸਤਖ਼ਤ ਕੀਤੇ ਮੱਕਾ ਪੈਕਟ ’ਚ ਸ਼ਾਮਲ ਦੇਸ਼ਾਂ ’ਚੋਂ ਸਾਊਦੀ ਅਰਬ ਧਨ ਅਤੇ ਤੇਲ ਦੇਵੇਗਾ, ਤੁਰਕੀ ਨਵੀਨਤਮ ਹਥਿਆਰ ਦੇਵੇਗਾ ਅਤੇ ਪਾਕਿਸਤਾਨ ਆਪਣੀ ਸਭ ਤੋਂ ਵੱਡੀ ਫੌਜ ਲੈ ਕੇ ਆਵੇਗਾ। ਇਨ੍ਹਾਂ ਤਿੰਨਾਂ ਨੇ ਹੀ ਇਹ ਸਮਝੌਤਾ ਕੀਤਾ ਹੈ ਅਤੇ ਇਸ ਸਮਝੌਤੇ ਦਾ ਮਕਸਦ ਕਿਸੇ ਵੀ ਤਰ੍ਹਾਂ ਦੇ ਹਮਲੇ ਵਿਰੁੱਧ ਸਮੂਹਿਕ ਵਿਰੋਧ ਨੂੰ ਮਜ਼ਬੂਤ ਕਰਨਾ ਹੈ। ਇਸ ਦੇ ਅਧੀਨ ਉਕਤ ਤਿੰਨਾਂ ਦੇਸ਼ਾਂ ’ਚੋਂ ਕਿਸੇ ਵੀ ਇਕ ਦੇਸ਼ ’ਤੇ ਹਮਲੇ ਨੂੰ ਤਿੰਨਾਂ ਦੇਸ਼ਾਂ ’ਤੇ ਹਮਲਾ ਮੰਨਿਆ ਜਾਵੇਗਾ।

ਇਸ ਨੂੰ ‘ਨਾਟੋ ਸਟਾਈਲ’ ਗੱਠਜੋੜ ਕਿਹਾ ਗਿਆ ਹੈ ਅਤੇ ਇਸ ਦਾ ਨਾਂ ‘ਮੱਕਾ ਪੀਸ ਸਟੇਬਿਲਟੀ ਡੀਲ’ ਰੱਖਿਆ ਗਿਆ ਹੈ ਕਿਉਂਕਿ ਮੱਕਾ ਸਾਊਦੀ ਅਰਬ ’ਚ ਹੈ ਅਤੇ ਇਸ ਨੂੰ ਵਿਸ਼ਵ ’ਚ ਮੁਸਲਮਾਨਾਂ ਦਾ ਸਭ ਤੋਂ ਵੱਧ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਇਸ ਦਾ ਮੁੱਖ ਦਫ਼ਤਰ (ਸਕੱਤਰੇਤ) ਰਿਆਦ ’ਚ ਕਾਇਮ ਕੀਤਾ ਗਿਆ ਹੈ ਅਤੇ ਪਾਕਿਸਤਾਨ ਨੂੰ ਇਸ ਦਾ ਪਹਿਲਾ ਨੇਤਾ ਬਣਾਇਆ ਗਿਆ ਹੈ।

ਹੁਣ ਬੰਗਲਾਦੇਸ਼ ਨੂੰ ਵੀ ਇਸ ਸਮਝੌਤੇ ’ਚ ਸ਼ਾਮਲ ਹੋਣ ਦਾ ਪ੍ਰਸਤਾਵ ਭੇਜਿਆ ਗਿਆ ਹੈ ਜਿਸ ’ਤੇ ਬੰਗਲਾਦੇਸ਼ ਨੇ ਹਾਂਪੱਖੀ ਰਵੱਈਆ ਅਪਣਾਇਆ ਹੈ। ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹੁਮਾਯੂੰ ਕਬੀਰ ਅਨੁਸਾਰ, ‘‘ਇਸ ਸਮਝੌਤੇ ’ਚ ਸ਼ਾਮਲ ਹੋਣ ਨਾਲ ਢਾਕਾ ਦੇ ਦੂਜੇ ਦੇਸ਼ਾਂ ਨਾਲ ਸਬੰਧਾਂ ’ਤੇ ਕੋਈ ਪਾਬੰਦੀ ਨਹੀਂ ਲੱਗੇਗੀ ਅਤੇ ਇਸ ’ਚ ਬੰਗਲਾਦੇਸ਼ ਲਈ ਕੋਈ ਖ਼ਤਰਾ ਦਿਖਾਈ ਨਹੀਂ ਦਿੰਦਾ।’’ ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਖਲੀਲੁਰ ਰਹਿਮਾਨ ਨੇ ਸੰਸਦ ’ਚ ਇਸ ਨੂੰ ‘ਸਾਡੇ ਮੁਸਲਿਮ ਪਰਿਵਾਰ ਦਾ ਅੰਦਰੂਨੀ ਮਾਮਲਾ’ ਦੱਸਦੇ ਹੋਏ ਕਿਹਾ ਸੀ ਕਿ, ‘‘ਦੂਜਿਆਂ ਨੂੰ ਇਸ ਨੂੰ ਲੈ ਕੇ ਚਿੰਤਤ ਹੋਣ ਦੀ ਲੋੜ ਨਹੀਂ ਹੈ।’’

ਭਾਰਤ ਦੀ ਸਰਹੱਦ ’ਤੇ ਚੀਨ ਸਮੇਤ ਹਮਲਾਵਰ ਗੁਆਂਢੀ ਵੈਸੇ ਤਾਂ ਪਹਿਲਾਂ ਵੀ ਸਨ, ਪਰ ਹੁਣ ਇਸ ਸਮਝੌਤੇ ਤੋਂ ਬਾਅਦ ਉਹ ਹੋਰ ਹਥਿਆਰਾਂ ਨਾਲ ਲੈਸ ਹੋ ਜਾਣਗੇ। ਇਹ ਵੀ ਕਿ ਕੀ ਹੋਰ ਮੁਸਲਿਮ ਦੇਸ਼ ਵੀ ਇਸ ਸਮਝੌਤੇ ਨਾਲ ਜੁੜਨਗੇ? ਚੀਨ ਤਾਂ ਪਹਿਲਾਂ ਹੀ ਭਾਰਤ ਪ੍ਰਤੀ ਹਮਲਾਵਰੀ ਰਵੱਈਆ ਰੱਖਦਾ ਆ ਰਿਹਾ ਹੈ। ਚੀਨ ਦੇ ਸ਼ਾਸਕ ਦੋਸਤੀ ਦਾ ਚਾਹੇ ਜੋ ਵੀ ਦਿਖਾਵਾ ਕਰ ਲੈਣ ਪਰ ਅੰਦਰੋਂ ਉਹ ਪਿੱਠ ’ਚ ਛੁਰਾ ਮਾਰਨਾ ਕਦੇ ਨਹੀਂ ਛੱਡਦਾ। ਭਾਰਤ ਦੀ ਸੁਰੱਖਿਆ ਲਈ ਸਾਊਦੀ ਅਰਬ ਅਤੇ ਤੁਰਕੀ ਦੀ ਸਹਾਇਤਾ ਤੇ ਸਮਰਥਨ ਨਾਲ ਪਾਕਿਸਤਾਨ ਅਤੇ ਬੰਗਲਾਦੇਸ਼ ਪਹਿਲਾਂ ਨਾਲੋਂ ਕਿਤੇ ਵੱਡਾ ਖ਼ਤਰਾ ਸਿੱਧ ਹੋ ਸਕਦੇ ਹਨ।

ਇਸ ਸਥਿਤੀ ਨੂੰ ਲੈ ਕੇ ਭਾਰਤ ਲਈ ਵੱਧ ਚਿੰਤਤ ਹੋਣ ਦਾ ਕਾਰਨ ਇਹ ਹੈ ਕਿ ਮੌਜੂਦਾ ਸਮੇਂ ’ਚ ਯੁੱਧ ਨੀਤੀ ਜੋ ਰੂਪ ਧਾਰਨ ਕਰ ਰਹੀ ਹੈ, ਉਸ ਦੇ ਅਧੀਨ ਯੁੱਧ ਹੁਣ ਸਿਰਫ਼ ਧਰਤੀ ਅਤੇ ਆਕਾਸ਼ ’ਚ ਹੀ ਨਹੀਂ, ਸਗੋਂ ਪੁਲਾੜ ’ਚ ਵੀ ਲੜੇ ਜਾਣਗੇ।

ਵਾਪਰ ਰਹੇ ਘਟਨਾਕ੍ਰਮ ’ਤੇ ਨਜ਼ਰ ਰੱਖਣ ਲਈ ਇਕ ਤਾਂ ਆਮ ਉਪਗ੍ਰਹਿ ਹਨ, ਜਿਸ ’ਚ ਭਾਰਤ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਹੁਣੇ-ਹੁਣੇ ਇਕ ਵੱਡੀ ਛਾਲ ਮਾਰਦੇ ਹੋਏ ‘ਭਾਰਤੀ ਪੁਲਾੜ ਖੋਜ ਸੰਸਥਾ’ (ਇਸਰੋ) ਨੇ ਦੇਸ਼ ਦੇ ਪਹਿਲੇ ‘ਇਮੇਜਿੰਗ ਸੈਟੇਲਾਈਟ’ ਦਾ ਸਫ਼ਲ ਪ੍ਰਖੇਪਣ ਕੀਤਾ ਹੈ ਜਿਸ ਨੂੰ ‘ਆਸਮਾਨ ਤੋਂ ਨਜ਼ਰ ਰੱਖਣ ਵਾਲੀ ਅੱਖ’ ਕਰਾਰ ਦਿੱਤਾ ਗਿਆ ਹੈ।

ਇਹ ਉਪਗ੍ਰਹਿ ਹਰ ਪੰਜ ਮਿੰਟ ’ਚ ਇਕ ਹਾਈ ਰੈਜ਼ੋਲਿਊਸ਼ਨ ਤਸਵੀਰ ਲੈਣ ਦੇ ਨਾਲ-ਨਾਲ ਭਾਰਤ ਦੇ ਮੌਸਮ, ਖੇਤੀਬਾੜੀ, ਹੜ੍ਹਾਂ ਅਤੇ ਭੂਗੋਲਿਕ ਖੇਤਰਾਂ ਆਦਿ ਦੀ ਨਿਗਰਾਨੀ ਕਰੇਗਾ ਪਰ ਜਾਸੂਸੀ ਆਦਿ ਦੇ ਫੌਜੀ ਮਨੋਰਥਾਂ ਲਈ ਵਰਤੇ ਜਾਣ ਵਾਲੇ ਉਪਗ੍ਰਹਿ (ਜਿਨ੍ਹਾਂ ਨੂੰ ਰਸਮੀ ਤੌਰ ’ਤੇ ਟੋਹੀ ਉਪਗ੍ਰਹਿ ਜਾਂ ਖੁਫ਼ੀਆ ਉਪਗ੍ਰਹਿ ਕਿਹਾ ਜਾਂਦਾ ਹੈ) ਦੁਨੀਆ ’ਚ ਬਹੁਤ ਘੱਟ ਦੇਸ਼ਾਂ ਕੋਲ ਹੀ ਹਨ।

ਜ਼ਿਕਰਯੋਗ ਹੈ ਕਿ ਜਾਸੂਸੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਦੁਨੀਆ ’ਚ ਸਭ ਤੋਂ ਵੱਧ (247) ਫੌਜੀ ਜਾਂ ਦੋਹਰੀ ਵਰਤੋਂ ਵਾਲੇ ਉਪਗ੍ਰਹਿ ਅਮਰੀਕਾ ਕੋਲ ਹਨ ਜੋ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਅਤੇ ਸੰਚਾਰ ’ਚ ਮਦਦ ਕਰਦੇ ਹਨ। ਇਸ ਤੋਂ ਬਾਅਦ ਦੂਜੇ ਨੰਬਰ ’ਚ ਚੀਨ (157) ਹੈ ਜੋ ਪੁਲਾੜ ’ਚ ਆਪਣੀ ਫੌਜੀ ਤਾਕਤ ਤੇਜ਼ੀ ਨਾਲ ਵਧਾ ਰਿਹਾ ਹੈ। ਉਸ ਦਾ ਫੌਜੀ ਉਪਗ੍ਰਹਿ ਪ੍ਰੋਗਰਾਮ ਵਿਸ਼ਵ ’ਚ ਸਭ ਤੋਂ ਵੱਧ ਤੇਜ਼ੀ ਨਾਲ ਚੱਲ ਰਿਹਾ ਹੈ। ਤੀਜੇ ਨੰਬਰ ’ਤੇ ਰੂਸ (110) ਹੈ, ਜਿਸ ਦੇ ਫੌਜੀ ਉਪਗ੍ਰਹਿ ਸੋਵੀਅਤ ਸੰਘ ਅਤੇ ਆਧੁਨਿਕੀਕਰਨ ’ਤੇ ਆਧਾਰਿਤ ਹਨ। ਚੌਥੇ ਨੰਬਰ ’ਤੇ ਫਰਾਂਸ (17), ਪੰਜਵੇਂ ’ਤੇ ਇਜ਼ਰਾਈਲ (12), ਛੇਵੇਂ ’ਤੇ ਇਟਲੀ (10), ਸੱਤਵੇਂ ’ਤੇ ਭਾਰਤ (9), ਅੱਠਵੇਂ ’ਤੇ ਜਰਮਨੀ (8), ਨੌਵੇਂ ’ਤੇ ਇੰਗਲੈਂਡ (6) ਅਤੇ ਦਸਵੇਂ ਨੰਬਰ ’ਤੇ ਸਪੇਨ (4) ਹੈ।

ਇਸ ਤਰ੍ਹਾਂ ਦੇ ਹਾਲਾਤ ਦੇ ਵਿਚਾਲੇ ਸਾਨੂੰ ਪਹਿਲਾਂ ਦੀ ਤੁਲਨਾ ’ਚ ਵੀ ਕਿਤੇ ਵੱਧ ਗੰਭੀਰਤਾ ਨਾਲ ਆਪਣੀ ਰੱਖਿਆ ਤਿਆਰੀ ਦੀ ਸਮੀਖਿਆ ਕਰਨ ਦੀ ਲੋੜ ਹੈ। ਹਾਲਾਂਕਿ ਸਾਡੀ ਸਰਕਾਰ ਇਸ ਦਿਸ਼ਾ ’ਚ ਕੰਮ ਕਰ ਰਹੀ ਹੈ ਪਰ ਹੁਣ ਪਹਿਲਾਂ ਵਾਲੀ ਉਹ ਹਾਲਤ ਨਹੀਂ ਹੈ, ਜਿੱਥੇ ਨਿਰਪੱਖ ਰਿਹਾ ਜਾ ਸਕੇ ਕਿਉਂਕਿ ਕੂਟਨੀਤੀ ਮਹੱਤਵਪੂਰਨ ਹੈ ਪਰ ਇਨ੍ਹਾਂ ਦੇਸ਼ਾਂ ਦੀਆਂ ਚਾਲਾਂ ਦਾ ਮੁਕਾਬਲਾ ਕਰਨ ਲਈ ਤਿਆਰੀ ਦਾ ਹੋਣਾ ਵੀ ਓਨਾ ਹੀ ਮਹੱਤਵਪੂਰਨ ਹੈ।

ਹੁਣ ਭਾਰਤ ਨੂੰ ਆਮ ਉਪਗ੍ਰਹਿਆਂ ਦੇ ਮਾਮਲੇ ’ਚ ਹੀ ਨਹੀਂ ਸਗੋਂ ਟੋਹੀ ਫੌਜੀ ਉਪਗ੍ਰਹਿਆਂ ਦੇ ਮਾਮਲੇ ’ਚ ਵੀ ਆਪਣੀ ਸਮਰੱਥਾ ਵਧਾਉਣੀ ਪਵੇਗੀ ਪਰ ਇੱਥੇ ਚਿੰਤਾਜਨਕ ਗੱਲ ਇਹ ਹੈ ਕਿ ਪੁਲਾੜ ਖੇਤਰ ਨੂੰ ਨਿੱਜੀ ਖੇਤਰ ਲਈ ਖੋਲ੍ਹਣ ਤੋਂ ਬਾਅਦ ਹਾਲ ਹੀ ਦੇ ਸਮੇਂ ਦੌਰਾਨ 100 ਤੋਂ 120 ਵਿਗਿਆਨੀ ‘ਇਸਰੋ’ ਵਰਗੀ ਭਾਰਤ ਦੀ ਵੱਕਾਰੀ ਸਪੇਸ ਏਜੰਸੀ ਨੂੰ ਛੱਡ ਕੇ ਜਾ ਚੁੱਕੇ ਹਨ। ਨਵੇਂ ਸਟਾਰਟਅੱਪਸ ਦਾ ਸਵਾਗਤ ਹੈ ਪਰ ਆਜ਼ਾਦੀ ਦੇ ਸਮੇਂ ਦੀ ‘ਇਸਰੋ’ ਨੂੰ ਵੀ ਸੰਭਾਲ ਕੇ ਰੱਖਣ ਦੀ ਲੋੜ ਹੈ।


author

Sandeep Kumar

Content Editor

Related News